Ninder Ghugianvi 190410 diary pind tandoor download

7 ਅਪ੍ਰੈਲ, 2019, ਆਥਣ ਦੇ 8 ਵਜੇ। ਗਰਮੀਆਂ ਦੀ ਰੁੱਤ ਦੇ ਦਿਨ ਪਹਿਲੇ ਅੱਜ ਘਰੇ ਤੰਦੂਰ ਤਪਿਐ, ਵਿਹੜੇ ਵਿਚ। ਰੋਟੀ ਲੱਥ ਰਹੀ। ਕੂੰਡੇ ‘ਚ ਚਟਣੀ ਰਗੜ ਹੋਈ, ਵਿਹੜੇ ਦੀ ਕਿਆਰੀ ‘ਚੋਂ ਪੂਦੀਨਾ ਮਹਿਕਿਆ, ਜਦ ਤੋੜਿਆ। ਚੁੱਲ੍ਹੇ ਉਤੇ ਸਾਬਤੇ ਮਾਂਹਾਂ ਦੀ ਦਾਲ ਰਿੱਝੀ ਪਾਥੀਆਂ ਦੀ ਅੱਗ ਥੱਲੇ। ਸਲਾਦ ਸਾਦਾ, ਗੰਢੇ ਛਿੱਲੇ, ਨਿੰਬੂ ਨਿਚੋੜਿਆ। ਵਿਹੜੇ ‘ਚ ਮੰਜੇ ਡਾਹੁੰਣ ਤੋਂ ਪਹਿਲਾਂ ਪਾਣੀ ਛਿੜਕਿਆ। ਦਾਦੀ ਦਾਦੀ ਬੜੇ ਚੇਤੇ ਆਏ, ਤਾਇਆ ਤੇ ਪਿਓ ਵੀ। ਅੱਖਾਂ ਭਰੀਆਂ। ਹੱਥ ‘ਚ ਪੇੜਾ ਫੜੀ ਤੰਦੂਰ ਕੋਲ ਖੜ੍ਹੀ ਮਾਂ ਨੇ ਘੂਰਿਆ-*ਐਵੇਂ ਨੀ ਮਨ ਭਰੀਦਾ ਹੁੰਦਾ ਪੁੱਤ, ਸੰਧਿਆ ਵੇਲਾ ਐ, ઠਵਾਖਰੂ-ਵਾਖਰੂ ਕਰੀਦੈ਼ਕੱਲ ਨੂੰ ਮੈਂ ਕਿਹੜਾ ਹੋਣੈ਼।*
ਪੈੱਗ ਬਣਾਇਆ। ਮਾਹੌਲ ਬਦਲਿਆ। ਟੱਬਰ ਸਾਰਾ ਰਲ-ਮਿਲ ਬੈਠਾ, ਬਾਤਾਂ ਕਰੇ ਮਨ ਆਈਆਂ, ਹੇ ਮੇਰੇ ਸਾਈਆਂ!!
*************
9 ਅਪ੍ਰੈਲ, 2019 ਦੀ ਆਥਣ ਹੈ। ਸਾਢੇ ਛੇ ਵੱਜੇ। ਤ੍ਰੈਕਾਲਾਂ ਢਲੀਆਂ। ਮੱਝਾਂ, ਗਾਵਾਂ, ਵੱਛੀਆਂ ਤੇ ਕਮਜ਼ੋਰੇ ਕਟਰੂ ਚਾਰਾ ਚਰ ਕੇ ਘਰਾਂ ਨੂੰ ਮੁੜ ਰਹੇ। ਆਜੜੀ ਦੀਆਂ ਲੰਮੀਆਂ ਹਾਕਾਂ ਦੂਰ ਤੀਕ ਸੁਣ ਰਹੀਆਂ, *ਹੇਆ ਹ੍ਹੇ਼ਹ੍ਹੇਹੇਆ!ਹੇ ਥੋਡਾ ਰੱਬ ਰਾਖਾ, ਬਿਗਾਨੇ ਖੇਤ ਮੂੰਹ ਨਾ ਮਾਰਿਓ਼’ਲਾਂਭਾਂ ਨੀ ਲੈਣਾ਼ਸਿੱਧੀਆਂ ਤੁਰੋ ਜਿਊਣ ਜੋਗੀਓ਼ਹੇਆ ਹ੍ਹੇ਼ਹ੍ਹੇ।*
ਸੋਚਦਾ ਹਾਂ ਕਿ ਕਿੰਨਾ ਇਮਾਨਦਾਰ ਹੈ ਮੇਰੇ ਪਿੰਡ ਦਾ ਗਰੀਬ ਆਜੜੀ, ਜੋ ਆਪਣੇ ਪਸੂਆਂ ਨੂੰ ਵੀ ਈਮਾਨ ਰੱਖਣ ਵਾਸਤੇ ਬੇਰੋਕ ਹੋਕਰੇ ਦੇ ਰਿਹਾ ਹੈ ਉਚੀ-ਉਚੀ ਸਭ ਨੂੰ ਸੁਣਾ ਕੇ। ਲੋਕ ਤਾਂ ਆਪਣੇ ਧੀਆਂ-ਪੁੱਤਾਂ ਨੂੰ ਵੀ ਨੀ ਟੋਕਦੇ ਤੇ ਆਜੜੀ, ਪਸੂਆਂ ਨੂੰ ਸਮਝਾ ਰਿਹੈ! ਅੱਜ ਬੰਦੇ ਦੇ ਆਖੇ ਬੰਦਾ ਨਹੀਂ ਲਗਦਾ ਤੇ ਇਹ ਭਗਤ ਪਸੂਆਂ ਨੂੰ ਸਮਝੌਤੀਆਂ ਦਿੰਦਾ ਪਿਐ, ਸ਼ਾਇਦ ਉਹਨੂੰ ਆਪਣੇ ਪਸੂ ਵੀ ਬੰਦਿਆਂ ਬਰੋਬਰ ਲਗਦੇ ਹੋਣ!
