-ਬਰਮਿੰਘਮ ਵਿਖੇ ਆਯੋਜਿਤ ਸਮਾਗਮ ਦੌਰਾਨ ਵੰਡੇ ਗਏ ਨਿਯੁਕਤੀ ਪੱਤਰ

12 March 2019 KhurmiUK 01

ਲੰਡਨ — ਭਾਰਤੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਧਿਰਾਂ ਵੱਲੋਂ ਆਪੋ ਆਪਣੀ ਰਣਨੀਤੀ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਭਾਰਤੀ ਜਨਤਾ ਪਾਰਟੀ ਵੱਲੋਂ ਵੀ ਵਿਦੇਸ਼ਾਂ ਵਿੱਚ ਆਪਣੀ ਸ਼ਾਖ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਲਈ “ਮਿਸ਼ਨ ਮੋਦੀ ਪੀ ਐੱਮ ਅਗੇਨ“ ਤਹਿਤ ਯੂਰੋਪ ਟੀਮ ਦਾ ਗਠਨ ਕੀਤਾ ਗਿਆ। ਨਵੇਂ ਅਹੁਦੇਦਾਰਾਂ ਨੂੰ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਨਿਰਦੇਸ਼ਾਂ ਅਨੁਸਾਰ ਬਰਮਿੰਘਮ ਦੇ ਹੈਰੀਟੇਜ ਬੈਂਕੁਇਟ ਹਾਲ ਵਿਖੇ ਨਿਯੁਕਤੀ ਪੱਤਰ ਵੰਡੇ ਗਏ। ਇਸ ਸਮੇਂ ਕੀਤੇ ਗਏ ਸਮਾਗਮ ਦੀ ਪ੍ਰਧਾਨਗੀ ਮਿਸ਼ਨ ਦੇ ਇੰਟਰਨੈਸ਼ਨਲ ਕਨਵੀਨਰ ਪ੍ਰਵੇਸ਼ ਕੁਮਾਰ ਸ਼ੁਕਲਾ ਨੇ ਕੀਤੀ। ਪ੍ਰਧਾਨ ਰਾਮ ਵਿਲਾਸ ਵੇਦਾਂਤੀ, ਕਾਰਜਕਾਰੀ ਪ੍ਰਧਾਨ ਰਾਮ ਗੋਪਾਲ ਕਾਕਾ ਜੀ, ਸੂਬਾ ਪ੍ਰਧਾਨ ਡਾ: ਸੰਜੀਵ ਚੌਧਰੀ ਦੇ ਸਾਥ ਨਾਲ ਸੰਪੰਨ ਹੋਏ ਇਸ ਸਮਾਗਮ ਦੌਰਾਨ ਮਿਸ਼ਨ ਦੀ ਯੂਰੋਪ ਟੀਮ ਦੀ ਪ੍ਰਧਾਨਗੀ ਦਾ ਤਾਜ਼ ਉੱਘੇ ਕਾਰੋਬਾਰੀ ਅਤੇ ਸਮਾਜਸੇਵੀ ਅਨਿਲ ਸ਼ਰਮਾ ਸਿਰ ਸਜਾਇਆ ਗਿਆ। ਇਸ ਸਮੇਂ ਨਮਿਤ ਟੰਡਨ ਤੇ ਬਲਜਿੰਦਰ ਢਿੱਲੋਂ ਨੂੰ ਮੀਤ ਪ੍ਰਧਾਨ, ਪੰਕਜ ਬੇਦੀ ਤੇ ਸੋਨੂੰ ਵਰਮਾ ਨੂੰ ਜਨਰਲ ਸਕੱਤਰ, ਪ੍ਰਭਜੋਤ ਸਿੰਘ ਨੂੰ ਸਕੱਤਰ, ਦੀਪ ਢਿੱਲੋਂ ਤੇ ਪ੍ਰਭਜੋਤ ਸਿੰਘ ਨੂੰ ਮੁੱਖ ਸਲਾਹਕਾਰ ਦੀਆਂ ਸੇਵਾਵਾਂ ਨਿਭਾਉਣ ਲਈ ਨਿਯੁਕਤੀ ਪੱਤਰ ਭੇਂਟ ਕੀਤੇ ਗਏ। ਇਸ ਸਮੇਂ ਆਪਣੇ ਸੰਬੋਧਨ ਦੌਰਾਨ ਜਿੱਥੇ ਪ੍ਰਵੇਸ਼ ਸ਼ੁਕਲਾ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਭਾਰਤੀ ਜਨਤਾ ਪਾਰਟੀ ਹਾਈ ਕਮਾਂਡ ਵੱਲੋਂ ਭੇਜੀਆਂ ਸੁਭਕਾਮਨਾਵਾਂ ਦਿੱਤੀਆਂ ਉੱਥੇ ਨਵ ਨਿਯੁਕਤ ਪ੍ਰਧਾਨ ਅਨਿਲ ਸ਼ਰਮਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਨਰਿੰਦਰ ਮੋਦੀ ਨੂੰ ਦੁਬਾਰਾ ਭਾਰਤ ਦਾ ਪ੍ਰਧਾਨ ਮੰਤਰੀ ਦੇਖਣ ਦੇ ਸੁਪਨੇ ਨੂੰ ਸੱਚ ਕਰਨ ਲਈ ਯੂਰੋਪ ਦੇ ਨਵੇਂ ਅਹੁਦੇਦਾਰਾਂ ਦੀ ਟੀਮ ਤਨਦੇਹੀ ਨਾਲ ਕਾਰਜ ਕਰੇਗੀ। ਉਹਨਾਂ ਕਿਹਾ ਕਿ ਯੂਰੋਪ ਵਿੱਚ ਵਸਦੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਰਾਬਤਾ ਕਰਕੇ ਪਾਰਟੀ ਗਤੀਵਿਧੀਆਂ ਤੋਂ ਜਾਣੂੰ ਕਰਵਾਇਆ ਜਾਵੇਗਾ। ਇਸ ਸਮੇਂ ਹਰਜੋਧ ਸਿੰਘ ਢਿੱਲੋਂ, ਇਸ਼ਾਨ ਬੇਦੀ, ਸੰਜੀਵ ਕੁਮਾਰ, ਮਦਨ ਮੋਹਨ ਆਦਿ ਸਰਗਰਮ ਆਗੂ ਵਿਸ਼ੇਸ਼ ਤੌਰ ‘ਤੇ ਹਾਜਰ ਸਨ।