Ninder Ghugianvi 190605 maa

ਮਿਹਨਤਾਂ ਨੂੰ ਮੇਵੇ ਲਗਦੇ ਨੇ। ਮਾਵਾਂ ਮਿਹਨਤਾਂ ਕਰਦੀਆਂ ਮਰ ਜਾਂਦੀਆਂ ਤੇ ਅਸੀਂ ਉਹਨਾਂ ਦੀਆਂ ਮਿਹਨਤਾਂ ਸਦਕੇ ਮੇਵੇ ਛਕਦੇ ਕਿਰਤ ਤੋਂ ਵਾਂਝੇ ਹੋ ਰਹੇ ਹਾਂ। ਉਦਾਸ ਬਸਤੀਆਂ ਵਿਚ ਮੈਨੂੰ ਪਿਆਰੀਆਂ-ਪਿਆਰੀਆਂ ਲਗਦੀਆਂ ਨੇ ਕਿਰਤੀਆਂ ਤੇ ਮਿਹਨਤਕਸ਼ਾਂ ਦੀਆਂ ਕੁੱਲੀਆਂ। ਗੋਹਾ ਕੂੜਾ ਕਰਦੀਆਂ, ਆਪਣੇ ਸਿਰ ‘ਤੇ ਲੋਕਾਂ ਦਾ ਮੈਲਾਂ ਢੋਂਦੀਆਂ ਤੇ ਆਪ ਭੁੱਖੇ ਢਿੱਡ ਸੌਂਦੀਆਂ, ਪਤੀਆਂ ਤੋਂ ਕੁੱਟ ਖਾਂਦੀਆਂ ਤੇ ਲੁਕ-ਲੁਕ ਰੋਂਦੀਆਂ ਮਾਵਾਂ ਦੇ ਚਿਹਰਿਆਂ ਦੀਆਂ ਝੁਰੜੀਆਂ ਕਲੇਜੇ ਸੱਲ ਮਾਰਦੀਆਂ ਮੇਰੇ!

””””””””’

ਪਿੱਛੇ ਜਿਹੇ ਝਾਰਖੰਡ ਪ੍ਰਾਂਤ ਦੇ ਰਾਜਰੱਪਾ ਦੀ ਇੱਕ ਮਾਂ ਬਾਰੇ ਜਾਣ ਕੇ ਕਲੇਜੇ ਠੰਢ ਪੈ ਗਈ। ਸੁਮਿਤੱਰਾ ਦੇਵੀ ਪਿਛਲੇ ਤੀਹ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਸਫਾਈ ਸੇਵਿਕਾ ਦੀ ਸੇਵਾ ਨਿਭਾਉਂਦੀ ਤੇ ਔਖਾਂ-ਔਕੜਾਂ ਵਿਚ ਆਪਣੇ ਪੁੱਤਾਂ ਨੂੰ ਪੜ੍ਹਾਉਂਦੀ ਰਹੀ। ਉਹ ਸਵੇਰੇ ਸਾਝਰੇ ਗਲੀਆਂ ਹੂੰਝਦੀ ਤੇ ਪੀਪਿਆਂ ਦੇ ਪੀਪੇ ਕੂੜਾ ਢੋਂਹਦੀ ਰਹੀ। ਲੋਕਾਂ ਦਾ ਗੰਦ-ਪਿੱਲ ਟਿਕਾਣੇ ਲਾਉਂਦੀ ਨਿਆਣੇ ਪਾਲਦੀ ਰਹੀ। ਅਜਿਹੀਆਂ ਸੁਮੱਤਰੀਆਂ ਮੇਰੇ ਦੇਸ਼ ਵਿਚ ਅਣਗਿਣਤ ਨੇ। ਕਦੇ ਪੂਰੀ ਮਿਹਨਤ ਵੀ ਨਹੀਂ ਲੈ ਸਕਦੀਆਂ। ਨਾ ਪੂਰਾ ਖਾਣਾ ਤੇ ਲੋਕਾਂ ਵੱਲੋਂ ਹਿਕਾਰਤ ਵੱਖਰੀ।

