IMG-20190311-WA0111

ਬਠਿੰਡਾ/ 12 ਮਾਰਚ/  ਸਾਹਿਤਕ ਖੇਤਰ ਵਿੱਚ ਸਰਗਰਮ ਸਾਹਿਤ ਜਾਗ੍ਰਿਤੀ ਸਭਾ ਬਠਿੰਡਾ ਵੱਲੋਂ ਇਸ ਸੰਸਾਰ ਤੋਂ ਰੁਖ਼ਸਤ ਹੋਏ ਇਤਿਹਾਸਕਾਰ ਗਿ: ਬਲਵੰਤ ਸਿੰਘ ਕੋਠਾਗੁਰੂ ਅਤੇ ਸਾਹਿਤਕਾਰ ਡਾ: ਐੱਸ ਤਰਸੇਮ ਨੂੰ ਸਮਰਪਿਤ ਇੱਕ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਜਿਸਦੀ ਪ੍ਰਧਾਨਗੀ ਪੰਜਾਬੀ ਸਾਹਿਤ ਅਕਾਦਮੀ ਦੇ ਅਹੁਦੇਦਾਰ ਸ੍ਰੀ ਬਲਵੰਤ ਭਾਟੀਆ ਨੇ ਕੀਤੀ ਅਤੇ ਸ੍ਰੀ ਆਰ ਐੱਸ ਚੌਹਾਨ ਆਬਕਾਰੀ ਤੇ ਕਰ ਅਫ਼ਸਰ ਮੁੱਖ ਮਹਿਮਾਨ ਦੇ ਤੌਰ ਤੇ ਸਾਮਲ ਹੋਏ।

ਸਮਾਗਮ ਦੀ ਸੁਰੂਆਤ ਕਰਦਿਆਂ ਸਭਾ ਦਾ ਜਨਰਲ ਸਕੱਤਰ ਸ੍ਰੀ ਨਿਰੰਜਣ ਸਿੰਘ ਪ੍ਰੇਮੀ ਨੇ ਪਹੁੰਚੇ ਪਤਵੰਤੇ ਵਿਅਕਤੀਆਂ ਤੇ ਸਰੋਤਿਆਂ ਨੂੰ ਜੀ ਆਇਆਂ ਕਿਹਾ। ਸਭਾ ਦੇ ਪ੍ਰਧਾਨ ਅਮਰਜੀਤ ਜੀਤ ਨੇ ਸਭਨਾ ਦਾ ਸਵਾਗਤ ਕਰਦਿਆਂ ਸਭਾ ਦੀ ਕਾਰਜਵਿਧੀ ਤੇ ਕੰਮਾਂ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ। ਸ੍ਰੀ ਤਰਸੇਮ ਬਸਰ ਨੇ ਪੰਜਾਬੀ ਦੇ ਉਘੇ ਸਾਹਿਤਕਾਰ ਗਜਲਗੋ ਸ੍ਰੀ ਸੁਰਿੰਦਰਪ੍ਰੀਤ ਘਣੀਆ ਦੀ ਸਖ਼ਸੀਅਤ ਬਾਰੇ ਸਨਮਾਨ ਪੱਤਰ ਪੜ੍ਹਿਆ।

ਇਸ ਉਪਰੰਤ ਪ੍ਰਵਾਸੀ ਸ਼ਾਇਰ ਸੰਤੋਖ ਮਿਨਹਾਸ ਨੇ ਸਨਮਾਨਤ ਸਖ਼ਸੀਅਤ ਸ੍ਰੀ ਘਣੀਆਂ ਦੇ ਜੀਵਨ, ਵਿਅਕਤੀਤਵ, ਰਚਨਾ ਅਤੇ ਰਚਨਾ ਕਲਾ ਬਾਰੇ ਚਾਨਣਾ ਪਾਇਆ, ਸਭਾ ਦੇ ਸ੍ਰਪਰਸਤ ਪ੍ਰਿ: ਜਗਦੀਸ ਘਈ ਨੇ ਸ੍ਰੀ ਘਣੀਆਂ ਦੀ ਸਾਹਿਤਕ ਦੇਣ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੇ ਜੀਵਨ ਨਾਲ ਜੁੜੀਆਂ ਯਾਦਾਂ ਵੀ ਤਾਜ਼ਾ ਕੀਤੀਆਂ। ਇਸ ਉਪਰੰਤ ਪੰਜਾਬੀ ਸ਼ਾਇਰੀ ਨੂੰ ਨਿੱਗਰ ਦੇਣ ਅਤੇ ਸਾਹਿਤ ਸਭਾਵਾਂ ਲਈ ਮਹੱਤਵਪੂਰਨ ਜਥੇਬੰਦਕ ਭੂਮਿਕਾ ਨਿਭਾਉਣ ਬਦਲੇ ਸ੍ਰੀ ਘਣੀਆਂ ਦਾ ਸਭਾ ਵੱਲੋਂ ਵਿਸੇਸ਼ ਸਨਮਾਨ ਕੀਤਾ ਗਿਆ।

