• ਜੂਨ ਦਾ ਉਹ ਹਫਤਾ ਜਦੋ ਸਿੱਖ ਸੂਰਬੀਰਾਂ ਨੇ ਭਾਰਤ ਸਮੇਤ ਸਾਰੇ ਸੰਸਾਰ ਨੂੰ ਅਪਣੀ ਹਸਤੀ ਦਾ ਅਹਿਸਾਸ ਕਰਵਾਇਆ

bagel singh dhaliwal 190601 ਜੂਨ 84 ss

ਭਾਂਵੇ ਕਿ ਸਿੱਖਾਂ ਲਈ ਸਾਲ ਦੇ ਸਾਰੇ ਹੀ ਮਹੀਨੇ ਅਤੇ ਸਾਰੀਆਂ ਹੀ ਰੁਤਾਂ ਕਦੇ ਵੀ ਸਾਜਗਰ ਨਹੀ ਰਹੀਆਂ,ਹਰ ਦਿਨ ਸਿੱਖ ਕੌਂਮ ਨੂੰ ਉਹਨਾਂ ਦੇ ਪੁਰਖਿਆਂ ਤੇ ਹੋਏ ਕਿਸੇ ਨਾ ਕਿਸੇ ਜਬਰ ਜੁਲਮ ਦੀ ਯਾਦ ਦਿਵਾ ਕੇ ਚੜਦਾ ਤੇ ਛਿਪ ਜਾਂਦਾ ਹੈ,ਪਰੰਤੂ ਜਿੰਨਾ ਦਰਦ ਜੂਨ ਦੇ ਮਹੀਨੇ ਦੀ ਆਮਦ ਤੇ ਹੁੰਦਾ ਹੈ,ਉਹ ਸਾਇਦ ਇਸ ਕਰਕੇ ਜਿਆਦਾ ਹੈ ਕਿਉਕਿ ਜੂਨ ਮਹੀਨਾ ਸਿੱਖ ਕੌਂਮ ਦੇ ਪੁਰਖਿਆਂ ਨੂੰ ਵੀ ਕਦੇ ਰਾਸ ਨਹੀ ਸੀ ਆਇਆ।ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਵੇ,ਭਾਂਵੇ ਮੁੱਠੀ ਭਰ ਸਿੱਖ ਸੂਰਮਿਆਂ ਨਾਲ ਸਰਹੰਦ ਦੇ ਸੂਬੇਦਾਰ ਦੀਆਂ ਫੌਜਾਂ ਦੀ ਲਹੂ ਡੋਲਵੀਂ ਲੜਾਈ ਦੀ ਯਾਦ ਦਿਵਾਉਂਦੀ ਖਿਦਰਾਣੇ ਦੀ ਢਾਬ,ਜਾਂ ਅਹਿਮਦ ਸ਼ਾਹ ਅਵਦਾਲੀ ਦੇ ਹਮਲਿਆਂ ਦਾ ਸਮਾ,ਹਮੇਸਾਂ ਇਹ ਅੱਤ ਦੀ ਗਰਮੀ ਨੇ ਸਿੱਖਾਂ ਤੇ ਹੋਏ ਜਬਰ ਜੁਲਮ ਦੀ ਕਹਾਣੀ ਨੂੰ ਹੋਰ ਗਰਮਾਇਸ਼ ਦਿੱਤੀ ਹੈ।ਪਰੰਤੂ ਇਹਨਾਂ ਜੁਲਮਾਂ ਦੀ ਹੱਦ ਨੇ ਸਾਰੇ ਹੱਦਾਂ ਬੰਨੇ ਉਦੋ ਪਾਰ ਕਰ ਦਿੱਤੇ ਜਦੋਂ ਅਪਣੇ ਆਪਦੇ ਆਖੇ ਜਾਣ ਵਾਲੇ ਮੁਲਕ ਭਾਰਤ ਦੀਆਂ 10 ਲੱਖ ਦੇ ਕਰੀਬ ਫੌਜਾਂ ਨੇ ਸਿੱਖ ਕੌਮ ਦੇ ਸਭ ਤੋ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਨਾ ਸਿਰਫ ਸਿਫਤੀ ਦੇ ਘਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਨਿਸਾਨਾ ਬਣਾਇਆ ਅਤੇ ਪਵਿੱਤਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ,ਸਗੋਂ ਉਥੇ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਇਕੱਤਰ ਹੋਈਆਂ ਲੱਖਾਂ ਸਿੱਖ ਸੰਗਤਾਂ,ਜਿੰਨਾਂ ਵਿੱਚ ਮਰਦ ਔਰਤਾਂ ਬੱਚੇ,ਬੁੱਢੇ,ਨੌਜੁਆਨ,ਸਿੱਖ ਬੱਚੇ ਬੱਚੀਆਂ ਵੀ ਸ਼ਾਮਿਲ ਸਨ,ਨੂੰ ਕੋਹ ਕੋਹ ਕੇ ਸ਼ਹੀਦ ਕਰਨ ਤੋ ਪਹਿਲਾਂ ਅਪਣੀ ਹਬਸ ਦਾ ਸ਼ਿਕਾਰ ਬਣਾਇਆ।

ਇਹ ਉਹ ਸਮਾ ਸੀ ਜਦੋ ਦਰਬਾਰ ਸਾਹਿਬ ਕੰਪਲੈਕਸ ਵਿੱਚ ਸਿੱਖ ਕੌਂਮ ਦੀ ਆਨ ਸ਼ਾਨ ਦੇ ਰਾਖੇ ਅਤੇ ਵੀਹਵੀ ਸਦੀ ਦੇ ਮਹਾਂਨ ਸਿੱਖ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਅਪਣੇ ਸਾਥੀਆਂ ਸਮੇਤ ਅਕਾਲੀ ਦਲ ਦੀ ਅਗਵਾਈ ਵਿੱਚ ਚੱਲਦੇ ਧਰਮ ਯੁੱਧ ਮੋਰਚੇ ਨੂੰ ਕਾਮਯਾਬ ਕਰਕੇ ਸਿੱਖ ਮੰਗਾਂ ਮਨਵਾਉਣ ਵਾਲੇ ਕੌਮੀ ਕਾਰਜ ਲਈ ਡਟੇ ਹੋਏ ਸਨ,ਪਰੰਤੂ ਸਿੱਖ ਕੌਂਮ ਦੀ ਤਰਾਸਦੀ ਇਹ ਹੈ ਕਿ ਇਹਨਾਂ ਦੇ ਆਗੂਆਂ ਨੇ 1849 ਵਿੱਚ ਅਪਣਾ ਰਾਜਭਾਗ ਖੋ ਦੇਣ ਤੋ ਬਾਅਦ ਕਦੇ ਵੀ ਅਪਣੇ ਤਖਤਾਂ ਤਾਜਾਂ ਨੂੰ ਵਾਪਸ ਲੈਣ ਲਈ ਚਾਰਾਜੋਈ ਨਹੀ ਕੀਤੀ,ਬਲਕਿ ਅਪਣੇ ਪਿਛੋਕੜ ਨੂੰ ਅਸਲੋਂ ਹੀ ਭੁੱਲ ਕੇ ਅਤੇ ਅਪਣੇ ਖੁੱਸੇ ਰਾਜ ਭਾਗ ਦਾ ਚੇਤਾ ਵਿਸਾਰ ਕੇ ਆਪ ਤਾਂ ਬੇਗੈਰਤ ਹੋਣਾ ਸਵੀਕਾਰ ਕਰ ਲਿਆ,ਪਰ ਭਾਰਤ ਦੇਸ਼ ਨੂੰ ਅਜਾਦ ਕਰਵਾਉਣ ਲਈ 90 ਫੀਸਦੀ ਤੋ ਵੱਧ ਕੁਰਬਾਨੀਆਂ ਦੇ ਕੇ ਭਾਰਤ ਨੂੰ ਅੰਗਰੇਜ ਹਕੂਮਤ ਦੀ ਗੁਲਾਮੀ ਤੋ ਅਜਾਦ ਜਰੂਰ ਕਰਵਾ ਕੇ ਦਿੱਤਾ।