(5 ਮਈ 297ਵੇਂ ਜਨਮ ਦਿਹਾੜੇ ‘ਤੇ ਵਿਸ਼ੇਸ਼ )

Parmjit Singh 190513 Jassa Singh Ramghariaaa

ਅਠਾਰ੍ਹਵੀਂ ਸਦੀ ਦੇ ਅਣਖੀ ਤੇ ਤਿਆਗੀ ਸਿੱਖ ਸੂਰਮਿਆਂ ਨੇ ਆਪਣੀ ਕੁਰਬਾਨੀ, ਦਲੇਰੀ ਅਤੇ ਯੋਗ ਰਾਜਨੀਤਕ ਅਗਵਾਈ ਅਧੀਨ ਕੀਤੇ ਹੈਰਾਨ ਕਰਨ ਵਾਲੇ ਅਜਿੱਤ ਕਾਰਨਾਮਿਆਂ ਨਾਲ ਭਾਰਤ ਦੀ ਇੱਜ਼ਤ, ਆਬਰੂ ਬਚਾਈ ਅਤੇ ਧੰਨ-ਦੌਲਤ ਲੁੱਟਣ ਵਾਲੇ ਵਿਦੇਸ਼ੀ ਹਮਲਾਵਰਾਂ ਨੂੰ ਸਦਾ ਲਈ ਨੱਥ ਪਾਈ।ਉਨ੍ਹਾਂ ਅਣਖੀ ਯੋਧਿਆਂ ਵਿੱਚ ਸ੍ਰ. ਜੱਸਾ ਸਿੰਘ ਰਾਮਗੜ੍ਹੀਆ ਦਾ ਨਾਂ ਪਹਿਲੀ ਕਤਾਰ ਵਿੱਚ ਆਉਂਦਾ ਹੈ। ਅਸੀਂ ਅੱਜ ਜਿੰਨੀ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ, ਇਹ ਸਭ ਉਨ੍ਹਾਂ ਸੂਰਮਿਆਂ ਦੀ ਕੁਰਬਾਨੀ ਦਾ ਹੀ ਨਤੀਜਾ ਹੈ। ਉਸ ਦਾ ਜਨਮ 5 ਮਈ, 1723 ਈ: ਨੂੰ ਪਾਕਿਸਤਾਨ ਦੇ ਜਿਲ੍ਹਾ ਲਾਹੌਰ ਤੋਂ 20 ਮੀਲ ਦੂਰ ਪੂਰਬ ਦਿਸ਼ਾ ਵੱਲ ਇੱਕ ਛੋਟੇ ਜਿਹੇ ਪਿੰਡ ‘ਈਚੋਗਿਲ’ ਵਿੱਚ ਪਿਤਾ ਗਿਆਨੀ ਭਗਵਾਨ ਸਿੰਘ ਭੰਮਰਾ ਅਤੇ ਮਾਤਾ ਗੰਗ ਕੌਰ ਦੇ ਘਰ ਹੋਇਆ। ਸੋਹਣ ਸਿੰਘ ਸੀਤਲ ਆਪਣੀ ਪੁਸਤਕ ‘ਸਿੱਖ ਮਿਸਲਾਂ ਤੇ ਸਰਦਾਰ ਘਰਾਣੇ’ ਦੇ ਸਫ਼ਾ. 57 ‘ਤੇ ਲਿਖਦੇ ਹਨ ਕਿ,”ਇਹ ਪਿੰਡ ਕਿਸੇ ‘ਈਚੋ’ ਨਾਂ ਦੇ ‘ਗਿੱਲ’ ਗੋਤ ਦੇ ਜੱਟ ਨੇ ਵਸਾ ਕੇ ਆਪਣੇ ਨਾਂ ‘ਤੇ ਇਸ ਪਿੰਡ ਦਾ ਨਾਂ ‘ਈਚੋਗਿਲ’ ਰੱਖਿਆ ਸੀ। ਉਸ ਦੇ ਨਾਂਅ ਨਾਲ ‘ਰਾਮਗੜੀਆ’ ਸ਼ਬਦ ਅੰਮ੍ਰਿਤਸਰ ਵਿੱਚ ਸਿੱਖਾਂ ਵੱਲੋਂ ਬਣਵਾਏ ਗਏ ਕਿਲ੍ਹੇ ‘ਰਾਮਰੌਣੀ’ ਤੋਂ ਜੁੜਿਆ। ਇਸੇ ਤੋਂ ਉਸ ਦੀ ਮਿਸਲ ਦਾ ਨਾਂਅ ਵੀ ‘ਰਾਮਗੜ੍ਹੀਆ ਦੀ ਮਿਸਲ’ ਪੈ ਗਿਆ।” ਪਿਤਾ ਗਿਆਨੀ ਭਗਵਾਨ ਸਿੰਘ ਨੇ ਜੱਸਾ ਸਿੰਘ ਰਾਮਗੜ੍ਹੀਆ ਨੂੰ ਗੁਰਮੁਖੀ ਅੱਖਰ ਸਿਖਾਏ, ਜਿਸ ਕਰਕੇ ਨਿਤਨੇਮ ਦੀਆਂ ਪੰਜ ਬਾਣੀਆਂ ਦਾ ਪਾਠ ਕਰਨਾ ਸਿੱਖ ਗਿਆ ਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਦੇ ਯੋਗ ਹੋ ਗਿਆ।

ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਆਪਣੀ ਪੁਸਤਕ ‘ਅਠਾਰ੍ਹਵੀਂ ਸਦੀ ਦਾ ਸਿੱਖ ਯੋਧਾ: ਸ੍ਰ. ਜੱਸਾ ਸਿੰਘ ਰਾਮਗੜ੍ਹੀਆ’ ਦੇ ਸਫ਼ਾ. 28 ‘ਤੇ ਲਿਖਦੇ ਹਨ ਕਿ, ”ਜੱਸਾ ਸਿੰਘ ਨੇ ਸ੍ਰ. ਗੁਰਦਿਆਲ ਸਿੰਘ ਪੰਜਗੜ੍ਹ ਦੇ ਹੱਥੋਂ ਅੰਮ੍ਰਿਤ ਛਕ ਕੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਦਸਮੇਸ਼ ਪਿਤਾ ਦੁਆਰਾ ਸਾਜੇ ਖਾਲਸੇ ਦੀ ਵਿਚਾਰਧਾਰਾ ਨੂੰ ਅਪਣਾਇਆ। ਪ੍ਰੰਤੂ ਲਤੀਫ਼ ਅਤੇ ਉਸ ਤੋਂ ਬਾਅਦ ਦੇ ਕਈ ਲੇਖਕਾਂ ਦਾ ਖਿਆਲ ਹੈ ਕਿ ਜੱਸਾ ਸਿੰਘ ਨੇ ਨੰਦ ਸਿੰਘ ਸੰਘਾਣੀਏ ਪਾਸੋਂ ਪਾਹੁਲ ਲਈ ਸੀ, ਪਰ ਇਨ੍ਹਾਂ ਲੇਖਕਾਂ ਨੂੰ ਕੁੱਝ ਭੁਲੇਖਾ ਲੱਗਦਾ ਜਾਪਦਾ ਹੈ ਅਤੇ ਇਸ ਭੁਲੇਖੇ ਦਾ ਵੱਡਾ ਕਾਰਨ ਇਹ ਹੈ ਕਿ ‘ਦਲ ਖਾਲਸਾ’ ਵਿੱਚ ਸ਼ਾਮਲ ਹੋਣ ਸਮੇਂ ਸਭ ਤੋਂ ਪਹਿਲਾਂ ਜੱਸਾ ਸਿੰਘ, ਨੰਦ ਸਿੰਘ ਸੰਘਾਣੀਏ ਦੇ ਜੱਥੇ ਵਿੱਚ ਸ਼ਾਮਲ ਹੋਇਆ ਸੀ। ਇਸ ਦੇ ਉਲਟ ਅਲੀ-ਉਦ-ਦੀਨ ‘ਇਬਾਦਤ ਨਾਮਾ’ ਤੇ ਕੰਨ੍ਹਈਆ ਲਾਲ ‘ਤਾਰੀਖ਼-ਇ-ਪੰਜਾਬ’ ਦੇ ਲੇਖਕਾਂ ਦਾ ਖ਼ਿਆਲ ਹੈ ਕਿ ਜੱਸਾ ਸਿੰਘ ਨੇ ਗੁਦਿਆਲ ਸਿੰਘ ਪੰਜ ਗੜ੍ਹ ਦੇ ਹੱਥੋਂ ਪਾਹੁਲ ਲਈ ਸੀ। ਇਸ ਗੱਲ ਦੀ ਪੁਸ਼ਟੀ ਵਿੱਚ ਇੰਨਾ ਕਹਿਣਾ ਹੀ ਕਾਫ਼ੀ ਹੈ ਕਿ ਜੱਸਾ ਸਿੰਘ ਇੱਕ ਉੱਚੇ ਸਿੱਖੀ ਘਰਾਣੇ ਦਾ ਸਪੂਤ ਸੀ, ਇਸ ਲਈ ‘ਦਲ ਖਾਲਸਾ’ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਸ ਨੇ ਜ਼ਰੂਰ ਅੰਮ੍ਰਿਤ ਛਕ ਲਿਆ ਹੋਵੇਗਾ। ਜਿਸ ਕਰਕੇ ਸਾਨੂੰ ਅਲੀ-ਉਦ-ਦੀਨ ਤੇ ਕਨ੍ਹਈਆ ਲਾਲ ਦਾ ਕਥਨ ਹੀ ਸਹੀ ਜਾਪਦਾ ਹੈ।

1733 ਈ: ਵਿੱਚ ਦਲ ਖਾਲਸਾ ਦੋ ਭਾਗਾਂ ਵਿੱਚ ਵੰਡਿਆ ਗਿਆ, ਉਸ ਸਮੇਂ ਜੱਸਾ ਸਿੰਘ 17 ਸਾਲਾਂ ਦਾ ਸੀ ਤੇ ਉਸ ਨੇ ਜਲੰਧਰ ਦੇ ਫ਼ੌਜਦਾਰ ਅਦੀਨਾ ਬੇਗ਼ ਕੋਲ ਨੌਕਰੀ ਕਰ ਲਈ ਸੀ। ਸੰਨ 1749 ਈ: ਵਿੱਚ ਸਿੱਖ ਰਾਮਰੌਣੀ ਦੇ ਕਿਲ੍ਹੇ ਵਿੱਚ ਘਿਰੇ ਹੋਏ ਸਨ, ਜੱਸਾ ਸਿੰਘ ਨੇ ਅਣਖ ਦਾ ਸਬੂਤ ਦਿੰਦੇ ਆਪਣੇ ਸਾਥੀਆਂ ਸਮੇਤ ਅਦੀਨਾ ਬੇਗ਼ ਦਾ ਸਾਥ ਛੱਡ ਦਿੱਤਾ ਤੇ ਆਪਣੇ ਭਾਈਚਾਰੇ ਦਾ ਸਾਥ ਦਿੱਤਾ। ਇਸ ਔਖੇ ਸਮੇਂ ਵਿੱਚ ਸਿੱਖਾਂ ਦੀ ਮਦਦ ਕਰਨ ਕਰਕੇ ਰਾਮਰੌਣੀ ਦਾ ਕਿਲ੍ਹਾ ਸ੍ਰ. ਜੱਸਾ ਸਿੰਘ ਨੂੰ ਦੇ ਦਿੱਤਾ ਗਿਆ, ਜਿਸ ਦਾ ਨਾਂਅ ਬਦਲ ਕੇ ਉਸ ਨੇ ‘ਰਾਮਗੜ੍ਹ’ ਰੱਖ ਦਿੱਤਾ।

ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਆਪਣੀ ਕਿਤਾਬ ‘ਖਾਲਸਾ ਰਾਜ ਦੇ ਉਸਰੀਏ’ ਦੇ ਸਫ਼ਾ. 87 ‘ਤੇ ਲਿਖਦਾ ਹੈ,”ਕਿ ਜੱਸਾ ਸਿੰਘ ਰਾਮਗੜ੍ਹੀਆ ‘ਦਲ ਖਾਲਸਾ’ ਦੀ ਪ੍ਰਵਾਨਗੀ ਨਾਲ ਅਦੀਨਾ ਬੇਗ ਦੀਆਂ ਫ਼ੌਜਾਂ ਨਾਲ ਜਾ ਮਿਲਿਆ ਸੀ, ਪਰ ਹੋਰ ਕਿਸੇ ਇਤਿਹਾਸਕ ਸ੍ਰੋਤ ਤੋਂ ਇਸ ਗੱਲ ਦੀ ਪੁਸ਼ਟੀ ਨਹੀਂ ਹੁੰਦੀ।” ਇਸੇ ਤਰ੍ਹਾਂ ਹੀ ਜੱਸਾ ਸਿੰਘ ਦਾ ਅਦੀਨਾ ਬੇਗ ਕੋਲ ਨੌਕਰੀ ਕਰਨ ਦੀ ਮਿਤੀ ਬਾਰੇ ਵੀ ਇਤਿਹਾਸਕਾਰਾਂ ਵਿੱਚ ਆਪਸੀ ਮੱਤ-ਭੇਦ ਹਨ। ਇਸ ਬਾਰੇ ਲੇਖਕ ਰਾਮ ਸੁਖ ਰਾਉ ਨੇ ਆਪਣੀ ਲਿਖਤ ‘ਜੱਸਾ ਸਿੰਘ ਬਿਨੋਦ’ ਵਿੱਚ ਲਿਖਿਆ ਹੈ ਕਿ ਅਦੀਨਾ ਬੇਗ਼ ਨਾਲ ਜੱਸਾ ਸਿੰਘ ਦੀ ਗੱਲਬਾਤ ਮੀਰ ਮੰਨੂ ਦੇ ਸਮੇਂ (1748-49) ਵਿੱਚ ਹੋਈ। ਇਸ ਦੀ ਪੁਸ਼ਟੀ ਇਸ ਗੱਲ ਤੋਂ ਹੁੰਦੀ ਹੈ ਕਿ ਰਾਮ ਰਾਉਣੀ ਦੇ ਘੇਰੇ ਸਮੇਂ ਜੱਸਾ ਸਿੰਘ ਅਦੀਨਾ ਬੇਗ਼ ਦੇ ਕੋਲ ਸੀ। ਇਸ ਦੇ ਨਾਲ ਹੀ ‘ਦਲ ਖਾਲਸੇ’ ਦੀ ਸਥਾਪਨਾ ਸਮੇਂ ਜੱਸਾ ਸਿੰਘ ਦੇ ਕੰਮ ਦਾ ਵਰਣਨ ਵੀ ਇਹ ਦੱਸਦਾ ਹੈ ਕਿ ਜੱਸਾ ਸਿੰਘ ‘ਦਲ ਖਾਲਸਾ’ ਦੀ ਸਥਾਪਨਾ ਭਾਵ 1747 ਤੋਂ ਮਗਰੋਂ ਹੀ ਅਦੀਨਾ ਬੇਗ਼ ਪਾਸ ਨੌਕਰ ਹੋਇਆ।’ਤਾਰੀਖ-ਇ-ਸਿੱਖਾਂ’ ਦਾ ਲੇਖਕ ਮੁਨਸ਼ੀ ਖ਼ੁਸ਼ਵਕਤ ਰਾਏ ਦੱਸਦਾ ਹੈ ਕਿ ਜੱਸਾ ਸਿੰਘ ਅਦੀਨਾ ਬੇਗ਼ ਪਾਸ 4 ਸਾਲ ਰਿਹਾ, ਪਰ ਹੋਰ ਕੋਈ ਵੀ ਵਿਦਵਾਨ ਇਸ ਦੀ ਪ੍ਰੋੜਤਾ ਨਹੀਂ ਕਰਦਾ। ਇਸ ਲਈ ਠੀਕ ਤਾਂ ਇਹੀ ਜਾਪਦਾ ਹੈ ਕਿ ਜੱਸਾ ਸਿੰਘ ਰਾਮਗੜ੍ਹੀਆ 1748 ਈ: ਵਿੱਚ ਅਦੀਨਾ ਬੇਗ਼ ਕੋਲ ਨੌਕਰ ਰਿਹਾ।

9 ਜੂਨ, 1716 ਈ: ਨੂੰ ਬਾਬਾ ਬੰਦਾ ਸਿੰਘ ਬਹਾਦਰ ਤੇ ਉਸ ਦੇ 17 ਸਾਥੀ ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਚੜ੍ਹਤ ਤੋਂ ਪਹਿਲਾਂ ਦੇ ਸਮੇਂ ਵਿਚਕਾਰਲੇ ਸਮੇਂ ਸਿੱਖਾਂ ਦੇ ਰਾਜਨੀਤਕ ਤੇ ਸੈਨਿਕ ਸੰਗਠਨ ਦਾ ਜੋ ਰੂਪ ਸੀ, ਉਹ ਸਿੱਖ ‘ਮਿਸਲਾਂ’ ਦੇ ਦੌਰ ਵਜੋਂ ਜਾਣਿਆ ਜਾਂਦਾ ਹੈ। ਇਸ ਸਮੇਂ ਦੌਰਾਨ ਸਿੱਖਾਂ ਨੂੰ ਅਨੇਕਾਂ ਹੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ।ਉਸ ਸਮੇਂ ਸਿੱਖਾਂ ਦੇ ਛੋਟੇ-ਛੋਟੇ ਜੱਥਿਆਂ ਨੇ ਲੱਖੀ ਜੰਗਲਾਂ, ਮਾਲਵਾ, ਰਾਜਸਥਾਨ ਦੇ ਰੇਗਿਸਤਾਨ ਅਤੇ ਪਹਾੜਾਂ ਦੀਆਂ ਚੋਟੀਆਂ ਵਿੱਚ ਸ਼ਰਨ ਲੈ ਕੇ ਆਪਣੇ ਆਪ ਨੂੰ ਸੰਗਠਤ ਕੀਤਾ। ਸਾਲ ਵਿੱਚ ਕੁੱਝ ਮਹੀਨਿਆਂ ਲਈ ਸਿੱਖਾਂ ਨੂੰ ਮਜ਼ਬੂਰ ਹੋ ਕੇ ਖਿੰਡ-ਪੁੰਡ ਜਾਣਾ ਪੈਂਦਾ ਸੀ, ਤੇ ਜਦੋਂ ਮੌਕਾ ਲੱਗਦਾ ਸੀ, ਤਾਂ ਦੁਸ਼ਮਣ ‘ਤੇ ਗੁਰੀਲਾ ਯੁੱਧ ਨੀਤੀ ਰਾਹੀਂ ਹਮਲਾ ਕੀਤਾ ਜਾਂਦਾ ਸੀ। ਹਰ ਸਮੇਂ ਮੌਤ ਨੂੰ ਸਾਹਮਣੇ ਵੇਖ ਕੇ ਇਨ੍ਹਾਂ ਹਾਲਾਤਾਂ ਨੇ ਸਿੱਖਾਂ ਨੂੰ ਦਲੇਰ ਤੇ ਨਿਡਰ ਬਣਾ ਦਿੱਤਾ ਸੀ।

ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਮਗਰੋਂ ਸਿੱਖਾਂ ਨੂੰ ਵੱਡਾ ਦੁੱਖ ਲੱਗਾ। ਉਨ੍ਹਾਂ ਕੋਲ ਯੋਗ ਅਗਵਾਈ ਦੇਣ ਵਾਲਾ ਕੋਈ ਆਗੂ ਨਾ ਰਿਹਾ। ਆਪਣੀ ਤਬਾਹੀ ਤੇ ਬਰਬਾਦੀ ਤੋਂ ਬਚਣ ਲਈ ਸਿੱਖਾਂ ਨੇ ਆਪਣੇ ਆਪ ਨੂੰ ਨਿੱਕੇ-ਨਿੱਕੇ ਜੱਥਿਆਂ ਵਿੱਚ ਵੰਡਣਾ ਸ਼ੁਰੂ ਕਰ ਦਿੱਤਾ ਅਤੇ ਹਰ ਇੱਕ ਜੱਥੇ ਨੇ ਆਪਣੇ ਸਰਦਾਰ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਲੜਨਾ ਸ਼ੁਰੂ ਕਰ ਦਿੱਤਾ। ਇਤਿਹਾਸਕਾਰਾਂ ਅਨੁਸਾਰ 1748 ਈ: ਤੱਕ ਸਿੱਖ 65 ਜੱਥਿਆਂ ਵਿੱਚ ਵੰਡੇ ਹੋਏ ਸਨ, ਜੋ ਘੱਟ ਕੇ ਬਾਅਦ ਵਿੱਚ 12 ਛੋਟੀਆਂ ਵੱਡੀਆਂ ਜਥੇਬੰਦੀਆਂ ਵਿੱਚ ਰਹਿ ਗਏ, ਜਿਨ੍ਹਾਂ ਨੂੰ ‘ਸਿੱਖ ਮਿਸਲਾਂ’ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। ਹਰੇਕ ਸਿੱਖ ਮਿਸਲ ਦਾ ਆਪਣਾ ਨੇਤਾ ਹੁੰਦਾ ਸੀ ਅਤੇ ਉਸ ਮਿਸਲ ਦਾ ਨਾਂਅ ਉਸ ਸਰਦਾਰ ਦੇ ‘ਨਾਂਅ ਜਾਂ ‘ਚਿੰਨ੍ਹ’ ਤੋਂ ਲਿਆ ਜਾਂਦਾ ਸੀ। ਇਨ੍ਹਾਂ ਮਿਸਲਾਂ ‘ਚੋਂ ਇੱਕ ਮਿਸਲ ‘ਰਾਮਗੜ੍ਹੀਆ’ ਦੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਸੀ।

ਸੰਨ 1753 ਵਿੱਚ ਮੀਰ ਮੰਨੂ ਦੀ ਮੌਤ ਮਗਰੋਂ ਪੰਜਾਬ ਵਿੱਚ ਦਹਿਸ਼ਤ ਫੈਲ ਗਈ। ਇਹੋ ਮੌਕਾ ਸੀ ਜਦੋਂ ਸਿੱਖ ਮਿਸਲਾਂ ਨੇ ਆਪਣੀ ਸ਼ਕਤੀ ਨੂੰ ਵਧਾਉਣਾ ਸ਼ੁਰੂ ਕੀਤਾ। ਸ੍ਰ. ਜੱਸਾ ਸਿੰਘ ਨੇ ਰਿਆੜਕੀ, ਅੰਮ੍ਰਿਤਸਰ, ਦੇ ਉੱਤਰ ਵੱਲ ਦੇ ਇਲਾਕੇ ਬਟਾਲਾ, ਜਲੰਧਰ-ਦੁਆਬ ਤੇ ਹੋਰ ਬਹੁਤ ਸਾਰੇ ਖੇਤਰਾਂ ‘ਤੇ ਕਬਜ਼ਾ ਕਰ ਲਿਆ। ਉਸ ਦੀ ਵਧ ਰਹੀ ਸ਼ਕਤੀ ਵੇਖ ਕੇ ਹੋਰ ਮਿਸਲਾਂ ਦੇ ਸਰਦਾਰ ਉਸ ਨਾਲ ਈਰਖਾ ਕਰਨ ਲੱਗੇ। ਆਖ਼ਰ ਆਹਲੂਵਾਲੀਆਂ, ਕੰਨ੍ਹਈਆਂ, ਸ਼ੁਕਰਚੱਕੀਆਂ ਤੇ ਭੰਗੀਆਂ ਨੇ ਇੱਕ ਸਾਂਝਾ ਮੋਰਚਾ ਕਾਇਮ ਕਰਕੇ ਜੱਸਾ ਸਿੰਘ ਰਾਮਗੜ੍ਹੀਆ ਨੂੰ ਉਸ ਦੇ ਇਲਾਕੇ ‘ਚੋਂ ਖਦੇੜ ਦਿੱਤਾ। ਉਹ ਸਤਲੁਜ ਦਰਿਆ ਵੱਲ ਜਾਣ ਲਈ ਮਜ਼ਬੂਰ ਹੋ ਗਿਆ।

ਸ੍ਰ. ਜੱਸਾ ਸਿੰਘ ਆਹਲੂਵਾਲੀਆ ਦੇ ਦੇਹਾਂਤ ਮਗਰੋਂ ਸ੍ਰ. ਜੱਸਾ ਸਿੰਘ ਰਾਮਗੜ੍ਹੀਆ 1783 ਵਿੱਚ ਮੁੜ ਆਪਣੇ ਇਲਾਕੇ ਰਿਆੜਕੀ ਵਿਖੇ ਪਹੁੰਚਿਆ ਤੇ ਸਾਰਾ ਇਲਾਕਾ ਜਿੱਤ ਕੇ ਸ੍ਰੀ ਹਰਗੋਬਿੰਦਪੁਰ ਨੂੰ ਰਾਜਧਾਨੀ ਬਣਾਇਆ। ਕਲਾਨੌਰ, ਕਾਦੀਆਂ, ਦੀਨਾਨਗਰ ਤੇ ਜਲੰਧਰ-ਦੁਆਬ ਦੇ ਇਲਾਕਿਆਂ ‘ਤੇ ਅਧਿਕਾਰ ਕਰ ਲਿਆ। ਉਸ ਸਮੇਂ ਸਾਰੀਆਂ ਮਿਸਲਾਂ ਭਰਾ-ਮਾਰ ਯੁੱਧ ਵਿੱਚ ਲੱਗੀਆਂ ਹੋਈਆਂ ਸਨ। ਸੰਨ 1794 ਈ: ਵਿੱਚ ਜੱਸਾ ਸਿੰਘ ਵੱਲੋਂ ਤਿੰਨ ਮੰਜ਼ਲੀ ਰਾਮਗੜ੍ਹੀਆ ਬੁੰਗਾ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਨੇੜੇ ਬਣਵਾਇਆ ਤੇ ਆਲੇ-ਦੁਆਲੇ 156 ਫੁੱਟ ਦੋ ਮੀਨਾਰ ਵੀ ਬਣਵਾਏ ਗਏ। ਰਾਮਗੜ੍ਹੀਆ ਵੱਲੋਂ ਆਪਣੇ ਜੀਵਨ ਕਾਲ ਦੌਰਾਨ ਕਰੀਬ 360 ਕਿਲ੍ਹੇ ਬਣਵਾਏ ਗਏ ਸਨ, ਜਿਨ੍ਹਾਂ ‘ਚੋਂ ਇੱਕ ਕਿਲ੍ਹਾ ਅੱਜ ਵੀ ਸਿੰਘਪੁਰ (ਹੁਸ਼ਿਆਪੁਰ) ਵਿੱਚ ਮੌਜ਼ੂਦ ਹੈ। 1799 ਈ: ਵਿੱਚ ਸ਼ੁਕਰਚੱਕੀਆ ਮਿਸਲ ਦੇ ਸ੍ਰ. ਰਣਜੀਤ ਸਿੰਘ ਨੇ ਲਾਹੌਰ ‘ਤੇ ਕਬਜ਼ਾ ਕਰ ਲਿਆ ਤੇ ਮਹਾਰਾਜਾ ਦਾ ਖਿਤਾਬ ਧਾਰਨ ਕੀਤਾ। ਜੱਸਾ ਸਿੰਘ ਰਾਮਗੜ੍ਹੀਆ ਨੇ ਗ਼ੁਲਾਬ ਸਿੰਘ ਭੰਗੀ ਅਤੇ ਨਵਾਬ ਕਪੂਰ ਸਿੰਘ ਨਾਲ ਸਾਂਝਾ ਮੋਰਚਾ ਬਣਾ ਕੇ ਰਣਜੀਤ ਸਿੰਘ ਦੀ ਫ਼ੌਜ ਨਾਲ 1800 ਈ: ਵਿੱਚ ਭਸੀਨ ਦੇ ਸਥਾਨ ‘ਤੇ ਯੁੱਧ ਕੀਤਾ, ਪਰ ਅੰਤ ਵਿੱਚ ਹਾਰ ਗਏ।ਆਖ਼ਰ ਇਹ ਯੋਧਾ ਜਰਨੈਲ 20 ਅਪ੍ਰੈਲ, 1803 ਈ: ਵਿੱਚ ਸੀ੍ਰ ਹਰਗੋਬਿੰਦਪੁਰ ਵਿਖੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਮਗਰੋਂ ਉਸ ਦਾ ਪੁੱਤਰ ਜੋਧ ਸਿੰਘ ਰਾਮਗੜ੍ਹੀਆ ਇਸ ਮਿਸਲ ਦਾ ਮੁਖੀ ਬਣਿਆ। ਉਸ ਨੇ ਮਹਾਰਾਜਾ ਨਾਲ ਮਿੱਤਰਤਾਪੂਰਨ ਸੰਬਧ ਕਾਇਮ ਰੱਖੇ, ਪਰ ਉਸ ਦੀ ਮੌਤ ਤੋਂ ਬਾਅਦ ਇਹ ਮਿਸਲ ਵੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਾਮਰਾਜ ਵਿੱਚ ਸ਼ਾਮਲ ਕਰ ਲਈ।

(ਪਰਮਜੀਤ ਸਿੰਘ )
+91 9463102727