• ਸਾਹਿਤ ਦਾ ਮਕਸਦ ਮਨੁੱਖ ਅੰਦਰ ਸੁੱਤੀ ਪਈ ਮਾਨਵਤਾ ਜਗਾਉਣਾ ਹੈ-ਖਾਲਿਦ ਹੁਸੈਨ
(ਕੇਸਰਵਾਲਾ ਵਿਖੇ ਇਕੱਠੇ ਹੋਏ ਕਹਾਣੀਕਾਰ ,ਅਲੋਚਕ ਅਤੇ ਸਰੋਤੇ। ਫੋਟੋ: ਅਮਰਜੀਤ ਢਿੱਲੋਂ)
(ਕੇਸਰਵਾਲਾ ਵਿਖੇ ਇਕੱਠੇ ਹੋਏ ਕਹਾਣੀਕਾਰ ,ਅਲੋਚਕ ਅਤੇ ਸਰੋਤੇ। ਫੋਟੋ: ਅਮਰਜੀਤ ਢਿੱਲੋਂ)

ਬਾਜਾਖਾਨਾ 11 ਮਾਰਚ ( ਅਮਰਜੀਤ ਢਿਲੋਂ ) ਪਿੰਡ ਕੇਸਰ ਵਾਲਾ ( ਨੇੜੇ ਭਗਤਾ ਭਾਈ ਕਾ ) ਦੇ ਸਾਹਿਤ ਰਸੀਏ ਹਰਬੰਸ ਸਿੰਘ ਬਰਾੜ ਨੇ ਤਿੰਨ ਸਾਲ ਪਹਿਲਾਂ ਆਪਣੇ ਘਰ ਵਿਚ ਦੋ ਰੋਜਾ ਕਹਾਣੀ ਗੋਸ਼ਟੀ ਦਾ ਅਰੰਭ ਕੀਤਾ ਸੀ। ਜਸਪਾਲ ਮਾਨਖੇੜਾ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਇਹ ਕਹਾਣੀ ਗੋਸ਼ਟੀ ਹੁਣ ਡਲਹੌਜੀ ਵਗੈਰਾ ਕੀਤੀਆਂ ਜਾਂਦੀਆਂ ਕਹਾਣੀ ਗੋਸ਼ਟੀਆਂ ਨੂੰ ਮਾਤ ਪਾਉਣ ਲੱਗ ਪਈ ਹੈ ਅਤੇ ਇਥੇ ਹੁਣ ਭਾਰਤ ਭਰ ਦੇ ਚੋਟੀ ਦੇ ਕਹਾਣੀਕਾਰ ਸ਼ਿਰਕਤ ਕਰਨ ਲੱਗੇ ਹਨ । ਇਸ ਵਾਰ ਦੀ ਕਹਾਣੀ ਗੋਸ਼ਟੀ ਵਿਚ ਪੰਜਾਬੀ ਦੇ ਪੰਜ ਸਮਰੱਥ ਕਹਾਣੀਕਾਰਾਂ ਖਾਲਿਦ ਹੁਸੈਨ( ਜੰਮੂ ਕਸ਼ਮੀਰ) ਡਾ:ਸੁਖਪਾਲ ਸਿੰਘ ਥਿੰਦ ( ਜਲੰਧਰ)ਅਨੇਮਨ ਸਿੰਘ ( ਮਾਨਸਾ) ਪਰਮਜੀਤ ਸਿੰਘ ਢੀਂਗਰਾ ( ਮੁਕਤਸਰ )ਅਤੇ ਜਸਵੀਰ ਰਾਣਾ ( ਅਮਰਗੜ-ਸੰਗਰੂਰ) ਨੇ ਆਪਣੀਆਂ ਤਾਜ਼ਾ ਕਹਾਣੀਆਂ ਪੜ੍ਹੀਆਂ। ਜਿਹਨਾਂ ‘ਤੇ ਹਾਜਰ ਅਲੋਚਕਾਂ -ਕਹਾਣੀਕਾਰਾਂ ਅਤੇ ਸਾਹਿਤ ਰਸੀਆਂ ਨੇ ਖੂਬ ਚਰਚਾ ਕੀਤੀ। ਪਹਿਲੇ ਸ਼ੈਸ਼ਨ ਦੀ ਸ਼ੁਰੂਆਤ ਕਰਦਿਆਂ ਪ੍ਰੋਗ੍ਰਾਮ ਦੇ ਸੰਯੋਜਕ ਕਹਾਣੀਕਾਰ ਜਸਪਾਲ ਮਾਨਖੇੜਾ ਨੇ ਦੱਸਿਆ ਕਿ ਹਰਬੰਸ ਸਿੰਘ ਬਰਾੜ ਪੁਰਾਣੇ ਇਨਕਲਾਬੀ ਵਿਚਾਰਧਾਰਾ ਵਾਲੇ ਸਾਹਿਤ ਰਸੀਆ ਹਨ। ਉਹ ਪਿਛਲੇ 28 ਸਾਲ ਤੋਂ ਆਪਣੇ ਪਿਤਾ ਸ: ਜੁਗਰਾਜ ਸਿੰਘ ਦੀ ਯਾਦ ਵਿਚ ਹਰ ਸਾਲ ਸਕੂਲ ਵਿਚ ਸਮਾਗਮ ਕਰਵਾ ਕੇ ਸਕੂਲੀ ਵਿਦਿਆਰਥੀਆਂ ਨੂੰ ਅਗਾਂਹਵਧੂ ਸਾਹਿਤ ਦੀਆਂ ਪੁਸਤਕਾਂ ਵੰਡ ਰਹੇ ਹਨ ।

ਉਹਨਾਂ ਦੇ ਦੋਵੇਂ ਬੇਟੇ ਵਿਦੇਸ਼ ਗਏ ਹੋਣ ਕਾਰਨ ਉਹਨਾਂ ਦੇ ਮਨ ‘ਚ ਖਿਆਲ ਆਇਆ ਕਿ ਉਹ ਆਪਣੀ ਇਕੱਲਤਾ ਨੂੰ ਸਾਹਿਤਕ ਪ੍ਰੋਗ੍ਰਾਮਾ ਰਾਹੀਂ ਦੂਰ ਕਰਨ ਤਾਂ ਜਿਆਦਾ ਵਧੀਆ ਹੈ। ਇਸ ਤਰ੍ਹਾਂ 2017 ਅਤੇ 18 ਵਿਚ ਦੋ ਰੋਜਾ ਸਫਲ ਕਹਾਣੀ ਗੋਸ਼ਟੀਆਂ ਕੀਤੀਆਂ ਗਈਆਂ। ਇਸ ਤੀਜੀ ਕਹਾਣੀ ਗੋਸ਼ਟੀ ਵਿਚ ਸਭ ਤੋਂ ਪਹਿਲਾਂ ਪਰਮਜੀਤ ਢੀਂਗਰਾ ਨੇ ਆਪਣੀ ਭਾਵ ਪੂਰਤ ਕਹਾਣੀ ‘ ਅਕਾਸ਼ ਦੀ ਪਿੱਠ ਨਹੀਂ ਹੁੰਦੀ’ ਪੇਸ਼ ਕੀਤੀ। ਇਸ ਕਹਾਣੀ ਵਿਚ ਵੰਡ ਦੇ ਸਮੇਂ ਦਾ ਚਿਤਰਣ ਕਰਕੇ ਟੁੱਟ ਰਹੀ ਜਗੀਰਦਾਰੀ ਦਾ ਨਕਸ਼ਾ ਬਹੁਤ ਹੀ ਬਰੀਕਬੀਨੀ ਨਾਲ ਪੇਸ਼ ਕੀਤਾ ਗਿਆ। ਲੇਖਕ ਅਨੁਸਾਰ ਅਕਾਸ਼ (ਸਮੇਂ) ਦੀ ਪਿੱਠ ਨਹੀਂ ਹੁੰਦੀ ਅਤੇ ਇਕ ਸਮਾਂ ਆਉਂਦਾ ਹੈ ਜਦੋਂ ਲੋਕਾਂ ‘ਤੇ ਜ਼ੁਲਮ ਕਰਨ ਵਾਲੇ ਐਸ਼ ਪ੍ਰਸਤ ਜਗੀਰਦਾਰ ਮਿੱਟੀ ‘ਚ ਮਿਲ ਜਾਂਦੇ ਹਨ।

