(ਕਾਵਿ-ਸੰਗ੍ਰਿਹ ‘ਅਹਿਸਾਸ’ ਲੋਕ ਅਰਪਣ)

20190127_184108aa
(ਸਮਾਗਮ ਦੌਰਾਨ ਹਾਜ਼ਿਰ ਪਤਵੰਤੇ ਸੱਜਣ)
ਬ੍ਰਿਸਬੇਨ ਦੀ ਧਰਤ ‘ਤੇ ਪੰਜਾਬੀ ਸਾਹਿਤ ਅਤੇ ਮਾਂ-ਬੋਲੀ ਦੇ ਪਸਾਰੇ ਤਹਿਤ ਸੱਭਿਆਚਾਰਕ ਵੰਨਗੀਆਂ ਨਾਲ ਸਥਾਨਕ ਬਹੁ-ਭਸ਼ਾਈ ਕਮਿਊਨਟੀ ਰੇਡੀਓ ਫ਼ੋਰ ਈਬੀ ਵੱਲੋਂ ਪੰਜਾਬੀ ਭਾਸ਼ਾ ਗਰੁੱਪ ਦੇ 30 ਸਾਲ ਪੂਰੇ ਹੋਣ ਦੀ ਵਰ੍ਹੇਗੰਢ ਮਨਾਈ ਗਈ। ਸਥਾਨਕ ਮੀਡਿਆ ਨੂੰ ਪ੍ਰੋਗਰਾਮ ਦੀ ਜਾਣਕਾਰੀ ਦਿੰਦਿਆਂ ਅਦਾਰੇ ਵੱਲੋਂ ਰਛਪਾਲ ਹੇਅਰ, ਕ੍ਰਿਸ਼ਨ ਨਾਂਗੀਆ, ਕਨਵੀਨਰ ਹਰਜੀਤ ਲਸਾੜਾ, ਨਵਦੀਪ ਸਿੰਘ, ਅਜੇਪਾਲ ਸਿੰਘ ਅਤੇ ਦਲਜੀਤ ਸਿੰਘ ਨੇ ਸਾਂਝੇ ਤੌਰ ‘ਤੇ ਦੱਸਿਆ ਪੰਜਾਬੀ ਗਰੁੱਪ ਦੇ ਸਮੂਹ ਵਲੰਟੀਅਰਾਂ ਅਤੇ ਹਾਜ਼ਰੀਨ ਵੱਲੋਂ ਬਾਰਵੀਕਿਊ, ਅਦਾਰੇ ਲਈ ਫੰਡ-ਰੇਸਿੰਗ ਦੇ ਨਾਲ-ਨਾਲ ਸਭਿਆਚਾਰਕ ਵੰਨਗੀਆਂ ‘ਚ ਕਵੀਸ਼ਰੀ, ਭੰਡਾਂ ਦੀਆਂ ਨਕਲਾਂ, ਮਲਵਈ ਬੋਲੀਆਂ, ਹਾਸ-ਸਕਿੱਟਾਂ, ਡਾਂਸ, ਭੰਗੜਾ ਆਦਿ ਵੰਨਗੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ। ਸਮਾਰੋਹ ਦੀ ਸ਼ੁਰੂਆਤ ਹਾਜ਼ਰੀਨ ਨੂੰ ਪੰਜਾਬੀ ਗਰੁੱਪ ਕਨਵੀਨਰ ਵੱਲੋਂ ਜੀ ਆਇਆਂ ਕਹਿ ਲਜ਼ੀਜ਼ ਭੋਜਨ ਨਾਲ ਹੋਈ। ਇਸਤੋਂ ਬਾਅਦ ਬੋਰਡ ਆਫ਼ ਡਾਇਰੈਕਟਰ ‘ਚੋਂ ਰਛਪਾਲ ਹੇਅਰ ਨੇ ਵਿਸਥਾਰ ‘ਚ ਕਮਿਊਨਟੀ ਰੇਡੀਓ ਦੀ ਬਣਤਰ ਅਤੇ ਵਿਦੇਸ਼ੀ ਧਰਤ ‘ਤੇ ਪੰਜਾਬੀ ਭਾਸ਼ਾ ਦੇ ਪਸਾਰੇ ‘ਚ ਰੇਡੀਓ ਦੇ ਯੋਗਦਾਨ ਨੂੰ ਹਾਜ਼ਰੀਨ ਨਾਲ ਸਾਂਝਾ ਕੀਤਾ। ਇਸ ਉਪਰਾਂਤ ਸਾਬਕਾ ਕਨਵੀਨਰ ਕ੍ਰਿਸ਼ਨ ਨਾਂਗੀਆਂ ਨੂੰ ਉਹਨਾਂ ਦੀਆਂ 30 ਸਾਲਾਂ ਸੇਵਾਵਾਂ ਬਦਲੇ ਸਨਮਾਨਿਆ ਗਿਆ। ਕ੍ਰਿਸ਼ਨ ਨਾਂਗੀਆ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਉਹਨਾਂ ਨੂੰ ਮਜ਼ੂਦਾ ਨੌਜ਼ਵਾਨ ਰੇਡੀਓ ਟੀਮ ਤੋਂ ਬਹੁਤ ਆਸਾਂ ਹਨ। ਮਜ਼ੂਦਾ ਕਨਵੀਨਰ ਹਰਜੀਤ ਲਸਾੜਾ ਨੇ ਸੰਖੇਪ ਸੰਬੋਧਨ ‘ਚ ਪ੍ਰਾਪਤੀਆਂ ਦਾ ਵਿਖਿਆਨ ਅਤੇ ਨਵੀਂ ਪੀੜ੍ਹੀ ਨੂੰ ਰੇਡੀਓ ਦੀ ਮਹੱਤਤਾ ਅਤੇ ਸ਼ਮੂਲੀਅਤ ਲਈ ਪ੍ਰੇਰਿਆ। ‘ਓਨ ਕਰਿਊ’ ਨਾਟਕ ਮੰਡਲੀ ਦੇ ਹਾਸ-ਰਸ ਨਾਟਕ ਨੇ ਵਿਦੇਸ਼ੀ ਧਰਤ ‘ਤੇ ਪੰਜਾਬੀ ਭਾਈਚਾਰੇ ‘ਚ ਰਹੇ ਨਿਘਾਰਾਂ ਉੱਤੇ ਕਰਾਰੀ ਚੋਟ ਮਾਰੀ। ਵਿਕਾਊ ਪੱਤਰਕਾਰੀ, ਪ੍ਰੋਮੋਟਰਾਂ ਵੱਲੋਂ ਸੱਭਿਆਚਾਰ ਦੇ ਨਾਂ ‘ਤੇ ਕੀਤਾ ਜਾ ਰਿਹਾ ਖਿਲਵਾੜ ਅਤੇ ਕੱਚਘੜ ਕਵੀਆਂ ‘ਤੇ ਵਿਅੰਗਾਂ ਨੂੰ ਹਾਜ਼ਰੀਨ ਦੀਆਂ ਤਾੜੀਆਂ ਨੇ ਸ਼ਾਬਾਸ਼ ਦਿੱਤੀ। ਰੇਡੀਓ ਪੇਸ਼ਕਰਤਾ ਗੁੰਨਕੀਰਤ ਕਾਲਰਾ ਵੱਲੋਂ ਪਾਇਆ ਭੰਗੜਾ ਹਾਜ਼ਰੀਨ ਨੂੰ ਨੱਚਣ ਲਈ ਉਕਸਾ ਗਿਆ। ਗਜ਼ਲ਼ਗੋ ਜਸਵੰਤ ਵਾਗਲਾ ਦੀ ਸ਼ਾਇਰੀ ਸਮਾਜਿਕ ਚੇਤਨਾ ਦੀ ਗੱਲ ਕਰਦੀ ਦਿਸੀ। ਗਾਇਕ ਸਤਨਾਮ ਸਿੰਘ ਦੀ ਬੁਲੰਦ ਆਵਾਜ਼ ਨੇ ਕਲੀਆਂ ਦੇ ਬਾਦਸ਼ਾਹ “ਮਰਹੂਮ ਕੁਲਦੀਪ ਮਾਣਕ” ਨੂੰ ਜਿਉਂਦਾ ਕੀਤਾ। ਇਥੇ ਜਿਕਰਯੋਗ ਹੈ ਕਿ ਇਸ ਸਮਾਰੋਹ ‘ਚ ਕਨੇਡਾ ਨਿਵਾਸੀ ਕਵਿੱਤਰੀ ਨਵਜੋਤ ਕੌਰ ਸਿੱਧੂ ਦਾ ਪਲੇਠਾ ਕਾਵਿ-ਸੰਗ੍ਰਿਹ ‘ਅਹਿਸਾਸ’ ਵੀ ਲੋਕ ਅਰਪਣ ਕੀਤਾ ਗਿਆ। ਸਮਾਰੋਹ ਦੇ ਅੰਤ ‘ਚ ਜਗਦੀਪ ਸਿੰਘ ਗਿੱਲ, ਸ਼ੈਲੀ ਕਾਹਲੋਂ, ਜੱਗਾ ਸਿੱਧੂ, ਹਰਜੀਤ ਸਿੰਘ ਅਤੇ ਜੱਗਾ ਸਿੱਧੂ ਦੀ ਟੀਮ ਵੱਲੋਂ ਪਾਈਆਂ ਮਲਵਈ ਬੋਲੀਆਂ ਸਮਾਰੋਹ ਦਾ ਸਿੱਖਰ ਹੋ ਨਿੱਬੜੀਆਂ।