harlal singh bains bhagat kattu wala 190312 IMG_3005

ਅਨਪੜ੍ਹ ਭਗਤੂ ਬੋਲੀ ਜੋੜਦਾ, ਹੋ ਗਿਆ ਉਮਰ ਦਾ ਸਿਆਣਾ ।
ਦੋ ਕੰਮ ਦੁਨੀਆ ਤੇ, ਜੰਮਣਾ ਤੇ ਮਰ ਜਾਣਾ ।
ਆਪਣੀ ਸਾਰੀ ਉਮਰ ਲੋਕ-ਕਾਵਿ ਦੇ ਲੇਖੇ ਲਾਉਣ ਵਾਲ਼ਾ ਇੱਕ ਸ਼ਿੱਦਤੀ ਲੋਕ-ਕਵੀ ਭਗਤੂ ਸਿੰਘ, ਜ਼ਿੰਦਗੀ ਦੇ 78 ਵਰ੍ਹੇ ਪੂਰੇ ਕਰਦਾ ਹੋਇਆ,ਉਮਰ ਦੇ ਆਖਰੀ ਪੜਾਅ ਵਿੱਚ ਪਹੁੰਚ ਚੁੱਕਿਆ ਹੈ।ਪਰ ਹਾਲੇ ਵੀ ਮਲਵਈ ਗਿੱਧੇ ਵਿੱਚ ਬੋਲੀਆਂ ਪਾਉਣ ਦੀ ਸ਼ਿੱਦਤ ਕਿਸੇ ਗੱਲੋਂ ਘਟੀ ਨਹੀਂ।ਭਾਵੇਂ ਕਿ ਅੱਜਕੱਲ੍ਹ ਪੰਜਾਬੀ ਸਭਿਆਚਾਰ ਦੇ ਅਨਮੋਲ ਹੀਰੇ ਇੱਕ-ਇੱਕ ਕਰਕੇ ਪੰਜਾਬੀ ਜਗਤ ਦੇ ਹੱਥੋਂ ਨਿਕਲਦੇ ਜਾ ਰਹੇ ਹਨ। ਪਰ ਭਗਤੂ ਹਾਲੇ ਵੀ ਗਰੀਬੀ ਅਤੇ ਬੁਢਾਪੇ ਦੀਆਂ ਤਕਲੀਫ਼ਾਂ ਨਾਲ ਜੂਝਦਾ ਹੋਇਆ ਸਿਦਕੀ ਲੋਕ-ਕਵੀ ਹੋਣ ਦਾ ਸਬੂਤ ਦੇ ਰਿਹਾ ਹੈ।
ਪਿੰਡ ਕੱਟੂ, ਜਿੱਲ੍ਹਾ ਬਰਨਾਲਾ ਦਾ ਰਹਿਣ ਵਾਲਾ ਭਗਤੂ ਸਿੰਘ, ਛੋਟੀ ਉਮਰ ਵਿੱਚ ਹੀ ਖੇਤਾਂ ਵਿੱਚ ਮੱਝਾਂ ਚਾਰਨ ਜਾਂਦੇ ਸਮੇਂ ਬੋਲੀਆਂ ਪਾਉਣ ਲੱਗ ਗਿਆ ਸੀ। ਹੌਲ਼ੀ-ਹੌਲ਼ੀ ਛਪਾਰ ਦੇ ਮੇਲੇ ਤੇ ਜਾਣ ਲੱਗ ਗਿਆ ਅਤੇ ਮਲਵਈ ਗਿੱਧੇ ਦੀਆਂ ਢਾਣੀਆਂ ਦਾ ਸਿਰਕੱਢ ਬੋਲੀਕਾਰ ਬਣ ਗਿਆ। ਪਿੰਡ ਵਿੱਚ ਰਹਿੰਦੇ ਇੱਕ ਸਾਧ ਹਰਨਾਮ ਦਾਸ ਤੋਂ ਕੁਝ ਸਾਲ ਗੂੜ-ਗਿਆਨ ਹਾਸਲ ਕੀਤਾ ਪਰ ਸਕੂਲ ਜਾਣਾ ਕਦੇ ਨਸੀਬ ਨਾ ਹੋਇਆ।ਅੱਖਰ ਗਿਆਨ ਤੋਂ ਕੋਰੇ ਅਨਪੜ੍ਹ ਭਗਤੂ ਦੀ ਕਾਵਿ-ਕਲਾ ਨੇ ਵੱਡੇ-ਵੱਡੇ ਵਿਦਵਾਨਾਂ ਨੂੰ ਵੀ ਉਸਦੇ ਪਿੰਡ ਪਹੁੰਚਣ ਲਈ ਮਜਬੂਰ ਕਰ ਦਿੱਤਾ। ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਵੱਲੋਂ 1983 ਵਿੱਚ ਪੰਜਾਬੀ ਲੋਕ-ਸਾਹਿਤ ਨੂੰ ਸੰਭਲਣ ਅਤੇ ਉਜਾਗਰ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ। ਜਿਸ ਤਹਿਤ ਡਾ: ਨਾਹਰ ਸਿੰਘ ਨੇ ਮਾਲਵੇ ਦੀਆਂ ਲੋਕ ਬੋਲੀਆਂ ਇਕੱਤਰ ਕਰਕੇ ਇੱਕ ਕਿਤਾਬ ਕਾਲਿਆਂ ਹਰਨਾ ਰੋਹੀਏ ਫਿਰਨਾ ਛਪਵਾਈ। ਜਿਸ ਵਿੱਚ ਜ਼ਿਆਦਾਤਰ ਰਚਨਾ ਭਗਤੂ ਦੀ ਹੈ।

