• ਇਕ ਲੁਕਿਆ ਹੋਇਆ ਵੱਡਾ ਸ਼ਾਇਰ ਅਸੀਂ ਲੱਭ ਲਿਆ ਹੈ : ਡਾ. ਸਰਬਜੀਤ ਸੋਹਲ
  • ਰਘਬੀਰ ਵੜੈਚ ਦੀ ਕਲਮ ਸੱਚ ਲਿਖਣ ਦੀ ਹਿੰਮਤ ਰੱਖਦੀ ਹੈ : ਡਾ. ਗੁਰਚਰਨ ਕੋਚਰ
PLS Pic-1
(ਰਘਬੀਰ ਵੜੈਚ ਦੇ ਕਾਵਿ ਸੰਗ੍ਰਹਿ ‘ਸੰਦਲੀ ਦਰਵਾਜ਼ਾ’ ਨੂੰ ਲੋਕ ਅਰਪਣ ਕਰਦੇ ਹੋਏ ਡਾ. ਸਰਬਜੀਤ ਕੌਰ ਸੋਹਲ, ਡਾ. ਗੁਰਚਰਨ ਕੌਰ ਕੋਚਰ, ਬਲਕਾਰ ਸਿੱਧੂ, ਡਾ. ਸੁਨੀਤਾ ਰਾਣੀ ਅਤੇ ਵੜੈਚ ਪਰਿਵਾਰ)

ਚੰਡੀਗੜ੍ਹ : ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ ਵਿਖੇ ਕਰਵਾਏ ਗਏ ਸਾਹਿਤਕ ਸਮਾਗਮ ਦੌਰਾਨ ਰਘਬੀਰ ਵੜੈਚ ਦਾ ਪਲੇਠਾ ਕਾਵਿ ਸੰਗ੍ਰਹਿ ‘ਸੰਦਲੀ ਦਰਵਾਜ਼ਾ’ ਲੋਕ ਅਰਪਣ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਉਪ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ, ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ, ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ, ਡਾ. ਸੁਨੀਤਾ ਰਾਣੀ ਤੇ ਖੁਦ ਲੇਖਕ ਰਘਬੀਰ ਵੜੈਚ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਸਭ ਤੋਂ ਪਹਿਲਾਂ ਕਿਤਾਬ ਨੂੰ ਰਿਲੀਜ਼ ਕੀਤਾ। ਇਸ ਮੌਕੇ ‘ਤੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ।

ਪੁਸਤਕ ਰਿਲੀਜ਼ ਉਪਰੰਤ ਬਤੌਰ ਮੁੱਖ ਮਹਿਮਾਨ ਆਪਣੀ ਗੱਲ ਰੱਖਦਿਆਂ ਡਾ. ਸਰਬਜੀਤ ਕੌਰ ਨੇ ‘ਸੰਦਲੀ ਦਰਵਾਜ਼ਾ’ ਕਾਵਿ ਸੰਗ੍ਰਹਿ ਦਾ ਸਾਹਿਤ ਦੇ ਵਿਹੜੇ ਵਿਚ ਨਿੱਘਾ ਸਵਾਗਤ ਕਰਦਿਆਂ ਰਘਬੀਰ ਵੜੈਚ ਦੀ ਕਲਮ ਦੇ ਵੱਖੋ-ਵੱਖ ਪਹਿਲੂਆਂ ਨੂੰ ਛੋਹ ਕੇ ਉਸ ਦੀਆਂ ਕੁਝ ਨਜ਼ਮਾਂ ਅਤੇ ਕਵਿਤਾਵਾਂ ਦੇ ਹਵਾਲਾ ਦੇ ਕੇ ਆਖਿਆ ਕਿ ਅਸੀਂ ਇਕ ਲੁਕਿਆ ਹੋਇਆ ਵੱਡਾ ਸ਼ਾਇਰ ਰਘਵੀਰ ਵੜੈਚ ਦੇ ਰੂਪ ਵਿਚ ਲੱਭ ਲਿਆ ਹੈ। ਇਸੇ ਤਰ੍ਹਾਂ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਗੁਰਚਰਨ ਕੌਰ ਕੋਚਰ ਨੇ ਰਘਬੀਰ ਵੜੈਚ ਦੀਆਂ ਲਿਖਤਾਂ ਦੀ ਗੱਲ ਛੋਹਦਿਆਂ ਕਿਹਾ ਕਿ ਚਾਹੇ ਧਰਮ ਦਾ ਵਿਸ਼ਾ ਹੋਵੇ, ਚਾਹੇ ਸਿਆਸਤ ਦਾ ਜਾਂ ਪਰਿਵਾਰ ਦਾ ਉਸ ਦੀ ਕਲਮ ਸੱਚ ਲਿਖਣ ਦਾ ਦਮ ਰੱਖਦੀ ਹੈ।

ਕਿਤਾਬ ‘ਸੰਦਲੀ ਦਰਵਾਜ਼ਾ’ ‘ਤੇ ਸੰਖੇਪ ਪਰ ਗੰਭੀਰ ਪਰਚਾ ਪੇਸ਼ ਕਰਦਿਆਂ ਡਾ. ਸੁਨੀਤਾ ਰਾਣੀ ਨੇ ਆਖਿਆ ਕਿ ਲੇਖਕ ਰਘਬੀਰ ਵੜੈਚ ਦੀਆਂ ਕਵਿਤਾਵਾਂ, ਗੀਤ ਤੇ ਗ਼ਜ਼ਲ਼ਾਂ ਸੱਚ ਦਾ ਹਾਣੀ ਹੋ ਕੇ ਸਮਾਜ ਤੇ ਸਰਕਾਰਾਂ ਨੂੰ ਸ਼ੀਸ਼ਾਂ ਦਿਖਾਉਂਦਿਆਂ ਹਨ। ਡਾ. ਸੁਨੀਤਾ ਰਾਣੀ ਨੇ ਕਿਤਾਬ ਦੇ, ਕਵਿਤਾ ਦੇ ਅਤੇ ਲੇਖਣੀ ਦੇ ਵੱਖੋ-ਵੱਖ ਪੈਮਾਨਿਆਂ ‘ਤੇ ਕਵੀ ਦੀਆਂ ਲਿਖਤਾਂ ਨੂੰ ਪਰਖਦਿਆਂ ਉਸ ਦੀ ਸ਼ਲਾਘਾ ਕੀਤੀ। ਇਸ ਮੌਕੇ ਹਰਵਿੰਦਰ ਹਬੀਬ ਨੇ ਕਵੀ ਦੀਆਂ ਦੋ ਗ਼ਜ਼ਲ਼ਾਂ ਗਾ ਕੇ ਮਹਿਫ਼ਲ ਵਿਚ ਖਾਸੀਆਂ ਤਾੜੀਆਂ ਲੁੱਟੀਆਂ। ਇਸੇ ਪ੍ਰਕਾਰ ਗੁਰਵਿੰਦਰ ਗੈਰੀ ਅਤੇ ਕੁਲਦੀਪ ਤੂਰ ਨੇ ਵੀ ਰਘਵੀਰ ਵੜੈਚ ਦੀ ਇਕ-ਇਕ ਨਜ਼ਮ ਜਦੋਂ ਗਾ ਕੇ ਪੇਸ਼ ਕੀਤੀ ਤਾਂ ਇਸ ਕਲਮ ਨੂੰ ਮਹਿਫ਼ਲ ਵਿਚ ਖੂਬ ਵਾਹ-ਵਾਹ ਮਿਲੀ। ਧਿਆਨ ਸਿੰਘ ਕਾਹਲੋਂ ਤੇ ਸੁਖਵਿੰਦਰ ਅਨਹਦ ਨੇ ਵੀ ਰਘਬੀਰ ਵੜੈਚ ਦੀ ਇਕ-ਇਕ ਨਜ਼ਮ ਨਾਲ ਜਿੱਥੇ ਆਪਣੀ ਹਾਜ਼ਰੀ ਲਗਵਾਈ, ਉਥੇ ਹੀ ਅਮਲੋਹ ਤੋਂ ਪਧਾਰੇ ਰਾਮ ਸਿੰਘ ਅਲਬੇਲਾ ਨੇ ਤੂੰਬੀ ਨਾਲ ਛੰਦ ਪੇਸ਼ ਕਰਕੇ ਮਹਿਫ਼ਲ ਨੂੰ ਖੁੱਲ੍ਹੇ ਅਖਾੜੇ ਵਿਚ ਬਦਲ ਦਿੱਤਾ।

ਕਿਤਾਬ ‘ਸੰਦਲੀ ਦਰਵਾਜ਼ਾ’ ਦੀ ਸਿਰਜਣਾ, ਲਿਖਤਾਂ ਦੀ ਸੋਧ ਅਤੇ ਉਪਜੇ ਖਿਆਲਾਂ ਨੂੰ ਕਿੰਝ ਕਵਿਤਾ ਵਿਚ ਬਦਲਿਆ ਗਿਆ ਇਹ ਸਭ ਅਨੁਭਵ ਕਵੀ ਰਘਬੀਰ ਵੜੈਚ ਨੇ ਖੁਦ ਮੰਚ ਤੋਂ ਸਾਂਝੇ ਕਰਦਿਆਂ ਆਪਣੇ ਪਲੇਠੇ ਕਾਵਿ ਸੰਗ੍ਰਹਿ ਦੀ ਪੁੰਗਰਨ ਦੀ ਕਹਾਣੀ ਵੀ ਬਿਆਨ ਕੀਤੀ ਅਤੇ ਆਪਣੀ ਇਕ ਬਹੁਤ ਹੀ ਬਾ ਕਮਾਲ ਨਜ਼ਮ ‘ਊੜਾ’ ਪੇਸ਼ ਕਰਦਿਆਂ ਬੋਲ ਸਾਂਝੇ ਕੀਤੇ ‘ਮੈਂ ਜੇਠਾ ਪੁੱਤ ਪੈਂਤੀ ਦਾ, ਊੜਾ ਬੋਲ ਰਿਹਾਂ।” ਲੇਖਕ ਰਘਬੀਰ ਵੜੈਚ ਨੇ ਕਿਤਾਬ ਦੀ ਸਿਰਜਣਾ ਲਈ, ਛਪਵਾਈ ਲਈ, ਲਿਖਤਾਂ ਸੋਧਣ ਲਈ ਤੇ ਸਾਹਿਤਕ ਜਗਤ ਵਿਚ ਅੱਗੇ ਵਧਣ ਲਈ ਜਿੱਥੇ ਸਾਰੀਆਂ ਹਸਤੀਆਂ, ਨਜ਼ਦੀਕੀਆਂ ਤੇ ਸਹਿਯੋਗੀਆਂ ਦਾ ਨਾਮ ਲੈ ਕੇ ਧੰਨਵਾਦ ਕੀਤਾ, ਉਥੇ ਉਨ੍ਹਾਂ ਪੰਜਾਬੀ ਲੇਖਕ ਸਭਾ ਦਾ ਵੀ ਸ਼ੁਕਰਾਨਾ ਕੀਤਾ ਜਿਨ੍ਹਾਂ ਇਸ ਸਮਾਗਮ ਦੀ ਰੂਪ ਰੇਖਾ ਬਣਾਈ। ਇਸ ਮੌਕੇ ‘ਤੇ ਡਾ. ਸਰਬਜੀਤ ਕੌਰ ਸੋਹਲ, ਡਾ. ਗੁਰਚਰਨ ਕੌਰ ਕੋਚਰ, ਪਰਚਾ ਲੇਖਕ ਡਾ. ਸੁਨੀਤਾ ਰਾਣੀ, ਸਭਾ ਦੇ ਪ੍ਰਧਾਨ ਬਲਕਾਰ ਸਿੱਧੂ, ਕਿਤਾਬ ਦਾ ਮੁੱਖ ਬੰਧ ਲਿਖਣ ਵਾਲੇ ਦੀਪਕ ਸ਼ਰਮਾ ਚਨਾਰਥਲ ਅਤੇ ਸੋਧ ਕਰਨ ਵਾਲੇ ਭਗਤ ਰਾਮ ਰੰਘਾੜਾ ਦਾ ਵੀ ਜਿੱਥੇ ਸ਼ਾਲ ਅਤੇ ਗੁਲਦਸਤੇ ਨਾਲ ਸਨਮਾਨ ਕੀਤਾ ਗਿਆ, ਉਥੇ ਸਭਾ ਨੇ ਵੀ ਪਲੇਠੇ ਕਾਵਿ ਸੰਗ੍ਰਹਿ ਦੀ ਆਮਦ ਮੌਕੇ ਰਘਵੀਰ ਵੜੈਚ ਨੂੰ ਸਨਮਾਨਿਤ ਕੀਤਾ। ਇਸ ਮੌਕੇ ‘ਤੇ ਇੰਦਰਜੀਤ ਸਿੰਘ ਤੇ ਭਗਤ ਰਾਮ ਰੰਘਾੜਾ ਨੇ ਵੀ ਜਿੱਥੇ ਆਪਣੇ ਵਿਚਾਰ ਸਾਂਝੇ ਕੀਤੇ, ਉਥੇ ਸਿਹਤ ਦੀਆਂ ਮਜਬੂਰੀਆਂ ਕਰਕੇ ਹਾਜ਼ਰੀ ਨਾ ਭਰ ਸਕੇ ਡਾ. ਸੁਲਤਾਨਾ ਬੇਗਮ ਦਾ ਲਿਖਿਆ ਸੁਨੇਹਾ ਵੀ ਮੰਚ ਤੋਂ ਪੜ੍ਹਿਆ ਗਿਆ। ਧੰਨਵਾਦੀ ਸ਼ਬਦ ਗੁਰਨਾਮ ਕੰਵਰ ਹੁਰਾਂ ਨੇ ਆਖਦਿਆਂ ‘ਸੰਦਲੀ ਦਰਵਾਜ਼ਾ’ ਦੀ ਆਮਦ ‘ਤੇ ਰਘਬੀਰ ਵੜੈਚ ਤੇ ਉਸ ਦੇ ਸਮੁੱਚੇ ਪਰਿਵਾਰ ਨੂੰ ਵਧਾਈ ਦਿੱਤੀ। ਮੰਚ ਸੰਚਾਲਨ ਕਾਵਿਕ ਅੰਦਾਜ਼ ਵਿਚ ਦੀਪਕ ਸ਼ਰਮਾ ਚਨਾਰਥਲ ਨੇ ਬਾਖੂਬੀ ਨਿਭਾਇਆ।

ਪੰਜਾਬੀ ਲੇਖਕ ਸਭਾ ਦੇ ਇਸ ਪੁਸਤਕ ਰਿਲੀਜ਼ ਸਮਾਗਮ ਵਿਚ ਡਾ. ਗੁਰਮੇਲ ਸਿੰਘ, ਡਾ. ਅਵਤਾਰ ਸਿੰਘ ਪਤੰਗ, ਮਨਮੋਹਨ ਸਿੰਘ ਦਾਊਂ, ਮਨਜੀਤ ਕੌਰ ਮੀਤ, ਪਾਲ ਅਜਨਬੀ, ਰਜਿੰਦਰ ਕੌਰ, ਜਗਦੀਪ ਨੂਰਾਨੀ, ਸੁਰਿੰਦਰ ਕੌਰ ਸੈਣੀ ਰੂਪਨਗਰ, ਜਗਦੀਸ਼ ਖੁਸ਼ਦਿਲ, ਸਿਰੀ ਰਾਮ ਅਰਸ਼, ਆਰ. ਕੇ. ਭਗਤ, ਗੁਰਨਾਮ ਕੰਵਰ, ਡਾ. ਬਲਵਿੰਦਰ ਚਹਿਲ, ਤੇਜਾ ਸਿੰਘ ਥੂਹਾ, ਕਰਮਜੀਤ ਸਿੰਘ ਬੱਗਾ, ਊਸ਼ਾ ਕੰਵਰ, ਡਾ. ਰਤਨ, ਬਾਬੂ ਰਾਮ ਦੀਵਾਨਾ, ਕਸ਼ਮੀਰ ਕੌਰ ਸੰਧੂ, ਭਗਤ ਰਾਮ ਰੰਘਾੜਾ, ਸੰਦੀਪ ਲੁਧਿਆਣਾ, ਬਲਵੰਤ ਚਿਰਾਗ, ਬਲਜਿੰਦਰ ਸਿੰਘ ਮਾਛੀਵਾੜਾ, ਮਨਮੋਹਨ ਸਿੰਘ ਕਲਸੀ, ਮੁਖਤਿਆਰ ਸਿੰਘ ਬੈਂਸ, ਸਿਮਰਜੀਤ ਗਰੇਵਾਲ, ਡਾ. ਮਨਜੀਤ ਸਿੰਘ ਬੱਲ ਸਮੇਤ ਵੱਡੀ ਗਿਣਤੀ ਵਿਚ ਲੇਖਕ, ਕਵੀ, ਸਾਹਿਤਕਾਰ, ਸਾਹਿਤ ਪ੍ਰੇਮੀ ਅਤੇ ਰਘਬੀਰ ਵੜੈਚ ਦੇ ਪਰਿਵਾਰਕ ਮੈਂਬਰ ਤੇ ਨਜ਼ਦੀਕੀ ਮੌਜੂਦ ਸਨ।