ਮੈਂ ਵਾਰੇ-ਵਾਰੇ ਜਾਵਾਂ ਇਹੋ ਜਿਹੇ ਰੱਬੀ ਲੋਕਾਂ ਦੇ। ਠੰਢੀਆਂ ਛਾਵਾਂ ਇਹੋ-ਜਿਹੇ ਲੋਕਾਂ ਦੇ ਆਸਰੇ ਹੀ ਵਧਦੀਆਂ-ਫੁਲਦੀਆਂ ਨੇ ਸੱਚਮੁਚ! ਬਾਬਾ ਸੁੱਚਾ ਸਿੰਓ ਦਰਵੇਸ਼ ਉਗੋ ਕਿਆਂ ਵਾਲਾ ਕਹਿੰਦਾ ਸੀ-*ਖੇਤੋਂ ਆਉਂਦਾ ਪਸੂ ਕਿਸੇ ਹਰੇਵਾਈ ਨੂੰ ਮੂੰਹ ਮਾਰ ਕੇ ਜਿਹੋ-ਜਿਹਾ ਦੁੱਧ ਦੇਊ, ਪੀਣ ਵਾਲੇ ਦੀ ਉਹੋ-ਜਿਹੀ ਬੁੱਧ ਹੋਊ, ਜੈਸਾ ਪੀਵੈ ਪਾਣੀ, ਤੈਸਾ ਹੋਵੈ ਪ੍ਰਾਣੀ। ਜੈਸਾ ਖਾਵੈ ਅੰਨ, ਤੈਸਾ ਹੋਵੈ ਮਨ, ਜੈਸਾ ਪੀਵੈ ਦੁੱਧ, ਤੈਸੀ ਹੋਵੈ ਬੁੱਧ!
ਸੱਚ ਐ ਕਿ ਕਿੱਥੋਂ ਲੱਭਣਗੇ ਇਹੋ-ਜਿਹੇ ਬੰਦੇ ਦੂਰ ਅੰਦੇਸ਼ੀ ਦ੍ਰਿਸ਼ਟੀ ਵਾਲੇ, ਜੋ ਤੁਰਦੇ ਜਾ ਰਹੇ ਨੇ, ਮਨ ਭੁਰਦੇ ਜਾ ਹਰੇ ਨੇ, ਸਰੀਰ ਖੁਰਦੇ ਜਾ ਰਹੇ ਨੇ। ਹਾਏ ਓ ਰੱਬਾ ਮੇਰਿਆ਼ਗਮਾਂ ਨੇ ਘੇਰਿਆ!