ਡਾ: ਨਾਹਰ ਸਿੰਘ ਅਨੁਸਾਰ ਭਗਤੂ ਦੀ ਕਾਵਿ-ਕਲਾ ਵਿੱਚ ਲੋਹੜੇ ਦੀ ਸ਼ਿੱਦਤ ਅਤੇ ਲੋਕ ਅਨੁਭਵ ਬਹੁਤ ਤਿੱਖਾ ਹੈ।

ਹੋ…ਬਹੁਤੀਆਂ ਬੋਲੀਆਂ ਘੜ੍ਹਕੇ ਯਾਰੋ, ਰੌਲਾ ਨਾ ਵਾਧੂ ਕਰੀਏ।
ਜਿੱਥੇ ਬੈਠੇ ਹੋਣ ਸਿਆਣੇ , ਓਥੇ ਗੱਲ ਅਕਲ ਦੀ ਕਰੀਏ।
ਸ਼ੇਰ ਵਾਂਗ ਬਹੁਤਾ ਗੱਜਣਾਂ ਨਾ ਚਾਹੀਏ, ਗਿੱਦੜ ਵਾਂਗ ਨਾ ਡਰੀਏ।
ਲੋਹੇ ਵਾਂਗ ਬਹੁਤਾ ਗਰਮ ਨਾ ਹੋਈਏ, ਬਰਫ਼ ਵਾਂਗ ਨਾ ਠਰੀਏ।
ਸਕਾ ਭਾਈ ਛੱਡ ਲੜਦਾ ਨਾ ਭੱਜੀਏ, ਥਾਉਂ ਨਾ ਬਿਗਾਨੇ ਮਰੀਏ।
ਬੈਅ ਲੈਣ ਦੀ ਬਹੁਤੀ ਆਸ ਨਾ ਰੱਖੀਏ, ਆਵਦੀ ਨਾ ਗਹਿਣੇ ਧਰੀਏ।
ਸਾਬਤ ਨਾਲੋਂ ਅੱਧੀ ਚੰਗੀ , ਸਬਰ-ਸਬੂਰੀ ਕਰੀਏ ।
ਕੱਖ ਦੇ ਖਰਚੇ ਤੇ , ਫਿਰ ਲੱਖ ਦਾ ਖਰਚ ਨਾ ਕਰੀਏ।
ਹੱਸ ਕੇ ਨਾਰ ਕੋਈ ਲੰਘਜੇ ਲਵੇ ਦੀ,ਉਸਦਾ ਪਿੱਛਾ ਨਾ ਕਰੀਏ।
ਨਾਰ ਪਰਾਈ ਆਦਰ ਥੋੜਾ, ਸਿਰ ਚੜ੍ਹਕੇ ਨਾ ਮਰੀਏ।
ਚਾਰੇ ਨੈਣ ਕਟਾਵੱਢ ਹੋ ਜਾਣ, ਸ਼ਾਹਦੀ ਕਿਸ ਦੀ ਭਰੀਏ।
ਉੱਚਾ ਬੁਰਜ ਬਰੋਬਰ ਮੋਰੀ, ਦੀਵਾ ਕਿਸ ਬਿਧ ਧਰੀਏ।
ਭਗਤੂ ਕਹੇ ਜਿੱਥੋਂ ਆਉਣ ਤਜਰਬੇ, ਬੋਲੀ ਸ਼ੌਂਕ ਦੀ ਘੜੀਏ।
ਮੂੰਹੋਂ ਗੱਲ ਕਹਿਕੇ, ਪੂਰੀ ਓਸ ਨੂੰ ਕਰੀਏ। 

ਮਲਵਈ ਗਿੱਧੇ ਵਿੱਚ ਉਸ ਬੋਲੀਕਾਰ ਨੂੰ ਚੋਟੀ ਦਾ ਬੋਲੀਕਾਰ ਮੰਨਿਆ ਜਾਂਦਾ ਹੈ।ਜੋ ਬੋਲੀ ਪਾਉਂਦਾ ਹੋਇਆ ਬੋਲੀ ਟੁੱਟਣ ਨਾ ਦੇਵੇ ਅਤੇ ਮੌਕੇ ਮੁਤਾਬਿਕ ਤੁਰੰਤ ਬੋਲੀ ਜੋੜ ਕੇ ਆਪਣੇ ਵਿਰੋਧੀ ਦੀ ਬੋਲੀ ਦਾ ਜਵਾਬ ਦੇ ਸਕੇ।ਮਲਵਈ ਗਿੱਧੇ ਵਿੱਚ ਇਸ ਨੂੰ ਤੁਰਤ-ਫੁਰਤ ਦੀ ਬੋਲੀ ਵੀ ਕਿਹਾ ਜਾਂਦਾ ਹੈ ।

