images (44)

ਭਾਰਤ ਦੇ ਸਮਾਜਿਕ ਜੀਵਨ ਨੂੰ ਸੰਸਾਰ ਦੇ ਸਭ ਤੋਂ ਖੁਸ਼ਹਾਲ ਸਮਾਜਿਕ ਜੀਵਨ ਵੱਜੋਂ ਜਾਣਿਆ
ਜਾਂਦਾ ਰਿਹਾ ਹੈ। ਇਹ ਭਾਰਤ ਦੀ ਅਮੀਰ ਵਿਰਾਸਤ ਦੀ ਨਿਸ਼ਾਨੀ ਮੰਨਿਆ ਜਾਂਦਾ ਹੀ ਕਿ ਇੱਥੇ
ਹਰ ਮਨੁੱਖ ਸਮਾਜਿਕ ਤੌਰ ‘ਤੇ ਦੂਜੇ ਮਨੁੱਖ ਨਾਲ ਜੁੜਿਆ ਹੋਇਆ ਹੈ। ਕਿਸੇ ਇੱਕ ਮਨੁੱਖ
ਦੀ ਸਮੱਸਿਆ, ਸਮੁੱਚੇ ਸਮਾਜ ਦੀ ਸਮੱਸਿਆ ਮੰਨੀ ਜਾਂਦੀ ਰਹੀ ਹੈ। ਭਾਰਤੀ ਸਮਾਜ ਵਿਚ ਕਦੇ
ਇੱਕ ਕਹਾਵਤ ਬਹੁਤ ਮਸ਼ਹੂਰ ਹੁੰਦੀ ਸੀ ‘ਕਿ ਦੁੱਖ ਵੰਡਣ ਨਾਲ ਘੱਟ ਜਾਂਦਾ ਹੈ ਅਤੇ ਖੁਸ਼ੀ
ਵੰਡਣ ਨਾਲ ਦੁੱਗਣੀ ਹੋ ਜਾਂਦੀ ਹੈ।’ ਇਸ ਲਈ ਭਾਰਤੀ ਜਨਮਾਨਸ ਦੀ ਇਹ ਮਨੋਬਿਰਤੀ ਬਣ
ਜਾਂਦੀ ਹੈ ਕਿ ਉਹ ਸਮਾਜਿਕ ਰੂਪ ਵਿਚ ਆਪਸ ‘ਚ ਇੱਕ- ਦੂਜੇ ਨਾਲ ਜੁੜੇ ਰਹਿੰਦੇ ਹਨ।ਪਰ, ਆਧੁਨਿਕ ਯੁਗ ਵਿਚ ਮਨੁੱਖਾਂ ਦੀ ਇਹ ਬਿਰਤੀ ਨੂੰ ਗ੍ਰਹਿਣ ਲੱਗਾ ਗਿਆ ਜਾਪਦਾ ਹੈ।
ਮਨੁੱਖ ਸਮਾਜਿਕ ਪ੍ਰਾਣੀ ਤਾਂ ਹੈ ਪਰ ਇਸ ਵਿਚੋਂ ਸਮਾਜਿਕਤਾ ਦੇ ਗੁਣ ਅਲੋਪ ਹੁੰਦੇ ਜਾ
ਰਹੇ ਹਨ। ਇਸ ਸੰਸਾਰ ਵਿਚ ਪੈਦੇ ਹੋਏ ਸਮੁੱਚੇ ਜੀਵਾਂ ਵਿਚੋਂ ਮਨੁੱਖ ਕੋਲ ਇੱਕ ਵਾਧੂ
ਗੁਣ ਇਹ ਹੈ ਕਿ ਮਨੁੱਖ ਕੋਲ ਸਮਾਜਿਕਤਾ ਹੈ। ਪਰ ਬਦਕਿਸਮਤੀ ਹੁਣ ਇਹ ਗੁਣ ਮਨਫ਼ੀ ਹੁੰਦਾ
ਜਾ ਰਿਹਾ ਹੈ। ਇਸ ਗੁਣ ਦੇ ਖ਼ਤਮ ਹੋਣ ਦੇ ਕਈ ਕਾਰਨ ਦ੍ਰਿਸ਼ਟੀਗੋਚਰ ਹੁੰਦੇ ਹਨ। ਇਹਨਾਂ
ਵਿਚੋਂ ਸਭ ਤੋਂ ਅਹਿਮ ਸਮਾਰਟ ਫ਼ੋਨ ਦੀ ਹੱਦੋਂ ਵੱਧ ਵਰਤੋਂ ਨੂੰ ਮੰਨਿਆ ਜਾ ਰਿਹਾ ਹੈ।

