downloadਦੁਨੀਆ ‘ਚ ਜੋ ਨਫ਼ਰਤ ਦਾ ਪਸਾਰ ਦਿਨੋਂ-ਦਿਨ ਵਧਦਾ ਜਾ ਰਿਹਾ ਜੇ ਉਸ ਪਿੱਛੇ ਦੇ ਕਾਰਨ ਲੱਭੇ ਜਾਣ, (ਜੋ ਕਿ ਲੱਭਣੇ ਲਾਜ਼ਮੀ ਵੀ ਹੋ ਗਏ ਹਨ) ਤਾਂ ਵੱਖੋ-ਵੱਖ ਦਲੀਲਾਂ ਸਾਹਮਣੇ ਆਉਣਗੀਆਂ। ਅਖੀਰ ਉਨ੍ਹਾਂ ਦਲੀਲਾਂ ‘ਚੋਂ ਵੀ ਨਿੰਦਿਆ ਰੂਪੀ ਨਫ਼ਰਤ ਹੀ ਪੈਦਾ ਹੋਣ ਦੀ ਸੰਭਾਵਨਾ ਦਿਖਾਈ ਦਿੰਦੀ ਹੈ। ਪਰ ਲੋੜ ਹੈ ਉੱਚਾ ਉੱਠ ਕੇ ਸੋਚਣ ਦੀ। ਗਿਆਨ ਹੋਣ ਦੇ ਭੁਲੇਖੇ ‘ਚ ਕਈ ਮੇਰੇ ਜਿਹੇ ਅਗਿਆਨੀ ਧਰਮ ਨੂੰ ਇਸ ਸਭ ਦੀ ਜੜ੍ਹ ਮੰਨਦੇ ਹਨ। ਕਦੇ ਇਸਲਾਮ ਦੀ ਕੱਟੜਤਾ ਦੀ ਗੱਲ ਕਰਦੇ ਹਨ ਅਤੇ ਕਦੇ ਹਿੰਦੂਤਵ ਦੀ ਤੇ ਕਦੇ ਸਿੱਖਇਜ਼ਮ ਦੀ। ਅਸੀਂ ਇਹਨਾਂ ਗੱਲਾਂ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਦੁਨੀਆ ‘ਚ ਜਹਾਦ ਦੇ ਨਾਂ ਤੇ ਇਹ ਕੁਝ ਨਹੀਂ ਹੋ ਰਿਹਾ। ਪਰ ਦੁੱਖ ਇਸ ਗੱਲ ਦਾ ਹੈ ਕਿ ਦੁਨੀਆ ਦਾ ਕੋਈ ਵੀ ਧਰਮ ਕੱਟੜਤਾ ਦਾ ਹਾਮੀ ਨਹੀਂ ਹੈ। ਜੇ ਹੁਣ ਇਹ ਅਖੌਤੀ ਕਟੜਾਂ ਨੇ ਧਰਮ ਨੂੰ ਜਾਣ ਲਿਆ ਹੁੰਦਾ ਤਾਂ ਇਹ ਨੌਬਤ ਹੀ ਨਹੀਂ ਆਉਣੀ ਸੀ।  ਧਰਮੀ ਬੰਦਾ ਚਾਹੇ ਕਿਸੇ ਵੀ ਧਰਮ ਦਾ ਹੋਵੇ ਪਰ ਉਹ ਇਨ੍ਹਾਂ ਕੁ ਤਾਂ ਚੰਗੀ ਤਰ੍ਹਾਂ ਜਾਣਦਾ ਹੁੰਦਾ ਹੈ ਕਿ ਜੇ ਉਹ ਕਿਸੇ ਨੂੰ ਪੈਦਾ ਨਹੀਂ ਕਰ ਸਕਦਾ ਤਾਂ ਉਸ ਨੂੰ ਮਾਰਨ ਦਾ ਵੀ ਕੋਈ ਹੱਕ ਨਹੀਂ ਰੱਖਦਾ।  ਜਿਹੜਾ ਬੰਦਾ ਹਰ ਗੱਲ ਹੀ ਮਾਰਨ ਮਰਾਉਣ ਦੀ ਗੱਲ ਕਰਦਾ ਉਹ ਧਰਮੀ ਕਿਵੇਂ ਹੋ ਗਿਆ?