ਤੁਰਤ ਫੁਰਤ ਦੀਆਂ ਪਾਮਾਂ ਬੋਲੀਆਂ, ਗੱਲਾਂ ਬਣਾ ਕੇ ਸਿੱਟੀਆਂ।
ਕਹੋ ਤਾਂ ਸੁਣਾਮਾਂ ਲੂਣ ਵਾਲੀਆਂ, ਕਹੋ ਤਾਂ ਸੁਣਾਮਾਂ ਮਿੱਠੀਆਂ।
ਭਗਤੂ ਸਿੰਘਾ ਪਾ ਦੇ ਬੋਲੀਆਂ, ਆਉਣ ਦੂਰ ਤੋਂ ਚਿੱਠੀਆਂ।
ਆਉਂਦੀ ਹਾਰ ਨਹੀਂ, ਨਾਲ ਸ਼ੌਂਕ ਦੇ ਸਿੱਖੀਆਂ।

ਤੁਰਤ-ਫੁਰਤ ਬੋਲੀ ਜੋੜਨ ਵਿੱਚ ਭਗਤੂ ਦਾ ਕੋਈ ਵੀ ਸਾਨੀ ਨਹੀਂ ਸੀ।ਆਪਣੇ ਸਮੇਂ ਦੇ ਧਨੰਤਰ ਬੋਲੀਕਾਰਾਂ ਨੂੰ ਉਸਨੇ ਅਨੇਕਾਂ ਵਾਰ ਛਪਾਰ ਦੇ ਮੇਲੇ ਤੇ ਪਛਾੜਿਆ। ਪਰ ਆਪ ਨਹੀਂ ਕਿਸੇ ਤੋਂ ਹਾਰ ਮੰਨੀ। ਤਕਰੀਬਨ 50 -60 ਸਾਲ ਪਹਿਲਾਂ ਖਤਮ ਹੋ ਚੁੱਕੀ, ਤੁਰਤ-ਫੁਰਤ ਬੋਲੀ ਜੋੜਨ ਦੀ ਇਸ ਕਲਾ ਨੂੰ ਭਗਤੂ ਨੇ ਨਾ ਸਿਰਫ਼ ਜਿਉਂਦਿਆਂ ਹੀ ਰੱਖਿਆ, ਸਗੋਂ ਆਪਣੇ ਚੇਲਿਆਂ ਨੂੰ ਵੀ ਇਹ ਕਲਾ ਸਿਖਾ ਕੇ 21ਵੀਂ ਸਦੀ ਤੱਕ ਪਹੁੰਚਦੀ ਕਰ ਦਿੱਤਾ ਹੈ।ਪੰਜਾਬੀ ਸਭਿਆਚਾਰ ਦੀ ਇਸ ਵਿਲੱਖਣ ਕਲਾ ਨੂੰ ਸਾਡੇ ਇਹਨਾਂ ਬਜ਼ੁਰਗਾਂ ਨੇ ਸਾਲਾਂ-ਬੱਧੀ ਘਾਲਣਾ ਘਾਲ ਨੇ ਪੈਦਾ ਕੀਤਾ ਸੀ ਅਤੇ ਪੰਜਾਬੀ ਸਭਿਆਚਾਰ ਦੇ ਸ਼ਿੰਗਾਰ ਵਿੱਚ ਵਾਧਾ ਕੀਤਾ ਸੀ। ਪਰ ਅਫ਼ਸੋਸ! ਪੰਜਾਬੀਆਂ ਦੀ ਨਵੀਂ ਪੀੜ੍ਹੀ ਨੇ ਸਭਿਆਚਾਰ ਵਿੱਚਲੀਆਂ ਇਹੋ ਜਿਹੀਆਂ ਹੋਰ ਕਲਾਵਾਂ ਤਾਂ ਕੀ ਪੈਦਾ ਕਰਨੀਆਂ ਸੀ ਉਲਟਾ ਅੱਜ ਅਸੀਂ ਬਜ਼ੁਰਗਾਂ ਦੀ ਕੀਤੀ ਅਣਥੱਕ ਮਿਹਨਤ ਨੂੰ ਵੀ ਮਿੱਟੀ ਵਿੱਚ ਮਿਲਾ ਰਹੇ ਹਾਂ।

ਵਿੱਚ ਗਿੱਧੇ ਦੇ ਪਾ ਦਿਆਂ ਬੋਲੀ, ਗੱਲ ਕਰਨੀ ਨੀ ਖੜ੍ਹਕੇ।
ਦਿਨ ਛਿਪਦੇ ਨਾਲ ਮੇਲਾ ਵੀਰਨੋਂ, ਐਥੇ ਦੇਖ ਲਿਓ ਭਰਕੇ ।
ਚੰਦ ਚਾਨਣੀ ਰਾਤ ਵੀਰਨੋ, ਚੰਦ ਆਉਂਦਾ ਸਿਖਰ ਨੂੰ ਚੜ੍ਹਕੇ।
ਫੜ੍ਹ ਕੇ ਬਾਹੋਂ ਖੜ ਗਿਆ ਗਲੀ ਵਿੱਚ, ਦਿਲ ਕੱਚਿਆਂ ਦਾ ਧੜਕੇ ।
ਪਿੰਡ ਕੱਟੂ ਨਾਉਂ ਭਗਤੂ ਖ਼ਾਲਸਿਓ, ਢੱਠੇ ਵਾਂਗੂੰ ਬੜ੍ਹਕੇ।
ਟੱਕਰਿਆ ਚਿਰ ਮਗਰੋਂ, ਪਾ ਲਾਂ ਬੋਲੀਆਂ ਖੜ੍ਹਕੇ।

ਯਾਰਾਂ ਬੇਲੀਆਂ ਦੀ ਢਾਣੀ ਵਿੱਚ ਬੜ੍ਹਕਾਂ ਮਾਰਨ ਵਾਲੇ ਪਿੰਡਾਂ ਗੱਭਰੂ ਬੇਹੱਦ ਸੰਗਾਊ ਸੁਭਾਅ ਦੇ ਵੀ ਹੁੰਦੇ ਹਨ।ਚੜ੍ਹਦੀ ਉਮਰੇ ਜਦੋਂ ਕਿਸੇ ਨੂੰ ਇਸ਼ਕ ਦਾ ਨਾਗ ਡੰਗ ਮਾਰਦਾ ਹੈ ਤਾਂ ਇਹਨਾਂ ਸੂਰਮਿਆਂ ਵਿੱਚ ਆਪਣੀ ਹੂਰਾਂ-ਪਰੀ ਦੇ ਸਾਹਮਣੇ ਜਾ ਕੇ ਪਿਆਰ ਦਾ ਇਜ਼ਹਾਰ ਕਰਨ ਜੋਗੀ ਵੀ ਹਿੰਮਤ ਵੀ ਨਹੀਂ ਰਹਿੰਦੀ। ਆਪਣੇ ਇਸ ਅਨੁਭਵ ਨੂੰ ਭਗਤੂ ਬੋਲੀ ਵਿੱਚ ਗੁੰਦ ਕੇ ਇਉਂ ਪੇਸ਼ ਕਰਦਾ ਹੈ।

ਬੋਲੀ ਪਾਮਾਂ ਰੂਹ ਖੁਸ਼ ਕਰਦਿਆਂ , ਲੈ ਕੇ ਖੂਬ ਅਨੰਦ ਨੀ।
ਅੱਡਿਓ ਲੈ ਕੇ ਧੁਰ ਚੋਟੀ ਤਾਂਈ, ਗਿਣ ਦੂੰਗਾ ਬੰਦ ਬੰਦ ਨੀ।
ਗੋਲ ਵੀਹਣੀ ਤੇ ਸਜਣ ਚੂੜੀਆਂ, ਭੀੜੀ ਚੜਾਮੇਂ ਵੰਗ ਨੀ।
ਇੰਦਰ ਲੋਕ ਦੀ ਪਰੀ ਤੂੰ ਲਗਦੀ, ਉੜਦੀ ਐਂ ਬਿਨ ਫੰਗ ਨੀ।
ਇੱਕ ਗੱਲ ਦਾ ਤੈਨੂੰ ਕਹਿਣਾ, ਕਹਿਣਾ ਕੀ ਢਹਿ ਜੂਗੀ ਕੰਧ ਨੀ।
ਭਗਤੂ ਦੀ ਬੋਲੀ ਨੂੰ , ਕੋਈ ਨਿੰਦ ਨਾ ਸਕੁ ਮਲੰਗ ਨੀ।
ਆਪੇ ਸਮਝ ਲਵੀਂ , ਕਹਿੰਦੇ ਨੂੰ ਲਗਦੀ ਐ ਸੰਗ ਨੀ..।

ਸੰਗਦੇ-ਸੰਗਾਉਂਦਿਆਂ ਦੀਆਂ ਜਦੋਂ ਅੱਖਾਂ ਚਾਰ ਹੋ ਜਾਂਦੀਆਂ ਹਨ ਅਤੇ ਅਗਲੇ ਪਲਾਂ ਵਿੱਚ ਜਦੋਂ ਦੋ ਦਿਲਾਂ ਦਾ ਮੇਲ ਹੋਣਾ ਹੁੰਦਾ ਹੈ ਓਦੋਂ ਸਮਾਜਿਕ ਪਾੜੇ ਦੋ ਦਿਲਾਂ ਦੇ ਮੇਲ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ । ਤਾਂ ਭਗਤੂ ਵਰਗੇ ਆਸ਼ਕ ਦੇ ਦਿਲ ਵਿਚੋਂ ਹੂਕ ਉੱਠਦੀ ਹੈ।

