• ਪਰਮਿੰਦਰ ਕੌਰ ਨੂੰ ਵੀ ਕਮਿਊਨਿਟੀ ਬੋਰਡ ਮੈਂਬਰ ਲਈ ਲੇਬਰ ਅਤੇ ਪੀਪਲ ਚੁਆਇਸ ਨੇ ਐਲਾਨਿਆ ਆਪਣਾ ਉਮੀਦਵਾਰ
  • 12 ਅਕਤੂਬਰ ਨੂੰ ਆਉਣਗੇ ਨਤੀਜੇ

NZ 12 June-1

ਔਕਲੈਂਡ 12 ਜੂਨ -ਨਿਊਜ਼ੀਲੈਂਡ ਅਜਿਹਾ ਦੇਸ਼ ਹੈ ਜਿਸ ਨੇ ਵਿਸ਼ਵ ਭਰ ਦੇ ਵਿਚ ਸਭ ਤੋਂ ਪਹਿਲਾਂ ਮਹਿਲਾਵਾਂ ਦੇ ਅਧਿਕਾਰਾਂ ਨੂੰ ਸਮਝਦਿਆਂ ਵੋਟ ਦੇਣ ਦਾ ਮਹੱਤਵਪੂਰਨ ਅਧਿਕਾਰ 1893 ਦੇ ਵਿਚ ਦਿੱਤਾ ਸੀ। ਪਿਛਲਾ ਵਰ੍ਹਾ ਇਸ ਅਧਿਕਾਰ ਨੂੰ ਸਮਰਪਿਤ ਕੀਤਾ ਗਿਆ ਸੀ ਅਤੇ ਇਸਨੂੰ ‘ਸਫਰੇਜ਼-125’ ਦਾ ਨਾਂਅ ਦਿੱਤਾ ਗਿਆ ਸੀ। ਇਹ ਗੱਲ ਵੀ ਇਥੇ ਭਾਰਤੀਆਂ ਲਈ ਅਹਿਮ ਕਹੀ ਜਾ ਸਕਦੀ ਹੈ ਕਿ ਹੁਣ ਇਥੇ ਰਹਿੰਦੇ ਭਾਰਤੀਆਂ ਨੂੰ ਵੀ 125 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਅਤੇ ਭਾਰਤੀਆਂ ਨੇ ਆਪਣੇ ਅਧਿਕਾਰਾਂ ਨੂੰ ਇਕ-ਇਕ ਕਰਕੇ ਜਿੱਥੇ ਮਹਿਸੂਸ ਕੀਤਾ ਉਥੇ ਇਸ ਦੇਸ਼ ਨੂੰ ਅਪਣਾ ਕੇ ਸੇਵਾ ਕਰਨ ਦੀ ਵੀ ਆਪਣੀ ਸਧਰ ਪੂਰੀ ਕੀਤੀ ਹੈ। ਹੁਣ ਜਿਵੇਂ ਸਾਰੇ ਜਾਣਦੇ ਹਨ ਕਿ ਕ੍ਰਾਈਸਟਚਰਚ ਸ਼ਹਿਰ ਦੀ ਕੌਂਸਿਲ ਦੀਆਂ ਚੋਣਾ ਆ ਗਈਆਂ ਹਨ ਅਤੇ ਪੰਜਾਬੀਆਂ ਨੂੰ ਮਾਣ ਹੋਏਗਾ ਕਿ ਇਕ ਪੰਜਾਬੀ ਮਹਿਲਾ ਸ੍ਰੀਮਤੀ ਪਰਮਿੰਦਰ ਕੌਰ ਇਥੋਂ ਦੇ ਵਾਰਡ ‘ਇੰਨਸ’ ਤੋਂ ਕਮਿਊਨਿਟੀ ਬੋਰਡ ਲਈ ਚੋਣ ਲੜ ਰਹੇ ਹਨ। ਉਨ੍ਹਾਂ ਨੂੰ ਪੀਪਲ ਚੁਆਇਸ ਗਰੁੱਪ ਅਤੇ ਲੇਬਰ ਪਾਰਟੀ ਵਜੋਂ ਮੈਦਾਨ ਵਿਚ ਉਤਾਰਿਆ ਗਿਆ ਹੈ। ਸ੍ਰੀਮਤੀ ਪਰਮਿੰਦਰ ਕੌਰ ਚੰਗੇ ਪੜ੍ਹੇ ਲਿਖੇ ਹਨ ਉਨ੍ਹਾਂ ਪੁਲੀਟੀਕਲ ਸਾਇੰਸ ਵਿਚ ਮਾਸਟਰ ਕੀਤੀ ਹੋਈ ਹੈ। ਕਮਿਊਨਿਟੀ ਸੇਵਾ ਕਰਨ ਦੇ ਵਿਚ ਸ੍ਰੀਮਤੀ ਪਰਮਿੰਦਰ ਕੌਰ ਪਹਿਲਾਂ ਹੀ ਕਮਿਊਨਿਟੀ ਦੇ ਵਿਚ ਜਾਣੂ ਹਨ ਕਿਉਂਕਿ ਉਹ ਜਸਟਿਸ ਆਫ ਪੀਸ ਹਨ ਅਤੇ ਇੰਡੀਪੈਂਡੇਂਟ ਮੈਰਿਜ਼ ਅਤੇ ਸਿਵਲ ਯੂਨੀਅਨ ਸੈਲੀਬ੍ਰਾਂਟ ਵੀ ਹਨ। ਕਮਿਊਨਿਟੀ ਬੋਰਡ ਮੈਂਬਰ ਦਾ ਮੁੱਖ ਕਾਰਜ ਸਥਾਨਕ ਲੋਕਲ ਬੋਰਡ ਦੇ ਕੋਲ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪੇਸ਼ ਕਰਨਾ ਹੁੰਦਾ ਹੈ। ਉਨ੍ਹਾਂ ਭਾਰਤੀ ਕਮਿਊਨਿਟੀ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਸ੍ਰੀਮਤੀ ਪਰਮਿੰਦਰ ਆਪਣੇ ਪਤੀ ਸ. ਗੁਰਵਿੰਦਰ ਸਿੰਘ ਅਤੇ ਦੋ ਬੱਚਿਆਂ ਦੇ ਨਾਲ ਕਾਫੀ ਸਾਲਾਂ ਤੋਂ ਕ੍ਰਾਈਸਟਚਰਚ ਵਿਖੇ ਰਹਿ ਰਹੀ ਹੈ।