24gsc 1
(ਪਰਿਵਾਰ ਨੂੰ ਆਰਥਿਕ ਮੱਦਦ ਸੌਂਪਣ ਸਮੇਂ ਭਾਈ ਸ਼ਿਵਜੀਤ ਸਿੰਘ ਸੰਘਾ ਅਤੇ ਹਰਪ੍ਰੀਤ ਸਿੰਘ ਭਿੰਡਰ – ਇਨਸੈੱਟ ਵਿੱਚ ਇਲਾਜ ਅਧੀਨ ਮਰੀਜ਼ ਗੁਰਚਰਨ ਸਿੰਘ )

ਫਰੀਦਕੋਟ 24 ਜੂਨ — ਸਮਾਜ ਸੇਵਾ ਵਿੱਚ ਮੋਹਰੀ ਸੰਸਥਾ ਸ੍ਰੀ ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਲੋੜਵੰਦ ਮਰੀਜ਼ ਦੇ ਇਲਾਜ ਲਈ ਆਰਥਿਕ ਮੱਦਦ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿੰਦਰ ਸਿੰਘ ਅਤੇ ਜਤਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪਿੰਡ ਮਹਿਰਾਜ ਜਿਲ੍ਹਾ ਬਠਿੰਡਾ ਨਿਵਾਸੀ ਗੁਰਚਰਨ ਸਿੰਘ ਬ੍ਰੇਨ ਹੈਮਰੇਜ਼ ਕਰਕੇ ਸਰਜਰੀ ਆਈ.ਸੀ.ਯੂ. ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਇਲਾਜ ਅਧੀਨ ਹੈ। ਗੁਰਚਰਨ ਸਿੰਘ ਇੱਕ ਦਿਹਾੜੀਦਾਰ ਮਜ਼ਦੂਰ ਹੈ ਅਤੇ ਮਜ਼ਦੂਰੀ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਸੀ ਕਿ ਅਚਾਨਕ ਆਈ ਬਿਮਾਰੀ ਕਾਰਨ ਸਰੀਰ ਦੇ ਨਾਲ-ਨਾਲ ਆਰਥਿਕ ਪੱਖ ਤੋਂ ਵੀ ਕਮਜ਼ੋਰ ਹੋ ਗਿਆ। ਪਰਿਵਾਰ ਦੀ ਹਾਲਤ ਨੂੰ ਦੇਖਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਗੁਰਚਰਨ ਸਿੰਘ ਦੇ ਇਲਾਜ ਲਈ 20 ਹਜ਼ਾਰ ਰੁਪਏ ਦੀ ਮੱਦਦ ਕਰਨ ਦਾ ਫੈਸਲਾ ਕੀਤਾ ਗਿਆ। ਟਰੱਸਟ ਵੱਲੋਂ ਭਾਈ ਸ਼ਿਵਜੀਤ ਸਿੰਘ ਸੰਘਾ ਨੇ ਆਰਥਿਕ ਮੱਦਦ ਪਰਿਵਾਰ ਨੂੰ ਸੌਂਪੀ। ਇਸ ਮੌਕੇ ‘ਤੇ ਹਾਜਰ ਗੁਰੂ ਆਸਰਾ ਕਲੱਬ ਫਰੀਦਕੋਟ ਦੇ ਸੇਵਾਦਾਰ ਹਰਪ੍ਰੀਤ ਸਿੰਘ ਭਿੰਡਰ ਅਤੇ ਨਿਰਪਿੰਦਰ ਸਿੰਘ ਗੁੱਗੂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਦੇ ਸਮੂਹ ਸੇਵਾਦਾਰਾਂ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ।