yashpal - article emergency time 1975 190702

ਕਈ ਵਾਰ ਤਾਂ ਇੱਥੇ ਦਿਨ ਰਾਤ ਵਰਗਾ ਤੇ ਰਾਤ ਦਿਨ ਵਰਗੀ ਜਾਪਦੀ ਹੈ। ਸਵੇਰੇ ਪਹੁ-ਫੁਟਾਲੇ ਨਾਲ ਹੀ ਡਿਊਟੀ ਹੌਲਦਾਰ ਬੈਰਕ ਦੇ ਲੋਹੇ ਦੇ ਭਾਰੇ ਸਰੀਆਂ ਵਾਲੇ ਗੇਟ ਨੂੰ ਖੜਕਾ ਖੜਕਾ ਕੇ ਜਦ ਖੋਲ੍ਹਦਾ ਹੈ ਤਾਂ ਇਸ ਦਾ ਕਿਸੇ ਨੂੰ ਪਤਾ ਹੀ ਨਹੀਂ ਚਲਦਾ। ਇਕ-ਦੋ-ਤਿੰਨ ਘੁਰਾੜਿਆਂ ਦੀਆਂ ਆਵਾਜਾਂ ‘ਚ ਹੀ ਗਿਣਤੀ ਹੋ ਜਾਂਦੀ ਹੈ। ਇਕ-ਦੋ-ਤਿੰਨ ‘ਸਭ ਅੱਛਾ ਹੈ’ ਦੇ ਟੱਲੂ ਵਜਦੇ ਨੇ ਤੇ ਫਿਰ ਵਿਹੜੇ ‘ਚ ਚਾਹ ਦੇ ਭਰੇ ਡੋਲ ਆ ਟਿਕਦੇ ਨੇ। ਚਾਹ ਪਵਾਉਣ ਲਈ ਲਾਂਗਰੀ ਦੇ ਹੋਕਰੇ ਤੇ ਹੋਕਰੇ – ਸਭ ਅਣਸੁਣੇ- ਰਜਾਈਆਂ ਸਭ ਦੀਆਂ ਦੱਬੀਆਂ ਦੀਆਂ ਦੱਬੀਆਂ। ਕਿਹੜਾ ਕਿਸੇ ਨੇ ਦਫਤਰ/ਸਕੂਲ ਜਾਣੈ, ਨਾ ਚਾਹ-ਰੋਟੀ ਲੈ ਕੇ ਖੇਤ ਜਾਣ ਦੀ ਕਾਹਲ ਐ, ਬੱਸ-ਗੱਡੀ ਨਿਕਲ ਜਾਣ ਦਾ ਵੀ ਕੋਈ ਫਿਕਰ ਨਹੀਂ। ਕੋਈ ਐਂਵੇਂ ਆਦਤ ਤੋਂ ‘ਮਜਬੂਰ’ ਉਠਕੇ ਚਾਹ ਦੀ ਪੀਪੀ ਜੇ ਭਰਾ ਲਵੇ ਤਾਂ ਫਿਰ ਕਈਆਂ ਲਈ ਉਹ ‘ਬੈਡ ਟੀ’ ਬਣ ਜਾਂਦੀ ਹੈ। ਬਾਕੀ ਬਚੀ ਚਾਹੇ ਉਹ ਭਰ-ਭਰ ਗਲਾਸ ਪੀਵੇ। ਰਜਾਈਆਂ ਫਿਰ ਇਕ ਵਾਰ ਦੱਬੀਆਂ ਜਾਂਦੀਆਂ ਨੇ ਤੇ ਕਈਆਂ ਨੂੰ ਤਾਂ ਨਾ ਸੂਰਜ ਦੇਵਤਾ ਦੀਆਂ ਸੂਹੀਆਂ ਕਿਰਨਾਂ ਹੀ ਟੁੰਬ ਸਕਦੀਆਂ ਨੇ ਨਾਂ ਹੀ ਦਾਲ-ਰੋਟੀ ਵਾਲੇ ਲਾਂਗਰੀ ਦੀ ਹਾਲ ਦੁਹਾਈ। ਕਦੋਂ ਜਾ ਕੇ ਦੂਜੀ ਵਾਰੀ ਦੀ ਚਾਹ ਬਣੇ ਤੇ ਕਦੋਂ ਅੱਖਾਂ ਖੁਲ੍ਹਣ। ਫਿਰ ਨਹਾਉਣ ਦੇ ‘ਸ਼ੌਕੀਨ’ ਭਾਵੇਂ ਨਹਾਉਣ-ਧੋਣ, ਸਭਨਾ ਲਈ ਵੀ ਕੀ ਜਰੂਰੀ ਹੈ। ਨਾਲੇ ਕਾਹਲੀ ਵੀ ਕਾਹਦੀ ਐ, ਪਾਣੀ ਤਾਂ ਟੂਟੀਆਂ ‘ਚ ਦੁਪਹਿਰੇ 12 ਵਜੇ ਫਿਰ ਆਏਗਾ।

ਦੁਪਹਿਰੇ ਹਾਥੀ ਦੇ ਕੰਨ ਅਰਗੀਆਂ ਤਿੰਨ-ਤਿੰਨ ਖਾ ਕੇ ਖੱਡਿਆਂ ਤੇ ਫਿਰ ਲਾਈਨਾਂ ਲੱਗ ਜਾਂਦੀਆਂ ਨੇ ਤੇ ਰਜਾਈਆਂ ਫਿਰ ਦੱਬੀਆਂ ਜਾਂਦੀਆਂ ਨੇ। ਅੱਖ ਦੀ ਫੋਰ ‘ਚ ਹੀ ਅੱਧੀ ਰਾਤ ਵਰਗਾ ਸੰਨਾਟਾ ਛਾ ਜਾਂਦਾ ਹੈ। ਖਬਰਾਂ ਪੜ੍ਹ ਕੇ ਰੋਟੀ ਹਜ਼ਮ ਕਰਨ ਦਾ ‘ਚੰਦਰਾ ਰੋਗ’ ਜਿਨ੍ਹਾਂ ਨੂੰ ਲੱਗਿਆ ਹੋਇਐ, ਊਨ੍ਹਾਂ ਦੇ ਹੱਥਾਂ ਵਿਚਲੇ ਅਖਬਾਰਾਂ ਦੇ ਪੱਤਰਿਆਂ ਦੀ ਖੜ-ਖੜ ਹੀ ਕਿਤੇ ਨਾਂ ਕਿਤੇ ਇਸ ਸੰਨਾਟੇ ਨੂੰ ਤੋੜਦੀ ਲਗਦੀ ਹੈ। ਦੁਪਹਿਰੇ ਫਿਰ ਚਾਹ ਦਾ ਪਤੀਲਾ ਉਬਲਦੈ ਤੇ ਆਥਣੇ ਫਿਰ ਉਹੀ ਹਾਥੀ ਦੇ ਕੰਨ ਅਰਗੀਆਂ।

ਰਾਤ ਤਾਂ ਜਦ ਪਊਗੀ ਉਦੋਂ ਦੇਖਾਂਗੇ। ਪਹਿਲਾਂ ਸਭਨਾਂ ਦੇ ‘ਸ਼ੌਕ’ ਪੂਰੇ ਕਰ ਲਈਏ। ਕੀਹਦਾ ਨਹੀਂ ‘ਸ਼ੌਕ’ ਹੁੰਦਾ ਪੂਰਾ ਇਥੇ! ਪਿੰਡਾਂ ਦੇ ਖੁਲ੍ਹੇ ਦਰਵਾਜਿਆਂ-ਸਬ੍ਹਾਤਾਂ ‘ਚ ਰਹਿਣ ਦੇ ਆਦੀਆਂ ਲਈ ਇਥੇ ਪੂਰੀਆਂ ‘ਮੌਜਾਂ’ ਨੇ। ਸਾਡੀ ਬੈਰਕ ‘ਚ ਰਸੋਈ ਘਰ ਲਈ ਥਾਂ ਕੱਢਕੇ ਵੀ 32 ਬੰਦੇ ਤਾਂ ‘ਮੌਜ’ ਨਾਲ ਹੀ ਸੌਂ ਸਕਦੇ ਨੇ ਅਤੇ ‘ਔਖ ਸੌਖ’ ਵੇਲੇ ਤਾਂ 70-70 ਵੀ ਪੈ ਜਾਈਦੈ। ਖੁਲ੍ਹ-ਖੁਲ੍ਹਾਰਾ ਤਾਂ ਦੇਖ ਲਓ ਕਿੰਨਾ ਕੁ ਹੋਊ – ਜੰਗਲੇ – ਰੋਸ਼ਨਦਾਂ ਵੀ 32-32 ਹੀ ਨੇ। ਹਾੜ੍ਹ-ਸਿਆਲ ਚਾਂਣ ਹੀ ਚਾਂਣ ਰਹਿੰਦੈ। ਬਾਰੀਆਂ ‘ਬੰਦ’ ਕਰਨ ਦੀ ਲੋੜ ਹੀ ਨਹੀਂ ਪੈਂਦੀ।

ਸੈਰ ਦੇ ‘ਸ਼ੌਕੀਨਾਂ’ ਲਈ ‘ਸੈਰ-ਗਾਹ’ ਵੀ ਹੈ। ‘ਕੋਟ-ਮੌਕੇ’ ਦੇ ਇਕ ਨੰਬਰ ਤੋਂ ਅੱਠ ਨੰਬਰ ਤੱਕ ਇੱਕ ਇੱਕ ਫਰਲਾਂਗ ਤਕ, ਜਿੰਨੇ ਮਰਜੀ ਗੇੜੇ ਲਾਉ। ਲਾਲ-ਸੂਹੇ ਫੁੱਲਾਂ ਕਲੀਆਂ ਨਾਲ ਲੱਦੇ ਗੁਲਾਬ ਦੇ ਬੌਣੇ ਕੱਦ ਦੇ ਬੂਟੇ ਤੇ ਖੱਟੇ ਸਰ੍ਹੋਂ ਫੁਲੇ ਗੁੰਦਵੇਂ ਗੇਂਦੇ ਦੇ ਫੁੱਲ ਇਸ ‘ਸੈਰ-ਗਾਹ’ ਦੀ ਰੌਣਕ ਨੇ। ਤੇ ਇਹ ਕਦੀ ਕਦੀ ਸੁਹਜ ਤੇ ਕੋਮਲ ਕਲਾਵਾਂ ਦੇ ਪ੍ਰੇਮੀਆਂ ਲਈ ਬੋਤਲ ਦੇ ‘ਗੁਲਦਸਤਿਆਂ’ ‘ਚ ਖੱਡਿਆਂ ਦਾ ਸ਼ਿੰਗਾਰ ਵੀ ਬਣ ਜਾਂਦੇ ਨੇ। ਭਾਵੇਂ ਸਾਡੇ ‘ਵਿਹੜੇ’ ਦੇ ਤੂਤਾਂ ਦੀ ਸੰਘਣੀ ਛਾਵੇਂ ਬੈਠਣ ਦਾ ਤਾਂ ਅਜੇ ਵੇਲਾ ਨਹੀਂ ਆਇਆ ਪਰ ਅੱਜ ਕਲ੍ਹ ਚੇਤਰ ਦੀ ਮਿੱਠੀ ਤੇ ਸੁਹਾਵਣੀ ਰੁੱਤ ‘ਚ ਲਾਲ-ਸੂਹੀਆਂ ਅਨਾਰ-ਕਲੀਆਂ ਨਾਲ ਲੱਦੇ ਹਰੇ-ਕਚੂਰ ਅਨਾਰਾਂ ਦੇ ਬੂਟਿਆਂ ਦੀ ਚਿਤ-ਕਬਰੀ ਛਾਵੇਂ ਬੈਠਣ ਦਾ ਵੀ ਨਜ਼ਾਰਾ ਸਿਰਫ ਇਥੇ ‘ਅੰਦਰ’ ਹੀ ਮਿਲ ਸਕਦਾ ਹੈ। ਬਾਹਰ ਕਿਥੇ ਟਾਈਮ ਇਨ੍ਹਾਂ ਗੱਲਾਂ ਲਈ। ਦੋ ਬੂਟੇ ਸਾਡੇ ਵਿਹੜੇ ਦੀ ਰੌਣਕ ਹਨ। ਸਾਉਣ ਭਾਦੋਂ ‘ਚ ਜਦ ਕਾਲੀਆਂ ਘਟਾਵਾਂ ‘ਚੋਂ ‘ਮਿੰਨੀ-ਮਿੰਨੀ ਫੁਹਾਰ’ ਹਵਾ ਦੇ ਝੋਕਿਆਂ ਨਾਲ ਬੈਰਕ ਦੇ ਬਿਨ ਬਾਰੀਉਂ ਖੁਲ੍ਹੇ ਜੰਗਲਿਆਂ ਰਾਹੀਂ ਸਾਡੇ ਸੌਣ ਵਾਲੇ ਖੱਡਿਆਂ ਨੂੰ ਨੁਹਾ ਰਹੀ ਹੋਵੇਗੀ ਤਾਂ ਅਸੀਂ ਫਿਰ ਸੌਣ ਦੀ ਬਜਾਇ ਆਪਣੇ ਭਰ-ਜੋਬਨ ‘ਤੇ ਆਈ, ਸਾਡੇ ਵਿਹੜੇ ਦੀ ਸ਼ਿੰਗਾਰ, ‘ਰਾਤ-ਰਾਣੀ’ ਦੀ ਭਿੰਨੀ-ਭਿੰਨੀ ਵਾਸ਼ਨਾ ਦਾ ਆੰਂਦ ਮਾਣ ਰਹੇ ਹੋਵਾਂਗੇ।

ਖੈਰ, ਸੌਣ ਦਾ ਸ਼ੌਕ ਤਾਂ ਕੋਈ ਵੀ ਤੇ ਕਦੋਂ ਵੀ ਪੂਰਾ ਕਰ ਸਕਦੈ ਪਰ ‘ਹੰਢੇ-ਵਰਤੇ’ ਅਥਲੀਟਾਂ /ਖਿਡਾਰੀਆਂ ਦੇ ਹੱਥ ਪੈਰ ਮੋਕਲੇ ਕਰਨ ਲਈ ਵੀ ਇਥੇ ਬੰਦੋ ਬਸਤ ਹੋ ਜਾਂਦੈ। ਸਿਖਰ ਦੁਪਹਿਰੇ ਜਦ ਬੈਰਕ ਨੰ: 1 ਤੇ ਬੈਰਕ ਨੰ: 2 ਵਿਚਕਾਰ ਵਾਲੀਵਾਲ ਦਾ ਮੈਚ ਜੰਮਦਾ ਹੈ ਤਾਂ ਸਾਰੇ ‘ਅਹਾਤੇ’ ਦੀਆਂ ਰੌਣਕਾਂ ਲਗ ਜਾਂਦੀਆਂ ਨੇ ਉਥੇ। ਤੇ ਫਿਰ ਚਾਂਬੜਾਂ-ਲਲਕਾਰੇ, ਤਾੜੀਆਂ- ਹੱਲਾ ਸ਼ੇਰੀਆਂ, ਬੱਸ ਕੀ ਪੁਛਦਿਉਂ – ਇਉਂ ਲਗਦੈ ਜਿਵੇਂ ਕਿਸੇ ਪੰਚਾਇਤੀ ਟੂਰਨਾਮੈਂਟ ‘ਚ ਫਿਰਦੇ ਹੋਈਏ। ਨਾਲ ਹੀ ਗੋਲਾ ਸਿੱਟਣ ਦੀਆਂ ਝੰਡੀਆਂ ਬੰਨ੍ਹਦੀਆਂ – ਟੁੱਟਦੀਆਂ ਦਿੱਸਦੀਆਂ ਨੇ। ਵਾਲੀਵਾਲ ਦਾ ਤਾਂ ਪੂਰਾ ਕਲੱਬ ਹੀ ਬਣ ਚੱਲਿਆ ਹੈ ਪਰ ਕਾਸ਼ ਬਾਹਰੋਂ ਕੋਈ ਟੀਮ ਖੇਡ੍ਹਣ ਹੀ ਨਹੀਂ ਆਉਂਦੀ।

ਇਹ ਤਾਂ ਰਹੀ ਗੱਲ ਸਰੀਰ ਮੋਕਲੇ ਕਰਨ ਦੀ। ਦੂਜੇ ਪਾਸੇ ਘੋੜੇ-ਫੀਲ੍ਹੇ ਮਾਰਦੇ-ਮਰਾਉਂਦੇ ‘ਸ਼ਹਿ’ ਲਾ ਕੇ ਬੈਠੇ ਕਈ ਕੋਮਲ ਸਰੀਰ ਦਿਮਾਗੀ ‘ਕਸਰਤ’ ਕਰਦੇ ਵੀ ਦੇਖੇ ਜਾ ਸਕਦੇ ਨੇ ਜਿਨ੍ਹਾਂ ਦਾ ਬੈਠਿਆਂ ਦਾ ਹੀ ਦਿਨ ਢਲ ਜਾਂਦਾ ਹੈ। ਤੇ ਆਥਣੇ ਚਾਹ-ਚਪਟਾ ਪੀ ਕੇ ਦਿਨ ਢਲੇ ਤੋਂ ਪਹਿਲਾਂ ਬਜਾਰ ‘ਚ ਗੇੜਾ ਮਾਰਨ ਦੇ ਸ਼ੌਕੀਨ ਜਦ ਚਾਦਰੇ ਛੱਡ ਕੇ ਡਿਊਡੀ ਸਾਹਮਣਿਉਂ ਦੀ ਹੋ ਕੇ ਬੁਰਜ ਆਲੇ ਚੱਕਰ ‘ਚ ਪਹੁੰਚਦੇ ਨੇ ਤਾਂ ਕੰਟੀਨ ‘ਚ ਲੱਗੇ ਸਪੀਕਰ ‘ਚੋਂ ”ਨਚੂੰਗੀ ਸਾਰੀ ਰਾਤ ….. ਧਰਤੀ ਨੂੰ ਕਲੀ ਕਰਾਦੇ …” ਦਾ ਛਣਕਾਟਾ ਸੁਣਦਾ ਹੈ ਤਾਂ ਇਉਂ ਲਗਦੈ ਜਿਵੇਂ ਕਿਸੇ ਮੱਸਿਆ ਦੇ ਮੇਲੇ ‘ਚ ਆ ਗਏ ਹੋਈਏ। ਫਿਰ ਜੈਮਲ ਫੱਤਾ, ਦੁੱਲਾ ਭੱਟੀ… ਤੇ ਫਿਰ ਕਈ ਵਾਰੀ ਤਾਂ ਇਉਂ ਲਗਦੈ ਜਿਵੇਂ ਕਿਸੇ ਚੰਗੇ ਰੱਜੇ-ਪੁੱਜੇ ਘਰ ਜੰਨ ਉੱਤਰੀ ਹੋਵੇ। ਕੀ ਕੀ ਦੱਸੀਏ ਸਾਰੇ ‘ਨਜ਼ਾਰੇ’ ਤਾਂ ਇਥੇ ਆ ਕੇ ਹੀ ਮਿਲ ਸਕਦੇ ਨੇ। ਦੂਰ ਬੈਠਿਆਂ ਨੂੰ ਕਾਹਨੂੰ ਸਮਝ ਆ ਸਕਦੀ ઠਐ ਪੂਰੀ। ਪਰ ਜੇ ਸੱਚ ਪੁਛੋਂ ਤਾਂ ਇਕ ‘ਸੌਕ’ ਜੋ ਇਥੇ ਪੂਰਾ ਨਹੀਂ ਹੁੰਦਾ, ਉਹ ਹੈ ਆਪਣੇ ਮਿਤੱਰ-ਪਿਆਰਿਆਂ, ਮੇਲੀਆਂ-ਗੇਲੀਆਂ ਤੇ ਸਾਕ-ਸਬੰਧੀਆਂ ਨੂੰ ਘੁੱਟ ਕੇ ਮਿਲਣ ਦਾ, ਮਿਲ ਬੈਠ ਕੇ ਮੋਹ-ਪਿਆਰ ਦੀਆਂ ਗੱਲਾਂ ਕਰਨ ਦਾ, ਜੋ ਲੋਹੇ ਦੇ ਜੰਗਲਿਆਂ ਵਿਚਲੇ 