ਸ੍ਰੀ ਘਣੀਆ ਨੇ ਵੀ ਆਪਣੇ ਸਾਹਿਤਕ ਸਫ਼ਰ ਸਬੰਧੀ ਅਨਭਵ ਸਾਂਝੇ ਕੀਤੇ। ਸ੍ਰੀ ਬਲਵੰਤ ਭਾਟੀਆ ਨੇ ਸਮੁੱਚੇ ਸਮਾਗਮ ਬਾਬਤ ਸੰਤੁਲਿਤ ਤੇ ਵਜ਼ਨਦਾਰ ਪ੍ਰਧਾਨਗੀ ਭਾਸ਼ਣ ਦਿੰਦਿਆਂ ਪ੍ਰਸਤੁਤ ਕੀਤੀਆਂ ਕਾਵਿਕ ਰਚਨਾਵਾਂ, ਸਨਮਾਨਤ ਸਖ਼ਸੀਅਤ ਤੇ ਪੰਜਾਬੀ ਸਾਹਿਤ ਦੀ ਮੌਜੂਦਾ ਸਥਿਤੀ ਬਾਰੇ ਸਬਦਾਂ ਦੀ ਸਾਂਝ ਪਾਈ। ਮੰਚ ਦਾ ਸੰਚਾਲਨ ਤਰਸੇਮ ਸਿੰਘ ਬੁੱ૮ਟਰ ਨੇ ਕੀਤਾ।

ਇਸ ਉਪਰੰਤ ਇੱਕ ਪ੍ਰਭਾਵਸ਼ਾਲੀ ਕਵੀ ਦਰਬਾਰ ਹੋਇਆ। ਜਿਸ ਵਿੱਚ ਸਰਵ ਸ੍ਰੀ ਅਮਰਜੀਤ ਜੀਤ, ਜਨਕ ਰਾਜ ਜਨਕ, ਭੁਪਿੰਦਰ ਪੰਨੀਵਾਲੀਆ, ਕੁਲਦੀਪ ਬੰਗੀ, ਜਸ ਬਠਿੰਡਾ, ਕੰਵਲਜੀਤ ਕੁਟੀ ਐਡਵੋਕੇਟ, ਗਗਨਦੀਪ ਕੌਰ ਮਾਨਸਾ, ਬਲਕਾਰ ਕਲੇਰ, ਬਲਜਿੰਦਰ ਸੰਗੀਲਾ, ਰਾਜਬੀਰ ਕੌਰ, ਗੁਰਸੇਵਕ ਚੁੱਘੇ ਖੁਰਦ, ਜਨਕ ਸ਼ਰਮੀਲਾ, ਅਮਨ ਦਾਤੇਵਾਸੀਆਂ ਆਦਿ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਪੇਸ ਕੀਤੀਆਂ। ਇਸ ਮੌਕੇ ਮੈਡਮ ਜਸਵਿੰਦਰ ਕੌਰ ਘਣੀਆ, ਲਾਭ ਸਿੰਘ ਸਿੱਖਵਾਲਾ, ਅਕਾਸ਼ਵਾਣੀ ਬਠਿੰਡਾ ਦੇ ਸੀਨੀਅਰ ਅਨਾਉਂਸਰ ਦਰਸ਼ਨ ਬਰਾੜ ਤੇ ਅਮਨ ਪ੍ਰੀਤ ਕੌਰ, ਅਮਰਜੀਤ ਸਿੰਘ ਪੇਂਟਰ ਆਦਿ ਵੀ ਹਾਜਰ ਸਨ।

(ਬਲਵਿੰਦਰ ਸਿੰਘ ਭੁੱਲਰ)

bhullarbti@gmail.com