(ਤਖਤ ਸ੍ਰੀ ਕੇਸਗੜ੍ਹ ਸਾਹਿਬ 1865 ਵਿੱਚ ਅਤੇ ਹੁਣ)
(ਤਖਤ ਸ੍ਰੀ ਕੇਸਗੜ੍ਹ ਸਾਹਿਬ 1865 ਵਿੱਚ ਅਤੇ ਹੁਣ)

ਕਿਹੜੀ ਇਮਾਰਤ ਵਿਰਾਸਤੀ ਯਾਦਗਾਰ ਹੋ ਸਕਦੀ ਹੈ ਇਸ ਨੂੰ ਕਵੇਂ ਪਰਿਭਾਸ਼ਿਤ ਕਰੀਏ? ਇਸ ਨੂੰ ਸੰਭਾਲਣ ਦੀ ਕੀ ਜਰੂਰਤ ਹੋ ਸਕਦੀ ਹੈ? ਕਿਸ ਵਿਰਾਸਤੀ ਖਜ਼ਾਨੇ ਨੂੰ ਕੌਣ ਸੰਭਾਲੇ, ਇਹ ਜ਼ਿਮੇਵਾਰੀ ਕਿਸ ਦੀ ਹੈ? ਇਸ ਸਾਰੇ ਮਸਲੇ ਬਾਰੇ ਯੂ.ਐਨ.ਓ. ਨੇ ਦੁਨੀਆਂ ਦੀ ਸਲਾਹ ਨਾਲ ਕੁਝ ਨਿਯਮ ਤੈਅ ਕੀਤੇ ਹਨ।

ਹਰ ਉਹ ਦਰਖਤ, ਵਸਤ ਜਾਂ ਇਮਾਰਤ ਜਿਸਦੀ ਉਮਰ ਇਕ ਸਦੀ ਤੋਂ ਵਧੀਕ ਹੋ ਗਈ ਹੈ ਉਸ ਨੂੰ ਜਾਣ ਬੁੱਝ ਕੇ ਨਸ਼ਟ ਕਰਨਾ ਮਨ੍ਹਾ ਹੈ, ਉਲੰਘਣਾ ਕਰਨੀ ਅਪਰਾਧ ਹੈ।

ਆਸਟਰੇਲੀਆ ਵਿੱਚ ਇਸ ਕਾਨੂੰਨ ਦੀ ਸਖਤੀ ਨਾਲ ਪਾਲਣਾ ਹੁੰਦੀ ਮੈ ਦੇਖ ਆਇਆ ਹਾਂ। ਇਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਹਰੇਕ ਪੁਰਾਣੀ ਇਮਾਰਤ ਖੜ੍ਹੀ ਰਹਿਣ ਦਿੱਤੀ ਫਿਰ ਧਰਤੀ ਉੱਤੇ ਖੰਡਰਾਤ ਹੀ ਖੰਡਰਾਤ ਦਿੱਸਣਗੇ, ਨਵੀਆਂ ਉਸਾਰੀਆਂ ਲਈ ਥਾਂ ਬਚੇਗੀ ਹੀ ਨਹੀਂ। ਅਜਿਹੀ ਗੱਲ ਨਹੀਂ। ਜਿਹੜਾ ਮਕਾਨ/ਹਵੇਲੀ ਮੇਰੇ ਬਾਬਾ ਨੇ ਸੌ ਸਾਲ ਪਹਿਲਾਂ ਬਣਾਈ ਸੀ ਜੇ ਮੈਂ ਉਹ ਗਿਰਾ ਕੇ ਉਸਦੀ ਥਾਂ ਕੁਝ ਹੋਰ ਕਰਨਾ ਚਾਹੁੰਦਾ ਹਾਂ ਤਾਂ ਮੈਨੂੰ ਸਰਕਾਰ ਪਾਸ ਅਰਜ਼ੀ ਦੇਣੀ ਪਵੇਗੀ ਕਿ ਗਿਰਾਣ ਦੀ ਆਗਿਆ ਦਿੱਤੀ ਜਾਵੇ। ਪੁਰਾ ਵਿਭਾਗ ਦਾ ਅਫਸਰ ਮੁਆਇਨਾ ਕਰੇਗਾ ਕਿ ਇਮਾਰਤ ਵਿਚ ਕੋਈ ਸੰਭਾਂਲਣ ਯੋਗ ਮਿਨੀਏਚਰ, ਹੁਨਰੀ ਡਿਜ਼ਾਇਨ, ਕੋਈ ਕੀਮਤੀ ਨਿਸ਼ਾਨੀ ਤਾਂ ਨਹੀਂ ਜਿਸ ਨੂੰ ਗਿਰਾਣ ਨਾਲ ਭਵਿੱਖ ਦੀਆਂ ਪੀੜ੍ਹੀਆਂ ਵੰਚਿਤ ਹੋ ਜਾਣਗੀਆਂ? ਜੇ ਅਜਿਹੀਆਂ ਕੀਮਤੀ ਨਿਸ਼ਾਨੀਆਂ ਹਨ ਤਾਂ ਸਰਕਾਰ ਉਸਨੂੰ ਵਰਾਸਤੀ ਜਾਇਦਾਦ ਐਲਾਨ ਕੇ ਮਾਲਕ ਨੂੰ ਮੁਆਵਜ਼ਾ ਦਏਗੀ ਅਤੇ ਇਮਾਰਤ ਵਰਾਸਤੀ ਜਾਇਦਾਦ ਬਣ ਜਾਏਗੀ, ਮਾਲਕੀ ਅਤੇ ਸਾਂਭ ਸੰਭਾਲ ਸਰਕਾਰ ਦੀ ਹੋਵੇਗੀ।

ਹੋ ਸਕਦਾ ਹੈ ਸਰਕਾਰ ਨੂੰ ਪਤਾ ਨਾ ਹੋਵੇ, ਕੁੱਝ ਸਿਆਣੇ ਲੋਕ ਜੇ ਪੈਸੇ ਵੱਲੋਂ ਤੰਗ ਹਨ, ਆਪ ਸੰਭਾਲ ਕਰਨਯੋਗ ਨਹੀਂ, ਜਾਂ ਕੋਈ ਮਾਲਕ ਮਰ ਗਿਆ ਹੈ, ਉਸਦਾ ਵਾਰਸ ਕੋਈ ਨਹੀਂ, ਉਸ ਦੀ ਦੁਰਲੱਭ ਇਮਾਰਤ ਦੀ ਸੰਭਾਲ ਬਾਰੇ ਵੀ ਸਰਕਾਰ ਪਾਸ ਪਹੁੰਚ ਕੀਤੀ ਜਾ ਸਕਦੀ ਹੈ।ਪਾਠਕਾਂ ਨੂੰ ਯਾਦ ਹੋਵੇਗਾ ੧੫ ਕੁ ਸਾਲ ਪਹਿਲਾਂ ਇਕ ਵਾਰ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਸੰਭਾਲਣ ਵਾਸਤੇ ਵਿਸ਼ਵ ਵਿਰਾਸਤ ਸੰਸਥਾ ਆ ਗਈ ਸੀ ਜਿਸਦਾ ਇਨ੍ਹਾ ਸਤਰਾਂ ਦੇ ਲੇਖਕ ਨੇ ਡਟ ਕੇ ਵਿਰੋਧ ਕਰਦਿਆਂ ਕਿਹਾ ਸੀ ਕਿ ਦਰਬਾਰ ਸਾਹਿਬ ਲਾਵਾਰਸਾਂ ਦੀ ਜਾਇਦਾਦ ਨਹੀਂ ਹੈ ਕਿ ਪੰਥ ਸੰਭਾਲ ਨਹੀਂ ਸਕਦਾ।