Ninder Ghugianvi 190523 uu

(ਘਸਮੈਲੀ ਡਾਇਰੀ ਦੇ ਪੁਰਾਣੇ ਪੰਨੇ ਫੋਲਦਿਆਂ ਟੋਰਾਂਰੋ ਫੇਰੀ ਚੇਤੇ ਆ ਗਈ ਹੈ), 11 ਸਤੰਬਰ, 2001 ਦਾ ਦਿਨ। ਸਵੇਰਾ ਹਾਲੇ ਜਾਗਿਆ ਹੀ ਹੈ, ਫਿਰ ਵੀ ਬਰੈਂਪਟਨ ਸੁੱਤਾ ਪਿਐ। ਘਰ ਦੇ ਬਾਹਰ ਖੜ੍ਹਾ ਹਾਂ। ਸੁੰਨਸਾਨ ਸੜਕ ਸੱਪ ਦੀ ਜੀਭ ਜਿਹੀ। ਅੱਜ ਕਿਸੇ ਦੇ ਘਰ ਜਾਣੇ ਬ੍ਰੇਕ ਫਾਸਟ ‘ਤੇ। ਸੱਦਣ ਵਾਲੇ ਪਾਠਕ ਨੇ ਤਾਕੀਦ ਕੀਤੀ ਸੀ ਕਿ ਜਲਦੀ ਆਣਾ, ਫਿਰ ਮੈਂ ਕੰਮ ‘ਤੇ ਲੱਗਣੈ। ਸੱਦਣ ਵਾਲੇ ਦਾ ਘਰ ਵੀ ਲਗਭਗ ਘੰਟੇ ਦੀ ਵਾਟ ਦੂਰ ਹੈ। ਸਵੇਰੇ ਸਾਝਰੇ ਮੈਨੂੰ ਭੁੱਖ ਨਹੀਂ ਲਗਦੀ, ਖੜਾ ਸੋਚ ਰਿਹਾਂ ਕਿ ਮੇਜ਼ਬਾਨ ਨੂੰ ਆਖਾਂਗਾ ਕਿ ਮੈਂ ਬਿਸਕੁਟ ਨਾਲ ਸਿਰਫ ਚਾਹ ਦਾ ਕੱਪ ਪੀਆਂਗਾ। ਇਹ ਮਾਸਟਰ ਵੀ ਅਜੀਬ ਛੈਅ ਹੈ, ਜੇ ਫੁਰਤੀ ਕਰਦੈ, ਤਦ ਵੀ ਜੁਆਬ ਨਹੀਂ, ਸੁਸਤੀ ਮਾਰਦੈ, ਤਦ ਵੀ ਜੁਆਬ ਕੋਈ ਨਹੀਂ। ਪਰ ਬੰਦਾ ਚੰਗੈ, ਥਾਂ-ਥਾਂ ਨਾਲ ਜਾਂਦੈ ਮੇਰੇ। ਸੋਚ ਰਿਹਾਂ। ਮਾਸਟਰ ਹਰਚਰਨ ਪੱਗ ਬੰਨ੍ਹ ਰਹੇ ਨੇ, ਜਦੋਂ ਮੈਂ ਬਾਹਰ ਆਇਆ ਅੱਧੀ ਕੁ ਰਹਿੰਦੀ ਸੀ ਪੱਗ ਸਿਰੇ ਲੱਗਣ ਵਾਲੀ।

ਆ ਗਏ…ਆ ਗਏ…ਚਲੋ ਚੰਗਾ ਹੋਇਐ। ਮਾਸਟਰ ਜੀ ਨੇ ਕਾਰ ਸਟਾਰਟ ਕੀਤੀ। ਆਪਣੇ ਆਪ ਹੀ ਚੱਲ ਪਿਐ ਰੇਡੀਓ। ਗੂੜ੍ਹੀ ਅੰਗਰੇਜ਼ੀ ‘ਚ ਗੋਰਿਆਂ ਦੀਆਂ ਖਬਰਾਂ ਸੁਣਦਾ ਮਾਸਟਰ ਦੰਗ-ਪਰੇਸ਼ਾਨ ਹੋਣ ਲੱਗ ਪਿਐ, ਪਤਾ ਨਹੀਂ ਕਿਉਂ। ”ਓੁਏ…ਉਹ..ਹੋ ਹੋ…ਹੋ ਓ ਮਾਈ ਗੌਡ ਯਾਰ…ਵੈਰੀ ਬੈਡ…।”

”ਕੀ ਹੋਇਐ ਮਾਸਟਰ ਜੀ? ਦੱਸੋ ਮੈਨੂੰ ਵੀ…।”

”ਠਹਿਰ…ਠਹਿਰ…ਸੁਣਨ ਦੇ।” ਉਸ ਆਪਣੇ ਮੂੰਹ ‘ਤੇ ਉਂਗਲੀ ਧਰੀ ਤੇ ਮੈਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ।

ਖਬਰਾਂ ਗਰਮ ਨੇ ਏਨੀਆਂ ਕਿ ਸੁਣਦੇ ਸਾਰ ਜਿਵੇਂ ਅੱਗ ਲੱਗ ਜਾਣ ਵਾਂਗ। ”ਚੱਲ ਉਤਰ…ਆਜਾ ਘਰੇ ਆਜਾ…।” ਅਸੀਂ ਕਾਰ ‘ਚੋਂ ਉਤਰ੍ਹੇ। ਮੈਨੂੰ ਹਾਲੇ ਵੀ ਨਹੀਂ ਪਤਾ ਕਿ ਕੀ ਭਾਣਾ ਵਾਪਰ ਗਿਆ ਹੈ, ਹਾਂ… ਏਨਾ ਕੁ ਪਤਾ ਚੱਲ ਗਿਐ ਕਿ ਕੋਈ ਡਾਹਢਾ-ਭਾਰੀ ਹਮਲਾ ਹੋ ਗਿਐ। ਮਾਸਟਰ ਜੀ ਨੇ ਛੇਤੀ ਦੇਣੇ ਟੀਵੀ ਆਨ ਕੀਤਾ। ਸੱਚੀਓਂ ਲੋਹੜਾ ਪੈ ਗਿਐ, ਟੀਵੀ ਰੋ-ਰੋ ਬੋਲਦੈ ਪਿਐ ਹਟਕੋਰੇ ਭਰ-ਭਰ ਕੇ! ਚੰਗਾ ਭਲਾ ਦਿਨ ਚੜ੍ਹਿਆ ਹਨੇਰ ‘ਚ ਬਦਲਦਾ ਜਾਪਣ ਲੱਗਿਆ। ਟੀਵੀ ਵਿਖਾ ਰਿਹੈ,ਤੀਰਾਂ ਵਾਂਗਰ ਵੱਜ ਰਹੇ ਜਹਾਜ਼ਾਂ ਨਾਲ ਡਿਗਦੀਆਂ ਗਗਨਚੁੰਭੀ ਇਮਾਰਤਾਂ…ਸੜਦੀਆਂ ਬਲਦੀਆਂ ਤੇ ਢਹਿ-ਢੇਰੀ ਹੁੰਦੀਆਂ। ਉੱਚੀਆਂ ਲਾਟਾਂ ਦੀਆਂ ਲੇਰਾਂ ਨੇ, ਧੂੰਏ ਦੀਆਂ ਧਾਹਾਂ ਨੇ… ਮਹਿਸੂਸ ਹੀ ਕੀਤੀਆਂ ਜਾ ਸਕਦੀਆਂ ਨੇ ਇਹ। ਗੋਰੇ ਪੱਤਰਕਾਰਾਂ ਦੇ ਕੈਮਰੇ ਦੀ ਅੱਖ ਕਿੰਨੀ ਤੇਜ਼ ਹੈ, ਸੀਮਿੰਟ ਦੇ ਬੈਂਚ ਥੱਲੇ ਦੁਬਕਿਆ ਬੈਠਾ ਇੱਕ ਪੰਛੀ ਇਸ ਹੱਦ ਤੱਕ ਉਦਾਸ ਹੈ ਕਿ ਜਿਵੇਂ ਦੁਨੀਆਂ ਭਰ ਦੇ ਪੰਛੀਆਂ ਦਾ ਆਸਮਾਨ ਖੋਹ ਲਿਆ ਗਿਆ ਹੈ! ਜਦ ਆਸਮਾਨ ਹੀ ਨਹੀਂ ਰਿਹਾ, ਤਾਂ ਉਡਾਰੀ ਕਿੱਥੇ ਭਰਨੀ ਹੈ?