7 ਫੁੱਟ ਦੇ ਫਾਸਲੇ ਪਿਛੇ ਹੀ ਰਹਿ ਜਾਂਦਾ ਹੈ। ਤੇ ਦੂਜਾ ਸ਼ੌਕ ਜੋ ਪੂਰਾ ਨਹੀਂ ਹੁੰਦਾ ਉਹ ਐ ਗਲੀਆਂ -ਬਾਜਾਰਾਂ ‘ਚ ‘ਰੌਲਾ’ ਪਾਉਣ ਦਾ ਪਰ ਉਹ ਤਾਂ ਅੱਜ ਕੱਲ੍ਹ ਤੁਹਾਡਾ ਵੀ ਨਹੀਂ ਪੂਰਾ ਹੁੰਦਾ ਹੋਣਾ।

ਤੇ ਹੁਣ ਰਾਤ-ਰਾਣੀ ਵੀ ਆ ਉਤਰੀ। ‘ਟੰਨ-‘ ਬੰਦੀ ਦਾ ਇਕ ਟੱਲੂ। ਇਕ-ਦੋ-ਤਿੰਨ ਗਿਣਤੀ, ਕਿੰਨੇ ਹੋਗੇ – 55- ਨਹੀਂ ਨੰਬਰਦਾਰ ਨੂੰ ਭੁਲੇਖਾ ਲੱਗ ਗਿਐ – ਫਿਰ ਹੌਲਦਾਰ -ਹੁਣ ਪੂਰੇ 56 ਕਿਵੇਂ ਹੋ ਗਏ। ਹੇਠਲੇ ਖੱਡੇ ‘ਚ ਇਕ ਰਜਾਈ ‘ਚ ਦੋ ਪਏ ਸੀ। ਇੱਕ-ਦੋ-ਤਿੰਨ ‘ਸੱਭ ਅੱਛਾ’। ਸਾਰੀ ਜੇਲ ਦੀ ਬੰਦੀ ਹੋ ਗਈ। ਚਾਬੀਆਂ ਡਿਊਡੀ ‘ਚ ਪਹੁੰਚ ਗਈਆਂ। ਬੱਤੀਆਂ ਜਗ ਪਈਆਂ। ਅੱਜ ਰਾਇ ਬਣ ਗਈ – ਸ਼ਨੀਵਾਰ ਐ, ਜੰਮੂ ਕਸ਼ਮੀਰ ਤੋਂ ਪੰਜਾਬੀ ਗਾਣੇ ਸੁਣੇ ਜਾਣ – ਚਾਹ ਬੀ.ਬੀ.ਸੀ. ਸੁਣਨ ਤੋਂ ਪਹਿਲਾਂ ਬਣਾਈਏ ਜਾਂ ਪਿਛੋਂ? ਅੱਠ ਤਾਂ ਵੱਜ ਹੀ ਗਏ, ਚਲੋ ਬੀ.ਬੀ.ਸੀ. ਰਾਹੀਂ ਪਹਿਲਾਂ ਦੁਨੀਆਂ ਦੀ ਸੈਰ ਹੀ ਕਰ ਲਈ ਜਾਵੇ – ਅੰਗੋਲਾ, ਰੋਡੇਸ਼ੀਆ ਤੋਂ ਸਪੇਨ ਫਿਰ ਚੀਨ-ਜਾਪਾਂ । ਉਧਰੋਂ ਸਿੰਘਾਂ ਦਾ ਪਾਠ ਵੀ ਪੂਰਾ ਹੋ ਗਿਆ।

