– 1 ਮਾਰਚ ਤੋਂ ਨਿਊਜ਼ੀਲੈਂਡ ਪਾਸਪੋਰਟ ਬਣਾਉਣ ਦੀ ਫੀਸ 191 ਡਾਲਰ ਤੇ ਬੱਚਿਆਂ ਦੇ ਪਾਸਪੋਰਟ ਦੀ ਫੀਸ 111 ਡਾਲਰ ਹੋਵੇਗੀ

– ਤੱਤਕਾਲ ਪਾਸਪੋਰਟ ਬਣਦਾ ਹੈ ਤਿੰਨ ਦਿਨਾਂ ‘ਚ ਤੇ ਬਾਕੀ 10 ਦਿਨਾਂ ‘ਚ

NZ PIC 9 Feb-1

ਔਕਲੈਂਡ 9 ਫਰਵਰੀ  – ਨਿਊਜ਼ੀਲੈਂਡ ਦੇ ਅੰਦਰੂਨੀ ਮਾਮਲਿਆਂ ਦੇ ਵਿਭਾਗ ਵੱਲੋਂ ਪਾਸਪੋਰਟ ਬੱਜਟ ਦੇ 110 ਮਿਲੀਅਨ ਡਾਲਰ ਦੇ ਘਾਟੇ ਨੂੰ ਪੂਰਾ ਕਰਨ ਦੇ ਲਈ ਪਾਸਪੋਰਟ ਬਣਾਉਣ ਦੀ ਫੀਸ ਦੇ ਵਿਚ ਵਾਧਾ ਕਰਨ ਦਾ ਐਲਾਨ ਕੀਤਾ ਹੋਇਆ ਹੈ ਜੋ ਕਿ ਪਹਿਲੀ ਮਾਰਚ ਤੋਂ ਲਾਗੂ ਹੋ ਜਾਵੇਗਾ। ਵੱਡਿਆਂ ਦੇ ਪਾਸਪੋਰਟ ਦੀ ਫੀਸ ਇਸ ਵੇਲੇ 180 ਡਾਲਰ ਹੈ ਜੋ ਕਿ ਵਧ ਕੇ 191 ਡਾਲਰ (‘ਟੈਕਸ ਸਮੇਤ) ਹੋ ਜਾਵੇਗੀ ਜਦ ਕਿ ਬੱਚਿਆਂ (16 ਸਾਲ ਤੋਂ ਘੱਟ) ਦੇ ਪਾਸਪੋਰਟ ਦੀ ਫੀਸ 105 ਡਾਲਰ ਤੋਂ ਵਧ ਕੇ 111 ਡਾਲਰ (ਟੈਕਸ ਸਮੇਤ) ਡਾਲਰ ਹੋ ਜਾਵੇਗੀ। ਤੱਤਕਾਲ (ਅਰਜੈਂਟ) ਪਾਸਪੋਰਟ ਦੇ ਲਈ ਫੀਸ 382 ਡਾਲਰ (ਸਮੇਤ ਟੈਕਸ) ਹੋਵੇਗੀ ਜਦ ਕਿ ਬੱਚਿਆਂ ਲਈ ਤੱਤਕਾਲ ਪਾਸਪੋਰਟ ਦੀ ਫੀਸ 302 ਡਾਲਰ (ਟੈਕਸ ਸਮੇਤ) ਹੋਵੇਗੀ। ਇਹ ਤਿੰਨ ਦਿਨ ਵਿਚ ਬਣ ਤੇ ਆ ਜਾਵੇਗਾ ਜਦ ਕਿ ਆਮ ਹਾਲਤ ਵਿਚ ਪਾਸਪੋਰਟ 10 ਦਿਨਾਂ ਵਿਚ ਜਾਂ ਇਸ ਤੋਂ ਪਹਿਲਾਂ ਹੀ ਬਣ ਕੇ ਆ ਜਾਂਦਾ ਹੈ।  ਨਿਊਜ਼ੀਲੈਂਡ, ਆਸਟਰੇਲੀਆ ਅਤੇ ਯੂ. ਕੇ ਵਾਲਿਆਂ ਨੂੰ ਪਾਸਪੋਰਟ ਪੁੱਜਦਾ ਕਰਨ ਲਈ ਕੋਈ ਕੋਰੀਅਰ ਫੀਸ ਵੱਖਰੀ ਨਹੀਂ ਦੇਣੀ ਹੁੰਦੀ ਜਿਵੇਂ ਕਿ ਭਾਰਤੀ ਦੂਤਾਵਾਸ ਵਿਚ ਹੁੰਦਾ ਹੈ।

