• ਟੌਰੰਗਾ ਵਸਦੇ ਸਮੂਹ ਸਿੱਖ ਭਾਈਚਾਰੇ ਦੀ ਸੇਵਾ ਲਈ ਸ. ਪੂਰਨ ਸਿੰਘ ਬੰਗਾ ਨੂੰ ਮਿਲਿਆ ‘ਕਮਿਊਨਿਟੀ ਐਵਾਰਡ’
  • ਇੰਡੀਅਨ ਨਿਊਜ਼ ਲਿੰਕ ਅਖਬਾਰ ਨੇ ਕਰਵਾਇਆ 6ਵਾਂ ਸਲਾਨਾ ਸਮਾਗਮ
  • ਬੋਲੇ ਸੋ ਨਿਹਾਲ ਦਾ ਲੱਗਿਆ ਜੈਕਾਰਾ
(ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਸ. ਪੂਰਨ ਸਿੰਘ ਨੂੰ ਕਮਿਊਨਿਟੀ ਐਵਾਰਡ ਮਿਲਣ 'ਤੇ ਵਧਾਈ ਦਿੰਦਿਆ)
(ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਸ. ਪੂਰਨ ਸਿੰਘ ਨੂੰ ਕਮਿਊਨਿਟੀ ਐਵਾਰਡ ਮਿਲਣ ‘ਤੇ ਵਧਾਈ ਦਿੰਦਿਆ)

ਔਕਲੈਂਡ 24 ਜੂਨ -ਅੱਜ ਇੰਡੀਅਨ ਨਿਊਜ਼ ਲਿੰਕ ਅਖਬਾਰ ਵੱਲੋਂ 6ਵਾਂ ਸਲਾਨਾ ਸਪੋਰਟਸ, ਕਮਿਊਨਿਟੀ, ਆਰਟਸ ਅਤੇ ਕਲਚਰਲ ਐਵਾਰਡ ਸਮਾਗਮ ਇਲਰਸਲੀ ਈਵੈਂਟ ਸੈਂਟਰ ਵਿਖੇ ਕਰਵਾਇਆ ਗਿਆ। 12 ਦੇ ਕਰੀਬ ਇਸ ਮੌਕੇ ਖੇਡ ਐਵਾਰਡ, 18 ਦੇ ਕਰੀਬ ਵੱਖ-ਵੱਖ ਖੇਤਰਾਂ ਦੇ ਵਿਚ ਨਾਮਣਾ ਖੱਟਣ ਵਾਲਿਆਂ ਨੂੰ ‘ਕਮੇਮਰੈਸ਼ਨ ਐਵਾਰਡ’ ਅਤੇ 47 ਦੇ ਕਰੀਬ ‘ਕਮਿਊਨਿਟੀ ਐਵਾਰਡ’ ਦਿੱਤੇ ਗਏ। ਟੌਰੰਗਾ ਵਿਖੇ ਸਿੱਖ ਭਾਈਚਾਰੇ ਦੀ ਸੇਵਾ ਲਈ ਸ. ਪੂਰਨ ਭਾਗ ਸਿੰਘ ਬੰਗਾ ਨੂੰ ‘ਕਮਿਊਨਿਟੀ ਐਵਾਰਡ’ ਸਾਂਸਦ ਮਾਰਕ ਮਿਸ਼ੈਲ ਵੱਲੋਂ ਦਿੱਤਾ ਗਿਆ। ਸ. ਪੂਰਨ ਸਿੰਘ ਬੰਗਾ ਨੇ ਇਹ ਐਵਾਰਡ ਇਕੱਲਿਆਂ ਨਹੀਂ ਸਗੋਂ ਉਨ੍ਹਾਂ ਨਾਲ ਆਏ ਭਾਈਚਾਰੇ ਦੇ ਮੈਂਬਰਾਂ ਸ. ਦਲਜੀਤ ਸਿੰਘ ਸੋਨੀ, ਹਰਚਰਨ ਸਿੰਘ ਗਰੇਵਾਲ, ਮਨੋਹਰ ਸਿੰਘ, ਸੁਰਿੰਦਰ ਸਿੰਘ ਦਾਰਾ, ਦਲਜੀਤ ਸਿੰਘ ਕੈਟੀਕੈਟੀ, ਕਮਲ ਯਾਦਵ ਅਤੇ ਸ. ਮੋਹਨਪਾਲ ਸਿੰਘ ਬਾਠ ਨੂੰ ਸਟੇਜ ‘ਤੇ ਨਾਲ ਲਿਜਾ ਕੇ ਇਹ ਐਵਾਰਡ ਭਾਈਚਾਰੇ ਨੂੰ ਸਮਰਪਿਤ ਕੀਤਾ। ਇਸ ਮੌਕੇ ਸਟੇਜ ਉਤੋਂ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦਾ ਜੈਕਾਰਾ ਵੀ ਲਗਾਇਆ ਗਿਆ। ਵਰਨਣਯੋਗ ਹੈ ਕਿ ਸ. ਪੂਰਨ ਸਿੰਘ ਬੰਗਾ ਲੰਬੇ ਸਮੇਂ ਤੋਂ ਟੌਰੰਗਾ ਦੇ ਸਿੱਖ ਭਾਈਚਾਰੇ ਦੇ ਵਿਚ ਕਾਰਜ ਕਰਦੇ ਹਨ। ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਸਥਾਪਿਤ ਕਰਨ ਦੇ ਵਿਚ ਵੀ ਇਨ੍ਹਾਂ ਦਾ ਅਹਿਮ ਯੋਗਦਾਨ ਹੈ। ਇਸ ਤੋਂ ਇਲਾਵਾ ਖੇਡਾਂ ਦੇ ਖੇਤਰ ਵਿਚ ਅਤੇ ਬੱਚਿਆਂ ਦੇ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਉਲੀਕਣ ਦੇ ਵਿਚ ਵੀ ਉਹ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ। ਐਵਾਰਡ ਸਮਾਗਮ ਵੇਲੇ ਉਥੇ ਹਾਜ਼ਿਰ ਸ. ਕੰਵਲਜੀਤ ਸਿੰਘ ਬਖਸ਼ੀ ਨੇ ਸ. ਪੂਰਨ ਸਿੰਘ ਬੰਗਾ ਰਾਹੀਂ ਸਮੂਹ ਟੌਰੰਗਾ ਵਸਦੇ ਸਿੱਖ ਭਾਈਚਾਰੇ ਨੂੰ ਵਧਾਈ ਦਿੱਤੀ। ਡਾ. ਪਰਮਜੀਤ ਕੌਰ ਪਰਮਾਰ ਨੇ ਵੀ ਸ. ਪੂਰਨ ਸਿੰਘ ਨੂੰ ਵਧਾਈ ਦਿੱਤੀ। ਸਟੇਜ ਉਤੇ ਹਾਜ਼ਿਰ ਏਥਨਕ ਮੰਤਰੀ ਜੈਨੀ ਸਾਲੀਸਾ, ਮੇਅਰ ਫਿੱਲ ਗੌਫ, ਸਾਂਸਦ ਮਾਰਕ ਮਿਸ਼ੈਲ ਅਤੇ ਸਾਂਸਦ ਮਾਈਕਲ ਵੁੱਡ ਨੇ ਵੀ ਐਵਾਰਡ ਪ੍ਰਾਪਤ ਕਰਨ ਉਤੇ ਵਧਾਈ ਦਿੱਤੀ। ਨੈਸ਼ਨਲ ਪਾਰਟੀ ਦੇ ਨੇਤਾ ਅਤੇ ਵਿਰੋਧੀ ਧਿਰ ਦੇ ਨੇਤਾ ਸ੍ਰੀ ਸਾਇਮਨ ਬ੍ਰਿਜਸ (ਸਾਂਸਦ ਟੌਰੰਗਾ) ਨੇ ਵੀ ਸ. ਪੂਰਨ ਸਿੰਘ ਨੂੰ ਟੌਰੰਗਾ ਵਸਦੇ ਸਿੱਖ ਭਾਈਚਾਰੇ ਦੀ ਸੇਵਾ ਲਈ ਵਧਾਈ ਦਿੱਤੀ।