IMG-20190206-WA0004

ਵਾਕ ਬਣਤਰ ਤੋਂ ਪਾਰ ਅਹਿਸਾਸ ਦੀ ਗੱਲ ਹੈ।ਮੇਰੇ ਸੁਫ਼ਨੇ ਮੇਰੀ ਜ਼ੁਬਾਨ ‘ਚ ਆਉਣਗੇ।ਬੁਝਾਰਤਾਂ,ਕਹਾਣੀਆਂ,ਕਵਿਤਾਵਾਂ ਹੀ ਬੰਦੇ ਦੇ ਅੰਦਰ ਉਹਦੇ ਸੁਭਾਅ ਨੂੰ ਬਣਾਉਂਦੀਆਂ ਹਨ ਅਤੇ ਇਸੇ ਪ੍ਰਵਾਹ ‘ਚ ਉਹ ਆਪਣੇ ਖਿੱਤੇ ਦਾ ਵਜੂਦ ਬਣਦਾ ਹੈ।

ਸੋ ਇਹੋ ਮੇਰੀ ਮਾਂ ਬੋਲੀ ਹੈ।ਦੁਨੀਆਂ ਦੀ ਹਰ ਜ਼ੁਬਾਨ ਕਮਾਲ ਹੈ ਅਤੇ ਸਤਕਾਰਤ ਹੈ ਸਵਾਲ ਅੰਗਰੇਜ਼ੀ ਜਾਂ ਹਿੰਦੀ ਦਾ ਵਿਰੋਧ ਕਰਨ ਦਾ ਨਹੀਂ ਹੈ।ਸਵਾਲ ਹੈ ਕਿ ਸਾਨੂੰ ਘਰ ‘ਚ ਪੰਜਾਬੀ ਬੋਲੀ ਗਵਾਰਾਂ ਦੀ ਜ਼ੁਬਾਨ ਜਾਪਣ ਲੱਗ ਗਈ।ਪੰਜਾਬੀ ਜ਼ੁਬਾਨ ਸਾਨੂੰ ਲੱਗਦਾ ਹੈ ਕਿ ਇਹ ਤਰੱਕੀ ਦੀ ਜ਼ੁਬਾਨ ਨਹੀਂ।
ਨਬਜ਼ ਇਹ ਫੜ੍ਹਣ ਦੀ ਲੋੜ ਹੈ ਕਿ ਉਹ ਬੰਦੇ ਕਿੰਨੇ ਮਹਾਨ ਹੋਣਗੇ ਜਿੰਨਾਂ ਨਿੱਕੇ ਜਹੇ ਖਿੱਤੇ ਦੀ ਅੰਗਰੇਜ਼ੀ ਜ਼ੁਬਾਨ ਨੂੰ ਪੂਰੇ ਸੰਸਾਰ ਦੀ ਜ਼ੁਬਾਨ ਬਣਾ ਦਿੱਤਾ ਅਤੇ ਸਾਡੀ ਜ਼ਹਿਨੀਅਤ ‘ਚ ਇਹ ਬਹਿ ਗਿਆ ਕਿ ਇਹੋ ਸੰਚਾਰ ਦੀ ਇੱਕੋ ਇੱਕ ਜ਼ੁਬਾਨ ਹੈ।
ਸਵਾਲ ਹੈ ਕਿ ਸਾਡੀ ਜ਼ਹਿਨੀਅਤ ਨੂੰ ਉਹ ਸਰਾਪ ਕਦੋਂ ਮਿਲਿਆ ਅਤੇ ਅਸੀਂ ਉਸ ਲਈ ਪੰਜਾਬੀ ਮਾਂ ਬੋਲੀ ਦੇ ਆਸ਼ਕਾਂ ਦਾ ਮਜ਼ਾਕ ਉਡਾਉਣ ਤੋਂ ਲਾਂਭੇ ਪੰਜਾਬੀ ਦਾ ਸੁਹਜ ਆਪਣੀ ਅਗਲੀ ਪੀੜ੍ਹੀ ਨੂੰ ਨਹੀਂ ਦੇ ਸਕੇ।ਕਿਉਂ ਅਸੀਂ ਆਪਣੇ ਬੱਚਿਆਂ ਨੂੰ ਸਕੂਲਾਂ ‘ਚ ਪੜ੍ਹਾਉਂਦੇ,ਉਹਨਾਂ ਸਕੂਲਾਂ ਨੂੰ ਪੰਜਾਬੀ ਬੋਲੀ ਬਾਰੇ ਦੱਸਦੇ ਹੋਏ ਇਹਨਾਂ ਸਕੂਲਾਂ ਦਾ ਜਾਹਲਪੁਣਾ ਖਤਮ ਨਹੀਂ ਕਰ ਸਕੇ।