ਉਹ ਮਸਲਾ ਠੱਸ ਹੋ ਗਿਆ ਸੀ। ਹੁਣ ਤਰਨਤਾਰਨ ਸਾਹਿਬ ਦੀ ਦਰਸ਼ਨੀ ਡਿਉਢੀ ਕਾਰ ਸੇਵਾ ਵਾਲਿਆਂ ਨੇ ਅੱਧੀ ਰਾਤ ਢਾਹ ਦਿੱਤੀ ਦੀ ਖਬਰ ਮਿਲੀ ਤਾਂ ਮਹਿਸੂਸ ਹੋਣ ਲੱਗਾ ਕਿ ਸਾਰੇ ਇਤਿਹਾਸਕ ਗੁਰਦੁਆਰੇ ਵਿਸ਼ਵ ਵਿਰਾਸਤ ਸੰਸਥਾ ਨੂੰ ਸੌਂਪ ਦੇਣੇ ਚਾਹੀਦੇ ਹਨ ਕਿਉਂਕਿ ਪੰਥ ਉਨ੍ਹਾਂ ਦੀ ਸੰਭਾਲ ਕਰਨ ਦੇ ਸਮਰੱਥ ਨਹੀਂ।

(ਗੁਰੂਦਵਾਰਾ ਗੁਰਦਰਸ਼ਨ ਪ੍ਰਕਾਸ਼, ਦਮਦਮੀ ਟਕਸਾਲ - ਮਹਿਤਾ ਅੰਮ੍ਰਿਤਸਰ ਕਾਰ ਸੇਵਾ ਵੇਲੇ)
(ਗੁਰੂਦਵਾਰਾ ਗੁਰਦਰਸ਼ਨ ਪ੍ਰਕਾਸ਼, ਦਮਦਮੀ ਟਕਸਾਲ – ਮਹਿਤਾ ਅੰਮ੍ਰਿਤਸਰ ਕਾਰ ਸੇਵਾ ਵੇਲੇ)

ਮੈਂ ਸਮਝਦਾ ਹੁੰਦਾ ਸਾਂ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਸਾਰੇ ਪੈਸੇ ਦੇ ਕੇ ਕਾਰ ਸੇਵਾ ਵਾਲੇ ਬਾਬਿਆਂ ਨੂੰ ਮਨਾਉਂਦੀ ਹੋਏਗੀ ਕਿ ਉਸਾਰੀ ਦਾ ਸਾਮਾਨ ਅਤੇ ਮਜ਼ਦੂਰੀ ਕਮੇਟੀ ਦਏਗੀ ਤੇ ਬਾਬਿਆਂ ਦੀ ਕੇਵਲ ਨਿਗਰਾਨੀ ਹੋਏਗੀ ਜਿਸਦੇ ਵੱਖਰੇ ਪੈਸੇ ਦੇਣੇ ਪੈਂਦੇ ਹੋਣਗੇ। ਇਹ ਤਾਂ ਬੜੀ ਦੇਰ ਬਾਦ ਪਤਾ ਲੱਗਾ ਕਿ ਅਜਿਹਾ ਕੁਝ ਨਹੀਂ, ਬਾਬੇ ਭਾਰੀ ਰਕਮਾਂ ਕਮੇਟੀ ਦੇ ਪ੍ਰਬੰਧਕਾਂ ਨੂੰ ਤਾਰ ਕੇ ਇਹ ‘ਸੇਵਾ’ ਲੈਂਦੇ ਹਨ। ਅਜਿਹਾ ਕਿਉਂ? ਕਿਉਂਕਿ ਸੰਗਤਾਂ ਕਾਰ ਸੇਵਾ ਦੇ ਨਾਮ ਤੇ ਸਾਲਾਂ ਬੱਧੀ ਦਾਨ ਭੇਟਾ ਤਾਰਦੀਆਂ ਰਹਿੰਦੀਆਂ ਹਨ ਇਸ ਦਾਨ ਵਿਚੋਂ ਕੁਝ ਹਿੱਸਾ ਉਸਾਰੀ ਉਪਰ ਖਰਚ, ਕੁਝ ਸੇਵਾ ਕਰਨ ਵਾਲੀਆਂ ਸੰਸਥਾਵਾਂ ਦੀ ਜੇਬ ਵਿਚ ਚਲਾ ਜਾਂਦਾ ਹੈ। ਅਜਿਹਾ ਖਤਰਨਾਕ ਮਾਫੀਆ ਪੈਦਾ ਹੋ ਗਿਆ ਹੈ ਕਿ ਕਾਰ ਸੇਵਾ ਦੇ ਨਾਮ ਹੇਠ ਫਸਲਾਂ ਦੀ ਵਾਢੀ ਵਕਤ ਕਿਸਾਨਾਂ ਪਾਸੋਂ ਜਬਰੀ ਅੰਨ ਉਗਰਾਹੁਣ ਦੀਆਂ ਖਬਰਾਂ ਵੀ ਆਈਆਂ ਹਨ।

ਦੋ ਸੌ ਸਾਲ ਪੁਰਾਣੀ ਤਰਨ ਤਾਰਨ ਸਾਹਿਬ ਜੀ ਦਰਸ਼ਣੀ ਡਿਉਢੀ ਢਾਹੁਣ ਲਈ ਅੱਧੀ ਰਾਤ ਚਾਰ ਸੌ ਕਾਰ ਸੇਵਕ ਗੈਂਤੀਆਂ ਲੈ ਕੇ ਟੁੱਟ ਪਏ। ਸਿਲਸਿਲਾ ਖਤਮ। ਸਵਾਲ, ਅੱਧੀ ਰਾਤ ਨੂੰ ਕਿਉਂ? ਕਿਉਂਕਿ ਸ਼੍ਰੋਮਣੀ ਕਮੇਟੀ ਨੇ ਕਿਹਾ ਸੀ ਨਹੀਂ ਢਾਹੁਣੀ, ਕਮੇਟੀ ਮੁਲਾਜ਼ਮ ਜਾਂ ਸੰਗਤ ਸ਼ਾਇਦ ਰੋਕ ਦਿੰਦੀ। ਅੱਧੀ ਅੱਧੀ ਰਾਤ ਜਦੋਂ ਪੁਲਸ ਸੌਂ ਜਾਂਦੀ ਹੈ, ਸਮੱਗਲਰ ਜੀਪਾਂ ਵਿਚ ਮਾਲ ਲਦ ਕੇ ਪ੍ਰਾਂਤਾਂ ਦੇ, ਦੇਸਾਂ ਦੇ ਬਾਰਡਰ ਪਾਰ ਕਰਦੇ ਸੁਣੇ ਹਨ, ਅੱਧੀ ਰਾਤ ਇਤਿਹਾਸਕ ਇਮਾਰਤ ਕਿਉਂ ਢਾਹੀ, ਇਸ ਸਵਾਲ ਦਾ ਜਵਾਬ ਕਾਰ ਸੇਵਾ ਵਾਲੇ ਬਾਬੇ ਦੇਣ ਜਾਂ ਸ਼ੋਮਣੀ ਕਮੇਟੀ ਦਾ ਪ੍ਰਧਾਨ ਦਏ। ਮੈਨੇਜਰ ਨੂੰ ਮੁਅੱਤਲ ਕਰਨਾ ਕੋਈ ਇਲਾਜ ਨਹੀਂ, ਜੇ ਗੱਲ ਕੇਵਲ ਇਥੇ ਮੁੱਕ ਗਈ, ਫਿਰ ਖਤਰੇ ਦੀ ਘੰਟੀ ਵਜ ਗਈ ਸਮਝੋ।