ਦੂਜੀ ਬੈਰਕ ‘ਚੋਂ ਕਿਸੇ ਕਵੀਸ਼ਰ-ਗਵਈਏ ਦੀ ਸੁਰੀਲੀ ਆਵਾਜ਼, ”ਅੱਜ ਦੇ ਵਿਛੜਿਆਂ ਦੇ, ਭਗਤ ਸਿੰਆਂ ਕਦੋਂ ਹੋਣਗੇ ਮੇਲੇ…..” ਤੇ ਲਓ ਪਤਾ ਨਹੀਂ ਕਿਹੜੇ ਵੇਲੇ ਕਵੀ-ਦਰਬਾਰ ਵੀ ਸ਼ੁਰੂ ਹੋ ਗਿਆ। ਢੱਡ-ਸਾਰੰਗੀਆਂ, ਤਬਲੇ-ਤੂੰਬੀਆਂ ਖੜਕ ਪਏ ਤੇ ਹੁਣ ਇਕ-ਦੋ-ਤਿੰਨ ਰੋਟੀਆਂ ਦੇ ਰੱਜੇ ਕਈ ਡਿੱਗਣੇ ਸ਼ੁਰੂ ਹੋ ਗਏ ਖੱਡਿਆਂ ‘ਤੇ। 11 ਵਾਲੇ ਟੱਲੂ ਫਿਰ 12 ਵਾਲੇ, ਅਜੇ ਤਾਂ ਅੱਧੀ ਬੈਰਕ ਜਾਗਦੀ ਹੀ ਪਈ ਐ। ਢੂਹਾਂ ਲਾਈ ਕਿਤਾਬਾਂ ਰਸਾਲੇ ਮੂਹਰੇ ਕੀਤੇ ਹੋਏ ਨੇ – ਵਰਕੇ ਉਲੱਦੇ ਜਾ ਰਹੇ ਨੇ। ”30 ਚੱਕੀਆਂ ਵਾਲਿਆ ਬਈ ਓਏ….” ਬੁਰਜ ਆਲੇ ਨੰਬਰਦਾਰ ਦੀ ਲੰਮੀ ਪੁਕਾਰ ਸੁਣਦੀ ਐ। ”ਸੱਭ ਅੱਛਾ ਬਈ ਓ-” ਦਾ ਮੋੜਵਾਂ ਜੁਆਬ। ਇਕ-ਦੋ-ਤਿੰਨ… ਦਿਨ ਚੜ੍ਹਨ ਵਾਲੈ, ਦੂਜੀ ਬੈਰਕ ‘ਚੋਂ ਆਵਾਜ਼, ”ਜਾਗਦੇ ਓ ਅਜੇ?”

”ਆਹੋ!” ”ਚਾਹ ਦਾ ਗਲਾਸ ਭੇਜਿਓ ਜੇ ਬਣਾਈ ਐ…” ਕਈ ਹਾਬੜੀਆਂ ਆਵਾਜਾਂ ‘ਕੱਠੀਆਂ ਹੀ, ”ਕੋਈ ਰੋਟੀ ਵੀ ਪਈ ਐ ਜੇ, ਉਹ ਵੀ ਭੇਜਿਉ ਨਾਲ ….। ” ਤੇ ਹੁਣ ਸੁੱਤੇ ਪਇਆਂ ਦਾ ਉਠਣ ਦਾ ਵੇਲਾ ਹੋ ਗਿਆ ਤੇ ਜਾਗਦਿਆਂ ਦਾ ਸੌਣ ਦਾ। ਰਾਤ ਕਦੋਂ ਪਈ ਸੀ ਤੇ ਦਿਨ ਕਦੋਂ ਚੜ੍ਹ ਗਿਆ, ਕਈਆਂ ਨੂੰ ਪਤਾ ਈ ਨੀ ਚਲਦਾ। ਇਉਂ ਲੰਘਦੈ ਸਮਾਂ ਇੱਥੇ।

(ਮਾਰਚ, 1976 ਬਠਿੰਡਾ ਜੇਲ੍ਹ)

ਨੋਟ: ਲੇਖਕ 44 ਵਰ੍ਹੇ ਪਹਿਲਾਂ ਲੱਗੀ, ਜੂਨ 1975 ਦੀ ਐਮਰਜੰਸੀ ਦੌਰਾਂ ਲਗਭਗ 8 ਮਹੀਨੇ ਬਠਿੰਡਾ ਜੇਲ੍ਹ ‘ਚ ਬੰਦੀ ਰਿਹਾ ਹੈ।

(ਯਸ਼ ਪਾਲ)
+91 98145-35005