1982 ਵਿੱਚ ਲਾਏ ਗਏ ਇਸ ਧਰਮ ਯੁੱਧ ਮੋਰਚੇ ਤੋ ਵੀ ਤਤਕਾਲੀ ਅਕਾਲੀ ਆਗੂਆਂ ਨੇ ਇਮਾਨਦਾਰੀ ਨਾਲ ਭਾਰਤ ਸਰਕਾਰ ਤੋ ਕੁੱਝ ਪਰਾਪਤ ਕਰਨ ਦੀ ਬਜਾਏ ਅਪਣੇ ਹੀ ਸਿੱਖ ਭਰਾਵਾਂ ਨੂੰ ਰਾਸਤੇ ਦੇ ਕੰਡੇ ਸਮਝ ਕੇ ਰਸਤੇ ਤੋ ਹਟਾਉਣ ਨੂੰ ਜਿਆਦਾ ਤਰਜੀਹ ਦਿੱਤੀ ਅਤੇ ਸਿੱਖ ਕੌਂਮ ਦੀ ਮੁੱਢੋਂ ਹੀ ਦੁਸ਼ਮਣ ਰਹੀ ਦਿੱਲੀ ਦਾ ਸਾਥ ਦੇ ਕੇ ਮਹਾਰਾਜਾ ਰਣਜੀਤ ਸਿੰਘ ਦਾ ਵਿਸ਼ਾਲ ਖਾਲਸਾ ਰਾਜ ਮਿੱਟੀ ਵਿੱਚ ਮਿਲਾਉਣ ਵਾਲੇ ਡੋਗਰਿਆਂ ਦੀ ਗਦਾਰੀ ਨੂੰ ਛੋਟਾ ਕਰ ਦਿੱਤਾ,ਜਿਸ ਦਾ ਖਮਿਆਜਾ ਸਿੱਖ ਕੌਂਮ ਨੂੰ ਇੱਕ ਪੂਰੀ ਨਸਲ ਦੀ ਤਬਾਹੀ ਕਰਵਾ ਕੇ ਝੱਲਣਾ ਪਿਆ।

ਜੂਨ ਮਹੀਨੇ ਦੀ ਆਮਦ ਨਾਲ ਇਹ ਨਸੂਰ ਬਣੇ ਜਖਮ ਜਿਆਦਾ ਇਸ ਕਰਕੇ ਰਿਸਦੇ ਤੇ ਦਰਦ ਦਿੰਦੇ ਹਨ,ਕਿਉਕਿ ਇਹ ਜਖਮ ਉਹਨਾਂ ਅਕ੍ਰਿਤਘਣ ਲੋਕਾਂ ਦੀ ਹਕੂਮਤ ਨੇ ਦਿੱਤੇ ਸਨ,ਜਿੰਨਾਂ ਨੂੰ ਸੈਕੜੇ ਸਾਲਾਂ ਦੀ ਗੁਲਾਮੀ ਤੋ ਨਿਜਾਤ ਦਿਵਾਉਣ ਲਈ ਦੁਨੀਆਂ ਤੇ ਰਾਜ ਕਰਨ ਵਾਲੀ ਸਿੱਖ ਕੌਂਮ ਦੇ ਬਹਾਦਰ ਪੁੱਤਰਾਂ ਨੇ ਕੁਰਬਾਨੀਆਂ ਦੇ ਕੇ ਰਾਜਭਾਗ ਦੇ ਮਾਲਕ ਬਣਾਇਆ ਸੀ।ਭਾਰਤੀ ਹਕੂਮਤ ਦਾ ਇਹ ਅਕਿਰਤਘਣ ਚਿਹਰਾ ਤਾਂ ਦੇਸ਼ ਅਜਾਦ ਹੁੰਦਿਆਂ ਉਸ ਮੌਕੇ ਹੀ ਨੰਗਾ ਹੋ ਗਿਆ ਸੀ,ਜਦੋ ਅਜਾਦ ਮੁਲਕ ਦੀ ਨਵੀ ਬਣੀ ਦੇਸ਼ੀ ਮੁਤੱਸਬੀ ਹਕੂਮਤ ਨੇ ਸਿੱਖਾਂ ਨੂ ਜਰਾਇਮ ਪੇਸਾ ਕੌਂਮ ਐਲਾਨ ਕੇ ਉਹਨਾਂ ਵੱਲੋਂ ਦੇਸ਼ ਅਜਾਦ ਕਰਵਾਉਣ ਲਈ ਕੀਤੀਆਂ ਕੁਰਬਾਨੀਆਂ ਦਾ ਮੁੱਲ ਮੋੜ ਕੇ ਇਹ ਅਹਿਸਾਸ ਕਰਵਾਉਣ ਦਾ ਪਹਿਲਾ ਯਤਨ ਕੀਤਾ ਸੀ ਕਿ ਹੁਣ ਸਿੱਖ ਭਾਰਤ ਦੀ ਹਿੰਦ ਹਕੂਮਤ ਦੇ ਹਮੇਸਾਂ ਲਈ ਗੁਲਾਮ ਹੋ ਚੁੱਕੇ ਹਨ,ਇਸ ਲਈ ਹੁਣ ਉਹਨਾਂ ਨੂੰ ਅਜਾਦੀ ਨਾਲ ਜਿਉਣ ਦਾ ਕੋਈ ਅਧਿਕਾਰ ਨਹੀ ਰਹਿ ਗਿਆ।

1955 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਫੌਜਾਂ ਚਾੜ ਕੇ ਅਜਿਹਾ ਹੀ ਸੁਨੇਹਾ ਜਵਾਹਰ ਲਾਲ ਨਹਿਰੂ ਦੀ ਹਕੂਮਤ ਨੇ ਦਿੱਤਾ ਸੀ ਕਿ ਅਜਾਦ ਭਾਰਤ ਦੀ ਹਿੰਦ ਹਕੂਮਤ ਨੂੰ ਸਿੱਖ ਅਬਦਾਲੀਆਂ ਦੁਰਾਨੀਆਂ ਤੋ ਵੱਖ ਕਰਕੇ ਦੇਖਣ ਦੀ ਗੁਸਤਾਖੀ ਨਾ ਕਰਨ,ਨਹੀ ਤਾਂ ਅਜਿਹਾ ਹਸਰ ਕੀਤਾ ਜਾਵੇਗਾ ਕਿ ਅਤੀਤ ਦੇ ਇਤਿਹਾਸ ਵਿੱਚ ਸਿੱਖਾਂ ਤੇ ਹੋਏ ਜੁਲਮ ਬਹੁਤ ਬੌਨੇ ਪਰਤੀਤ ਹੋਣਗੇ।ਸੋ ਅਪਣੇ ਪਿਤਾ ਦੇ ਉਸ ਸੰਦੇਸ਼ ਨੂੰ ਹੀ ਕੇਂਦਰ ਦੀ ਇੰਦਰਾ ਕਾਂਗਰਸ ਸਰਕਾਰ ਨੇ ਆਰ ਐਸ ਐਸ ਦੇ ਕੱਟੜ ਰੰਗ ਵਿੱਚ ਰੰਗੇ ਭਾਜਪਾ ਆਗੂਆਂ ਦੀ ਮਦਦ ਨਾਲ ਸੱਚ ਕਰਕੇ ਦਿਖਾ ਦਿੱਤਾ। ਜਿਉਂ ਜਿਉਂ ਸਮਾ ਬੀਤਦਾ ਜਾਂਦਾ ਹੈ,ਸਾਲਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਤਾਂ ਇਹਨਾਂ ਜੁਲਮਾਂ ਦੀ ਟੀਸ ਹੋਰ ਜਿਆਦਾ ਇਸ ਕਰਕੇ ਉੱਠਣ ਲੱਗਦੀ ਹੈ ਕਿ 35 ਸਾਲਾਂ ਦੇ ਲੰਮੇ ਅਰਸੇ ਦੇ ਬੀਤ ਜਾਣ ਦੇ ਬਾਵਜੂਦ ਵੀ ਸਿੱਖ ਅਪਣੇ ਅੰਦਰਲੇ ਉਹਨਾਂ ਕੌਂਮ ਧਰੋਹੀਆਂ ਦਾ ਨਿਖੇੜਾ ਕਰਨ ਵਿੱਚ ਸਫਲ ਨਹੀ ਹੋ ਸਕੇ,ਜਿਹੜੇ ਸ੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਓਨੇ ਹੀ ਗੁਨਾਹਗਾਰ ਹਨ,ਜਿੰਨਾਂ ਸਿੱਖ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਰਕਾਰ ਨੂੰ ਸਮਝਦੇ ਹਨ।