ਅਜ ਤੋਂ ਸੌ ਸਾਲ ਪਹਿਲਾਂ ਤਰਨਤਾਰਨ ਤਹਿਸੀਲ ਵਿਚ ਝੱਬਰ ਪਿੰਡ, ਕਰਤਾਰ ਸਿੰਘ ਨਾਮ ਦੇ ਇਕ ਅਨਪੜ੍ਹ ਜੁਆਨ ਨੂੰ ਪਤਾ ਲੱਗਾ ਕਿ ਮਹੰਤ ਗੁਰੂਘਰਾਂ ਦੀ ਬਿਅਦਬੀ ਕਰ ਰਹੇ ਨੇ। ਉਸ ਨੇ ਸੁਣੀ ਸੁਣਾਈ ਗੱਲ ਮੰਨਣ ਦੀ ਥਾਂ ਘੋੜੀ ਤੇ ਸਵਾਰ ਹੋਕੇ ਸਰਵੇਖਣ ਸ਼ੁਰੂ ਕੀਤਾ, ਸਨਸਨੀਖੇਜ਼ ਤੱਥ/ਅੰਕੜੇ ਸਾਹਮਣੇ ਆਏ। ਇਹ ਵੀ ਇਤਫਾਕ ਸਮਝੋ ਕਿ ਤਰਨਤਾਰਨ ਦੇ ਗੁਰਦੁਆਰੇ ਲੰਗਰ ਵਿਚ ਉਸਨੇ ਦੇਖਿਆ ਲੰਗਰ ਦਾ ਠੇਕੇਦਾਰ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰ ਰਿਹਾ ਸੀ, ਉਸਦੇ ਇਕ ਹੱਥ ਵਿਚ ਬੀੜੀ ਸੀ, ਦੂਜੇ ਹੱਥ ਨਾਲ ਕੜਾਹੇ ਵਿਚ ਖੁਰਚਣਾ ਫੇਰ ਰਿਹਾ ਸੀ। ਲੰਗਰ ਠੇਕੇ ਤੇ ਚੜ੍ਹਦੇ ਸਨ। ਇਹ ਦ੍ਰਿਸ਼ ਜਥੇਦਾਰ ਕਰਤਾਰ ਸਿੰਘ ਝੱਬਰ ਲਈ ਇਤਿਹਾਸਕ ਹੋ ਗਿਆ। ਉਸ ਨੇ ਅਖਬਾਰਾਂ ਵਿਚ ਬਿਆਨ ਅਤੇ ਇਸ਼ਤਿਹਾਰ ਦੇਕੇ ਕਿਹਾ- ਹੁਣ ਹੋਰ ਨਹੀਂ, ਪੁਰਾਣਾ ਸਿਲਸਿਲਾ ਖਤਮ, ਮੈ ਨਵੀਂ ਜਥੇਬੰਦੀ ਬਨਾਣ ਲਈ ਫਲਾਂ ਤਰੀਕ ਪੰਥ ਦਰਦੀਆਂ ਨੂੰ ਸਦਦਾ ਹਾਂ, ਸ਼ਾਇਦ ਕੋਈ ਆ ਜਾਏ। ਉਸਦੇ ਸੱਦੇ ਤੇ ਨਾਮਵਰ ਹਸਤੀਆਂ ਪੁੱਜੀਆਂ ਜਿਨ੍ਹਾ ਵਿਚ ਪ੍ਰਿੰ. ਤੇਜਾ ਸਿੰਘ ਅਤੇ ਪ੍ਰੋ. ਜੋਧ ਸਿੰਘ ਤੋਂ ਇਲਾਵਾ ਤੇਜਾ ਸਿੰਘ ਸਮੁੰਦਰੀ ਜਿਹੇ ਦਾਨਸ਼ਵਰ ਤੇ ਰਈਸ ਪੁੱਜੇ। ਸ਼੍ਰੋਮਣੀ ਅਕਾਲੀ ਦਲ ਪ੍ਰਗਟ ਹਇਆ ਜਿਸਨੇ ਇਤਿਹਾਸ ਵਿਚ ਅਪਣੀ ਹਾਜ਼ਰੀ ਲਵਾਈ, ਮਹੰਤ ਲੋਪ ਹੋ ਗਏ।