ਹੋ…..ਭਗਤੂ ਕਹਿੰਦਾ ਪਾ ਦੇ ਬੋਲੀਆਂ , ਕਾਹਨੂੰ ਮਾਰਦੈਂ ਵਾਧਾ।
ਕੀ ਮੈਂ ਤੇਰੀ ਸਿਫ਼ਤ ਸੁਣਾਮਾ, ਤੁਰਦੀ ਨਾਲ ਮਿਜਾਜਾਂ।
ਬਾਂਹਾਂ ਗੋਰੀਆਂ ਭਰੀਆਂ ਵੰਗਾਂ ਨਾਲ , ਵਿੱਚ ਉਂਗਲਾਂ ਦੇ ਛਾਪਾਂ।
ਪੰਜ ਸੱਤ ਕਰਮਾਂ ਭਰਗੀ ਖੁਸ਼ੀ ਨਾਲ, ਮਗਰੋਂ ਪੈਂਦੀਆਂ ਹਾਕਾਂ। 
ਭਗਤੂ ਕਹੇ ਕਿਤੇ ਮਿਲ ਜਾ ਪਟੋਲਿਆ , ਗੁਜ਼ਰ ਗਈਆਂ ਬਰਸਾਤਾਂ ।
ਨੀ ਦਿਲ ਮਿਲਿਆਂ ਤੋਂ, ਕਾਹਨੂੰ ਪਰਖਦੀ ਜਾਤਾਂ।

ਦਰ ਤੇ ਖੜੇ ਭਿਖਾਰੀ ਵਾਂਗ ਆਸ਼ਕ ਦੀ ਪਹਾੜ ਜਿੱਡੀ ਮੰਗ ਨੂੰ ਜਦੋਂ ਮਹਿਬੂਬ ਦੀ ਨਿੱਕੀ ਜਿਹੀ ਹਾਂ ਹੋ ਜਾਂਦੀ ਹੈ। ਤਾਂ ਦਿਲ ਦੀਆਂ ਬਰੂੰਹਾਂ ਰੁਸ਼ਨਾਓ ਜਾਂਦੀਆਂ ਹਨ ਅਤੇ ਆਲ਼ਾ-ਦੁਆਲ਼ਾ ਮਹਿਕਣ ਲੱਗ ਜਾਂਦਾ ਹੈ।ਪਿਆਰ ਦੇ ਇਹਨਾਂ ਅਨੰਦਮਈ ਪਲਾਂ ਦੀ, ਆਪਣੀ ਬੋਲੀ ਰਾਹੀਂ ਭਗਤੂ ਦੀ ਪੇਸ਼ਕਾਰੀ ਬੜੇ ਹੀ ਕਮਾਲ ਦੀ ਹੈ।

ਆਖਾਂ ਗੱਲ ਮੈਂ ਆਖ ਸੁਣਾ ਦਿਆਂ, ਜਿਹੜੀ ਬੁੱਲ੍ਹਾਂ ਤੇ ਚੜ੍ਹਦੀ।
ਬਾਤਾਂ ਇਸ਼ਕ ਦੀਆ, ਜਦੋਂ ਸਾਹਮਣੇ ਬੈਠ ਕੇ ਕਰਦੀ।
ਸੁੱਕੀਆਂ ਵੱਲਾਂ ਨੂੰ ਮਿਲਦਾ ਪਾਣੀ, ਜਦ ਮਿਲਦੇ ਦਿਲਾਂ ਦੇ ਦਰਦੀ।
ਭਗਤੂ ਬਣਾ ਬੋਲੀ, ਜਿਵੇਂ ਬਰਫ਼ੀ ਬਣਾਈ ਘਰਦੀ ।
ਬੂੰਦਾਂ ਬਰਸ ਰਹੀਆਂ, ਨਾ ਗਰਮੀ ਨਾ ਸਰਦੀ…।