ਦੂਜੀ ਕਹਾਣੀ ਜਸਵੀਰ ਰਾਣਾ ਨੇ ਪੜ੍ਹੀ ‘ ਇਕ ਛੋਟੀ ਜਿਹੀ ਬੇਵਫ਼ਾਈ’ । ਇਸ ਵਿਚ ਲੇਖਕ ਇਹ ਦੱਸਣ ਵਿਚ ਸਫਲ ਰਿਹਾ ਕਿ ਸੁਹੱਪਣਦਾ ਸਬੰਧ ਰੂਹ ਨਾਲ ਹੁੰਦਾ ਹੈ । ਸਾਡੇ ਸਮਾਜ ਵਿਚ ਲੜਕੇ ਬਦਲਾ ਲਊ ਭਾਵਨਾ ਨਾਲ ਲੜਕੀਆਂ ਦੇ ਚਿਹਰੇ ‘ਤੇ ਤੇਜ਼ਾਬ ਪਾ ਕੇ ਜਿਥੇ ਉਹਨਾਂ ਦੀ ਜ਼ਿੰਦਗੀ ਬਰਬਾਦ ਕਰਦੇ ਹਨ ਉਥੇ ਖੁਦ ਵੀ ਇਸ ਗੁਨਾਹ ਬਦਲੇ ਸਾਰੀ ਉਮਰ ਜੇਲ੍ਹਾਂ ‘ਚ ਸੜ੍ਹਦੇ ਹਨ। ਇਕ ਮਾਨਸਿਕ ਰੋਗੀ ਦੀ ਕੀਤੀ ਅਜਿਹੀ ਕਾਰਵਾਈ ਪਤਾ ਨਹੀਂ ਕਿੰਨੇ ਪਰਿਵਾਰ ਬਰਬਾਦ ਕਰ ਦਿੰਦੀ ਹੈ। ਤੀਜੀ ਕਹਾਣੀ ਅਨੇਮਨ ਸਿੰਘ ਨੇ ਪੜ੍ਹੀ ‘ ਜਾਨਵਰ’। ਲੇਖਕ ਨੇ ਇਸ ਕਹਾਣੀ ਵਿਚ ਜਿਥੇ ਵਫਾਦਾਰ ਪਾਲਤੂ ਕੁੱਤਿਆਂ ਦਾ ਵਰਨਣ ਬੜੀ ਬਰੀਕੀ ਨਾਲ ਕੀਤਾ ਹੈ ਉਥੇ ਬੰਦੇ ਅੰਦਰ ਸੁੱਤੇ ਜਾਨਵਰਾਂ ਬਾਰੇ ਵੀ ਕਮਾਲ ਦੀ ਪੇਸ਼ਕਾਰੀ ਕੀਤੀ ਹੈ। ਅਮੀਰਾਂ ਵਲੋਂ ਮਹਿੰਗੇ ਕੁੱਤੇ ਪਾਲ ਕੇ ਗਰੀਬਾਂ ਦਾ ਮਜ਼ਾਕ ਉਡਾਉਣਾ ਵੀ ਇਸ ਕਹਾਣੀ ਦਾ ਵਿਸ਼ਾ ਸੀ। ਇਹਨਾਂ ਕਹਾਣੀਆਂ ‘ਤੇ ਭਰਪੂਰ ਬਹਿਸ ਹੋਈ। 9 ਮਾਰਚ ਦਾ ਇਹ ਪਹਿਲਾ ਸ਼ੈਸ਼ਨ ਰਾਤ ਨੂੰ ਸਮਾਪਤ ਹੋ ਗਿਆ ਅਤੇ ਰਾਤ ਨੂੰ ਲੇਖਕ ਖੁੱਲ੍ਹੀਆਂ ਗੱਲਾਂ ਰਾਹੀਂ ਮਹਿਫ਼ਿਲ ਰੰਗੀਨ ਕਰਦੇ ਰਹੇ।

10 ਮਾਰਚ ਨੂੰ ਦੂਜੇ ਸ਼ੈਸ਼ਨ ਦੀ ਸ਼ੁਰੂਆਤ ਕਸ਼ਮੀਰ ਤੋਂ ਆਏ ਡਾ: ਖਾਲਿਦ ਹੁਸੈਨ ਦੀ ਕਹਾਣੀ ‘ ਖੂਹ ਤੇ ਖਾਈ ‘ ਨਾਲ ਹੋਈ। ਖੂਬਸੂਰਤ ਮੁਹਾਵਰਿਆਂ ਨਾਲ ਸ਼ਿੰਗਾਰੀ ਇਸ ਕਹਾਣੀ ਵਿਚ ਡਾ: ਖਾਲਿਦ ਹੁਸੈਨ ਨੇ ਕਸ਼ਮੀਰ ਸਮੱਸਿਆ ਨੂੰ ਬਹੁਤ ਹੀ ਗੰਭੀਰ ਢੰਗ ਨਾਲ ਉਭਾਰਿਆ । ਕਹਾਣੀ ਦਾ ਸਾਰ ਸੀ ਕਿ ਅੱਤਵਾਦ ਆਪਣੇ ਆਪ ਨਹੀਂ ਪੈਦਾ ਹੁੰਦਾ ਇਸਨੂੰ ਹਮੇਸ਼ਾ ਹਕੂਮਤਾਂ ਦੀ ਸਰਪ੍ਰਸਤੀ ਹੁੰਦੀ ਹੈ। ਆਮ ਨਾਗਰਿਕਾਂ ਲਈ ਇਕ ਪਾਸੇ ਅਤਿਵਾਦ ਦਾ ਖੂਹ ਹੈ ਅਤੇ ਦੂਜੇ ਪਾਸੇ ਪੁਲਿਸ -ਫੌਜ ਦੇ ਜ਼ੁਲਮ ਖਾਈ ਹਨ। ਇਸ ਖੂਹ ਅਤੇ ਖਾਈ ਵਿਚ ਲਟਕਦੇ ਆਮ ਨਾਗਰਿਕਾਂ ਦੀਆਂ ਦਰਜਨਾਂ ਪੀੜ੍ਹੀਆਂ ਖਤਮ ਹੋ ਗਈਆਂ ਹਨ ਅਤੇ ਸਿਆਸਤਾਂ ਨੇ ਪਤਾ ਨਹੀਂ ਅਜੇ ਹੋਰ ਕਿੰਨੀਆਂ ਪੀੜ੍ਹੀਆਂ ਨੂੰ ਖਾ ਜਾਣਾ ਹੈ। ਆਪਣੀ ਜਨਮ ਭੂਮੀ ‘ਤੇ ਰਹਿਣ ਵਾਲੇ ਆਮ ਲੋਕ ਬਿਨਾ ਕਸੂਰ ਦੇ ਕਾਲੇ ਪਾਣੀਆਂ ਦੀ ਸਜ਼ਾ ਭੁਗਤ ਰਹੇ ਹਨ । ਉਹਨਾਂ ਦਾ ਕਸੂਰ ਸਿਰਫ ਇਹ ਹੈ ਕਿ ਉਹ ਸੁਰਗ ਵਰਗੀ ਧਰਤੀ ਦੇ ਜੰਮਪਲ ਹਨ ਅਤੇ ਸਿਆਸਤਾਂ ਨੇ ਇਸ ਨੂੰ ਨਰਕ ਬਣਾ ਦਿੱਤਾ ਹੈ। ਡਾ: ਖਾਲਿਦ ਹੁਸੈਨ ਨੇ ਕਿਹਾ ਸਾਹਿਤ ਦਾ ਮਕਸਦ ਮਨੁੱਖ ਅੰਦਰ ਸੁੱਤੀ ਪਈ ਮਾਨਵਤਾ ਜਗਾਉਣਾ ਹੈ। ਸਮਾਗਮ ਦੀ ਪੰਜਵੀ ਅਤੇ ਆਖਰੀ ਲੰਮੀ ਕਹਾਣੀ ਡਾ: ਸੁਖਪਾਲ ਸਿੰਘ ਥਿੰਦ ਦੀ ‘ ਕਾਲਖ਼ ਕੋਠੜੀ ‘ ਸੀ। ਕਹਾਣੀ ਮੁਤਾਬਿਕ ਸਿਆਸਤ ਦੀ ਕਾਲ ਕੋਠੜੀ ਵਿਚ ਪਿਸਦੇ ਲੋਕ ਜਦੋਂ ਆਪਣੇ ਹੱਕਾਂ ਲਈ ਜਾਗਰੂਕ ਹੋ ਕੇ ਕਿਸੇ ਨਵੀਂ ਪਾਰਟੀ ਦਾ ਲੜ ਫੜਦੇ ਹਨ ਤਾਂ ਪੁਰਾਣੀਆਂ ਰਵਾਇਤੀ ਪਾਰਟੀਆਂ ਝੱਟ ਇਕੱਠੀਆਂ ਹੋ ਜਾਂਦੀਆਂ ਹਨ। ਜਿਹੜੀਆਂ ਦੋ ਪਾਰਟੀਆਂ ‘ ਉਤਰ ਕਾਟੋ ਮੇਰੀ ਵਾਰੀ ‘ ਅਨੁਸਾਰ ਵਾਰੋ ਵਾਰੀ ਰਲ ਕੇ ਰਾਜ ਕਰਦੀਆਂ ਹਨ ਉਹ ਤੀਜੀ ਨਵੀਂ ਪਾਰਟੀ ਨੂੰ ਹਰਾਉਣ ਲਈ ਆਪਣਾ ਪੂਰਾ ਟਿੱਲ ਲਾ ਦਿੰਦੀਆਂ ਹਨ। ਉਹ ਜਾਣਦੇ ਹਨ ਕਿ ਇਹ ਲੋਕ ਉਭਾਰ ਪੰਜਾਬ ‘ਚ ਹਰ ਦਸ ਬਾਰਾਂ ਸਾਲ ਬਾਦ ਕਈ ਵਾਰ ਉਠ ਚੁੱਕਿਆ ਹੈ ਅਤੇ ਹਾਕਮ ਹਰ ਵਾਰ ਇਸ ਨੂੰ ਦਬਾਉਣ ਵਿਚ ਸਫਲ ਰਹੇ ਹਨ। ਫਿਰ ਵੀ ਲੇਖਕ ਆਸ਼ਾਵਾਦੀ ਹੈ ਕਿ ਆਖਰ ਕਿਤੇ ਨਾ ਕਿਤੇ ਤਾਂ ਲੋਕ ਇਸ ਲੋਟੂ ਨਿਜ਼ਾਮ ਤੋਂ ਮੁਕਤੀ ਪਾ ਹੀ ਲੈਣਗੇ।

ਇਹਨਾਂ ਕਹਾਣੀਆਂ ਉਪਰ ਚਰਚਾ ਕਰਨ ਵਾਲਿਆਂ ਵਿਚ ਰਵਿੰਦਰ ਸੰਧੂ, ਜੱਸ ਮੰਡ, ਡਾ: ਛਿੰਦਰਪਾਲ ਸਿੰਘ,ਜਸਪਾਲ ਮਾਨਖੇੜਾ , ਡਾ: ਸੁਖਪਾਲ ਸਿੰਘ ਥਿੰਦ , ਰਾਜਪਾਲ ਸਿੰਘ, ਗੁਰਵਿੰਦਰ ਸਿੰਘ ਪਟਿਆਲਾ, ਆਗਾਜ਼ਵੀਰ, ਡਾ: ਲਾਭ ਸਿੰਘ ਖੀਵਾ ,ਪ੍ਰੋ: ਰਾਮ ਸਿੰਘ ਪੱਡਾ, ਨਰਿੰਦਰ ਬਰਨਾਲਾ , ਗੁਰਦੇਵ ਸਿੰਘ ਖੋਖਰ ,ਖੁਸ਼ਵੰਤ ਬਰਗਾੜੀ,ਸੁਰਿੰਦਰਪ੍ਰੀਤ ਘਣੀਆ,ਪਰਮਜੀਤ ਸਿੰਘ ਮਾਨ ਬਰਨਾਲਾ, ਰਣਬੀਰ ਰਾਣਾ, ਗੁਲਜ਼ਾਰ ਸਿੰਘ ਭਗਤਾ,ਅਮਰਜੀਤ ਢਿੱਲੋਂ ਦਬੜ੍ਹੀਖਾਨਾ ,ਰਣਜੀਤ ਗੌਰਵ, ਸੱਚਪ੍ਰੀਤ ਕੌਰ ਖੀਵਾ, ਰਾਜਵੀਰ ਕੌਰ ,ਸੰਤੋਸ਼ ਕੌਰ,ਹਰਿੰਦਰ ਪੰਜਗਰਾਈਂ ਅਤੇ ਭੁਪਿੰਦਰ ਮਾਨ ਸ਼ਾਮਿਲ ਸਨ । ਅਖੀਰ ਵਿਚ ਡਾ: ਲਾਭ ਸਿੰਘ ਖੀਵਾ ਨੇ ਹਰਬੰਸ ਬਰਾੜ ਦੀ ਤਰਫੋਂ ਸਾਰੇ ਆਏ ਹੋਏ ਕਹਾਣੀਕਾਰਾਂ , ਕਵੀਆਂ , ਅਲੋਚਕਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਚੌਥੀ ਕਹਾਣੀ ਅਗਲੇ ਸਾਲ ਕਰਵਾਉਣ ਦੀ ਇੱਛਾ ਲੈ ਕੇ ਇਹ ਸਮਾਗਮ ਸਮਾਪਤ ਹੋਇਆ।

(ਅਮਰਜੀਤ ਢਿੱਲੋਂ)

+91 94171 20427