ਇਸ ਤੋਂ ਵੀ ਵੱਧ ਦੁੱਖ ਅਤੇ ਚਿੰਤਾ ਇਸ ਗੱਲ ਦੀ ਹੈ ਕਿ ਉਹ ਲੋਕ ਹੀ ਸੂਬੇ ਦੇ ਰਾਜਭਾਗ ਦੇ ਵਾਰਸ ਬਣੇ ਰਹੇ ਹਨ,ਜਿੰਨਾਂ ਨੇ ਭਾਰਤੀ ਹਕੂਮਤ ਦਾ ਸਾਥ ਦੇ ਕੇ ਜਿੱਥੇ ਪਵਿੱਤਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਵਾਇਆ,ਓਥੇ  ਸਿੱਖ ਜੁਆਨੀ ਦੀ ਨਸਲਕੁਸ਼ੀ ਕਰਨ ਵਿੱਚ ਵੀ ਕੇਂਦਰੀ ਤਾਕਤਾਂ ਦੇ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਜੁਲਮਾਂ ਵਿੱਵ ਬਰਾਬਰ ਦੇ ਭਾਗੀਦਾਰ ਬਣੇ ਹਨ।ਅੱਜ ਇੱਕ ਜੂਨ ਦਾ ਇਹ ਦਿਨ ਸਿੱਖ ਕੌਂਮ ਲਈ ਉਹਨਾਂ ਮਹਾਂਨ ਸੂਰਬੀਰਾਂ ਦੀਆਂ ਕੁਰਬਾਨੀਆਂ ਨੂੰ ਬੜੇ ਫਖ਼ਰ ਨਾਲ ਸਿਜ਼ਦਾ ਕਰਨ ਦਾ ਗੌਰਵਮਈ ਦਿਹਾੜਾ ਹੈ,ਜਿੰਨਾਂ ਨੇ ਅਪਣੀਆਂ ਸ਼ਹਾਦਤਾਂ ਦੇ ਕੇ ਜਿੱਥੇ ਚਮਕੌਰ ਦੀ ਕੱਚੀ ਗੜੀ ਦੇ ਇਤਿਹਾਸ ਨੂੰ ਮੁੜ ਤੋ ਦੁਹਰਾ ਕੇ ਹਿੰਦ ਹਕੂਮਤ ਦੇ ਭਰਮ ਭੁਲੇਖੇ ਦੂਰ ਕਰ ਦਿੱਤੇ ਸਨ,ਓਥੇ ਪੂਰੇ ਸੰਸਾਰ ਪੱਧਰ ਤੇ ਵੀ ਇਹ ਅਹਿਸਾਸ ਕਰਵਾਉਣ ਅਤੇ ਸੁਨੇਹਾ ਪਹੁੰਚਾਉਣ ਵਿੱਚ ਕਾਮਯਾਬ ਹੋਏ ਸਨ ਕਿ ਇੱਕ ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿਣ ਵਾਲੀ ਬਹਾਦਰ ਸਿੱਖ ਕੌੰਮ ਨੂੰ ਦੁਨਿਆਵੀ ਹਕੂਮਤਾਂ ਦੇ ਜਬਰ ਜੁਲਮ ਕਦੇ ਵੀ ਗੁਲਾਮ ਬਣਾ ਕੇ ਰੱਖ ਸਕਣ ਦੇ ਸਮਰੱਖ ਨਹੀ ਹੋ ਸਕਦੇ।