ਫ਼ੱਕਰਾਂ ਵਰਗੀ ਜ਼ਿੰਦਗੀ ਜਿਊਣ ਵਾਲੇ ਭਗਤੂ ਦਾ ਸੁਭਾਅ ਵੀ ਦਰਵੇਸ਼ ਫ਼ੱਕਰਾਂ ਵਰਗਾ ਹੀ ਹੈ।ਇੱਕ ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿਣ ਵਾਲ਼ਾ ਇਹ ਬੰਦਾ ਬੇਹੱਦ ਮਿਹਨਤੀ ਅਤੇ ਸਿਰੜੀ ਹੈ।ਹਰ ਇੱਕ ਨੂੰ ਖਿੜੇ ਮੱਥੇ ਮਿਲਣਾ ਅਤੇ ਘਰ ਮਿਲਣ ਆਏ ਹੋਏ ਮਹਿਮਾਨਾਂ ਦੀ ਪ੍ਰਾਹੁਣਚਾਰੀ ਕਰਨ ਨੂੰ ਭਗਤੂ ਆਪਣੇ ਨਸੀਬ ਸਮਝਦਾ ਹੈ। ਆਪਣੇ ਇਸ ਨਿੱਘੇ ਅਤੇ ਮਿੱਠੇ ਸੁਭਾਅ ਕਰਕੇ ਹੀ, ਸਮੇਂ ਦੇ ਨਾਲ-ਨਾਲ, ਬੋਲੀਆਂ ਸਿੱਖਣ ਦੇ ਸ਼ੌਂਕੀ ਅਨੇਕਾਂ ਹੀ ਮੁੰਡੇ ਭਗਤੂ ਦੇ ਚੇਲੇ ਬਣਦੇ ਗਏ।ਜਿਨ੍ਹਾਂ ਵਿੱਚ ਸ਼ਾਮਿਲ ਹਨ ਪ੍ਰਸਿੱਧ ਬੋਲੀਕਾਰ; ਪਾਲ ਸਿੰਘ ਭੁੱਲਰ ਸੰਘੇੜਿਆਂ ਵਾਲ਼ਾ, ਬਲਬੀਰ ਸਿੰਘ ਫੱਲੇਵਾਲ਼ੀਆ, ਪ੍ਰਿਤਪਾਲ ਸਿੰਘ ਕੱਟੂ, ਦਰਸ਼ਨ ਸਿੰਘ ਕੱਟੂ, ਦੁੱਲਾ ਭਾਗੀ ਕੇ ਅਤੇ ਹੋਰ।ਕਾਫ਼ੀ ਸਮਾਂ ਪਹਿਲਾਂ ਭਗਤੂ ਨੇ ਆਪਣੀ ਮਲਵਈ ਗਿੱਧੇ ਦੀ ਟੋਲੀ ਬਣਾ ਲਈ ਸੀ ਜੋ ਅੱਜ ਵੀ ਭਗਤੂ ਦੀ ਟੋਲੀ ਦੇ ਨਾਮ ਨਾਲ ਪ੍ਰਸਿੱਧ ਹੈ।ਮਾਲਵੇ ਦੇ ਪ੍ਰਸਿੱਧ ਮੇਲਿਆਂ ਤੇ ਤੁਸੀਂ ਅਕਸਰ ਹੀ ਭਗਤੂ ਦੀ ਟੋਲੀ ਨੂੰ ਬੋਲੀਆਂ ਪਾਉਂਦੇ ਦੇਖ ਸਕਦੇ ਹੋ।

ਹੋ.. ਬੋਲੀ ਬਲਾਅ ਈ ਵਧੀਆ, ਮੇਰੇ ਯਾਦ ਖੜ੍ਹੇ ਦੇ ਆਈ।
ਬਹੁਤਾ ਚਿਰ ਤਾਂ ਲਾਇਆ ਨੀਂ, ਬਈ ਮਿੰਟੋ-ਮਿੰਟ ਬਣਾਈ।
ਅੱਖਾਂ ਦੋ ਲਾ ਕੇ, ਸਾਨੂੰ ਦੁਨੀਆਂ ਦੀ ਸੈਰ ਕਰਾਈ ।
ਨਾਲ ਤਾਂ ਕੰਨਾਂ ਦੇ, ਫਿਰ ਦਿੰਦੀ ਆਵਾਜ਼ ਸੁਣਾਈ।
ਨੱਕ ਦੇ ਨਾਲ ਤਾਂ ਮੇਰਿਓ ਭਰਾਵੋ, ਜਾਂਦੇ ਸਵਾਸ ਨੇ ਆਈ।
ਮੂੰਹ ਦੇ ਵਿੱਚ ਦੰਦ ਨੇ ਜਿਹੜੇ, ਸੋਹਦੇ ਬਹੁਤ ਸੁਹਾਈ।
ਜੀਭ ਤਾਂ ਕਹਿੰਦੇ ਉਸ ਮਾਲਕ ਨੇ, ਬੋਲਣ ਨੂੰ ਹੈ ਲਾਈ।
ਵਿੱਚ ਦਿਲ ਦੇ ਖੂਨ ਦੌੜਦਾ, ਜਾਂਦਾ ਪੰਪ ਲਗਾਈ।
ਹੱਥ-ਪੈਰ ਤਾਂ ਕੰਮ ਕਰਨ ਨੂੰ, ਲਾ ਦਿੱਤੇ ਨੇ ਭਾਈ।
ਟੋਲੀ ਭਗਤੂ ਦੀ, ਜੀਹਨੇ ਬੋਲੀ ਤੁਰਤ ਬਣਾਈ।
ਐਨਾ ਕੁਝ ਕੱਸ ਕੇ, ਜਾਨ ਕਿਵੇਂ ਵਿੱਚ ਪਾਈ।

