images (43)

ਸਿੱਖਿਆ ਵਿਭਾਗ ਪੰਜਾਬ ਸਾਇੰਸ ਅਤੇ ਗਣਿਤ ਅੰਗਰੇਜੀ ਵਿੱਚ ਪੜ੍ਹਾਉਣ ਦਾ ਫੈਸਲਾ ਤੁਰੰਤ ਵਾਪਸ ਲਵੇ: ਡਾ ਤੇਜਵੰਤ ਮਾਨਪੰਜਾਬ ਸਰਕਾਰ ਵੱਲੋਂ ਨਿਰੰਤਰ ਵਿੱਦਿਅਕ ਖੇਤਰ ਵਿੱਚ ਪੰਜਾਬੀ ਭਾਸ਼ਾ ਵਿਰੋਧੀ ਫੈਸਲੇ ਲਏ ਜਾ ਰਹੇ ਹਨ। ਹਾਲ ਹੀ ਵਿੱਚ ਛੇਵੀਂ ਤੋਂ ਨੌਵੀਂ ਤੱਕ ਗਣਿਤ  ਅਤੇ ਵਿਗਿਆਨ ਦੇ ਵਿਸ਼ੇ ਪੰਜਾਬੀ ਦੀ ਥਾਂ ਅੰਗਰੇਜ਼ੀ ਵਿੱਚ ਪੜ੍ਹਾਉਣ ਦਾ ਆਦੇਸ਼ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈ, ਜੋ ਸਾਡੇ ਬੱਚਿਆਂ ਦੇ ਬੌਧਿਕ ਵਿਕਾਸ ਦੀ ਗਤੀ ਨੂੰ ਰੋਕਣ ਵਾਲਾ ਆਦੇਸ਼ ਹੈ। ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਨੇ ਪੰਜਾਬ ਸਰਕਾਰ ਦੇ ਇਸ ਆਦੇਸ਼ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਫੈਸਲਾ ਸਰਾਸਰ ਪੰਜਾਬ ਦੇ ਪੇਂਡੂ ਬੱਚਿਆਂ ਨੂੰ ਅਨਪੜ੍ਹ ਰੱਖਣ ਦੀ ਇੱਕ ਸਾਜ਼ਿਸ਼ ਹੈ। ਇਹ ਫੈਸਲਾ ਪੰਜਾਬ ਰਾਜ ਭਾਸ਼ਾ ਐਕਟ 2008 ਦੀ ਉਲੰਘਣਾ ਹੈ, ਜਿਸ ਵਿਚ ਸਪਸ਼ਟ ਕਿਹਾ ਗਿਆ ਹੈ, ਕਿ ਪੰਜਾਬ ਦੇ ਸਕੂਲਾਂ ਦੀ ਵਿੱਦਿਆ ਦਾ ਮਾਧਿਅਮ ਪੰਜਾਬੀ ਹੋਵੇਗਾ। ਡਾ. ਤੇਜਵੰਤ ਮਾਨ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਆਪਣਾ ਉਪਰੋਕਤ 25 ਜਨਵਰੀ 2019 ਨੂੰ ਜਾਰੀ ਕੀਤਾ ਆਦੇਸ਼ ਤੁਰੰਤ ਵਾਪਸ ਲਵੇ। ਅਧਿਆਪਕ, ਲੇਖਕ ਅਤੇ ਵਿਦਿਆਰਥੀ ਜਥੇਬੰਦੀਆਂ ਇਸ ਆਦੇਸ਼ ਦਾ ਸਖਤ ਵਿਰੋਧ ਕਰਨ। ਡਾ. ਮਾਨ ਨੇ ਪੰਜਾਬ ਦੀਆਂ ਸਾਰੀਆਂ ਸਾਹਿਤ ਸਭਾਵਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬੀ ਭਾਸ਼ਾ ਵਿਰੋਧੀ ਇਸ ਫੈਸਲੇ ਸੰਬੰਧੀ ਆਪਣੀ ਆਵਾਜ਼ ਬੁਲੰਦ ਕਰਨ ਤਾਂ ਕਿ ਪੰਜਾਬ ਸਰਕਾਰ ਦੀ ਪੰਜਾਬੀ ਵਿਰੋਧੀ ਮਾਨਸਿਕਤਾ ਨੂੰ ਰੋਕਿਆ ਜਾ ਸਕੇ। ਲੇਖਕ ਜਥੇਬੰਦੀਆਂ 2019 ਦੀਆਂ ਹੋ ਰਹੀਆਂ ਚੋਣਾਂ ਵਿੱਚ ਪੰਜਾਬੀ ਭਾਸ਼ਾ ਵਿਰੁੱਧ ਹੋ ਰਹੀਆਂ ਸਾਜਿਸ਼ਾਂ ਨੂੰ ਇੱਕ ਮੁੱਦੇ ਵਜੋਂ ਲੋਕਾਂ ਵਿੱਚ ਲੈ ਕੇ ਜਾਣ ।