ਆਖਿਰ ਦਿਨ ਆ ਗਿਆ ਸੁਮਿੱਤਰਾ ਦੇਵੀ ਦੀ ਸੇਵਾ ਨਿਵਿਰਤੀ ਦਾ। ਮੁਹੱਲਾ ਨਿਵਾਸੀ ਤੇ ਹੋਰ ਲੋਕ ਉਹਨੂੰ ਸਨਮਾਨਿਤ ਕਰਨ ਵਾਸਤੇ ‘ਕੱਠੇ ਹੋਏ ਹਨ। ਸਮਾਗਮ ਚਾਹੇ ਛੋਟਾ ਜਿਹਾ ਹੈ। ਆਏ ਹੋਏ ਲੋਕ ਦੇਖਦੇ ਨੇ ਕਿ ਸਮਾਗਮ ਵਾਲੀ ਥਾਂ ਵੱਲ ਤਿੰਨ ਸਰਕਾਰੀ ਕਾਰਾਂ ਆ ਰਹੀਆਂ ਨੇ। ਕਾਰਾਂ ਆਣ ਰੁਕੀਆਂ। ਅਫਸਰੀ ਦਿੱਖ ਵਾਲੇ ਕੁਝ ਲੋਕ ਕਾਰਾਂ ਵਿਚੋਂ ਬਾਹਰੇ ਆਏ। ਉਹਨਾਂ ਦੇ ਨਾਲ ਅੰਗ ਰੱਖਿਅਕ ਵੀ ਸਨ ਤੇ ਆਉਂਦੇ ਸਾਰ ਮਾਂ ਦੇ ਸੁਮੱਿਤਰਾਂ ਦੇ ਪੈਰੀਂ ਹੱਥ ਲਾਏ। ਮਾਂ ਨੇ ਉਨ੍ਹਾਂ ਨੂੰ ਅਸ਼ੀਰਵਾਦ ਦਿੰਦਿਆਂ ਸਿਰ ਪਲੋਸੇ ਤੇ ਮੱਥੇ ਚੁੰਮੇ। ਇਹ ਤਿੰਨੋ ਮੁੰਡੇ ਕੋਈ ਹੋਰ ਨਹੀਂ ਸਨ, ਸਗੋਂ ਸੁਮਿੱਤਰਾਂ ਦੇਵੀ ਦੇ ਸਪੁੱਤਰ ਹੀ ਸਨ। ਵੱਡਾ ਪੁੱਤਰ ਡਿਪਟੀ ਕਮਿਸ਼ਨਰ ਤੇ ਬਿਹਾਰ ਕੇਡਰ ਦਾ ਆਈ.ਏ. ਐਸ. ਅਫਸਰ। ਵਿਚਾਲੜਾ ਡਾਕਟਰ ਤੇ ਸਭ ਤੋਂ ਛੋਟਾ ਰੇਲਵੇ ਵਿਚ ਇੰਜਨੀਅਰ। ਦੇਖਣ ਵਾਲਿਆਂ ਨੂੰ ਵੀ ਸੁਆਦ ਆਇਆ ਤੇ ਮਾਂ ਦੀ ਰੂਹ ਵੀ ਸ਼ਰਸਾਰ ਹੋਈ। ਬਾਣੀ ਯਾਦ ਆਉਂਦੀ ਹੈ, ਬਾਬਾਣੀਆਂ ਕਹਾਣੀਆਂ ਪੁਤ ਸਪੁਤ ਕਰੇਨਿ। ਕਈ ਦਿਨ ਮੈਂ ਸੁਮਿੱਤਰਾਂ ਮਾਂ ਬਾਰੇ ਸੋਚਦਾ ਰਿਹਾ ਸਾਂ।

””””””””’

ਦਸੰਬਰ 2014 ਦੇ ਆਖਰੀ ਦਿਨ। ਕੈਨੇਡਾ ਤੋਂ ਵਾਪਸੀ ਹੋਈ। ਮਾਂ ਦੇ ਹੱਥ ਦੀ ਪੱਕੀ ਰੋਟੀ ਖਾਕੇ ਕਾਲਜਾ ਧਾਫੜਿਆ ਗਿਆ। ਰੱਜ ਆ ਗਿਆ। ਦੁਨੀਆਂ ਭਰ ‘ਚ ਖਾਧੀਆਂ ਰੋਟੀਆਂ, ਪੀਜਿਆਂ, ਬਰਗਰਾਂ ਤੇ ਹੋਰ ਨਿੱਕ-ਸੁੱਕ ਨੇ ਤ੍ਰਿਪਤ ਨਹੀਂ ਕੀਤਾ। ਮਾਂ ਦੀ ਰੋਟੀ ਦੇ ਨਾਲ ਤਵੇ ‘ਤੇ ਮਮਤਾ ਵੀ ਪੱਕਦੀ ਹੈ। ਤਵੇ ਉਤੇ ਰੋਟੀ ਰਾੜ੍ਹਦੀ ਮਾਂ ਪੋਣੇ ਨਾਲ ਰੋਟੀ ਦੀਆਂ ਕੰਨੀਆਂ ਦਬਾਉਂਦੀ ਹੈ ਕਿਤੇ ਕੱਚੀ ਨਾ ਰਹਿ ਜਾਏ ਕਿਤੋਂ ਭੋਰਾ ਵੀ, ਤੇ ਜਦ ਮੱਖਣੀ ਨਾਲ ਚੋਪੜੀ ਗਹਿ-ਗੜੁੱਚ ਹੋਈ ਰੋਟੀ ਦੀ ਬੁਰਕੀ ਤੋੜੀਏ ਤਾਂ ਉਸ ਲੱਜ਼ਤ ਦਾ ਕੀ ਮੁੱਲ ਤੇ ਮਾਣ? ਕੌਣ ਦੇਊ ਇਹਦਾ ਮੁੱਲ? ਕੋਈ ਜੁਆਬ ਨਹੀਂ।

ਛੇ ਸਾਲਾਂ ਦਾ ਹੋਵਾਂਗਾ। ਤਾਏ ਦੇ ਰੇਡੀਓ ‘ਤੇ ਇੱਕ ਆਥਣ ਵੱਜ ਰਹੇ ਗੀਤ ਦੇ ਸੁਣੇ ਬੋਲ ਸਦਾ-ਸਦਾ ਵਾਸਤੇ ਮਨ ਵਿਚ ਪਥੱਲਾ ਮਾਰ ਕੇ ਬਹਿ ਗਏ! ਅੱਜ ਵੀ ਚੇਤੇ ਹਨ, ਤੁਸੀਂ ਵੀ ਸੁਣ ਲਓ:

ਹਰੀਏ ਹਰੀਏ ਡੇਕੇ ਨੀ ਫੁੱਲ ਦੇਜਾ
ਫੁੱਲ ਹਰੇ ਭਰੇ
ਮਾਵਾਂ ਠੰਡੀਆਂ ਛਾਵਾਂ,
ਛਾਵਾਂ ਕੌਣ ਕਰੇ…

ਓਦਣ ਇਹ ਗੀਤ ਸੁਣਨ ਬਾਅਦ ਮਾਂ ਮੈਨੂੰ ਠੰਢੀ ਛਾਂ ਜਾਪਣ ਲੱਗ ਪਈ ਸੀ। ਇੱਕ ਦਿਨ ਕਿਸੇ ਨੇ ਕਿਸੇ ਬਿਰਧ ਮਾਂ ਦੇ ਭੋਗ ਸਮੇਂ ਸ਼ਰਧਾਜਲੀ ਦਿੱਤੀ ਸੀ ਤੇ ਉਹਦੇ ਆਖ਼ੇ ਬੋਲ ਕਦੇ ਨਹੀਂ ਭੁੱਲਣ ਵਾਲੇ, ਕਹਿੰਦਾ ਕਿ, ”ਰੱਬ ਸਭ ਥਾਈਂ ਨਹੀਂ ਜਾ ਸਕਦਾ, ਉਹਨੇ ਮਾਵਾਂ ਬਣਾ ਦਿੱਤੀਆਂ ਤੇ ਆਪਣਾ ਰੂਪ ਮਾਵਾਂ ਵਿਚ ਭਰ ਦਿੱਤਾ।”