ਭਗਤੂ ਦੇ ਦੱਸਣ ਮੁਤਾਬਿਕ ਉਸਨੂੰ ਕਰੀਬ 55 ਸਾਲ ਹੋ ਗਏ ਹਨ ਛਪਾਰ ਦੇ ਮੇਲੇ ਤੇ ਲਗਾਤਾਰ ਜਾਂਦਿਆਂ । ਕਿਸੇ ਵੀ ਸਾਲ ਨਾਗਾ ਨਹੀਂ ਪੈਣ ਦਿੱਤਾ। ਅਜੋਕੇ ਸਮੇਂ ਦੀ ਭੱਜ-ਦੌੜ ਵਾਲ਼ੀ ਜ਼ਿੰਦਗੀ ਵਿੱਚ ਮੇਲਿਆਂ ਤੇ ਲਗਾਤਾਰ ਜਾਣ ਦੀ ਕਠਿਨ ਤਪੱਸਿਆ ਕਰਨ ਦੀ ਕਲਪਨਾ ਕਰਨੀ ਵੀ ਔਖੀ ਲਗਦੀ ਹੈ। ਪਰ ਛਪਾਰ ਦੇ ਮੇਲੇ ਤੇ ਆ ਕੇ ਬੋਲੀਆਂ ਪਾਉਣ ਦੇ ਭਗਤੂ ਦੇ ਸਿਦਕ ਨੂੰ ਸਿਜਦਾ ਕਰਨ ਲਈ , ਇਸਦੇ ਚੇਲਿਆਂ ਵੱਲੋਂ ਕੁਝ ਵਰ੍ਹੇ ਪਹਿਲਾਂ ਛਪਾਰ ਦੇ ਮੇਲੇ ਤੇ ਭਗਤੂ ਦੀ 50ਵੀਂ ਵਰ੍ਹੇਗੰਢ ਮਨਾਈ ਗਈ। ਭਗਤੂ ਦਾ ਮਲਵਈ ਗਿੱਧੇ ਨਾਲ ਅੰਤਾਂ ਦਾ ਪਿਆਰ ਹੈ।ਭਗਤੂ ਦੀ ਇੱਛਾ ਹੈ ਕਿ ਉਸਦੀਆਂ ਅੰਤਿਮ ਰਸਮਾਂ ਵੀ ਗਿੱਧੇ ਦੀਆਂ ਬੋਲੀਆਂ ਦੇ ਨਾਲ ਹੀ ਸੰਪੰਨ ਹੋਣ। ਛਪਾਰ ਦੇ ਮੇਲੇ ਵਿੱਚ ਪਹਿਰ ਦੇ ਤੜਕੇ ਬੋਲੀਆਂ ਪਾ ਰਹੇ ਭਗਤੂ ਨੇ ਆਪਣੇ ਚੇਲਿਆਂ ਅਤੇ ਸਰੋਤਿਆਂ ਨੂੰ ਆਪਣੀ ਅੰਤਿਮ ਇੱਛਾ ਇਉਂ ਦੱਸੀ।

ਆਖਾਂ ਗੱਲ ਮੈ ਆਖ ਸੁਣਾ ਦਿਆਂ, ਸੱਚ ਦਾ ਬਚਨ ਪੁਗਾਇਓ।
ਮੇਰੇ ਮਰਗੇ ਤੋਂ, ਮੇਰੀ ਗੱਲ ਨਾ ਦਿਲੋਂ ਭੁਲਾਇਓ ।
ਬੋਲੀਆਂ ਪਾ ਕੇ ਮੇਰਿਓ ਵੀਰਨੋਂ, ਸਭ ਦਾ ਦਿਲ ਪਰਚਾਇਓ।
ਮਿੱਤਰ-ਪਿਆਰਿਆਂ ਨੂੰ, ਤੁਸੀਂ ਸੱਦੇ ਨਾਲ ਬੁਲਾਇਓ।
ਆਏ ਗਏ ਦੀ ਸੇਵਾ ਕਰਨੀ, ਚਾਹ ਪਾਣੀ ਵੀ ਪਿਆਇਓ।
ਨਾਲ ਸ਼ੌਂਕ ਦੇ ਵਿੱਚ ਟੈਂਟਾਂ ਦੇ , ਰੋਟੀ ਵੀ ਖੁਆਇਓ।
ਜਦੋਂ ਬੋਲੀਆਂ ਪਾਉਣ ਲੱਗਗੇ, ਨਾਉਂ ਭਗਤੂ ਦਾ ਗਾਇਓ।
ਦੁਨੀਆਂ ਦੁੱਧ ਪੁੱਤ ਮੰਗਦੀ, ਤੁਸੀਂ ਮੇਰਾ ਨਾ ਨਾਉਂ ਭੁਲਾਇਓ।
ਛੱਡ ਕੇ ਦੁਨੀਆਂ ਸਭ ਨੇ ਜਾਣਾ, ਤੁਸੀਂ ਦਿਲ ਤੇ ਮੂਲ ਨਾ ਲਾਇਓ।
ਅਨਪੜ੍ਹ ਭਗਤੂ ਦੇ , ਪਰ ਬੋਲ ਮਨੋਂ ਭੁਲਾਇਓ।
ਮੇਰੇ ਮਰਗੇ ਤੋਂ, ਗਿੱਧਾ ਜ਼ਰੂਰ ਪਵਾਇਓ….।

