image1 (2)

ਮੈਰੀਲੈਂਡ, 8 ਅਪ੍ਰੈਲ   – ਕਰਤਾਰਪੁਰ ਕੋਰੀਡੋਰ ਤੇ ਕੇਂਦਰ ਸਰਕਾਰ ਵਲੋਂ ਕੀਤੀ ਜਾ ਰਹੀ ਸਿਆਸਤ ਦੇ ਮੱਦੇਨਜ਼ਰ ਜਸ ਪੰਜਾਬੀ ਟੀ. ਵੀ. ਐਂਕਰ ਤੇ ਉੱਘੇ ਵਿਸ਼ਲੇਸ਼ਣਕਾਰ ਹਰਵਿੰਦਰ ਸਿੰਘ ਰਿਆੜ ਨੇ ਸੈਂਟਰ ਫਾਰ ਸੋਸ਼ਲ ਚੇਂਜ ਦੇ ਵਿਹੜੇ ਮੁੱਦਾ ਕੀਤਾ ਗਿਆ। ਇਸ ਮੁੱਦੇ ਵਿੱਚ ਦੋ ਉੱਘੀਆਂ ਸਖਸ਼ੀਅਤਾਂ ਨੂੰ ਸ਼ਾਮਲ ਕੀਤਾ ਗਿਆ। ਜਿਸ ਵਿੱਚ ਭਾਰਤ ਨਾਲ ਰਾਬਤਾ ਰੱਖਣ ਵਾਲੇ ਜਸਦੀਪ ਸਿੰਘ ਜੱਸੀ ਅਤੇ ਪਾਕਿਸਤਾਨ ਵਲੋਂ ਸਾਜਿਦ ਤਰਾਰ ਬਤੌਰ ਪੈਨਲਿਸਟ ਮਾਹਿਰ ਸ਼ਾਮਲ ਹੋਏ।

ਹਰਵਿੰਦਰ ਸਿੰਘ ਰਿਆੜ ਨੂੰ ਕਰਤਾਰਪੁਰ ਕੋਰੀਡੋਰ ਦੇ ਅਤੀਤ ਅਤੇ ਭਵਿੱਖ ਤੇ ਚਾਨਣਾ ਪਾਉਂਦੇ ਕਿਹਾ ਕਿ ਭਾਰਤ ਅੱਜ ਕੱਲ੍ਹ ਸਿਆਸਤ ਦੀ ਨੀਤੀ ਕਰਤਾਰਪੁਰ ਕੋਰੀਡੋਰ ਤੇ ਵਰਤ ਰਿਹਾ ਹੈ, ਜੋ ਸਿੱਖਾਂ ਦੇ ਮਨਾਂ ਵਿੱਚ ਭਰਮ ਭੁਲੇਖੇ ਪਾ ਰਹੀ ਹੈ। ਜਸਦੀਪ ਸਿੰਘ ਜੱਸੀ ਨੇ ਸਪੱਸ਼ਟ ਕੀਤਾ ਕਿ ਸਾਡੇ ਇਤਿਹਾਸਕ ਗੁਰੂਘਰ ਵੰਡ ਸਮੇਂ ਪਾਕਿਸਤਾਨ ਵਿੱਚ ਰਹਿ ਗਏ, ਉਨ੍ਹਾਂ ਦੀ ਸੇਵਾ ਸੰਭਾਲ ਅਤੇ ਦਰਸ਼ਨਾਂ ਲਈ ਅਸੀਂ ਨਿੱਤ ਅਰਦਸਾਂ ਕਰਦੇ ਹਾਂ, ਬਾਬੇ ਨਾਨਕ ਦੀ ਅਪਾਰ ਕ੍ਰਿਪਾ ਸਦਕਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਜਨਰਲ ਬਾਜਵਾ ਵਲੋਂ ਰਸਤਾ ਖੋਲ੍ਹਣ ਦਾ ਉਪਰਾਲਾ ਅਮਲੀ ਰੂਪ ਵਿੱਚ ਲਿਆਂਦਾ ਹੈ।

image2 (1)

ਜਸਦੀਪ ਸਿੰਘ ਜੱਸੀ ਜੋ ਪਾਕਿਸਤਾਨ ਦੇ ਦੌਰੇ ਸਮੇਂ ਇਮਰਾਨ ਖਾਨ ਪ੍ਰਧਾਨ ਮੰਤਰੀ ਨੂੰ ਮਿਲੇ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਰਸਤਾ ਪਾਕਿਸਤਾਨ ਵਾਲੀ ਤਰਫੋਂ ਨਵੰਬਰ ਤੱਕ ਮੁਕੰਮਲ ਹੋ ਜਾਵੇਗਾ ਅਤੇ ਪਹਲਾ ਜਥਾ ਬਾਬੇ ਨਾਨਕ ਦੇ 550ਵੇਂ ਜਨਮ ਦਿਹਾੜੇ ਤੇ ਕਰਤਾਰਪੁਰ ਨਤਮਸਤਕ ਹੋਵੇਗਾ। ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦੇ ਨਾਮ ਤੇ ਯੂਨੀਵਰਸਿਟੀ ਵੀ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਖਦਸ਼ਾ ਹੈ ਕਿ ਭਾਰਤ ਦੀ ਹਕੂਮਤ ਕਿਤੇ ਪਿੱਛੇ ਨਾ ਹਟ ਜਾਵੇ।

ਸਾਜਿਦ ਤਰਾਰ ਨੇ ਕਿਹਾ ਕਿ ਪਾਕਿਸਤਾਨ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨਾ, ਉਗਰਵਾਦ ਨੂੰ ਨੱਥ ਪਾਉਣਾ ਅਤੇ ਰਿਸ਼ਤੇ ਮਜ਼ਬੂਤ ਕਰਨਾ ਪਾਕਿਸਤਾਨ ਪ੍ਰਧਾਨ ਮੰਤਰੀ ਦੇ ਏਜੰਡੇ ਉੱਤੇ ਹਨ। ਜਿਸ ਲਈ ਉਨ੍ਹਾਂ ਕਰਤਾਰਪੁਰ ਕੋਰੀਡੋਰ ਖੋਲ੍ਹਣ ਦੀ ਪਹਿਲ ਕਦਮੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਵਿੱਚ ਭਾਰਤ ਜ਼ੁਲਮ ਕਰ ਰਿਹਾ ਹੈ। ਉਸ ਤੋਂ ਦੁਖੀ ਕਸ਼ਮੀਰੀ ਵਾਰਦਾਤਾਂ ਕਰਦੇ ਹਨ, ਉਹ ਪਾਕਿਸਤਾਨ ਤੇ ਠੋਸਣਾ ਠੀਕ ਨਹੀਂ ਹੈ। ਭਾਰਤ ਨੂੰ ਬਿਹਤਰ ਰਿਸ਼ਤੇ ਬਣਾਉਣ ਲਈ ਅੱਗੇ ਆਉਣਾ ਚਾਹੀਦਾ ਹੈ।

ਸਵਾਲ ਜਵਾਬ ਦੇ ਸੈਸ਼ਨ ਵਿੱਚ ਡਾ. ਗਿੱਲ, ਕੰਵਲਜੀਤ ਸਿੰਘ ਸੋਨੀ, ਕੇ ਕੇ ਸਿੱਧੂ, ਬਖਸ਼ੀਸ਼ ਸਿੰਘ, ਬਲਜਿੰਦਰ ਸਿੰਘ ਸ਼ੰਮੀ ਨੇ ਹਿੱਸਾ ਲਿਆ ਅਤੇ ਕਿਹਾ ਕਿ ਸਿੱਖਾਂ ਦੀ ਨੁਮਾਇੰਦਗੀ ਹਰ ਮੀਟਿੰਗ ਵਿੱਚ ਹੋਣੀ ਲਾਜ਼ਮੀ ਹੈ ਤੇ ਹਰ ਜਥਾ ਇੱਕ ਹਜ਼ਾਰ ਤੋਂ ਘੱਟ ਨਹੀਂ ਹੋਣਾ ਚਾਹੀਦਾ।