bagel singh dhaliwal 190721 ਸੀ ਬੀ ਆਈ ਦੇ ਫੈਸਲੇ vv

ਪਿਛਲੇ ਦਿਨਾਂ ਤੋ ਸੀ ਬੀ ਆਈ ਵੱਲੋਂ ਬੇਅਦਬੀ ਮਾਮਲੇ ਸਬੰਧੀ ਚੱਲ ਰਹੇ ਕੇਸ ਨੂੰ ਖ਼ਤਮ ਕਰਨ ਲਈ ਅਦਾਲਤ ਵਿਚ ਪੇਸ਼ ਕੀਤੀ ਕਲੋਜਰ ਰਿਪੋਰਟ ਅਤੇ ਬੇਅਦਬੀ ਦੇ ਦੋਸ਼ੀ ਡੇਰਾ ਪ੍ਰੇਮੀਆਂ ਨੂੰ ਜ਼ਮਾਨਤ ਦੇਣ ਦੇ ਮਾਮਲੇ ਤੋ ਬਾਅਦ ਪੈਦਾ ਹੋਏ ਹਾਲਤਾਂ ਦੇ ਮੱਦੇਨਜ਼ਰ ਨਿਰੋਲ ਪੰਥਕ ਧਿਰਾਂ ਨੇ ਇਸ ਮਸਲੇ ਤੇ ਸੰਘਰਸ਼ ਲੜਨ ਦਾ ਫ਼ੈਸਲਾ ਕੀਤਾ ਹੈ। ਇਸ ਤੇ ਵਿਚਾਰ ਚਰਚਾ ਕੀਤੀ ਜਾਣੀ ਬਣਦੀ ਹੈ। ਬਿਨਾ ਸ਼ੱਕ ਕੇਂਦਰ ਸਰਕਾਰ ਨੇ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਵਿਚ ਡੇਰੇ ਦੀਆਂ ਵੋਟਾਂ ਭਾਜਪਾ ਦੀ ਝੋਲੀ ਵਿਚ ਪਵਾਉਣ ਲਈ ਇੱਕ ਵਾਰ ਫਿਰ ਸਿੱਖਾਂ ਨਾਲ ਜ਼ਿਆਦਤੀ ਕਰਨ ਦਾ ਰਾਹ ਚੁਣਿਆ ਹੈ। ਏਥੇ ਇਹ ਕਹਿਣਾ ਕਿ ਅਕਾਲੀ ਦਲ ਨਾਲ ਭਾਜਪਾ ਦੀ ਪੁਰਾਣੀ ਸਾਂਝ ਦੇ ਬਾਵਜੂਦ ਵੀ ਭਾਜਪਾ ਨੇ ਬੇਅਦਬੀ ਦੇ ਕੇਸ ਨੂੰ ਉਸ ਮੌਕੇ ਠੱਪ ਕਰਨ ਦਾ ਮਨ ਬਣਾ ਲਿਆ ਹੈ, ਜਦੋਂ ਪੰਜਾਬ ਸਰਕਾਰ ਦੀ ਬਣਾਈ ਐਸ ਆਈ ਟੀ ਨੇ ਤਕਰੀਬਨ ਸਾਰੀ ਜਾਂਚ ਮੁਕੰਮਲ ਕਰ ਲਈ ਹੈ, ਇਹ ਬਿਲਕੁਲ ਨਿਰਮੂਲ ਹੋਵੇਗਾ, ਕਿਉਂਕਿ ਬੇਅਦਬੀ ਦੇ ਕੇਸ ਠੱਪ ਕਰਨ ਨਾਲ ਭਾਵੇਂ ਸਮੁੱਚੇ ਸਿੱਖ ਭਾਈਚਾਰੇ ਦੇ ਮਨਾਂ ਨੂੰ ਗਹਿਰੀ ਠੇਸ ਪੁੱਜੀ ਹੈ, ਪਰੰਤੂ ਅਕਾਲੀ ਦਲ ਨਾਲ ਤਾਂ ਕਿਤੇ ਨਾ ਕਿਤੇ ਕੇਂਦਰ ਨੇ ਵਫ਼ਾਦਾਰੀ ਪਾਲਣ ਵਾਲੀ ਗੱਲ ਹੀ ਕੀਤੀ ਹੈ, ਕਿਉਂਕਿ ਜੇਕਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਾਲੀ ਜਾਂਚ ਰਿਪੋਰਟ ਅਤੇ ਉਸ ਤੋ ਬਾਅਦ ਕੁੰਵਰ ਵਿਜੇ ਪ੍ਰਤਾਪ ਸਿੰਘ ਵਾਲੀ ਐਸ ਆਈ ਟੀ ਦੀ ਜਾਂਚ ਰਿਪੋਰਟ ਵਿਚ ਬਾਦਲ ਪਰਿਵਾਰ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਗਿਆ ਸੀ, ਜੇ ਉਸ ਤੇ ਕਾਰਵਾਈ ਹੁੰਦੀ ਹੈ ਤਾਂ ਬਾਦਲ ਪਰਿਵਾਰ ਲਈ ਮੁਸੀਬਤਾਂ ਵਧ ਜਾਣੀਆਂ ਸਨ, ਇਸ ਲਈ ਭਾਜਪਾ ਨੇ ਸੀ ਬੀ ਆਈ ਦੁਆਰਾ ਇਹ ਕੇਸ ਨੂੰ ਖ਼ਤਮ ਕਰਨ ਦੀ ਵਿਉਂਤਬੰਦੀ ਕਰਕੇ ਜਿੱਥੇ ਡੇਰਾ ਸਿਰਸਾ ਨੂੰ ਕਲੀਨ ਚਿਟ ਦੇ ਕੇ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਪੱਕੀਆਂ ਕਰਨ ਲਈ ਜ਼ਮੀਨ ਤਿਆਰ ਕੀਤੀ ਹੈ, ਓਥੇ ਬਾਦਲ ਪਰਿਵਾਰ ਨੂੰ ਵੀ ਇਸ ਤੋਂ ਬਹੁਤ ਵੱਡੀ ਰਾਹਤ ਮਿਲਣੀ ਸੁਭਾਵਿਕ ਹੈ।

ਭਾਵੇਂ ਇਹ ਗੱਲ ਹੁਣ ਚਿੱਟੇ ਦਿਨ ਵਾਂਗ ਸਾਫ਼ ਹੋ ਚੁੱਕੀ ਹੈ ਕਿ ਬਾਦਲ ਪਰਿਵਾਰ ਪੰਥਕ ਮਖੌਟੇ ਵਿਚ ਰਹਿ ਕੇ ਪੰਥ ਨਾਲ ਧਰੋਹ ਕਮਾਉਂਦਾ ਆ ਰਿਹਾ ਹੈ, ਪਰੰਤੂ ਉਪਰੋਕਤ ਵਰਤਾਰੇ ਤੋਂ ਇੱਕ ਵਾਰ ਫਿਰ ਇਹ ਸਾਫ਼ ਹੋ ਗਿਆ ਹੈ ਕਿ ਅਕਾਲੀ ਦਲ ਬਾਦਲ ਦਾ ਸਿੱਖ ਸਰੋਕਾਰਾਂ ਨਾਲ ਕੋਈ ਦੂਰ ਦਾ ਵੀ ਵਾਸਤਾ ਨਹੀਂ ਹੈ। ਜੇਕਰ ਗੱਲ ਭਾਜਪਾ ਅਤੇ ਆਰ ਐਸ ਐਸ ਦੀ ਘੱਟ ਗਿਣਤੀਆਂ ਪ੍ਰਤੀ ਸੋਚ ਦੀ ਕੀਤੀ ਜਾਵੇ ਤਾਂ ਇਹਦੇ ਵਿਚ ਕੋਈ ਸ਼ੱਕ ਜਾਂ ਭੁਲੇਖਾ ਨਹੀਂ ਕਿ ਇਹ ਸਮਾ ਘੱਟ ਗਿਣਤੀਆਂ ਲਈ ਬੜਾ ਨਾਜ਼ੁਕ ਹੈ। ਇਹ ਵੀ ਸੱਚ ਹੈ ਕਿ ਜਿਸ ਤਰਾਂ ਦੇਸ਼ ਅੰਦਰ ਮੁਸਲਮਾਨਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਉਨ੍ਹਾਂ ਨੂੰ ਫੜਕੇ ਕੁੱਟ ਮਾਰ ਕਰਕੇ ਜ਼ਬਰਦਸਤੀ ਜੈ ਸ੍ਰੀ ਰਾਮ ਦੇ ਨਾਅਰੇ ਲਗਵਾਏ ਜਾ ਰਹੇ ਹਨ। ਮਸਜਿਦਾਂ ਤੇ ਰਾਸ਼ਟਰੀ ਝੰਡੇ ਲਹਿਰਾ ਕੇ ਜੈ ਸ੍ਰੀ ਰਾਮ ਦੇ ਨਾਅਰੇ ਲਾਉਂਦੇ ਹਜੂਮ ਦੀ ਮਨਸਾ ਕੀ ਹੈ, ਇਹਦੇ ਬਾਰੇ ਵੀ ਦੱਸਣ ਦੀ ਕੋਈ ਲੋੜ ਨਹੀਂ ਰਹਿ ਜਾਂਦੀ, ਪ੍ਰੰਤੂ ਸਿੱਖਾਂ ਪ੍ਰਤੀ ਨਜ਼ਰੀਆ ਭਾਵੇਂ ਮੁਸਲਿਮ ਭਾਈਚਾਰੇ ਤੋ ਵੱਖਰਾ ਨਹੀਂ ਹੈ, ਫਿਰ ਵੀ ਸਿੱਖ ਕੌਮ ਨੂੰ ਜੜ ਤੋ ਖ਼ਤਮ ਕਰਨ ਲਈ ਜ਼ਿਆਦਾ ਯਤਨ ਹੋ ਰਹੇ ਹਨ। ਇਸ ਕਰਕੇ ਹੀ ਸਿੱਖ ਕੌਮ ਤੇ ਸਿਧਾਂਤਕ ਹਮਲੇ ਕੀਤੇ ਤੇ ਕਰਵਾਏ ਜਾ ਰਹੇ ਹਨ। ਪਿਛਲੇ ਸਾਲਾਂ ਵਿਚ ਸ਼ੁਰੂ ਹੋਈਆਂ ਬੇਅਦਬੀਆਂ ਵੀ ਨਾਗਪੁਰ ਦੀ ਸੋਚੀ ਸਮਝੀ ਸਾਜ਼ਿਸ਼ ਦਾ ਮੁੱਖ ਹਿੱਸਾ ਹਨ।

ਸੰਸਥਾ ਦੇ ਨਾਗਪੁਰ ਕੇਂਦਰ ਨੇ ਸਿੱਖਾਂ ਦੇ ਸਮੁੱਚੇ ਗੁਰਦੁਆਰਾ ਪ੍ਰਬੰਧ ਨੂੰ ਬੜੀ ਮਜ਼ਬੂਤੀ ਨਾਲ ਆਪਣੀ ਪਕੜ ਵਿਚ ਕਰਕੇ ਰੱਖਿਆ ਹੋਇਆ ਹੈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਦਖ਼ਲ ਅੰਦਾਜ਼ੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਮਿਹਰਬਾਨੀ ਨਾਲ ਸ਼ੁਰੂ ਹੋਈ ਤੇ ਅੱਜ ਸਮੁੱਚੇ ਗੁਰਦੁਆਰਾ ਪ੍ਰਬੰਧ ਦਾ ਇਹ ਹਾਲ ਹੈ ਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਸਿੱਧੇ ਰੂਪ ਵਿਚ ਭਾਜਪਾ ਦਾ ਕਬਜ਼ਾ ਹੋ ਚੁੱਕਾ ਹੈ, ਗੁਰਦੁਆਰਾ ਬੋਰਡ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਬੋਰਡ ਤੇ ਵੀ ਭਾਜਪਾ ਸਿੱਧੇ ਰੂਪ ਚ ਕਾਬਜ਼ ਹੈ ਅਤੇ ਗੁਰਦੁਆਰਾ ਬੋਰਡ ਪਟਨਾ ਸਾਹਿਬ ਤੇ ਟੇਢੇ ਢੰਗ ਨਾਲ ਭਾਜਪਾ ਕਾਬਜ਼ ਹੋ ਚੁੱਕੀ ਹੈ, ਕਿਉਂਕਿ ਬਾਦਲਕੇ ਅਤੇ ਭਾਜਪਾ ਚ ਕੋਈ ਅੰਤਰ ਨਹੀਂ ਹੈ। ਕਿਸੇ ਦੂਸਰੇ ਧਰਮ ਵਿਚ ਦਖ਼ਲਅੰਦਾਜ਼ੀ ਕਰਨ ਦਾ ਮਤਲਬ ਸਪਸ਼ਟ ਹੈ ਕਿ ਆਰ ਐਸ ਐਸ ਵੱਲੋਂ ਸਿੱਖੀ ਸਿਧਾਂਤਾਂ ਦੇ ਹਿੰਦੂਕਰਨ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ, ਉਹ ਵੱਖਰੀ ਗੱਲ ਹੈ ਕਿ ਜਿਸ ਜੁੱਗੋ ਜੁੱਗ ਅਟੱਲ ਗੁਰੂ ਸਿਧਾਂਤ ਚੋ ਸਿੱਖੀ ਦਾ ਜਨਮ ਹੋਇਆ ਹੈ, ਉਹਨੂੰ ਖ਼ਤਮ ਕਰਨ ਦੀਆਂ ਸਾਜ਼ਿਸ਼ਾਂ ਕਿਤੇ ਚੰਦੂ ਦੇ ਰੂਪ ਚ, ਕਿਤੇ ਗੰਗੂ ਦੇ ਰੂਪ ਵਿਚ ਤੇ ਕਿਤੇ ਪਹਾੜੀ ਰਾਜਿਆਂ ਦੇ ਰੂਪ ਵਿਚ ਮੁੱਢੋਂ ਹੁੰਦੀਆਂ ਆ ਰਹੀਆਂ ਹਨ, ਜਿਹੜੀਆਂ ਅੱਜ ਵੀ ਬਦਲੇ ਰੂਪ ਵਿਚ ਕਿਤੇ ਇੰਦਰਾ ਗਾਂਧੀ ਦੇ ਰੂਪ ਵਿਚ ਤੇ ਕਿਤੇ ਮੋਦੀ ਦੇ ਰੂਪ ਵਿਚ ਬਾ-ਦਸਤੂਰ ਜਾਰੀ ਹਨ, ਪਰ ਕਾਮਯਾਬੀ ਨਾ ਹੀ ਪਹਿਲਾਂ ਮਿਲੀ ਸੀ ਤੇ ਨਾ ਹੀ ਹੁਣ ਮਿਲ ਸਕਦੀ ਹੈ।

ਇਹ ਵੀ ਇਤਿਹਾਸ ਦੱਸਦਾ ਹੈ ਕਿ ਜਦੋਂ ਵੀ ਸਿੱਖ ਦੁਸ਼ਮਣਾਂ ਨੇ ਸਿੱਖੀ ਤੇ ਹਮਲੇ ਕੀਤੇ ਹਨ, ਸਿੱਖਾਂ ਨੇ ਹਮੇਸ਼ਾ ਮੂੰਹ ਤੋੜ ਜਵਾਬ ਦਿੱਤਾ ਹੈ। ਸਿੱਖੀ ਹਮੇਸ਼ਾ ਜੇਤੂ ਹੋਕੇ ਹੀ ਨਿਕਲੀ ਹੈ, ਭਾਵੇਂ ਚਮਕੌਰ ਦੀ ਕੱਚੀ ਗੜੀ ਹੋਵੇ ਜਾਂ ਕੁੱਪ ਰਹੀੜੇ ਦਾ ਘੱਲੂਘਾਰਾ ਹੋਵੇ, ਸਿੱਖ ਕਦੇ ਨਾ ਹੀ ਖ਼ਤਮ ਹੋਏ ਹਨ, ਤੇ ਨਾ ਹੀ ਹਾਰੇ ਹਨ। ਮੌਜੂਦਾ ਦੌਰ ਦੀ ਜਦੋਂ ਗੱਲ ਕਰਦੇ ਹਾਂ ਤਾਂ ਇਸ ਕਰਕੇ ਵੱਖਰੇ ਹਨ, ਕਿਉਂਕਿ ਅੱਜ ਸਿੱਖ ਦੁਸ਼ਮਣ ਜਮਾਤ ਨੇ ਸਿੱਖਾਂ ਦੇ ਆਗੂਆਂ ਨੂੰ ਜੂਠੀ ਬੁਰਕੀ ਸੁੱਟ ਕੇ ਬੁਰੀ ਤਰਾਂ ਧੜੇਬੰਦੀਆਂ ਵਿਚ ਵੰਡ ਦਿੱਤਾ ਹੈ, ਜਿਸ ਕਰਕੇ ਸਿੱਖ ਆਪਣੇ ਨਾਲ ਹੁੰਦੀਆਂ ਵਧੀਕੀਆਂ ਦਾ ਇਨਸਾਫ਼ ਲੈਣ ਵਿਚ ਪਛੜ ਰਹੇ ਹਨ। ਬੇਅਦਬੀ ਦਾ ਇਨਸਾਫ਼ ਲੈਣ ਲਈ ਲੱਗੇ ਬਰਗਾੜੀ ਮੋਰਚੇ ਦੇ ਫ਼ੇਲ੍ਹ ਹੋਣ ਤੋ ਬਾਅਦ ਸਿੱਖ ਆਪਣੇ ਆਪ ਨੂੰ ਲਾਵਾਰਸ ਸਮਝਣ ਲੱਗੇ ਹਨ। ਹੁਣ ਜਦੋਂ ਸੀ ਬੀ ਆਈ ਦੇ ਫ਼ੈਸਲੇ ਦੇ ਵਿਰੋਧ ਵਿਚ ਸਿੱਖ ਇੱਕ ਵਾਰ ਫਿਰ ਸੰਘਰਸ਼ ਵਿੱਢਣ ਦੇ ਰੌਂਅ ਵਿਚ ਹਨ ਤਾਂ ਇਹ ਸਵਾਲ ਜ਼ਰੂਰ ਉੱਠਦਾ ਹੈ ਕਿ ਕਿਤੇ ਦੁਬਾਰਾ ਫਿਰ ਸਿੱਖ ਜਜ਼ਬਾਤਾਂ ਨਾਲ ਖੇਡਿਆ ਤਾਂ ਨਹੀਂ ਜਾਵੇਗਾ? ਇੱਕ ਸਵਾਲ ਉਸ ਸਿੱਖ ਲੀਡਰਸ਼ਿੱਪ ਲਈ ਵੀ ਖੜ੍ਹਾ ਹੈ, ਜਿਹੜੀ ਬਰਗਾੜੀ ਵਿਚ ਬੇਅਦਬੀ ਦਾ ਇਨਸਾਫ਼ ਲੈਣ ਲਈ ਮੈਦਾਨ ਵਿਚ ਆਈ ਸੀ, ਉਨ੍ਹਾਂ ਲਈ ਸੁਆਲ ਇਹ ਹੈ ਕਿ ਸਿੱਖ ਭਾਵਨਾਵਾਂ ਦੇ ਖ਼ਿਲਾਫ਼ ਸਰਕਾਰ ਦੇ ਮੁਤਾਬਿਕ ਮੋਰਚਾ ਸਮਾਪਤੀ ਤੋ ਬਾਅਦ ਜਿਸ ਤਰ੍ਹਾਂ ਤੁਹਾਡੇ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਸਨ, ਕਿ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ ਤੇ ਰਹਿੰਦੀਆਂ ਜਲਦੀ ਪੂਰੀਆਂ ਹੋ ਜਾਣਗੀਆਂ, ਕੀ ਉਹ ਹੁਣ ਕੌਮ ਨੂੰ ਇਸ ਸਬੰਧੀ ਕੋਈ ਸਪਸ਼ਟੀਕਰਨ ਦੇਣਗੇ?

ਡੇਰਾ ਪ੍ਰੇਮੀਆਂ ਨੂੰ ਕਾਂਗਰਸ ਸਰਕਾਰ ਵੱਲੋਂ ਜ਼ਮਾਨਤ ਦੇ ਕੇ ਦਿੱਤੀ ਗਈ ਵੱਡੀ ਰਾਹਤ ਅਤੇ ਸੀ ਬੀ ਆਈ ਦੀ ਕਲੋਜਰ ਰਿਪੋਰਟ ਤੋ ਬਾਅਦ ਬਰਗਾੜੀ ਮੋਰਚਾ ਸੰਚਾਲਕ ਵੱਲੋਂ ਧਾਰੀ ਚੁੱਪ ਦੇ ਕੀ ਮਾਅਨੇ ਹੋ ਸਕਦੇ ਹਨ? ਮੌਜੂਦਾ ਦੌਰ ਵਿਚ ਪੰਥਕ ਜਜ਼ਬਾ ਰੱਖਦੀ ਉਸ ਪੰਥਕ ਸੋਚ ਨੂੰ ਦਿਲੋਂ ਸਲਾਮ ਕਰਨਾ ਬਣਦਾ ਹੈ, ਜਿਸ ਨੇ ਅਜਿਹੇ ਹਾਲਤਾਂ ਵਿਚ ਵੀ ਕੌਮੀ ਜਜ਼ਬਾ ਜਿਉਂਦਾ ਰੱਖਿਆ ਹੋਇਆ ਹੈ। ਕੌਮ ਦੇ ਹਾਲਾਤ ਇਸ ਕਦਰ ਗੰਧਲੇ ਹੋ ਚੁੱਕੇ ਹਨ ਕਿ ਕਿਸੇ ਤੋ ਭਰੋਸਾ ਕਰਨ ਦਾ ਮਤਲਬ ਜਾਨ ਜੋਖਮ ਵਿਚ ਪਾਉਣ ਬਰਾਬਰ ਹੈ, ਇਸ ਲਈ ਸੰਘਰਸ਼ ਵਿਚ ਕੁੱਦਣ ਵਾਲੀਆਂ ਧਿਰਾਂ ਨੂੰ ਪੈਰ ਜ਼ਰੂਰ ਫ਼ੂਕ ਫ਼ੂਕ ਕੇ ਰੱਖਣੇ ਪੈਣਗੇ।