• ਫੇਸਬੁੱਕ ‘ਤੇ ਵੱਧ ਲਾਈਕ, ਕੁਮੈਂਟ ਲੈਣ ਦੀ ਮਨਸ਼ਾ ਹਿਤ ਗੈਂਗ ਇੱਕ ਦੂਜੇ ਦੀ ਬਣਾਉਂਦੇ ਹਨ ਵੀਡੀਓ

10 March 2019 KhurmiUK 01

ਲੰਡਨ (ਮਨਦੀਪ ਖੁਰਮੀ) ਖ਼ੂਬਸੂਰਤੀ ਪੱਖੋਂ ਆਪਣੀ ਧਾਂਕ ਜਮਾਈ ਬੈਠੇ ਲੰਡਨ ਦੇ ਮੱਥੇ ‘ਤੇ ਛੁਰੇਬਾਜ਼ੀ ਦੀਆਂ ਘਟਨਾਵਾਂ ਕਲੰਕ ਬਣ ਕੇ ਉੱਭਰ ਰਹਆਂ ਹਨ। ਲੰਡਨ ਵਾਸੀਆਂ ਦੀ ਜਿਵੇਂ ਆਦਤ ਜਿਹੀ ਹੀ ਬਣ ਗਈ ਹੋਵੇ ਕਿ ਉਹਨਾਂ ਨੇ ਰੋਜ਼ਾਨਾ ਕੋਈ ਨਾ ਕੋਈ ਛੁਰੇਬਾਜੀ ਦੀ ਘਟਨਾ ਸੁਣਨੀ ਹੀ ਹੈ। ਅਜੂਬੇ ਵਰਗੇ ਸਹਿਰ ‘ਚ ਮਨੁੱਖੀ ਜਾਨਾਂ ਥੋਕ ਦੇ ਭਾਅ ਅਜਾਈਂ ਜਾ ਰਹੀਆਂ ਹਨ। ਬਰਤਾਨਵੀ ਸਰਕਾਰ ਜਿੱਥੇ ਬ੍ਰੈਗਜਿਟ ਮਾਮਲੇ ਵਿੱਚ ਉਲਝੀ ਨਜ਼ਰ ਆ ਰਹੀ ਹੈ ਉੱਥੇ ਛੁਰੇਬਾਜ਼ੀ ਦੀਆਂ ਘਟਨਾਵਾਂ ਦੀ ਦਰ ਵਿੱਚ ਦਿਨ ਬ ਦਿਨ ਹੁੰਦਾ ਜਾ ਰਹੇ ਵਾਧੇ ਕਾਰਨ ਵੀ ਵਿਰੋਧੀ ਧਿਰ ਕੋਲੋਂ ਸੁਣਨਾ ਪੈ ਰਿਹਾ ਹੈ। ਕਿੱਧਰੇ ਇਸ ਵਰਤਾਰੇ ਨੂੰ ਗੈਰਕਾਨੂੰਨੀ ਮਾਰੂ ਨਸ਼ਿਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਤੇ ਕਦੇ ਪੁਲਿਸ ਦੀ ਘਟਾਈ ਨਫ਼ਰੀ ਨਾਲ। ਅੱਲੜ੍ਹ ਉਮਰ ਦੇ ਰਾਹੋਂ ਭਟਕੇ ਨੌਜਵਾਨਾਂ ਦੇ ਗੈਂਗ ਇੱਕ ਦੂਜੇ ਦੀ ਬਾਦਸ਼ਾਹਤ ਦੀ ਸੰਘੀ ਉੱਪਰ ਪੈਰ ਰੱਖਣ ਦੇ ਮਨਸ਼ੇ ਨਾਲ ਵੀ ਆਪਣੇ ਵਿਰੋਧੀਆਂ ਦੀ ਵੱਢ ਟੁੱਕ ਕਰ ਰਹੇ ਹਨ। ਪਿਛਲੇ ਕੁਝ ਸਮੇਂ ਵਿੱਚ ਛੁਰੇਬਾਜੀ ਵੇਲੇ ਦੀਆਂ ਸੋਸਲ ਸਾਈਟਾਂ ਉੱਪਰ ਸਾਂਝੀਆਂ ਹੋਈਆਂ ਵੀਡੀਓਜ਼ ਇਸ ਗੱਲ ਵੱਲ ਸੰਕੇਤ ਕਰਦੀਆਂ ਹਨ ਕਿ ਅੱਲੜ੍ਹ ਉਮਰ ਦੇ ਨੌਜਵਾਨ ਸਿਰਫ਼ ਵੱਧ ਤੋਂ ਵੱਧ ਲਾਈਕ, ਕੁਮੈਂਟ ਜਾਂ ਸ਼ੇਅਰ ਹਾਸਲ ਕਰਨ ਦੀ ਦੌੜ ਵਿੱਚ ਆਪਣੇ ਵਿਰੋਧੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। 2019 ਦੀ ਆਮਦ ਵੀ ਲੰਡਨ ਨੂੰ ਸੁੱਖ ਦਾ ਸਾਹ ਨਹੀਂ ਦਿਵਾ ਸਕੀ ਬਲਕਿ ਜਨਵਰੀ ਮਹੀਨਾ ਛੁਰੇਬਾਜ਼ੀ ਦੀਆਂ 43 ਘਟਨਾਵਾਂ ਆਪਣੇ ਨਾਮ ਕਰਵਾ ਗਿਆ। ਮੈਟਰੋਪੁਲਿਟਨ ਪੁਲਿਸ ਦੇ ਅੰਕੜੇ ਦੱਸਦੇ ਹਨ ਕਿ ਸਾਲ 2018 ‘ਚ ਛੁਰੇਬਾਜ਼ੀ ਦੀਆਂ ਘਟਨਾਵਾਂ ਵਿੱਚ 16 ਫੀਸਦੀ ਦਾ ਵਾਧਾ ਹੋਇਆ ਸੀ। ਜੋ ਕਿ ਨਿਰੰਤਰ ਆਪਣੀ ਰਾਹ ‘ਤੇ ਹੈ।

ਪਿਛਲੇ ਸੱਤ ਸਾਲਾਂ ਦੇ ਮੁਕਾਬਲੇ ਮਾਰਚ 2018 ਤੱਕ ਚਾਕੂ ਜਾਂ ਤੇਜ਼ਧਾਰ ਹਥਿਆਰਾਂ ਨਾਲ ਵਾਪਰੀਆਂ ਘਟਨਾਵਾਂ ਦੀ ਗਿਣਤੀ 40147 ਦਰਜ਼ ਕੀਤੀ ਗਈ ਸੀ। ਉਸ ਤੋਂ ਬਾਅਦ ਅਪ੍ਰੈਲ ਤੱਕ ਹੀ 1299 ਘਟਨਾਵਾਂ ਵਾਪਰ ਚੁੱਕੀਆਂ ਹਨ। ਕੋਕੀਨ ਵਰਗੇ ਮਾਰੂ ਨਸ਼ਿਆਂ ਦੇ ਹੜ੍ਹ ਨੂੰ ਵੀ ਅਜਿਹੇ ਜ਼ੁਰਮਾਂ ਦੇ ਵਾਧੇ ਦਾ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਪਿਛਲੇ ਸਾਲ ਫਰਵਰੀ ਮਹੀਨੇ ਸਿਰਫ ਇੱਕ ਹਫ਼ਤੇ ‘ਚ 250 ਦੇ ਲਗਭਗ ਚਾਕੂ ਤੇ ਤੇਜ਼ਧਾਰ ਹਥਿਆਰ ਪੁਲਿਸ ਵੱਲੋਂ ਜ਼ਬਤ ਕੀਤੇ ਗਏ ਸਨ ਤੇ 283 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਹਨਾਂ ਵਿੱਚੋਂ ਜਿਆਦਾਤਰ ਅੱਲੜ੍ਹ ਉਮਰ ਦੇ ਸਨ। ਜਦੋਂ ਸਾਰਾ ਦੇਸ਼ ਨਵੇਂ ਸਾਲ ਦੇ ਜਸ਼ਨ ਮਨਾ ਰਿਹਾ ਸੀ ਤਾਂ 1 ਜਨਵਰੀ 2019 ਨੂੰ 33 ਸਾਲਾ ਸ਼ਾਰਲਟ ਹਗਿਨਜ਼ ਆਪਣੇ ਘਰ ਵਿੱਚ ਹੀ ਚਾਕੂ ਨਾਲ ਹੋਏ ਹਮਲੇ ਤੋਂ ਬਾਅਦ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਸੀ। 