ਅਜੋਕੇ ਸਮੇਂ ਹਰ ਮਨੁੱਖ ਇੰਟਰਨੈੱਟ ਨੇ ਮਾਧਿਅਮ ਦੁਆਰਾ ਪੂਰੀ ਦੁਨੀਆਂ ਨਾਲ ਜੁੜਿਆ
ਹੋਇਆ ਹੈ। ਬੱਚੇ, ਨੌਜਵਾਨ ਅਤੇ ਵਡੇਰੀ ਉਮਰ ਦੇ ਲੋਕ ਸਮਾਰਟ ਫ਼ੋਨ ਨੂੰ ਇਸੇਤਮਾਲ ਕਰਦੇ
ਹਨ। ਮੋਬਾਈਲ ਫ਼ੋਨ ਚਲਾਉਣਾ ਜਾਂ ਵਰਤਣਾ ਮਾੜੀ ਗੱਲ ਨਹੀਂ ਹੈ ਪਰ ਹਰ ਵਕਤ ਮੋਬਾਈਲ ਦੀ
ਦੁਨੀਆਂ ਵਿਚ ਗੁਆਚੇ ਰਹਿਣਾ, ਜਿੱਥੇ ਸਿਹਤ ਲਈ ਨੁਕਸਾਨਦਾਇਕ ਹੈ ਉੱਥੇ ਸਮਾਜਿਕ ਬਣਤਰ
ਲਈ ਵੀ ਵੱਡਾ ਖ਼ਤਰਾ ਬਣ ਕੇ ਸਾਹਮਣੇ ਆ ਰਿਹਾ ਹੈ।

ਸੂਚਨਾ ਅਤੇ ਤਕਨੀਕ ਦੇ ਮਾਹਰਾਂ ਅਨੁਸਾਰ ਕੀਤੀ ਗਈ ਖੋਜ ਅਤੇ ਸਰਵੇਖਣ ਦੇ ਅਨੁਸਾਰ 17
ਸਾਲ ਤੋਂ 24 ਸਾਲ ਦੇ ਨੌਜਵਾਨ ਮੋਬਾਈਲ ਫ਼ੋਨ ਦੀ ਵੱਧ ਵਰਤੋਂ ਕਰਕੇ ਮਾਨਸਿਕ ਰੋਗੀ ਬਣ
ਰਹੇ ਹਨ। ਇਸੇ ਤਰਾਂ 78% ਨੌਜਵਾਨ ਨੋਮੋਫੋਬੀਆ ਨਾਮਕ ਬੀਮਾਰੀ ਦੀ ਚਪੇਟ ਵਿਚ ਆ ਚੁਕੇ
ਹਨ। ਬ੍ਰਿਟੇਨ ਵਿੱਚ ਹੋਏ ਇੱਕ ਖੋਜ ਕਾਰਜ ਦੋਰਾਨ ਹੈਰਾਨ ਕਰਨ ਵਾਲੇ ਸਿੱਟੇ ਸਾਹਮਣੇ ਆਏ
ਹਨ। ਇਹਨਾਂ ਨਤੀਜਿਆਂ ਅਨੁਸਾਰ ਮਰਦਾਂ ਦੇ ਮੁਕਾਬਲੇ ਔਰਤਾਂ ਵੱਧ ਮਾਨਸਿਕ ਰੋਗੀ ਬਣੀਆਂ
ਹਨ। ਇੱਕ ਸੰਸਥਾ ਨੇ ਆਪਣੇ ਸਰਵੇਖਣ ਵਿਚ ਕਿਹਾ ਹੈ ਕਿ 70% ਔਰਤਾਂ ਦੇ ਮੁਕਾਬਲੇ 62%
ਮਰਦ ਨੋਮੋਫੋਬੀਆ ਨਾਮਕ ਬੀਮਾਰੀ ਦੇ ਮਰੀਜ਼ ਬਣੇ ਹਨ। ਇਹ ਬਹੁਤ ਖ਼ਤਰਨਾਕ ਰੁਝਾਨ ਹੈ।