ਸਮਾਜ ਅਤੇ ਸਰਕਾਰਾਂ ਦੀ ਅਣਦੇਖੀ ਕਰਕੇ ਅਕਸਰ ਹੀ ਸਾਡੇ, ਇਹਨਾਂ ਲੋਕ-ਕਲਾਕਾਰਾਂ ਦੀ ਜ਼ਿੰਦਗੀ ਦਾ ਅੰਤਿਮ ਪੜਾਅ ਗਰੀਬੀ ਅਤੇ ਬੁਢਾਪੇ ਨਾਲ ਹੋਰ ਵੀ ਦੁਖਾਂਤਕ ਭਰਿਆ ਹੋ ਜਾਂਦਾ ਹੈ। ਘਰ ਵਿੱਚ ਪਹਿਲਾਂ ਤੋਂ ਹੀ ਗਰੀਬੀ ਹੋਣ ਕਰਕੇ ਭਗਤੂ ਦਾ ਵਿਆਹ ਨਹੀਂ ਸੀ ਹੋ ਸਕਿਆ। ਭਗਤੂ ਹੁਣ ਤੱਕ ਆਪਣੇ ਭਤੀਜੇ ਨਾਲ ਹੀ ਰਹਿੰਦਾ ਆ ਰਿਹਾ ਹੈ ਓਹੀ ਇਸ ਦੀ ਦੇਖਭਾਲ ਕਰ ਰਿਹਾ ਹੈ। ਲੋਕ ਕਲਾਕਾਰਾਂ ਦੀ ਇਸ ਹੋਣੀ ਨੂੰ ਬਹੁਤ ਪਹਿਲਾਂ ਹੀ ਕਿਸੇ ਲੋਕ-ਕਵੀ ਨੇ ਇਉਂ ਲਿਖਿਆ ਸੀ।

ਗਿੜ੍ਹਦੇ ਦੇ ਡੰਗਿਆਂ ਨੂੰ , ਖੂਹ ਝੱਲਦੇ ਨਾ ਕਬਰਾਂ….

ਸਰਕਾਰਾਂ ਵੱਲੋਂ ਤਾਂ ਇਹਨਾਂ ਲੋਕ-ਕਵੀਆਂ ਦੀ ਮਦਦ ਕਰਨ ਦਾ ਖਿਆਲ ਤਾਂ ਹੁਣ ਛੱਡ ਹੀ ਦੇਣਾ ਚਾਹੀਦਾ ਹੈ।ਇਹ ਤਾਂ ਹੁਣ ਸੂਝਵਾਨ ਸਰੋਤਿਆਂ ਨੂੰ ਹੀ ਸੋਚਣਾ ਪਵੇਗਾ ਕਿ ਪੰਜਾਬੀ ਸਭਿਆਚਾਰ ਨੂੰ ਆਪਣੀ ਰੂਹ ਅੰਦਰ ਸੰਭਾਲਣ ਵਾਲ਼ੇ ਇਹਨਾਂ ਸਿਦਕੀ ਸੂਰਮਿਆਂ ਦਾ ਕੀ ਮੱਲ ਪਾਇਆ ਜਾਵੇ। ਅੰਤ ਵਿੱਚ ਆਪਣੀਆਂ ਇਹਨਾਂ ਤੁਕਾਂ ਨਾਲ ਭਗਤੂ ਨੂੰ ਸਿਜਦਾ ਕਰਦਾਂ ਹਾਂ।

ਹੋ….ਨਾਲ ਸ਼ੌਕ ਦੇ ਪਾਵਾਂ ਬੋਲੀਆਂ, ਟੋਟਾ ਜੋੜ ਸੁਖਾਲ਼ਾ।
ਤੁਰਤ-ਫੁਰਤ ਦੀਆਂ ਪਾਵੇ ਬੋਲੀਆਂ, ਭਗਤੂ ਕੱਟੂ ਵਾਲ਼ਾ।
ਸਾਰੀ ਉਮਰ ਤਾਂ ਲਾਤੀ ਲੇਖੇ, ਕਰਿਆ ਮੂਲ ਨੀਂ ਟਾਲ਼ਾ।
ਮੈਂ ਚੇਲਾ ਭਗਤੂ ਦਾ , ਸ਼ੌਂਕੀ ਗਿੱਧੇ ਦਾ ਬਾਹਲ਼ਾ।
ਦੁਨੀਆਂ ਯਾਦ ਕਰੂ, ਭਗਤੂ ਬੋਲੀਆਂ ਵਾਲ਼ਾ।
ਦੁਨੀਆਂ ਯਾਦ ਕਰੂ,….।

(ਹਰਲਾਲ ਸਿੰਘ)

harlal_bains@yahoo.co.in