ਨਵੀਨਤਾ ਦਾ ਤਰਲਾ – ਉਹੀ ਕਮਰਾ ਹੈ। ਉਹੀ ਕੈਮਰਾ। ਉਹੀ ਕਵੀ ਹੈ। ਉਹੀ ਕਵਿਤਾ ਹੈ ਜੋ ਪਿਛਲੇ ਹਫਤੇ ਪੜ੍ਹੀ ਗਈ ਸੀ। ਉਹੀ ਸ੍ਰੋਤੇ ਹਨ। ਉਹੀ ਬੋਰਡ ਲਟਕ ਰਿਹੈ ਪੱਕਾ ਫਾਹੇ ਟੰਗਿਆ ਹੋਇਆ। ਉਹੀ ਮਾਈਕ ਹੈ ਤੇ ਉਹੀ ਮਾਈਕ ਦਾ ਮਾਲਿਕ ਹੈ। ਉਹੀ ਆਏ ਨੇ ਗੁੱਭ੍ਹ-ਗੁਭਾਰ ਕੱਢਣ…ਮਹੀਨੇ ਭਰ ਦਾ ਭਰਿਆ ਹੋਇਆ ਮਣਾਂ-ਮੂੰਹੀਂ ਗੁੱਭ-ਗੁਭਾਰ! ਉਹੀ ਗੁਲੂਕਾਰਾ ਹੈ। ਉਹੀ ਗੀਤ ਹੈ, ਜੋ ਪਿਛਲੇ ਮਹੀਨੇ ਗਾਇਆ ਗਿਆ ਸੀ ਤੇ ਉਹੀ ਗੁਲਦਸਤੇ ਹਨ ਰਬੜੀ ਫੁੱਲਾਂ ਦੇ, ਜੋ ਪਿਛਲੇ ਹਫਤੇ ਭੇਟ ਕੀਤੇ ਗਏ ਸਨ। ਨਵੀਨਤਾ ਲਿਲ੍ਹਕੜੀਆਂ ਕੱਢ ਰਹੀ ਹੈ,ਮੈਨੂੰ ਮੇਰੀ ਵੀ ਕਿਤੇ ਥਾਂ ਦਿਓ, ਮੈਨੂੰ ਵੀ ਕੋਈ ਨਾਂ ਦਿਓ,ਮੇਰਾ ਨਾਂ-ਥਾਂ ਵੀ ਬਣਦੈ ਕਿਤੇ! ਸਾਰੀ ਦੀ ਸਾਰੀ ਥਾਂ ਤੇ ਸਾਰੀ ਛਾਂ ਆਪੇ ਮੱਲਣਹਾਰਿਓ ਮੇਰੀ ਵੀ ਸੁਣੋ…ਹਮੇਸ਼ਾ ਆਪਣੀਆਂ ਹੀ ਬੁਣਤਾਂ ਨਾ ਬੁਣੋ, ਮੈਂ ਨਵੀਨਤਾ ਹਾਂ, ਤਰਲਾ ਕਰਦਾੀ ਹਾਂ ਤੁਹਾਡੇ ਮੂਹਰੇ। ਸਪੇਸ ਮੰਗਦੀ ਨਵੀਂ ਪੀੜ੍ਹੀ ਵੀ ਘੂਰੀਆਂ ਵੱਟ ਰਹੀ ਹੈ ਤੁਹਾਨੂੰ। ਬਸ ਕਰੋ…ਬਹੁਤ ਹੋ ਗਿਐ!