ਕੁਝ ਵਰੇ ਪਹਿਲਾਂ ਜਦੋਂ ਘਰ ਵਿਚ ਪ੍ਰਾਹੁਣੇ ਆਉਂਦੇ ਸਨ ਤਾਂ ਪੂਰਾ ਪਰਿਵਾਰ ਇਕੱਠਾ ਬਹਿ
ਕੇ ਗੱਲਾਂ- ਬਾਤਾਂ ਕਰਨ ਵਿਚ ਆਨੰਦ ਲੈਂਦਾ ਸੀ। ਇੱਕ- ਦੂਜੇ ਦੇ ਸੁੱਖ- ਦੁੱਖ ਨੂੰ ਬਹਿ
ਕੇ ਵੰਡਿਆ ਜਾਂਦਾ ਸੀ ਅਤੇ ਸਿਰ ‘ਤੇ ਪਈ ਕਿਸੇ ਸਮੱਸਿਆ ਨੂੰ ਆਪਸੀ ਵਿਚਾਰ- ਵਟਾਂਦਰੇ
ਦੁਆਰਾ ਸੁਲਝਾਇਆ ਜਾਂਦਾ ਸੀ। ਪਰ ਹੁਣ ਵਕਤ ਬਦਲ ਚੁਕਿਆ ਹੈ। ਪਹਿਲੀ ਗੱਲ ਤਾਂ ਹੁਣ
ਘਰਾਂ ਵਿਚ ਪ੍ਰਾਹੁਣੇ ਆਉਣ ਦਾ ਰਿਵਾਜ਼ ਖ਼ਤਮ ਹੋ ਚੁਕਿਆ ਹੈ ਪਰ ਕਦੇ- ਕਦਾਈਂ ਜੇਕਰ ਕੋਈ
ਆ ਵੀ ਗਿਆ ਤਾਂ ਪਰਿਵਾਰ ਦੇ ਕਿਸੇ ਮੈਂਬਰ ਕੋਲ ਬੈਠਣ ਦਾ ਸਮਾਂ ਨਹੀਂ ਹੁੰਦਾ ਕਿਉਂਕਿ
ਹਰ ਸਖ਼ਸ਼ ਆਪਣੇ ਸਮਾਰਟ ਫ਼ੋਨ ਦੀ ਦੁਨੀਆਂ ਵਿਚ ਗੁਆਚਾ ਹੋਇਆ ਹੁੰਦਾ ਹੈ।

ਸਫ਼ਰ ਤੇ ਜਾਂਦਿਆਂ ਬੱਸ, ਰੇਲਗੱਡੀ ਜਾਂ ਹਵਾਈ ਜਹਾਜ਼ ਵਿਚ ਤੁਹਾਡੇ ਨਾਲ ਬੈਠਾ ਸਖ਼ਸ਼ ਅਕਸਰ
ਹੀ ਆਪਣੇ ਮੋਬਾਈਲ ਵਿਚ ਅਜਿਹਾ ਲੀਨ ਹੁੰਦਾ ਹੈ ਕਿ ਉਸਨੂੰ ਆਪਣੇ ਨਾਲ ਬੈਠੇ ਕਿਸੇ
ਮਨੁੱਖ ਦਾ ਅਹਿਸਾਸ ਹੀ ਨਹੀਂ ਹੁੰਦਾ। ਗੱਲਾਂ- ਬਾਤਾਂ ਕਰਨਾ ਤਾਂ ਬੀਤੇ ਜ਼ਮਾਨੇ ਦੀ ਗੱਲ
ਹੋ ਚੁਕੀ ਹੈ।

