• ਭਾਈ ਹਰਜਿੰਦਰ ਸਿੰਘ ਮਾਝੀ ਨੇ ਨਿਊਜ਼ੀਲੈਂਡ ਦੇ ਅੱਠ ਗੁਰੂ ਘਰਾਂ ਦੇ ਵਿਚ ਸਜਾਏ ਧਾਰਮਿਕ ਦੀਵਾਨ
  • ਚੌਥੀ ਵਾਰ ਪਹੁੰਚੇ ਭਾਈ ਮਾਝੀ ਦਾ ਗੁਰਦੁਆਰਾ ਕਮੇਟੀਆਂ ਵੱਲੋਂ ਮਾਨ-ਸਨਮਾਨ
(ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਪਾਟੋਏਟੋਏ ਵਿਖੇ ਭਾਈ ਮਾਝੀ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ)
(ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਪਾਟੋਏਟੋਏ ਵਿਖੇ ਭਾਈ ਮਾਝੀ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ)

ਔਕਲੈਂਡ 17 ਜੁਲਾਈ -ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦਾ ਸੰਕਲਪ ਕਰਨਾ ਸਿੱਖੀ ਸਿਧਾਂਤਾਂ ਦਾ ਇਕ ਅਹਿਮ ਭਾਗ ਹੈ। ਪ੍ਰਵਾਸੀ ਜ਼ਿੰਦਗੀ ਦੇ ਵਿਚ ਕਿਰਤ ਕਰਨਾ ਤਾਂ ਮਹੱਤਵਪੂਰਨ ਹੁੰਦਾ ਹੀ ਹੈ, ਪਰ ਜੇਕਰ ਨਾਮ ਜਪਣ ਦਾ ਸਮਾਂ ਵੀ ਮਿਲ ਜਾਵੇ ਜਾਂ ਕੱਢ ਲਿਆ ਜਾਵੇ ਤਾਂ ਜ਼ਿੰਦਗੀ ਵਿਕਾਰਾਂ ਤੋਂ ਕਿਨਾਰਾ ਕਰ ਜਾਂਦੀ ਹੈ। ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਚੌਥੀ ਵਾਰ ਨਿਊਜ਼ੀਲੈਂਡ ਦੌਰੇ ਉਤੇ ਕੋਈ ਡੇਢ ਕੁ ਮਹੀਨਾ ਪਹਿਲਾਂ ਆਏ ਸਨ ਤੇ ਉਨ੍ਹਾਂ ਦਾ ਇਹ ਸਾਰਾ ਧਾਰਮਿਕ ਦੌਰਾ ਸਫਲ ਰਿਹਾ। ਇਸ ਦੌਰਾਨ ਉਨ੍ਹਾਂ ਨਿਊਜ਼ੀਲੈਂਡ ਦੇ 5 ਵੱਖ-ਵੱਖ ਦੂਰ ਦੁਰਾਡੇ ਸ਼ਹਿਰਾਂ ਜਿਵੇਂ ਔਕਲੈਂਡ, ਵਲਿੰਗਟਨ, ਹਮਿਲਟਨ, ਟੌਰੰਗਾ ਅਤੇ ਫਾਂਗਾਰਾਈ ਵਿਚ ਸਥਾਪਿਤ ਅੱਠ ਗੁਰਦੁਆਰਾ ਸਾਹਿਬਾਨਾਂ ਅੰਦਰ ਧਾਰਮਿਕ ਦੀਵਾਨ ਸਜਾ ਕੇ ਸੰਗਤਾਂ ਨੂੰ ਗੁਰਬਾਣੀ ਵਿਚਾਰਾਂ ਸਰਵਣ ਕਰਵਾਈਆਂ ਅਤੇ ਅਜੋਕੇ ਯੁੱਗ ਦੇ ਵਿਚ ਸਿੱਖੀ ਦੇ ਸਿਧਾਂਤਾਂ ਅਨੁਸਾਰ ਜੀਵਨ ਬਤੀਤ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ। ਵਿਦੇਸ਼ੀਂ ਵਸਦੀ ਜਾਂ ਪ੍ਰਵਾਸ ਕਰ ਗਈ ਨਵੀਂ ਪੀੜ੍ਹੀ ਨੂੰ ਅਮੀਰ ਸਿੱਖ ਸਭਿਆਚਾਰ ਦੀ ਖੋਜ਼ ਭਰਪੂਰ ਜਾਣਕਾਰੀ ਦਿੱਤੀ ਅਤੇ  ਪੰਥ ਦੇ ਮੌਜੂਦਾ ਹਲਾਤਾਂ ਬਾਰੇ ਵੀ ਦੱਸਿਆ। ਨਿੱਜੀ ਖੋਜ਼ ਅਤੇ ਸਿੱਖ ਜੀਵਨ ਜਾਚ ਅਨੁਸਾਰ ਜੀਵਨ ਬਸਰ ਕਰਨ ਬਾਰੇ ਵੀ ਗੁਰਬਾਣੀ ਦੀ ਲੋਅ ਵਿਚ ਬੇਨਤੀਆਂ ਕੀਤੀਆਂ। ਸਜੇ ਦੀਵਾਨਾਂ ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ ਖੁਦ ਪੜ੍ਹਨ, ਸੁਣਨ ਅਤੇ ਵਿਚਾਰਨ ਲਈ ਵਿਸ਼ੇਸ਼ ਤੌਰ ਉਤੇ ਜ਼ੋਰ ਦਿੱਤਾ ਗਿਆ।

ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਪਾਟੋਏਟੋਏ, ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਪਾਪਾਟੋਏਟੋਏ, ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨਿਊਲਿਨ, ਗੁਰਦੁਆਰਾ ਸਾਹਿਬ ਵਲਿੰਗਟਨ, ਗੁਰਦੁਆਰਾ ਸਾਹਿਬ ਫਾਂਗਾਰਾਈ, ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ, ਗੁਰਦੁਆਰਾ ਮਾਤਾ ਸਾਹਿਬ ਕੌਰ ਹਮਿਲਟਨ ਅਤੇ ਗੁਰਦੁਆਰਾ ਸਾਹਿਬ ਨਾਰਥ ਸ਼ੋਰ ਦੀਆਂ ਪ੍ਰਬੰਧਕ ਕਮੇਟੀਆਂ ਨੇ ਦੀਵਾਨਾਂ ਦੀ ਸਮਾਪਤੀ ਉਤੇ ਭਾਈ ਹਰਜਿੰਦਰ ਸਿੰਘ ਮਾਝੀ ਹੋਰਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ।