• ਜਗਦੇਵ ਸਿੰਘ ਜੱਗੀ ਚੇਅਰਮੈਨ ਅਤੇ ਜੱਸਾ ਬੋਲੀਨਾ ਪ੍ਰਧਾਨ ਬਣੇ
NZ PIC 10 July-1
(‘ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ’ ਦੀ ਸਰਬ ਸੰਮਤੀ ਦੇ ਨਾਲ ਹੋਈ ਚੋਣ ਬਾਅਦ ਅਹੇਦਾਦਾਰ ਅਤੇ ਹੋਰ ਮੈਂਬਰ ਜਨ ਸਾਂਝੀ ਤਸਵੀਰ ਖਿਚਵਾਉਂਦਿਆਂ)

ਔਕਲੈਂਡ 10 ਜੁਲਾਈ  -ਜਦੋਂ ਜਿਆਦਾ ਗਰੁੱਪ ਅਤੇ ਪਾਰਟੀਆਂ ਦਾ ਸਾਂਝਾ ਸੰਗਠਨ ਬਣਾ ਕੇ ਕੰਮ ਕਰਨੇ ਹੋਣ ਤਾਂ ਫੈਡਰੇਸ਼ਨ ਹੋਂਦ ਵਿਚ ਲਿਆਂਦੀ ਜਾਂਦੀ ਹੈ। ‘ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ’ ਦਾ ਗਠਿਨ ਇਕ ਸਾਲ ਪਹਿਲਾਂ ਕੀਤਾ ਗਿਆ ਸੀ ਜਿਸ ਦਾ ਮੁੱਖ ਕਾਰਜ ਨਿਊਜ਼ੀਲੈਂਡ ਦੇ ਵਿਚ ਕਬੱਡੀ ਖੇਡ ਵਾਸਤੇ ਨਿਯਮ ਅਤੇ ਸ਼ਰਤਾਂ ਅਨੁਸਾਰ ਮੈਚ ਕਰਵਾਉਣੇ ਸਨ ਅਤੇ ਕਬੱਡੀ ਖੇਡ ਅਤੇ ਖਿਡਾਰੀਆਂ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਉਣਾ ਸੀ। ਇਸ ਫੈਡਰੇਸ਼ਨ ਨੇ ਕਬੱਡੀ ਸੀਜਨ 2018-19 ਦੌਰਾਨ ਦਰਜਨ ਤੋਂ ਵੱਧ ਮੈਚ ਨਿਊਜ਼ੀਲੈਂਡ ਦੇ ਵੱਖ-ਵੱਖ ਸ਼ਹਿਰਾਂ ‘ਚ ਆਪਣੀ ਦੇਖ-ਰੇਖ ਅਤੇ ਸਹਿਯੋਗ ਨਾਲ ਕਰਵਾਏ। ਇਨ੍ਹਾਂ ਮੈਚਾਂ ਦੇ ਵਿਚ 6 ਖੇਡ ਕਲੱਬਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਸੀ। ਖੇਡਾਂ ਦੇ ਵਿਚ ਪ੍ਰਦਰਸ਼ਨ ਕਰਨ ਲਈ ਇੰਡੀਆ ਤੋਂ ਵੀ ਕੁਝ ਖਿਡਾਰੀ ਆਏ ਸਨ। ਫੈਡਰੇਸ਼ਨ ਨੂੰ ਖੇਡ ਕਲੱਬਾਂ ਤੋਂ ਮਿਲੇ ਸਹਿਯੋਗ ਨੇ ਕਬੱਡੀ ਫੈਡਰੇਸ਼ਨ ਦੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਐਨਾ ਉਤਸ਼ਾਹ ਬਖਸ਼ਿਆ ਕਿ ਹੁਣ ਫੈਡਰੇਸ਼ਨ ਦਾ ਸਫਲਤਾ ਪੂਰਵਕ ਚੱਲ ਰਿਹਾ ਸਫਰ ਦੂਜੇ ਸਾਲ ਵਿਚ ਦਾਖਲ ਹੋ ਗਿਆ ਹੈ।