ਸ਼ਿਤਿਜ ਚੌਧਰੀ ਜਿਹੜਾ ਸਿਨੇਮਾ ਸਾਡੇ ਰੂਬਰੂ ਕਰਦਾ ਹੈ ਉਸ ‘ਚ ਹਾਸੇ ਦੇ ਓਹਲੇ ਡਾਹਡਾ ਰੁਦਣ ਹੈ।ਨੀਰੂ ਬਾਜਵਾ ਦੇ ਕਿਰਦਾਰ ਨੂੰ ਮਹਿਸੂਸ ਕਰਦਿਆਂ ਮੈਂ ਤਾਂ ਤੜਪਦਾ ਹਾਂ ਕਿ ਇਹ ਆਪਣੇ ਬੱਚੇ ਦੇ ਅੰਗਰੇਜ਼ੀ ਬੋਲਣ ‘ਤੇ ਜ਼ੋਰ ਦਿੰਦਿਆ ਪੰਜਾਬੀ ਨੂੰ ਕਿਉਂ ਨਕਾਰਦੀ ਹੈ।
ਤਰਸੇਮ ਜੱਸੜ ਤੋਂ ਲੈਕੇ ਬੀ.ਐੱਨ.ਸ਼ਰਮਾ ਹੋਣ ਜਾ ਘੁੱਗੀ ਹੋਣ ਇਹਨਾਂ ਸਾਰੇ ਕਿਰਦਾਰਾਂ ਮਾਰਫਤ ਨਬਜ਼ ਇੱਕਲੀ ਬੋਲੀ ਪੰਜਾਬੀ ਦੀ ਨਹੀਂ ਫੜ੍ਹੀ ਗਈ।ਪੰਜਾਬੀ ਸਮਾਜ ਦੇ ਉਸ ਪੂਰੇ ਖਲਾਅ ਨੂੰ ਮਹਿਸੂਸ ਕਰੋ ਕਿ ਸਿੱਖਿਆ ਦੀ ਇਸ ਤਰਤੀਬ ਨੇ ਬੰਦਿਆਂ ਦੀ ਕਬੀਲਦਾਰੀ,ਪੇਸ਼ਕਾਰੀ,ਸਹਿਚਾਰ,ਰਹੁ ਰੀਤਾਂ ਤੋਂ ਲੈਕੇ ਹਰ ਤਾਲ ਹੀ ਬਦਲ ਦਿੱਤੀ ਹੈ।
ੳ ਅ ਫ਼ਿਲਮ ਇੰਝ ਇੱਕਲੀ ਜ਼ੁਬਾਨ ਦੇ ਆਈ ਬਿਪਤਾ ਨਹੀਂ ਬਿਆਨ ਕਰਦੀ।
ਇਹ ਪੰਜਾਬ ਦਾ ਮੁੰਕਮਲ ਨਵਾਂ ਸਿਰਜਿਆ ਜਾ ਰਿਹਾ ਮਾਹੌਲ ਬਿਆਨ ਕਰ ਰਹੀ ਹੈ।ਸਰਕਾਰੀ ਸਕੂਲਾਂ ਤੋਂ ਲੈਕੇ ਪ੍ਰਾਈਵੇਟ ਸਕੂਲਾਂ ਤੱਕ ਸਿੱਖਿਆ ਦੇ ਖੁੰਝੇ ਨਿਸ਼ਾਨੇ ਵੱਲ ਵੀ ਇਸ਼ਾਰਾ ਹੈ ਜਿੱਥੇ ਸਿੱਖਿਆ ਜਾਣਕਾਰੀ ਤੋਂ ਬਾਅਦ ਗਿਆਨ ਦਾ ਸਫ਼ਰ ਕਰਦੀ ਹੈ ਅਤੇ ਬੰਦਾ ਸਿੱਖਿਅਤ ਹੁੰਦਾ ਰੌਸ਼ਨ ਹੁੰਦਾ ਹੈ।ਇਹ ਦੱਸਦੀ ਹੈ ਕਿ ਬੰਦੇ ਸਿੱਖਿਆ ਦੇ ਨਾਮ ‘ਤੇ ਵਰਦੀ,ਟੋਹਰ,ਖਾਣ ਪਾਣ ‘ਚ ਹੀ ਆਪਣੀ ਇੱਜ਼ਤ ਵੇਖ ਰਹੇ ਹਨ ਪਰ ਮੂਲ ਤਾਂ ਇਹ ਸੀ ਕਿ ਕਿਰਦਾਰ ! ਜਿਹਨੂੰ ਗੁਰੂ ਸਾਹਿਬ ਕਹਿੰਦੇ ਹਨ ਕਿ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ…
ੳ ਅ ਫ਼ਿਲਮ ਜ਼ਰੀਏ ਸੁਰਮੀਤ ਮਾਵੀ ਅਤੇ ਨਿਰੇਸ਼ ਕਥੂਰੀਆ ਮਾਂ ਬੋਲੀ ਅਤੇ ਉਹਦੇ ਲਹਿਜੇ ਨੂੰ ਵਪਾਰਕ ਸਿਨੇਮੇ ਅੰਦਰ ਵਿਖਾ ਰਹੇ ਹਨ।ਇਹ ਲਿਖਣ ਵਾਲੇ,ਬਣਾਉਣ ਵਾਲੇ ਦੇ ਕ੍ਰਾਫਟ ਦੀ ਈਮਾਨਦਾਰੀ ਹੈ।ਇਸ ਬਹਾਨੇ 2017 ਦੀ ਫ਼ਿਲਮ ਹਿੰਦੀ ਮਿਡੀਅਮ ਨੂੰ ਦੁਬਾਰਾ ਵੇਖੋ।
ਪੰਜਾਬ ਤੋਂ ਬਾਹਰ ਕਿਸੇ ਹੋਰ ਸਮਾਜ ‘ਚ ਉਹਨਾਂ ਬੰਦਿਆਂ ਦੀ ਖਿਚੋਤਾਨ ਵੀ ਉਹੋ ਹੈ।ਵਿਕਾਸ ਨੇ ,ਇਸ ਆਧੁਨਿਕਤਾ ਨੇ, ਜਿਹੜੀ ਪਰਿਭਾਸ਼ਾ ਸਾਡੇ ਸਮਾਜ ‘ਚ ਦੇ ਦਿੱਤੀ ਹੈ ਉਸੇ ਹਿਸਾਬ ਨਾਲ ਹੀ ਸਕੂਲ,ਯੂਨੀਵਰਸਿਟੀਆਂ,ਕੋਚਿੰਗ ਸੈਂਟਰ ਵਿਹਾਰ ਕਰ ਰਹੇ ਹਨ।30 ਮਿਨਟ ‘ਚ ਅੰਗਰੇਜ਼ੀ ਸਿੱਖਣ,ਰੈਪੀਡੈਕਸ ਤੋਂ ਲੈਕੇ ਆਈਲੈਟਸ ਸਾਰਾ ਕੁਝ ਇਹੋ ਤਾਂ ਹੈ।
ੳ ਅ ਫ਼ਿਲਮ ਬਹਾਨੇ ਫਿਰ ਤੋਂ ਸਮਝੀਏ ਕਿ ਖੇਤਰੀ ਜ਼ੁਬਾਨਾਂ ਦਾ ਪਿਆਰ ਸੀ ਕਿ ਉਹਨਾਂ ਕਦੀ ਵੀ ਪਹਿਲਾਂ ਰੋਲਾ ਨਹੀਂ ਪਾਇਆ ਪਰ ਉਹਨਾਂ ਨੂੰ ਜਦੋਂ ਲੱਗਾ ਕਿ ਵਿੰਭਨਤਾ ਦਰਮਿਆਨ ਹਿੰਦੀ ਭਾਸ਼ਾ ਨੂੰ ਸਾਡੇ ‘ਤੇ ਲੱਧਿਆ ਜਾ ਰਿਹੈ ਤਾਂ ਜਾਕੇ ਉਹਨਾਂ ਵਿਰੋਧ ਕੀਤਾ ।