ਪਾਸਪੋਰਟ ਵਿਭਾਗ ਨੇ 30 ਨਵੰਬਰ 2015 ਤੋਂ ਪਾਸਪੋਰਟ ਦੀ ਮਿਆਦ 5 ਸਾਲ ਤੋਂ ਵਧਾ ਕੇ 10 ਸਾਲ ਦੀ ਕਰ ਦਿੱਤੀ ਸੀ ਜਿਸ ਦੇ ਨਾਲ ਵਿਭਾਗ ਨੂੰ ਵਿੱਤੀ ਘਾਟੇ ਦਾ ਸ਼ਿਕਾਰ ਹੋਣਾ ਪਿਆ, ਜੋ ਫੀਸ ਪੰਜ ਸਾਲ ਬਾਅਦ ਆ ਜਾਣੀ ਸੀ, ਉਹ 10 ਸਾਲ ‘ਤੇ ਜਾ ਪਈ। ਹੁਣ ਵਧੀਆਂ ਫੀਸਾਂ ਤਿੰਨ ਸਾਲ ਤੱਕ ਲਾਗੂ ਰਹਿਣਗੀਆਂ ਅਤੇ 2021 ਦੇ ਵਿਚ ਦੁਬਾਰਾ ਨਜ਼ਰਸਾਨੀ ਕਰਕੇ ਵਧਾਈਆਂ ਜਾ ਸਕਣਗੀਆਂ। ਸਰਕਾਰ ਨੇ ਵਿਸ਼ਵਾਸ਼ ਦਿਵਾਇਆ ਹੈ ਕਿ ਨਿਊਜ਼ੀਲੈਂਡ ਪਾਸਪੋਰਟ ਦੀ ਉਚਤਮਾ ਨੂੰ ਬਰਕਰਾਰ ਰੱਖਿਆ ਜਾਵੇਗਾ, ਇਸ ਵੇਲੇ ਨਿਊਜ਼ੀਲੈਂਡ ਪਾਸਪੋਰਟ ਧਾਰਕ 170 ਦੇਸ਼ਾਂ ਦੇ ਵਿਚ ਵੀਜ਼ਾ ਮੁਕਤ ਜਾ ਸਕਦੇ ਹਨ ਅਤੇ ‘ਆਟੋਮੇਟਿਡ ਬਾਰਡਰ ਕੰਟਰੋਲ ਸਮਾਟਗੇਟ’ ਦੀ ਸਹੂਲਤ ਦਾ ਫਾਇਦਾ ਚੁੱਕ ਸਕਦੇ ਹਨ। ਸੋ ਜਿਨ੍ਹਾਂ ਦੇ ਪਾਸਪੋਰਟ ਜਲਦੀ ਰੀਨੀਊ ਹੋਣ ਵਾਲੇ ਹਨ ਉਹ ਮਾਰਚ ਤੋਂ ਪਹਿਲਾਂ ਰੀਨਿਊ ਕਰਵਾ ਕੇ ਕੁਝ ਡਾਲਰ ਜਰੂਰ ਬਚਾ ਸਕਦੇ ਹਨ। ਨਿਊਜ਼ੀਲੈਂਡ ਪਾਸਪੋਰਟ ਆਨ ਲਾਈਨ ਅਪਲਾਈ ਕੀਤੇ ਜਾ ਸਕਦੇ ਹਨ। ਜੇਕਰ ਪਾਸਪੋਰਟ ਦੀ ਮਿਆਦ ਇਕ ਸਾਲ ਤੋਂ ਘੱਟ ਰਹਿ ਗਈ ਹੈ ਅਤੇ ਤੁਸੀਂ ਕਿਤੇ ਬਾਹਰ ਜਾਣ ਦਾ ਸੋਚ ਰਹੇ ਹੋ ਤਾਂ ਪਾਸਪੋਰਟ ਰੀਨਿਊ ਕਰਾਉਣ ਦੀ ਸਲਾਹ ਦਿੱਤੀ ਗਈ ਹੈ, ਕਿਉਂਕਿ  ਭਾਰਤ ਸਮੇਤ ਕੁਝ ਦੇਸ਼ ਘੱਟੋ-ਘੱਟ 6 ਮਹੀਨੇ ਦੀ ਮਿਆਦ ਮੰਗਦੇ ਹਨ।

ਜੇਕਰ ਕਿਸੀ ਨੇ ਕਿਸੀ ਤਰ੍ਹਾਂ ਦਾ ਜ਼ੁਰਮਾਨਾ ਅਦਾ ਨਾ ਕੀਤਾ ਹੋਵੇ ਅਤੇ ‘ਨਿਆਂ ਮੰਤਰਾਲੇ’ ਦੇ ਰਿਕਾਰਡ ਦੇ ਵਿਚ ਉਸਦਾ ਨਾਂਅ ਹੋਵੇ ਤਾਂ ਉਸਨੂੰ ਹਵਾਈ ਅੱਡੇ ਉਤੇ ਯਾਤਰਾ ਕਰਨ ਤੋਂ ਰੋਕਿਆ ਜਾ ਸਕਦਾ ਹੈ। ‘ਪੇਅ ਔਰ ਸਟੇਅ’ ਨਿਯਮ ਦੇ ਤਹਿਤ ਤੁਹਾਨੂੰ ਜ਼ੁਰਮਾਨਾ ਅਦਾ ਕਰਨਾ ਹੋਏਗਾ ਅਤੇ ਇਹ ਕਿਸੀ ਵੀ ਵੇਲੇ ਆਨ ਲਾਈਨ ਅਦਾ ਕੀਤਾ ਜਾ ਸਕਦਾ ਹੈ ਤਾਂ ਕਿ ਤੁਹਾਨੂੰ ਵਿਦੇਸ਼ ਜਾਣ ਦੇ ਵਿਚ ਰੁਕਾਵਟ ਨਾ ਆਵੇ।