-19 ਤੋਂ 21 ਅਪ੍ਰੈਲ ਤੱਕ ਹੋ ਰਹੀਆਂ ਹਨ ਖੇਡਾਂ

NZ PIC 1 Feb-1
(ਸਿੱਖ ਖੇਡਾਂ ਆਸਟਰੇਲੀਆ ਸਬੰਧੀ ਜਾਣਕਾਰੀ ਦੇਣ ਬਾਅਦ ਸ. ਸਤਨਾਮ ਸਿੰਘ ਪਾਬਲਾ ਮੀਡੀਆ ਕਰਮੀਆਂ ਨਾਲ ਅਤੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਮਾਨ-ਸਨਮਾਨ ਹਾਸਿਲ ਕਰਦਿਆਂ)

ਔਕਲੈਂਡ 1  ਫਰਵਰੀ  -32ਵੀਂਆਂ ਆਸਟਰੇਲੀਅਨ ਸਿੱਖ ਗੇਮਜ਼ ਇਸ ਵਾਰ ਮੈਲਬੌਰਨ ਵਿਖੇ 19 ਤੋਂ 21 ਅਪ੍ਰੈਲ ਤੱਕ ਹੋ ਰਹੀਆਂ ਹਨ। ਅੱਜ ਟੀਮਾਂ ਅਤੇ ਖਿਡਾਰੀਆਂ ਦੇ ਲਈ ਰਜਿਸਟ੍ਰੇਸ਼ਨ ਕਰਨ ਦੀ ਆਖਰੀ ਮਿਤੀ ਸੀ ਅਤੇ ਇਕ ਜਾਣਕਾਰੀ ਮੁਤਾਬਿਕ 200 ਤੋਂ ਉਪਰ ਟੀਮਾਂ ਰਜਿਸਟਰ ਹੋ ਚੁੱਕੀਆਂ ਹਨ। ਇਹ ਪਿਛਲੇ ਸਾਲ ਨਾਲੋਂ ਜਿਆਦਾ ਹਨ। ਸ. ਸਤਨਾਮ ਸਿੰਘ ਪਾਬਲਾ ਬਸਿਆਲਾ ਵਾਲੇ ਜੋ ਕਿ ‘ਆਸਟੇਰੀਲਅਨ ਸਿੱਖ ਗੇਮਜ਼ 2019 ਮੈਲਬੌਰਨ ਆਰਗੇਨਾਈਜੇਸ਼ਨ ਕਮੇਟੀ’ ਦੇ ਸਕੱਤਰ ਹਨ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਬਾ ਕਰੇਗੀਬਰਨ ਦੇ ਮੀਤ ਪ੍ਰਧਾਨ ਵੀ ਹਨ,  ਪਿਛਲੇ 4-5 ਦਿਨ ਤੋਂ ਆਪਣੇ ਨਿੱਜੀ ਦੌਰੇ ਉਤੇ ਨਿਊਜ਼ੀਲੈਂਡ ਆਏ ਸਨ। ਇਸ ਦੌਰਾਨ ਜਿੱਥੇ ਉਹ ਆਪਣੇ ਦੋਸਤਾਂ-ਮਿੱਤਰਾਂ ਦੇ ਨਾਲ ਰਹੇ ਉਥੇ ਅੱਜ ਕੁਝ ਮੀਡੀਆ ਕਰਮੀਆਂ ਦਾ ਉਨ੍ਹਾਂ ਨਾਲ ਏਅਰਪੋਰਟ ‘ਤੇ ਜਾਣ ਤੋਂ ਕੁਝ ਮਿੰਟ ਪਹਿਲਾਂ ਇਕ ਸੰਖੇਪ ਮਿਲਣੀ ਦਾ ਪ੍ਰੋਗਰਾਮ ਬਣ ਗਿਆ, ਜਿਸ ਦੇ ਵਿਚ ਰੇਡੀਓ ਸਪਾਈਸ ਤੋਂ ਸ. ਨਵਤੇਜ ਸਿੰਘ ਰੰਧਾਵਾ, ਸ. ਪਰਮਿੰਦਰ ਸਿੰਘ ਪਾਪਾਟੋਏਟੋਏ, ਸ. ਅਮਰੀਕ ਸਿੰਘ ਰੇਡੀਓ ਨੱਚਦਾ ਪੰਜਾਬ ਅਤੇ ਇਹ ਪੱਤਰਕਾਰ ਸ਼ਾਮਿਲ ਹੋਏ। ਗੱਲਬਾਤ ਦੇ ਵਿਸ਼ੇ ਵਿਚ ਆਸਟਰੇਲੀਅਨ ਸਿੱਖ ਗੇਮਾਂ ਨੂੰ ਮੁੱਖ ਰੱਖ ਕੇ ਕੁਝ ਜਾਣਕਾਰੀ ਹਾਸਿਲ ਕੀਤੀ ਗਈ। ਉਨ੍ਹਾਂ ਕਿਹਾ ਕਿ ਮੈਨੇਜਮੈਂਟ ਵੱਲੋਂ ਭਾਂਵੇ ਵੈਬਸਾਈਟ ਉਤੇ ਸਭ ਨੂੰ ਖੁੱਲ੍ਹਾ ਸੱਦਾ ਦਿੱਤਾ ਹੋਇਆ ਹੈ ਪਰ ਫਿਰ ਵੀ ਉਹ ਆਪਣੀ ਨਿਊਜ਼ੀਲੈਂਡ ਫੇਰੀ ‘ਤੇ ਹੋਣ ਕਰਕੇ ਆਪਣੇ ਵੱਲੋਂ ਨਿਊਜ਼ੀਲੈਂਡ ਦੀਆਂ ਵੱਖ-ਵੱਖ ਟੀਮਾਂ, ਦਰਸ਼ਕਾਂ ਅਤੇ ਮੀਡੀਆ ਕਰਮੀਆਂ ਨੂੰ ਇਨ੍ਹਾਂ ਗੇਮਾਂ ਦੇ ਵਿਚ ਪਹੁੰਚਣ ਦਾ ਸੱਦਾ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਇਹ ਗੇਮਾਂ ਇਕ ਸੰਸਥਾ ਵੱਲੋਂ ਨਹੀਂ ਸਗੋਂ ਸਾਂਝੇ ਰੂਪ ਵਿਚ ਉਦਮ ਕਰਕੇ ਕਰਾਈਆਂ ਜਾਂਦੀਆਂ ਹਨ। ਸਾਰੇ ਪ੍ਰਬੰਧ ਬਿਹਤਰ ਤੋਂ ਬਿਹਤਰ ਕਰਨ ਦੀ ਕੋਸ਼ਿਸ ਹੁੰਦੀ ਹੈ, ਗੁਰਦੁਆਰਾ ਸਾਹਿਬਾਨਾਂ ਦਾ ਵੀ ਵੱਡਾ ਸਹਿਯੋਗ ਹੁੰਦਾ ਹੈ। ਇਸ ਵਾਰ ਸਰਕਾਰ ਵੀ ਪੂਰਾ ਸਾਥ ਦੇ ਰਹੀ ਹੈ। ਨਿਊਜ਼ੀਲੈਂਡ ਦੀਆਂ ਟੀਮਾਂ ਖਾਸ ਕਰ ਖਿੱਚ ਦਾ ਕੇਂਦਰ ਵੀ ਰਹਿੰਦੀਆਂ ਹਨ ਜਿਵੇਂ ਕਿ ਕੀਵੀ ਅਤੇ ਕੰਗਾਰੂ ਖਿਡਾਰੀ ਰਗਬੀ ਦੌਰਾਨ ਆਪਸ ਵਿਚ ਜੋਸ਼ ਪੈਦਾ ਕਰਦੇ ਹਨ। ਇਸ ਤੋਂ ਇਲਾਵਾ ਮਲੇਸ਼ੀਆ, ਸਿੰਗਾਪੁਰ ਅਤੇ ਭਾਰਤ ਤੋਂ ਵੀ ਖਿਡਾਰੀ ਪੁੱਜਦੇ ਹਨ। ਵਰਨਣਯੋਗ ਹੈ ਕਿ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਵੱਲੋਂ ਕੱਬਡੀ ਟੀਮ ਪਹਿਲਾਂ ਹੀ ਪਹੁੰਚਣ ਦਾ ਐਲਾਨ ਕਰ ਚੁੱਕੀ ਹੈ। ਕੁੜੀਆਂ ਦੀ ਹਾਕੀ ਟੀਮ ਵੀ ਜਾ ਰਹੀ ਹੈ। ਸ. ਸਤਨਾਮ ਸਿੰਘ ਪਾਬਲਾ ਦਾ ਇਸ ਨਿੱਘੇ ਸੱਦੇ ਲਈ ਧੰਨਵਾਦ ਕੀਤਾ ਗਿਆ ਇਸ ਮੌਕੇ ਸ. ਦਲਬੀਰ ਸਿੰਘ ਲਸਾੜਾ ਵੀ ਹਾਜ਼ਿਰ ਸਨ। ਸ. ਸਤਨਾਮ ਸਿੰਘ ਪਾਬਲਾ ਨੇ ਇਸ ਤੋਂ ਪਹਿਲਾਂ ਸ. ਬਲਬੀਰ ਸਿੰਘ ਪਾਬਲਾ, ਸ. ਅਵਤਾਰ ਸਿੰਘ ਗਿਰਨ, ਸ. ਰੇਸ਼ਮ ਸਿੰਘ, ਅਵਤਾਰ ਬਸਿਆਲਾ, ਹਰਜਿੰਦਰ ਸਿੰਘ ਬਸਿਆਲਾ, ਸ. ਜਿੰਦਰ ਸਿੰਘ ਟੌਰੰਗਾ ਦੀ ਮੇਜ਼ਬਾਨੀ ਵੀ ਮਾਣੀ। ਅੱਜ ਸਵੇਰੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਵੀ ਉਨ੍ਹਾਂ ਗੁਰੂ ਸਾਹਿਬਾਂ ਦੇ ਦਰਸ਼ਨ ਕੀਤੇ ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਕਮੇਟੀ ਦੇ ਮੀਤ ਪ੍ਰਧਾਨ ਸ. ਮਨਜਿੰਦਰ ਸਿੰਘ ਬਾਸੀ ਹੋਰਾਂ ਨਾਲ ਹੋਈ ਅਤੇ ਉਨ੍ਹਾਂ ਮਾਨ-ਸਨਮਾਨ ਕਰਦਿਆਂ ਉਨ੍ਹਾਂ ਨੂੰ ਯਾਦਗਾਰ ਵਜੋਂ ਜੈਕਟ ਭੇਟ ਕੀਤੀ।