ਇਹ ਵਿਰੋਧ ਵੀ ਹਿੰਦੀ ਦੀ ਚੜ੍ਹਤ ਨੂੰ ਲੈਕੇ ਨਹੀਂ ਸੀ ਸਗੋਂ ਆਪਣੀ ਜ਼ੁਬਾਨ ਦੇ ਭੱਵਿਖ ਨੂੰ ਲੈਕੇ ਸੀ।
ਇਸ ਸੰਦਰਭ ‘ਚ ਤਮਿਲਨਾਡੂ ‘ਚ ਅਨਾਦੁਰਾਈ ਦਾ ਅੰਦੋਲਨ ਸਭ ਤੋਂ ਸਫਲ ਰਿਹਾ। DMK ਵਰਗੀ ਪਾਰਟੀ ਦਾ ਜਨਮ ਹੋਇਆ ।ਇਸੇ ਵਿਰੋਧ ‘ਚ ਤਮਿਲਨਾਡੂ ‘ਚ ਆਪਣੇ ਤਮਿਲ ਭਾਸ਼ਾਈ ਫੈਸਲੇ ਨੂੰ ਲੈਕੇ ਇੱਕ ਵੀ ਜਵਾਹਰ ਨਵੋਦਿਆ ਵਿਦਿਆਲਿਆ ਨਹੀਂ ਹੈ ਪਰ ਇਹਦਾ ਮਤਬਲ ਇਹ ਨਹੀਂ ਕਿ ਉਹ ਸਫਲ ਨਹੀਂ।ਸਿੱਖਿਆ ਦੇ ਖੇਤਰ ‘ਚ ਉਹਨਾਂ ਦੀ ਕਾਰਗੁਜ਼ਾਰੀ ਵਧੀਆ ਹੈ ।ਸਿਹਤ ਸਹੂਲਤਾਂ ਤਮਿਲਨਾਡੂ ਦੀਆਂ ਸ਼ਾਨਦਾਰ ਪ੍ਰਬੰਧ ਦੀ ਮਿਸਾਲ ਹਨ ।
ਭਾਰਤ ਦੀ ਖੂਬਸੂਰਤੀ ਅਤੇ ਅੰਖਡਤਾ ਏਹਦੀ ਵੱਖ ਵੱਖ ਜ਼ੁਬਾਨਾਂ,ਸੰਸਕ੍ਰਿਤੀ ਅਤੇ ਸੱਭਿਆਚਾਰ ‘ਚ ਹਨ ਸੋ ਇਹਨੂੰ ਸਮਝ ਲਈਏ ਤਾਂ ਇਹੋ ਸਾਡੀ ਤਾਕਤ ਹੋਵੇਗੀ ।ਚੀਨ ਦੀ ਲੋਕ ਧਾਰਾ ਦੀ ਇੱਕ ਕਹਾਵਤ ਹੈ ਕਿ ਕਿਸੇ ਦਾ ਬੂਹਾ ਲੰਘਦੇ ਹੋਏ ਉਹਦੇ ਘਰ ਦਾ ਸਲੀਕਾ ਸਿੱਖੋ ।ਇਹ ਸਲੀਕਾ ਸਾਡੀ ਸਮਝ ਨਾਲ ਈ ਆਵੇਗਾ ।
ਫ਼ਿਲਮ ੳ ਅ ਹਰ ਸਕੂਲ ਅਤੇ ਉਹਦੇ ਪ੍ਰਬੰਧਕਾਂ ਨੂੰ ਵੇਖਣ ਦੀ ਲੋੜ ਹੈ।ਉਹਨਾਂ ਨੂੰ ਪੰਜਾਬੀ ਨਾ ਬੋਲਣ ਦੇ ਬਹਾਨੇ ਤੋਂ ਬਚਣ ਦੇ ਆਪਣੇ ਕਿਰਦਾਰ ਨੂੰ ਸਮਝਾਉਣ ਦੀ ਲੋੜ ਹੈ।