ਇਹ ਸਫਰ ਜਾਰੀ ਰਹੇ ਇਸ ਸਬੰਧੀ ਸਲਾਨਾ ਇਜਲਾਸ ਬੀਤੇ ਦਿਨੀਂ ਕੀਤਾ ਗਿਆ, ਜਿਸ ਦੇ ਵਿਚ ਲਗਪਗ ਸਾਰੇ ਅਹੁਦੇਦਾਰ ਅਤੇ ਮੈਂਬਰ ਸ਼ਾਮਿਲ ਹੋਏ। ਮੀਟਿੰਗ ਦੌਰਾਨ ਜਿੱਥੇ ਪਿਛਲੇ ਸਾਲ ਦਾ ਲੇਖਾ-ਜੋਖਾ ਕੀਤਾ ਗਿਆ ਉਥੇ ਫੈਡਰੇਸ਼ਨ ਦੇ ਕੰਮਾਂ ਦਾ ਰਿਪੋਰਟ ਕਾਰਡ ਵੀ ਚੈਕ ਕੀਤਾ ਗਿਆ ਤਾਂ ਕਿ ਅਗਲੇ ਸੀਜਨ ਦੇ ਮੈਚਾਂ ਵਿਚ ਹੋਰ ਨਿਖਾਰ ਲਿਆਂਦਾ ਜਾ ਸਕੇ। ਫੈਡਰੇਸ਼ਨ ਦੇ ਪਿਛਲੇ ਪ੍ਰਧਾਨ ਸ. ਹਰਪ੍ਰੀਤ ਸਿੰਘ ਗਿਲ ਨੇ ਪੂਰੀ ਮੈਨੇਜਮੈਂਟ ਅਤੇ ਮੈਂਬਰ ਸਾਹਿਬਾਨ ਦੇ ਨਾਲ-ਨਾਲ ਸਮੁੱਚੇ ਖੇਡ ਕਲੱਬਾਂ ਅਤੇ ਖਿਡਾਰੀਆਂ ਦਾ ਸਹਿਯੋਗ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸਦੇ ਨਾਲ ਹੀ ਉਨ੍ਹਾਂ ਅਗਲੇ ਸਾਲ ਦੀ ਕਮੇਟੀ ਵਾਸਤੇ ਪ੍ਰਕ੍ਰਿਆ ਪੂਰੀ ਕਰਨ ਦੀ ਬੇਨਤੀ ਕੀਤੀ। ਸਰਬ ਸੰਮਤੀ ਦੇ ਨਾਲ ਸ. ਜਗਦੇਵ ਸਿੰਘ ਜੱਗੀ ਰਾਮੂਵਾਲੀਆ ਨੂੰ ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਜਦ ਕਿ ਸ. ਜਸਦੀਪ ਸਿੰਘ (ਜੱਸਾ ਬੋਲੀਨਾ) ਦੇ ਸਿਰ ਪ੍ਰਧਾਨਗੀ ਦੀ ਸੇਵਾ ਸੌਂਪੀ ਗਈ। ਤਾੜੀਆਂ ਦੇ ਨਾਲ ਦੋਹਾਂ ਦੇ ਨਾਂਅ ਉਤੇ ਮੋਹਰ ਲੱਗੀ ਅਤੇ ਇਸਦੇ ਨਾਲ ਹੀ ਬਾਕੀ ਅਹੁਦੇਦਾਰਾਂ ਦੇ ਵਿਚ ਸ. ਅਵਤਾਰ ਸਿੰਘ ਤਾਰੀ ਨੂੰ ਮੀਤ ਪ੍ਰਧਾਨ, ਸ. ਤਰੀਥ ਸਿੰਘ ਅਟਵਾਲ ਨੂੰ ਸਕੱਤਰ, ਸ. ਹਰਪ੍ਰੀਤ ਸਿੰਘ ਗਿੱਲ ਨੂੰ ਸਪੋਕਸ ਪਰਸਨ ਨੂੰ ਸ. ਹਰਜਿੰਦਰ ਸਿੰਘ ਔਜਲਾ ਨੂੰ ਖਜ਼ਾਨਚੀ ਬਣਾਇਆ ਗਿਆ।
ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਵਿਚ ਜਿਹੜੇ ਕਾਰਜਕਾਰੀ ਕਮੇਟੀ ਮੈਂਬਰ ਸ਼ਾਮਿਲ ਕੀਤੇ ਗਏ ਉਨ੍ਹਾਂ ਦੇ ਨਾਂਅ ਇਸ ਪ੍ਰਕਾਰ ਹਨ:- ਅੰਗਰੇਜ਼ ਸਿੱਧੂ, ਬਿੱਲਾ ਗਰੇਵਾਲ, ਬਿੱਲਾ ਦੁਸਾਂਝ, ਰਣਜੀਤ ਰਾਏ, ਬੂਟਾ ਹੇਸਟਿੰਗਜ਼, ਸਤਨਾਮ ਬੈਂਸ, ਜੱਸੀ ਹਮਿਲਟਨ, ਹਰਪਾਲ ਹਮਿਲਟਨ, ਟੈਕਨੀਕਲ ਕਮੇਟੀ ਦੇ ਵਿਚ ਸ਼ਾਮਿਲ ਹਨ ਵਰਿੰਦਰ ਸਿੰਘ ਬਰੇਲੀ, ਮੰਗਾ ਭੰਡਾਲ, ਮਨਜੀਤ ਸਿੰਘ ਬੱਲਾ ਅਟਵਾਲ ਅਤੇ ਮਾਸਟਰ ਜੋਗਿੰਦਰ ਸਿੰਘ।