NOTA

ਫਰੀਦਕੋਟ 18 ਮਈ — ਲੋਕ ਸਭਾ ਚੋਣਾਂ ਦੀ ਵੋਟਿੰਗ ਦਾ ਸਮਾਂ ਸਿਰ ਤੇ ਆ ਚੁੱਕਾ ਹੈ। ਇਸ ਦੌਰਾਨ ਵੱਖ ਵੱਖ ਰਾਜਨੀਤਕ ਪਾਰਟੀਆਂ ਵੋਟਰਾਂ ਨੂੰ ਭਰਮਾਉਣ ਲਈ ਆਪੋ ਆਪਣੇ ਢੰਗ ਤਰੀਕੇ ਵਰਤ ਚੁੱਕੀਆਂ ਹਨ। ਹੁਣ ਲੋਕਾਂ ਦੀ ਵਾਰੀ ਹੈ ਕਿ ਉਨ੍ਹਾਂ ਨੇ ਕਿਸਨੂੰ ਚੁਣਨਾਂ ਹੈ। ਇਹ ਪਹਿਲੀ ਵਾਰ ਹੈ ਕਿ ਆਮ ਲੋਕਾਂ ਵਿਚ ਇਨ੍ਹਾਂ ਰਾਜਨੀਤਕ ਪਾਰਟੀਆਂ ਪ੍ਰਤੀ ਨਿਰਾਸ਼ਾ ਦਾ ਆਲਮ ਹੈ। ਜਿਸ ਕਰਕੇ ਲੋਕਾਂ ਵਿਚ ਚੋਣਾਂ ਪ੍ਰਤੀ ਕੋਈ ਉਤਸ਼ਾਹ ਨਜ਼ਰ ਨਹੀਂ ਆ ਰਿਹਾ। ਲੋਕ ਪਹਿਲਾਂ ਵਾਂਗ ਆਪਣੇ ਕੰਮ ਧੰਦਿਆਂ ਵਿਚ ਮਸ਼ਰੂਫ ਹਨ। ਲੋਕਾਂ ਤੋਂ ਇਹ ਹੀ ਗੱਲ ਸੁਨਣ ਨੂੰ ਮਿਲ ਰਹੀ ਹੈ ਕਿ ਨਾਂ ਕਿਸੇ ਨੇ ਕਿਸੇ ਦਾ ਕੁੱਝ ਸੰਵਾਰਿਆ ਤੇ ਨਾਂ ਸੰਵਾਰਨਾ। ਸਭ ਲੁੱਟ ਲੁੱਟ ਕੇ ਆਪਣੇ ਘਰ ਭਰ ਰਹੇ ਨੇ ਲੋਕ ਮੁੱਢਲੀਆਂ ਲੋੜਾਂ ਨੂੰ ਤਰਸ ਰਹੇ ਨੇ। ਸਾਡਾ ਕਿਸੇ ਨੂੰ ਵੋਟ ਪਾਉਣ ਨੂੰ ਮਨ ਨਹੀਂ ਕਰ ਰਿਹਾ। ਨੌਜਵਾਨ, ਕਿਸਾਨ, ਮੁਲਾਜ਼ਮ, ਛੋਟਾ ਵਪਾਰੀ ਸਭ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਤੋਂ ਦੁਖੀ ਹਨ। ਇਨ੍ਹਾਂ ਹਾਲਾਤਾਂ ਤੋਂ ਜਾਪਦਾ ਹੈ ਕਿ ਪੜ੍ਹੇ ਲਿਖੇ ਲੋਕ ਵੱਡੀ ਗਿਣਤੀ ਵਿਚ ਨੋਟਾ ਦਾ ਬਟਨ ਦਬਾਉਣਗੇ । ਭਾਵੇਂ ਪ੍ਰਮੁੱਖ ਪਾਰਟੀਆਂ ਆਪੋ ਆਪਣੀ ਜਿੱਤ ਦੇ ਦਾਅਵੇ ਕਰੀ ਜਾ ਰਹੀਆਂ ਹਨ ਪਰ ਇਸ ਵਾਰ ਨਤੀਜੇ ਹੈਰਾਨੀ ਭਰੇ ਹੋ ਸਕਦੇ ਹਨ।