unnamed

ਯੂਬਾ ਸਿਟੀ, 10 ਜੁਲਾਈ  — ਬੀਤੇਂ ਦਿਨ ਕੈਲੀਫੋਰਨੀਆ ਦੇ ਯੂਬਾ ਸਿਟੀ ਵਿਖੇ ਪਿਛਲੇਂ ਸਾਲ  ‘ਚ ਸਜਾਏ ਗਏ ਨਗਰ ਕੀਰਤਨ ਦੌਰਾਨ ਇਕ ਵਿਅਕਤੀ ‘ਤੇ ਕ੍ਰਿਪਾਨਾਂ ਨਾਲ ਹਮਲਾ ਕਰਨ ਦੇ ਮਾਮਲੇ ‘ਚ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਹੋਰਨਾਂ ਦੀ ਭਾਲ ਕੀਤੀ ਜਾ ਰਹੀ ਹੈ। ਫ਼ੌਕਸ ਨਿਊਜ਼ ਦੀ ਰਿਪੋਰਟ ਮੁਤਾਬਕ 36 ਸਾਲ ਦੇ ਮਨਪ੍ਰੀਤ ਸਿੰਘ ਅਤੇ 39 ਸਾਲ ਦੇ ਪਰਮਵੀਰ ਸਿੰਘ ਗੋਸਲ ਨੇ ਖ਼ੁਦ ਨੂੰ ਪੁਲਿਸ ਹਵਾਲੇ ਕਰ ਦਿੱਤਾ, ਜਿਨਾਂ ਨੂੰ ਸਟਰ ਕਾਊਂਟੀ ਦੀ ਸੁਪੀਰੀਅਰ ਅਦਾਲਤ ‘ਚ ਪੇਸ਼ ਕਰਦਿਆਂ ਇਰਾਦਾ ਕਤਲ, ਹੱਥੋਪਾਈ ਕਰਨ ਅਤੇ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋਸ਼ ਆਇਦ ਕੀਤੇ ਗਏ। ਦੂਜੇ ਪਾਸੇ 29 ਸਾਲ ਦੇ ਹਿਰਦੇਪਾਲ ਸਿੰਘ ਜਿਸ ਨੂੰ ਇਸ ਸਾਲ ਦੇ ਸ਼ੁਰੂ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ, ਵਿਰੁੱਧ ਖ਼ਤਰਨਾਕ ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ ਆਇਦ ਕੀਤੇ ਗਏ। ਯੂਬਾ ਸਿਟੀ ਪੁਲਿਸ ਨੇ ਮਾਮਲੇ ਦੀ ਪੜਤਾਲ ਦੌਰਾਨ 9 ਜਣਿਆਂ ਦੀ ਸ਼ਮੂਲੀਅਤ ਦਾ ਜ਼ਿਕਰ ਕੀਤਾ ਸੀ।

ਪੁਲਿਸ ਮੁਤਾਬਕ ਨਗਰ ਕੀਰਤਨ ਦੌਰਾਨ ਨਿਸ਼ਾਨਾ ਬਣਾਇਆ ਗਿਆ ਵਿਅਕਤੀ ਇਕ ਮਾਮਲੇ ਦਾ ਗਵਾਹ ਸੀ ਅਤੇ ਹਮਲਾਵਰ ਚਾਹੁੰਦੇ ਸਨ ਕਿ ਉਹ ਗਵਾਹੀ ਤੋਂ ਮੁਕਰ ਜਾਵੇ। ਪੁਲਿਸ ਨੇ ਦੱਸਿਆ ਕਿ ਪਰਮਵੀਰ ਸਿੰਘ ਗੋਸਲ, ਪ੍ਰਿਤਪਾਲ ਸਿੰਘ ਗਿੱਲ, ਜਸਕਰਨ ਸਿੰਘ ਅਤੇ ਨਰਿੰਦਰ ਸਿੰਘ ਵਿਰੁੱਧ ਗਵਾਹ ਨੂੰ ਧਮਕਾਉਣ ਅਤੇ ਲੁੱਟ ਦੇ ਦੋਸ਼ ਵੀ ਆਇਦ ਕੀਤੇ ਗਏ ਹਨ। ਇਨ‘੍ਹਾਂ ਤੋਂ ਇਲਾਵਾ ਪੁਲਿਸ ਵੱਲੋਂ 32 ਸਾਲ ਦੇ ਕਰਨਜੀਤ ਸਿੰਘ, ਸੁਰਿੰਦਰ ਸਿੰਘ ਕੈਲੇ ਅਤੇ 50 ਸਾਲਾ ਮਲਕੀਤ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ।

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਨਾਲ ਸਬੰਧਤ ਸ਼ੱਕੀਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਯੂਬਾ ਸਿਟੀ (ਕੈਲੀਫੋਰਨੀਆ) ਦੀ ਪੁਲਿਸ ਨਾਲ 530-822-2028 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।