ਅਮਰੀਕਾ ਬੌਂਦਲ ਕੇ ਹਿੱਲ ਗਿਐ ਜਿਵੇਂ। ਟੋਰਾਂਟੋ ‘ਚ ਸਾਈਰਨ ਗੂੰਜ ਰਹੇ ਨੇ ਪੁਲਸੀਆ ਗੱਡੀਆਂ ਦੇ। ਹਰੇਕ ਟੀਵੀ ਚੈਨਲ ‘ਤੇ ਇਹੋ ਕੁਛ ਹੀ ਵਿਖਾਇਆ ਜਾ ਰਿਹੈ। ਘਰ ਦੇ ਕਿਸੇ ਜੀਅ ਵਾਂਗ ਟੀਵੀ ਰੋਂਦਾ ਤੇ ਹਟਕੋਰੇ ਲੈਂਦਾ ਚੁੱਪ ਨਹੀਂ ਕਰਦਾ। ਟੀਵੀ ਵਿਖਾ ਰਿਹੈ ਮਰੇ ਪਏ ਅਣਗਿਣਤ ਲੋਕਾਂ ਨੂੰ ਤੇ ਜਾਨ ਬਚਾਉਣ ਲਈ ਵਾਹੋ-ਦਾਹੀ ਭੱਜ ਰਹਿਆਂ ਨੂੰ। ਚੀਕ૶ਚਿਹਾੜਾ ਹੈ। ਕੋਈ ਆਪਣਾ ਬੱਚਾ ਲੱਭ ਰਹੀ ਹੈ ਤੇ ਕੋਈ ਪਤੀ ਨੂੰ। ਕੋਈ ਆਪਣੀ ਮਾਂ ਨੂੰ ਢੂੰਡ ਰਿਹੈ ਤੇ ਕੋਈ ਬਚਾਓ ਲਈ ਮੱਦਦ ਮੰਗ ਰਿਹੈ। ਕੋਈ ਸੁੱਤੇ ਦਾ ਸੁੱਤਾ ਰਹਿ ਗਿਐ ਤੇ ਕੋਈ ਤੁਰਿਆ-ਤੁਰਿਆ ਜਾਂਦਾ ਅਣਮੁੱਕ ਪੈਂਡੇ ਦਾ ਪਾਂਧੀ ਹੋ ਗਿਐ।

ਮੇਰੀਆਂ ਅੱਖਾਂ ਡੁੱਬ-ਡੁਬਾ ਆਈਆਂ। ਮਨ ਭਰ ਆਇਆ। ਫੋਨ ਖੜਕਿਆ… ਫੋਨ ਦੀ ਰਿੰਗ ਨੇ ਜਿਵੇਂ ਵਿਲਕਣੀ ਲਈ ਹੋਵੇ!ਫੋਨ ਦੀ ਘੰਟੀ ਦੇ ਸੁਰ ਵੀ ਸੋਗ ‘ਚ ਗੁਆਚ ਗਏ ਜਾਪੇ। ਮਿੱਤਰ ਮਨਜੀਤ ਹੈ-”ਬਾਈ ਬਹੁਤ ਮਾੜਾ ਹੋ ਗਿਐ, ਸਭ ਦੁਨੀਆਂ ਦੇ ਜਹਾਜ਼ ਰੁਕ ਗਏ ਨੇ ਥਾਵੇਂ ਦੀ ਥਾਵੇਂ…ਅੱਤਵਾਦੀਆਂ ਦਾ ਕੀ ਪਤੈ ਹੁੰਦੈ ਕਿੱਧਰ ਮੂੰਹ ਚੱਕ ਲੈਣ? ਸਾਰਾ ਕੈਨੇਡਾ ਚੌਕੰਨਾ ਹੋ ਗਿਐ, ਚਾਰੇ ਪਾਸੇ ਪੁਲੀਸ ਤੇ ਪੁੱਛ-ਗਿੱਛ…ਟੇਕ ਕੇਅਰ ਬਾਈ ਆਪਣਾ ਧਿਆਨ ਰੱਖਣਾ…ਮੈਂ ਕੰਮ ‘ਤੇ ਚੱਲਿਆਂ?”

ਆਪਣਾ ਵਤਨ ਈ ਚੰਗੈ। ਵਾਪਸੀ ਕਰ ਲਵਾਂ। ਸਾਈਰਨ ਦੀ ਡਰਾਉਣੀ ਤੇ ਦੁੱਖ ‘ਚ ਭਿੱਜੀ ਆਵਾਜ਼ ਜਰੀ ਨਹੀਂ ਜਾਂਦੀ। ਮਨਜੀਤ ਕਹਿੰਦੈ ਕਿ ਜਹਾਜ਼ ਬੰਦ ਹੋ ਗਏ ਨੇ…ਜੇ ਕੋਈ ਰੇਲ ਹੀ ਜਾਂਦੀ ਹੋਵੇ…ਉਹਦੇ ‘ਤੇ ਚੜਜਾਂ। ਪਿੰਡ ਫੋਨ ਕਰਨ ਨੂੰ ਦਿਲ ਕਰ ਆਇਆ। ਬਟੂਏ ‘ਚੋਂ ਕਾਰਡ ਕੱਢ ਕੇ ਨੰਬਰ ਡਾਇਲ ਕਰਦਾਂ, ਗੋਰੀ ਬੋਲੀ, ”ਤੇਰਾ ਫੋਨ ਕਾਰਡ ਅਕਸਪਾਈਰ ਹੋ ਚੁੱਕੈ…।” ਡਾਹਢੀ ਉਦਾਸੀ ਥੱਲੇ ਆਇਆ ਮਨ ਕਹਿੰਦਾ, ”ਕਮਰੇ ‘ਚ ਜਾ ਕੇ ਸੌਂ…ਨਾ ਨੀਂਦ ਆਈ ਤਾਂ ਨੀਂਦ ਦੀ ਗੋਲੀ ਨਾਲ ਗੱਲ ਕਰੀਂ।”

(+91 94174-21700)