ਅੱਜ ਉਸੇ ਅਕਾਲੀ ਦਲ ਦੇ ਵਾਰਸਾਂ ਨੇ ਕਾਰਸੇਵਾ ਵਾਲਿਆਂ ਪਾਸੋਂ ਵਿਰਸਤੀ ਇਮਾਰਤਾਂ ਢੁਹਾਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜਦੋਂ ਪੱਤਰਕਾਰ ਕਾਰ ਸੇਵਾ ਵਾਲੇ ਬਾਬੇ ਕੋਲ ਗਏ, ਬਾਬੇ ਨੇ ਸ਼੍ਰੋਮਣੀ ਕਮੇਟੀ ਦਾ ਪੱਤਰ ਪੇਸ਼ ਕਰ ਦਿੱਤਾ ਜਿਸ ਵਿਚ ਕਮੇਟੀ ਨੇ ਇਮਾਰਤ ਢਾਹੁਣ ਦਾ ਹੁਕਮ ਦਿੱਤਾ ਲਿਖਿਆ ਹੈ। ਦੋਹਾਂ ਧਿਰਾਂ ਵਿਚੋਂ ਕੌਣ ਝੂਠਾ ਹੈ ਕੌਣ ਸੱਚਾ, ਕਿ ਦੋਵੇਂ ਝੂਠ ਮਾਰ ਰਹੇ ਹਨ, ਜਲਦੀ ਪਤਾ ਲਗ ਜਾਏਗਾ। ਇੰਨਾ ਪਕਾ ਪਤਾ ਹੈ ਕਿ ਦੋਵੇਂ ਸੱਚੇ ਨਹੀਂ ਹੋ ਸਕਦੇ।ਕਰਤਾਰ ਸਿੰਘ ਝੱਬਰ ਦੀ ਰਹਿਨੁਮਾਈ ਅਧੀਨ 1920 ਵਿਚ ਅਕਾਲੀ ਦਲ ਦਾ ਜਨਮ ਹੋਇਆ ਜਿਹੜਾ ਇਕ ਸਦੀ ਬਾਦ ਮਹੰਤਾਂ ਦਾ ਗਰੋਹ ਹੋ ਗਿਆ।ਜਥੇਦਾਰ ਝੱਬਰ ਦੀ ਭੂਮਿਕਾ 2020 ਵਿਚ ਕੌਣ ਨਿਭਾਏਗਾ?

ਕੁੰਜੀਆਂ ਦਾ ਮੋਰਚਾ ਜਿੱਤ ਕੇ ਸ਼ੁਕਰਾਨੇ ਦੀ ਅਰਦਾਸ ਕਰਵਾਉਣ ਉਸ ਵੇਲੇ ਦਾ ਅਕਾਲੀ ਦਲ, ਸੰਤ ਅਤਰ ਸਿੰਘ ਪਾਸ ਮਸਤੁਆਣੇ ਆਇਆ। ਸੰਤ ਜੀ ਨੇ ਪੁਛਿਆ- ਕਿਸ ਗੱਲ ਦਾ ਸ਼ੁਕਰਾਨਾ? ਦੱਸਿਆ- ਮਹੰਤ ਗੁਰਦੁਆਰਿਆਂ ਵਿਚੋਂ ਨਿਕਲ ਗਏ ਹਨ। ਸੰਤ ਜੀ ਬੋਲੇ- ਮਾੜੀ ਮੋਟੀ ਨੇਕੀ ਬਚੀ ਰਹੀ ਹੋਇਗੀ ਮਹੰਤਾਂ ਵਿਚ ਜੋ ਗੁਰੂਘਰ ਖਾਲੀ ਕਰ ਗਏ, ਤੁਹਾਨੂੰ ਕੱਢਣ ਵਿਚ ਬੜੀ ਮੁਸ਼ਕਿਲ ਆਏਗੀ।