ਬੰਦੇ ਜਿੱਥੇ ਦੇ ਹੁੰਦੇ ਹਨ ,ਉੱਥੋਂ ਲਈ ਉਹਦੇ ਕੁਝ ਰਿਸ਼ਤੇ ਹਨ,ਸਾਂਝਾ ਹਨ। ਇਹਨੂੰ ਮਹਿਸੂਸ ਕਰਦਿਆਂ,ਫ਼ਿਲਮ ੳ ਅ ਵੇਖਦਿਆਂ ਆਸ਼ਕ ਲਾਹੌਰ ਦੀ ਇਹ ਕਵਿਤਾ ਜ਼ਰੂਰ ਪੜ੍ਹਿਓ…ਇਹ ਸਿਰਫ ਜ਼ੁਬਾਨ ਦਾ ਕਿੱਸਾ ਨਹੀਂ ਹੈ।ਇਹ ਜੜ੍ਹਾਂ ਦੀ ਗਾਥਾ ਹੈ।ਜਿੱਥੇ ਮਾਂ ਬੋਲੀ ਦੇ ਆਸ਼ਕਾਂ ਦਾ ਵਿਲਕਦਾ ਮਨ ਅਜਿਹੇ ਖੌਫ ਵਿੱਚੋਂ ਰੋਜ਼ਾਨਾ ਗੁਜ਼ਰਦਾ ਹੈ।

ਇਸ ਵਿੱਚ ਪੜ੍ਹ ਤੂੰ, ਇਸ ਵਿੱਚ ਲਿਖ ਤੂੰ, ਇਸ ਵਿੱਚ ਕਰ ਤਕਰੀਰਾਂ
‘ਮਾਂ-ਬੋਲੀ’ ਦਾ ਪੱਲਾ ਫੜ ਲੈ, ਬਣ ਜਾਸਨ ਤਕਦੀਰਾਂ।
ਸਾਡੇ ਦੇਸ਼ ਪੰਜਾਬ ਤੇ ਅਜ਼ਲੋਂ, ਹੋਣੀ ਕਾਬਜ਼ ਹੋਈ,
‘ਸੋਹਣੀਆਂ’ ਵਿੱਚ ਝਨ੍ਹਾਂ ਦੇ ਡੁੱਬੀਆਂ, ਮਹੁਰਾ ਖਾਧਾ ਹੀਰਾਂ
ਸਾਥੋਂ ਚੜ੍ਹਦੀ ਧਰਤੀ ਖੁੱਸੀ, ਬੋਲੀ ਵੀ ਅੱਡ ਹੋਈ,
ਸਾਡੇ ਸਿਰ ਦੀ ਚੁੰਨੀ ਪਾਟੀ, ਪੱਗ ਵੀ ਲੀਰਾਂ ਲੀਰਾਂ
ਸਾਨੂੰ ਡੁਸਕਣ ਵੀ ਨਾ ਦਿੰਦੇ, ਮੂੰਹ ‘ਤੇ ਜਿੰਦਰੇ ਲੱਗੇ,
ਸਾਨੂੰ ਹਿੱਲਣ ਵੀ ਨਾ ਦਿੰਦੇ, ਛਣਕਨ ਨਾ ਜ਼ੰਜੀਰਾਂ
ਰੰਗ-ਬਰੰਗੇ ਸੋਹਣੇ ਪੰਛੀ, ਏਥੋਂ ਤੁਰਦੇ ਹੋਏ,
ਥੋੜ੍ਹੇ ਉੱਲੂ-ਬਾਟੇ ਰਹਿ ਗਏ, ਬੈਠੇ ਜੰਡ-ਕਰੀਰਾਂ
ਅਪਣੀ ਬੋਲੀ, ਅਪਣੀ ਧਰਤੀ, ਛੱਡਿਆਂ ਕੁਝ ਨਹੀਂ ਰਹਿੰਦਾ,
ਕੁਦਰਤ ਮਾਫ਼ ਕਦੇ ਨਹੀਂ ਕਰਦੀ, ‘ਆਸ਼ਿਕ’ ਇਹ ਤਕਸੀਰਾਂ

(ਰਪ੍ਰੀਤ ਸਿੰਘ ਕਾਹਲੋਂ)