************
ਹਫਤਾ ਹੋ ਗਿਐ, ਭਾਈਆ ਕੈਨੇਡਿਓ ਆਇਆ ਹੋਇਆ। ਕਈ ਦਿਨਾਂ ਦਾ ਫੋਨ ਕਰੀ ਜਾਂਦੈ, ਮਿਲਜਾ ਆ ਕੇ। ਆਥਣੇ ਇੱਕ ਮਿੱਤਰ ਦੇ ਘਰ ਇੱਕ ਮਹਿਫਿਲ ‘ਚ ਬੈਠਾ ਮਿਲ ਪਿਆ। ਸੁੱਖੇ ਬੇਲੀ ਨੇ ਘਰੇ ਸੱਦੇ ਹੋਏ ਆ, ਦੋ ਹੋਰ ਆੜੀ ਵੀ, ਦੋਵੇਂ ਮਾਸਟਰ। *ਉਦਾਸਿਆ ਜਿਹਾ ਕਿਉਂ ਬੈਠਾ ਐਂ, ਸੁਣਾ ਕੋਈ ਕੈਨੇਡਾ ਦੀ ਨਵੀਂ ਤਾਜ਼ੀ ਚਾਚਾ?* ਸੁੱਖੇ ਨੇ ਪੈੱਗ ਬਣਾਉਂਦਿਆਂ ਜਿਵੇਂ ਸੀਖਣੀ ਲਾ ਦਿੱਤੀ ਹੈ। ਪੰਜ ਜਣੇ ਹਾਂ ਸਾਰੇ। ਮਨ ਆਈਆਂ ਕਰ ਰਹੇ, ਗੱਲਾਂ ਚੋਂ ਗੱਲ ਉਧੜੀ ਆਉਂਦੀ ਹੈ। ਪੰਜਾਬ ਦੇ ਮੰਦੇ ਭਾਗਾਂ ਨੂੰ ਕੋਸਣਾ ਇਸ ਮਹਿਫਿਲ ‘ਤੇ ਹਾਵੀ ਹੋ ਗਿਐ। ਭਾਈਏ ਹਾਲੇ ਪੈੱਗ ਨਹੀਂ ਮੁਕਾਇਆ, *ਚਾਚਾ, ਯਾਰ ਮੁਕਾ ਵੀ਼ਰੱਖੀ ਬੈਠਾਂ ਅਜੇ, ਕਦੋਂ ਦਾ, ਮਸਾਂ ਆਇਆਂ ਪਿੰਡ ਤੇ ਫਿਰ ਵੀ ਸੋਗੀ ਜਿਹਾ ਮੂੰਹ ਬਣਾਇਆ ਹੋਇਆ ਐ।* ਦੋਵੇਂ ਮਸਾਟਰ ਤੁਰ ਗਏ, ਕਿਤੇ ਹੋਰ ਵੀ ਪਾਰਟੀ ਚੱਲੀ ਜਾਂਦੀ ਹੈ। ਹੁਣ ਭਾਈਆ ਕੁਛ-ਕੁਛ ਖੁੱਲ੍ਹ ਮਹਿਸੂਸਣ ਲੱਗਿਐ। ਤੀਜੇ ਪੈੱਗ ਭਾਇਆ ਤਰਾਰੇ ‘ਚ ਆਇਆ, *ਕਾਹਦਾ ਆਉਣ ਇੰਡੀਆ ਯਾਰ਼ਜੇ ਨਹੀਂ ਆਉਂਦੇ ਇਥੋਂ ਦਾ ਝੋਰਾ, ਡੋਬੂ ਪੈਂਦੇ ਆ ਕਾਲਜੇ ਨੂੰ਼ਜੇ ਇਥੋਂ ਨੀ ਜਾਂਦੇ ਓਥੋਂ ਦਾ ਝੋਰਾ ਸਤਾਉਂਦੈ਼ਨਾ ਓਧਰ ਦੇ, ਨਾ ਏਧਰ ਦੇ, ਅੱਧ ਵਿਚਾਲੜੇ ਜਿਹੇ ਆਂ਼।* ਭਾਈਆ ਢਿੱਡ ਫਰੋਲ ਰਿਹੈ, ਗੱਲ ‘ਚ ਵਜ਼ਨ ਬੜਾ ਹੈ, *ਜਦੋਂ ਓਧਰੋਂ ਏਧਰ ਆਉਣ ਨੂੰ ਅਟੈਚੀ ਪੈਕ ਕਰੀਦਾ, ਤਾਂ ਓਧਰਲੀ ਨੂੰਹ ਚੋਰੀ-ਚੋਰੀ ਵੇਂਹਦੀ ਫਿਰਦੀ ਆ ਵਈ ਓਧਰ ਕੀ ਲੈ ਚੱਲੇ ਆ਼ਜਦੋਂ ਏਧਰੋਂ ਓਧਰ ਜਾਣ ਨੂੰ ਅਟੈਚੀ ਪੈਕ ਕਰੀਦਾ ਤਾਂ ਏਧਰਲੀ ਚੋਰੀਓਂ ਝਾਤੀਆਂ ਮਾਰਦੀ ਰਹਿੰਦੀ ਐ ਵਈ ਓਧਰ ਕੀ ਲੈ ਚੱਲੇ ਆ, ਨਾ ਅਸੀਂ ਚੋਰ ਆਂ ਭਲਾ ਬੁੜ੍ਹਾ-ਬੁੜ੍ਹੀ਼? ਲੈ ਦੱਸੋ ਭਲਾ ਅਸੀਂ ਕੀ ਅਟੈਚੀਆਂ ‘ਚ ਵੜੇਵੇਂ ਤੁੰਨ ਕੇ ਲਿਜਾਣੇ ਆਂ ਯਾਰ਼।* ਭਾਈਏ ਨੇ ਸਾਡੇ ਦੋਵਾਂ ਵੱਲ ਝਾਕ ਕੇ ਸਾਂਝਾ ਜਿਹਾ ਪੁੱਛਿਆ। ਅਸੀਂ ਹੱਸ ਪਏ ਹਾਂ, ਭਾਈਏ ਦਾ ਚਿਹਰਾ ਲਾਲੋ-ਲਾਲ ਹੋ ਗਿਐ,* ਓ ਲਿਆ ਪਾ ਛਿੱਟ ਕੁ ਹੋਰ਼ਸੁਣਾਵਾਂ ਤੈਨੂੰ ਕੈਨੇਡੇ ਦੀਆਂ਼।*