ਅਸੀਂ ਅਕਸਰ ਹੁੱਬ ਕੇ ਦੱਸਦੇ ਹਾਂ ਕਿ ਵਿਕਸਤ ਮੁਲਕਾਂ ‘ਚ ਜਦੋਂ ਕਦੇ ਜਨਗਣਨਾ ਹੁੰਦੀ ਹੈ ਤਾਂ ਉਸ ਵਿਚ ਧਰਮ ਦੇ ਖਾਣੇ ‘ਚ ‘ਨਾ ਵਿਸ਼ਵਾਸ’ ਲਿਖ ਕੇ ਨਾਸਤਿਕ ਹੋਣ ਦਾ ਦਾਅਵਾ ਕਰ ਕੇ ਖ਼ੁਦ ਨੂੰ ਵਿਗਿਆਨ ਦੀ ਸੋਚ ਤੇ ਗਿਆਨ ਦਾ ਪਹਿਰਾ ਦੇਣ ਵਾਲਾ ਸਾਬਿਤ ਕਰਦੇ ਹਾਂ। ਇਹ ਸੱਚ ਵੀ ਹੈ ਕਿ ਦੁਨੀਆ ‘ਚ ਖ਼ਾਸ ਕਰਕੇ ਇਸਾਈ ਧਰਮ ‘ਚ ਦਿਨੋਂ ਦਿਨ ਚਰਚਾਂ ‘ਚ ਜਾਣ ਵਾਲਿਆਂ ਦੀ ਗਿਣਤੀ ਘੱਟ ਦੀ ਜਾ ਰਹੀ ਹੈ ਤੇ ਸੁੰਨੀਆਂ ਚਰਚਾਂ ਹਰ ਰੋਜ਼ ਨਿਲਾਮ ਹੁੰਦੀਆਂ ਦੇਖਦੇ ਹਾਂ। ਜੋ ਕਿ ਚਿੰਤਾ ਦਾ ਵਿਸ਼ਾ ਹੈ। ਇਕ ਵੇਲੇ ਇਹਨਾਂ ਅਖੌਤੀ ਵਿਗਿਆਨੀਆਂ(ਕਿਉਂਕਿ ਅਬਦੁਲ ਕਲਾਮ ਤੇ ਨਿਊਟਨ ਜਿਹੇ ਮਹਾਨ ਵਿਗਿਆਨੀ ਤਾਂ ਰੱਬ ਦੀ ਹੋਂਦ ਤੋਂ ਮੁਨਕਰ ਨਹੀਂ ਹੋਏ)  ਦੀ ਮੰਨ ਲੈਂਦੇ ਹਾਂ ਜੋ ਰੱਬ ਨੂੰ ਸਿਰਫ਼ ਡਰ ਦਾ ਨਾਂ ਦਿੰਦੇ ਹਨ। ਚਲੋ ਡਰ ਹੀ ਸਹੀ ਆਖ਼ਰ ਇਸ ਡਰ ਕਰ ਕੇ ਜੇ ਕੋਈ ਬੰਦਾ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਹੈ ਤਾਂ ਇਸ ‘ਚ ਕੀ ਬੁਰਾਈ ਹੈ?

ਅੱਜ ਵਿਗਿਆਨ ਦਿਨੋਂ-ਦਿਨ ਤਰੱਕੀ ਕਰ ਰਿਹਾ ਉਸ ਨੇ ਜੋ ਜਾਗਰੂਕਤਾ ਫੈਲਾਈ ਹੈ ਉਸ ਨੂੰ ਅਸੀਂ ਬੁਰਾ ਨਹੀਂ ਮੰਨਦੇ ਪਰ ਜਦੋਂ ਕਿਸੇ ਵੀ ਚੀਜ਼ ਦੀ ਬਹੁਤਾਤ ਹੋ ਜਾਵੇ ਉਦੋਂ ਉਹ ਮਾੜੀ ਹੋ ਹੀ ਜਾਂਦੀ ਹੈ। ਇਕ ਘਟਨਾ ਸਾਂਝੀ ਕਰਦਾ ਹਾਂ। ਇਕ ਬਾਰ ਆਪਣੇ ਆਪ ‘ਚ ਬਹੁਤ ਹੀ ਗਿਆਨੀ ਬੰਦੇ ਨਾਲ ਵਾਹ ਪੈ ਗਿਆ ਤੇ ਉਹ ਆਂਕੜੇ ਜੋੜ ਕੇ ਇਹ ਦਰਸਾਉਣ ਲੱਗ ਪਿਆ ਕਿ ਜੋ ਇਹ ਅਵਾਜ਼ਾਰ (ਉਸ ਦੇ ਕਹਿਣ ਮੁਤਾਬਿਕ) ਸਟੂਡੈਂਟ ਇੱਥੇ ਆ ਰਹੇ ਹਨ ਉਸ ਨਾਲ ਕੀ ਹੋਵੇਗਾ! ਉਸ ਮੁਤਾਬਿਕ. ਸਾਡੇ ਬੱਚੇ ਜੋ ਇੱਥੇ ਜੰਮੇ ਹਨ ਉਹ ਅਣਭੋਲ ਹਨ ਤੇ ਆਉਣ ਵਾਲੇ ਪੰਜ ਸਾਲਾਂ ‘ਚ  ਉਨ੍ਹਾਂ ਦਾ ਭਵਿੱਖ ਇਹ ਖਾ ਜਾਣਗੇ। ਪਰ ਉਸੇ ਵਕਤ ਇਕ ਰੱਬ ‘ਚ ਵਿਸ਼ਵਾਸ ਰੱਖਣ ਵਾਲੀ ਰੂਹ ਵੀ ਉੱਥੇ ਆ ਗਈ ਤੇ ਮੇਰੇ ਮੂੰਹ ਖੋਲ੍ਹਣ ਤੋਂ ਪਹਿਲਾਂ ਹੀ ਉਹ ਉਸ ਸ਼ਖ਼ਸ ਨੂੰ ਕਹਿੰਦੇ ਕੋਈ ਨਾ ਵੀਰ ਜਿਸ ਨੇ ਚੁੰਝ ਦਿੱਤੀ ਆ ਉਹ ਚੋਗ ਦਾ ਇੰਤਜ਼ਾਮ ਵੀ ਕਰ ਦੇਵੇਗਾ, ਕੋਈ ਕਿਸੇ ਦਾ ਭਵਿੱਖ ਨਹੀਂ ਖਾ ਸਕਦਾ।  ਸੋ ਇਹ ਦਲੀਲ ਕਾਫ਼ੀ ਹੈ ਇਕ ਵਿਗਿਆਨੀ ਤੇ ਧਰਮੀ ਬੰਦੇ ਦੀ ਸੋਚ ਦਰਸਾਉਣ ਲਈ।  ਹੁਣ ਜਿਹੜਾ ਬੰਦਾ ਇਹ ਸੋਚਦਾ ਹੈ ਕਿ ਹਰ ਬੰਦਾ ਆਪਣੇ ਕਰਮ ਲੈ ਕੇ ਇਸ ਦੁਨੀਆ ਤੇ ਆਉਂਦਾ ਹੈ,  ਉਸ ਦੇ ਨਫ਼ਰਤ ਨੇੜੇ ਨਹੀਂ ਆਉਂਦੀ ਤੇ ਦੂਜੀ ਧਿਰ ਸਾਰਾ ਦਿਨ ਨਫ਼ਰਤ ‘ਚ ਕੁਲਝ ਦੀ ਰਹਿੰਦੀ ਹੈ।

ਨਫ਼ਰਤ ਦੀ ਤਾਜ਼ਾ ਘਟਨਾ ਨੇ ਅੱਜ ਨਿਊਜ਼ੀਲੈਂਡ ਦੇ ਨਾਲ-ਨਾਲ ਸਾਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ। ਨਫ਼ਰਤੀ ਦਿਮਾਗ਼ ਨਾਲ ਬੰਦੇ ਮਾਰਨ ਲਈ ਵਿਗਿਆਨ ਦੀ ਮਹਾਨ ਖੋਜਾਂ ‘ਚੋਂ ਕੁਝ ਆਧੁਨਿਕ ਬੰਦੂਕਾਂ ਨਾਲ ਲੈਸ ਹੈਵਾਨ ਨੇ ਰੱਬ ਦਾ ਨਾਂ ਲੈ ਰਹੇ ਨਿਹੱਥੇ ਲੋਕਾਂ ਨਾਲ ਜੋ ਕੀਤੀ ਉਹ ਕੋਈ ਧਰਮੀ ਬੰਦਾ ਨਹੀਂ ਕਰ ਸਕਦਾ ਸੀ। ਕਹਿਣ ਨੂੰ ਤਾਂ ਬਹੁਤ ਕੁਝ ਹੈ ਪਰ ਅਖੀਰ ‘ਚ ਇਹੀ ਕਹਾਂਗਾ ਕਿ ਲੋਕ ਤਾਂ ਕਹਿੰਦੇ ਹਨ ਕਿ ਭਵਿੱਖ ‘ਚ ਦੁਨੀਆ ਪਾਣੀ ਕਾਰਨ ਖ਼ਤਮ ਹੋਵੇਗੀ ਪਰ ਮਾਫ਼ੀ ਚਾਹੁੰਦਾ ਹਾਂ ਮੇਰਾ ਮਾਣਨਾ ਕਿ ਦੁਨੀਆ ਦੇ ਖ਼ਾਤਮੇ ਦਾ ਕਾਰਨ ਵਿਗਿਆਨ ਹੋਵੇਗਾ।