ਗਰਿਫਥ ਵਿਖੇ 23 ਵਾਂ ਸ਼ਹੀਦੀ ਟੂਰਨਾਮੈਂਟ ਲੰਘੇ ਐਤਵਾਰ ਸਮਾਪਤ ਹੋਇਆ। ਦੋ ਦਿਨਾ ਦੇ ਇਸ ਖੇਡ ਮੇਲੇ ਵਿੱਚ ਕਬੱਡੀ ਫੈਡਰੇਸ਼ਨਾਂ ਦੇ ਰੇੜਕੇ ਕਾਰਨ ਬਹੁਤ ਸਾਰੇ ਕਲੱਬਾਂ ਨੇ ਹਿੱਸਾ ਨਹੀਂ ਲਿਆ ਪਰ ਲੋਕਾਂ ਦੇ ਉਤਸ਼ਾਹ ਵਿੱਚ ਕਿਸੇ ਕਿਸਮ ਦੀ ਕਮੀ ਵੇਖਣ ਨੂੰ ਨਹੀਂ ਮਿਲ਼ੀ। ਹਰ ਵਰੇ ਦੀ ਤਰਾਂ ਸੈਕੜੇ ਮੀਲਾਂ ਦਾ ਸਫਰ ਤਹਿ ਕਰ ਇਸ ਵਾਰ ਵੀ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸਮੂਲੀਅਤ ਕੀਤੀ। ਕਬੱਡੀ ਵਿੱਚ ਮੈਲ਼ਬੌਰਨ ਕਬੱਡੀ ਅਕੈਡਮੀ ਦੀ ਟੀਮ ਜੇਤੂ ਰਹੀ। ਮੁੱਖ ਗਰਾਊਂਡ ਵਿੱਚ ਕਬੱਡੀ ਦੇ ਮੈਚਾਂ ਤੋਂઠ ਇਲਾਵਾ ਬੀਬੀਆਂ ਦੀ ਮਿਊਜਿਕਲ ਚੇਅਰ ਤੇ ਚਾਟੀ ਦੌੜ ਵੀ ਖਿੱਚ ਦਾ ਕਾਰਨ ਸੀ, ਜਿਸ ਵਿੱਚ ਕ੍ਰਮਵਾਰ ਪਰਮਜੀਤ ਕੌਰ ਤੇ ਜਸਵੀਰ ਕੌਰ ਜੇਤੂ ਰਹੀਆਂ। ਇਸ ਤੋਂ ਬਿਨਾ ਵਾਲੀਬਾਲ ਵਿੱਚ ਪੰਜਾਬੀ ਸਪੋਰਟਸ ਕਲੱਬ ਮੈਲਬੌਰਨ ਦੀ ਟੀਮ ਨੇ ਲਗਾਤਾਰ ਤੀਜੇ ਸਾਲ ਜੇਤੂ ਰਹਿ ਕੇ ਹੈਟਰਿਕ ਬਣਾਈ। ਫੁੱਟਬਾਲ ਦੇ ਮੁਕਾਬਲੇ ‘ਚ ਦਸ਼ਮੇਸ ਐਨਜੈਡ ਦੀ ਟੀਮ ਨੇ ਜਿੱਤ ਪਰਾਪਤ ਕੀਤੀ। ਰੱਸਾਕਸੀ ਵਿੱਚ ਦੇਸੀ ਵਾਰੀਅਰਜ ਤੇ ਖੋ ਖੋ ਵਿੱਚ ਸਿਡਨੀ ਦੀ ਸਰਦਾਰੀ ਰਹੀ। ਬੱਚੀਆਂ ਦੀ ਸੰਗੀਤਕ ਕੁਰਸੀ ਖੇਡ ਵਿੱਚ ਜਗਬੀਰ ਕੌਰ ਜੇਤੂ ਰਹੀ। ਭਾਈ ਰਣਜੀਤ ਸਿੰਘ ਸ਼ੇਰਗਿੱਲ ਦੀ ਯਾਦ ਵਿੱਚ ਕੌਮੀ ਆਵਾਜ ਵੱਲੋਂ ਕਰਵਾਏ ਗਏ ਪ੍ਰਸ਼ਨ ਉੱਤਰ ਮੁਕਾਬਲੇ ਵਿੱਚ ਝਨਾਬ ਦੀ ਟੀਮ 115 ਅੰਕ ਲੈ ਕੇ ਪਹਿਲੇ ਸਥਾਨ ਤੇ ਆਈ।

ਹਰ ਵਾਰ ਦੀ ਤਰਾਂ ਸਥਾਨਿਕ ਭਾਈਚਾਰੇ ਤੇ ਗੁਰੂ ਘਰ ਵੱਲੋਂ ਲੰਗਰ ਅਤੇ ਚਾਹ ਪਾਣੀ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਖਾਲਸਾ ਛਾਉਣੀ ਪਲੰਪਟਨ ਦੇ ਸੇਵਾਦਾਰਾਂ ਵੱਲੋਂ ਸੰਗਤਾਂ ਦੀ ਕੀਤੀ ਸੇਵਾ ਸਲਾਹੁਣਯੋਗ ਸੀ। ਸਿੱਖ ਧਰਮ ਤੇ ਇਤਿਹਾਸ ਨਾਲ ਸਬੰਧਿਤ ਪ੍ਰਦਰਸ਼ਨੀ ਵਿੱਚ ਮਾਪੇ ਬੱਚਿਆਂ ਨਾਲ ਹਾਜਿਰੀ ਲਵਾ ਰਹੇ ਸਨ। ਇਸ ਤੋਂ ਬਿਨਾਂ ਕਿਤਾਬਾਂ ਦੀਆਂ ਵੱਖ ਵੱਖ ਦੁਕਾਨਾਂ ਉੱਤੇ ਪਾਠਕਾਂ ਦਾ ਇੱਕੱਠ ਵੇਖਣ ਨੂੰ ਮਿਲਿਆ। ਬੀਬੀਆਂ ਸੂਟਾਂ ਤੇ ਜੁੱਤੀਆਂ ਦੀਆਂ ਦੁਕਾਨਾਂ ਤੇ ਖਰੀਦਦਾਰੀ ਕਰਨ ‘ਚ ਰੁੱਝੀਆਂ ਹੋਈਆਂ ਸਨ।

ਅਸਟਰੇਲੀਆ ਦੇ ਸੂਬੇ ਨਿਊ ਸਾਊਥ ਵੇਲ਼ਜ ਦੇ ਪੰਜਾਬੀ ਵਸੋਂ ਵਾਲੇ ਪੇਂਡੂ ਖੇਤਰ ਗ੍ਰੁਿਫਥ ਦੇ ਸਹੀਦੀ ਟੂਰਨਾਮੈਂਟ ਦੌਰਾਨ ਜਿੱਥੇ ਦਰਸ਼ਕ ਰਵਾਇਤੀ ਖੇਡਾਂ ਦਾ ਆਨੰਦ ਮਾਣਦੇ ਨੇ ਓਥੇ ਆਪਣੇ ਲਿਹਾਜੀਆਂ, ਗਰਾਈਆਂ ਤੇ ਰਿਸ਼ਤੇਦਾਰਾਂ ਨੂੰ ਮਿਲਣ ਦਾ ਸਬੱਬ ਵੀ ਬਣਾਉਂਦੇ ਨੇ। ਜਿੱਥੇ ਗ੍ਰਿਫਥ ਵਾਲਿਆਂ ਦੀ ਪ੍ਰਾਹੁਣਾਚਾਰੀ ਕਮਾਲ ਦੀ ਐ, ਰਜਾ ਰਜਾ ਕੇ ਤੋਰਦੇ ਨੇ, ਉੱਥੇ ਧਾਰਮਿਕ ਤੇ ਵਿਰਾਸਤੀ ਰੂਹਦਾਰੀਆਂ ਦਾ ਖਿਆਲ ਵੀ ਰੱਖਦੇ ਨੇ। ਸਿੱਖ ਵਿਰਾਸਤ ਨਾਲ ਸਬੰਧਿਤ ਸਾਹਿਤ, ਪੁਰਾਤਨ ਸ਼ਸ਼ਤਰ, ਧਾਰਮਿਕ ਤੇ ਇਤਹਾਸਿਕ ਪੁਸਤਕਾਂ ਦੀਆਂ ਕਿਤਾਬਾਂ, ਚਿੱਤਰ ਪ੍ਰਦਰਸ਼ਨੀਆਂ, ਕੁਇੱਜ ਮੁਕਾਬਲਿਆਂ ਰਾਹੀਂ ਵੱਧ ਤੋਂ ਵੱਧ ਸੰਗਤਾਂ ਨਾਲ ਸਿੱਖ ਵਿਰਸੇ ਤੇ ਸੰਘਰਸ਼ ਦੇ ਗਿਆਨ ਦਾ ਆਦਾਨ ਪ੍ਰਦਾਨ ਕੀਤਾ ਜਾਂਦਾ ਹੈ। ਕਬੱਡੀ ਫੈਡਰੇਸ਼ਨਾਂ ਦੇ ਰੇੜਕਿਆਂ ਦੇ ਬਾਵਜੂਦ ਵੀ ਇੰਨੀ ਸਫਲਤਾ ਤੇ ਇਕੱਠ ਨਾਲ ਇਸ ਵਰੇ ਦਾ ਸ਼ਹੀਦੀ ਖੇਡ ਮੇਲਾ ਨੇਪਰੇ ਚੜਨਾ, ਸੰਗਤਾਂ ਦੇ ਇਸ ਮੇਲੇ ਨਾਲ ਰੂਹ ਨਾਲ ਜੁੜੇ ਹੋਣ ਦਾ ਸੰਕੇਤ ਹੈ।