4:20 ਸਵੇਰੇ ਉਸਦੀ ਮੌਤ ਹੋਣ ਨਾਲ ਉਹਦਾ ਨਾਂ ਲੰਡਨ ‘ਚ ਨਵੇਂ ਸਾਲ ਦਾ ਪਹਿਲਾ ਕਤਲ ਹੋ ਨਿੱਬੜਿਆ। ਪੂਰੇ ਮਹੀਨੇ ਵਿੱਚੋਂ 3, 10, 13, 16, 18, 25, 27 ਤੇ 28 ਜਨਵਰੀ ਨੂੰ ਪੁਲਿਸ ਨੇ ਸੁੱਖ ਦਾ ਸਾਹ ਲਿਆ। ਬੇਸ਼ੱਕ ਇਹ ਘਟਨਾਵਾਂ ਅਕਸਰ ਹੀ ਗੈਂਗਾਂ ਦੀ ਆਪਸੀ ਖਹਿਬਾਜ਼ੀ ਜਾਂ ਜਿਆਦਾਤਰ ਨਸ਼ਿਆਂ ਦੇ ਪ੍ਰਭਾਵ ਹੇਠ ਵਾਪਰਦੀਆਂ ਹਨ ਪਰ ਸ਼ਾਂਤੀਪਸੰਦ ਤੇ ਕੰਮਕਾਜੀ ਸਹਿਰੀ ਖੌਫ਼ ਦੇ ਮਾਹੌਲ ‘ਚ ਵਿਚਰਦੇ ਨਜ਼ਰ ਆਉਂਦੇ ਹਨ ਕਿ ਕੀ ਪਤਾ, ਕਦੋਂ ਕਿਸ ਪਾਸਿਉਂ ਚਾਕੂ ਪੇਟ ਦੇ ਆਰ ਪਾਰ ਹੋ ਜਾਵੇ?

ਨਸ਼ਾ ਤਸਕਰਾਂ ਦੀ ਆਪਸੀ ਖਹਿਬਾਜ਼ੀ ਦਾ ਹੀ ਨਤੀਜਾ ਸੀ ਕਿ ਪਿਛਲੇ ਸਾਲ 19 ਮਾਰਚ ਨੂੰ ਸਲੌਅ ਦੇ ਪੰਜਾਬੀ ਬਲਬੀਰ ਜੌਹਲ ਨੂੰ ਸਾਊਥਾਲ ਵਿੱਚ ਚਾਕੂ ਮਾਰ ਕੇ ਮਾਰ ਦਿੱਤਾ ਸੀ। ਹਸਨ ਮੁਹੰਮਦ ਨਾਂ ਦੇ ਕਾਤਲ ਨੌਜਵਾਨ ਨੂੰ ਉਮਰ ਕੈਦ ਹੋਈ ਸੀ। ਅਦਾਲਤੀ ਕਾਰਵਾਈ ਦੌਰਾਨ ਇਹ ਤੱਥ ਸਾਹਮਣੇ ਆਏ ਸਨ ਕਿ ਕਤਲ ਦੀ ਵਜ੍ਹਾ ਇੱਕ ਦੂਜੇ ਦੇ ਇਲਾਕੇ ਵਿੱਚ ਨਸ਼ਾ ਵੇਚਣਾ ਹੀ ਸੀ। ਬੀਤੇ ਦਿਨੀਂ ਇੱਕ ਅੱਲੜ੍ਹ ਉਮਰ ਦੇ ਨੌਜਵਾਨ ਨੇ ਬੱਸ ਵਿੱਚ ਸਵਾਰ ਇੱਕ ਅਣਜਾਣ ਨੌਜਵਾਨ ਦੇ ਸਿਰਫ ਇਸ ਗੱਲੋਂ ਹੀ ਚਾਕੂ ਮਾਰ ਦਿੱਤਾ ਕਿ ਉਹ ਨੌਜਵਾਨ ਉਸ ਵੱਲ ਦੇਖ ਕਿਉਂ ਰਿਹਾ ਸੀ?