ਇੰਟਰਨੈੱਟ ਦੀ ਦੁਨੀਆਂ ਵਿਚ ਗਲਤਾਨ ਹੋਣ ਦੀ ਸ਼ੁਰੂਆਤ ਨਿੱਕੇ ਬੱਚਿਆਂ ਨੂੰ ਘਰ ਤੋਂ ਹੀ
ਲੱਗਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਮਾਂ ਘਰ ਦਾ ਕੰਮ ਕਰਨ ਲਈ ਆਪਣੇ ਨਿੱਕੇ ਬੱਚੇ ਨੂੰ
ਮੋਬਾਈਲ ਫ਼ੋਨ ਤੇ ‘ਕਾਰਟੂਨ’ ਲਗਾ ਕੇ ਦੇ ਦਿੰਦੀ ਹੈ। ਬੱਚਾ ਚੁਪਚਾਪ ਕਾਰਟੂਨ ਦੇਖਦਾ
ਰਹਿੰਦਾ ਹੈ ਅਤੇ ਮਾਂ ਆਪਣੇ ਕੰਮ ਨੂੰ ਸੁਖਾਲਾ ਨਿਪਟਾ ਦਿੰਦੀ ਹੈ। ਪਰ ਇਸ ਦੇ ਸਿੱਟੇ
ਬਾਅਦ ਵਿਚ ਸਾਹਮਣੇ ਆਉਣੇ ਸ਼ੁਰੁ ਹੁੰਦੇ ਹਨ। ਉਹੀ ਬੱਚਾ ਫੇਰ ਰੋਟੀ ਖਾਣ ਲਈ ਵੀ ਮੋਬਾਈਲ
ਫ਼ੋਨ ਦੀ ਮੰਗ ਕਰਦਾ ਹੈ ਅਤੇ ਇਹ ਸਿਲਸਿਲਾ ਉਦੋਂ ਤੱਕ ਚੱਲਦਾ ਰਹਿੰਦਾ ਹੈ ਜਦੋਂ ਤੱਕ
ਬੱਚਾ ਇੰਟਰਨੈੱਟ ਦੀ ਦੁਨੀਆਂ ਵਿਚ ਗੁਆਚ ਨਹੀਂ ਜਾਂਦਾ। ਮਾਂ ਨੇ ਤਾਂ ਆਪਣਾ ਕੰਮ
ਸੁਖਾਲਾ ਕਰਨ ਲਈ ਬੱਚੇ ਦੇ ਹੱਥ ਮੋਬਾਈਲ ਫ਼ੋਨ ਫੜਾਇਆ ਸੀ ਪਰ ਹੁਣ ਬੱਚੇ ਨੂੰ ਇਸ ਦੀ
ਆਦਤ ਪੈ ਚੁਕੀ ਹੈ। ਇਸਦੀ ਜ਼ਿੰਮੇਵਾਰ ਬੱਚੇ ਦੀ ਮਾਂ ਅਤੇ ਹੋਰ ਪਰਿਵਾਰਕ ਮੈਂਬਰ ਹਨ।

ਖ਼ੈਰ, ਇਹ ਸਮੱਸਿਆ ਕੇਵਲ ਬੱਚਿਆਂ ਤੱਕ ਹੀ ਸੀਮਤ ਨਹੀਂ ਬਲਕਿ ਸਮਾਜ ਦੇ ਹਰ ਤਬਕੇ ਨਾਲ
ਜੁੜੀ ਹੋਈ ਹੈ। ਨੌਜਵਾਨ ਅਤੇ ਵਡੇਰੀ ਉਮਰ ਦੇ ਲੋਕ ਵੀ ਇਸ ਬੀਮਾਰੀ ਤੋਂ ਬਚੇ ਨਹੀਂ ਹਨ।
ਕਈ ਵਾਰ ਹੁੰਦਾ ਹੈ ਕਿ ਮਾਂ- ਬਾਪ ਆਪਣੇ ਬੱਚੇ ਨਾਲ ਗੱਲ ਕਰ ਰਹੇ ਹੁੰਦੇ ਹਨ ਪਰ ਬੱਚਾ
ਆਪਣੇ ਸਮਾਰਟ ਫ਼ੋਨ ਨੂੰ ਚਲਾਉਣ ਵਿਚ ਮਸ਼ਗੂਲ ਹੁੰਦਾ ਹੈ, ਸਥਿਤੀ ਦਾ ਦੂਜਾ ਪੱਖ ਇਹ ਵੀ
ਹੈ ਕਿ ਕਈ ਵਾਰ ਬੱਚੇ ਆਪਣੇ ਮਾਤਾ- ਪਿਤਾ ਨਾਲ ਗੱਲ ਕਰਨਾ ਚਾਹੁੰਦੇ ਹਨ ਪਰ ਮਾਂ- ਬਾਪ
ਆਪਣੀ ਦੁਨੀਆਂ ਵਿਚ ਗੁਆਚੇ ਹੁੰਦੇ ਹਨ।

ਇੰਟਰਨੈੱਟ ਦੀ ਦੁਨੀਆਂ ਸੰਬੰਧੀ ਇੱਕ ਸਰਵੇ ਅਨੁਸਾਰ, ‘ਹਰ ਬੰਦਾ ਆਪਣੇ ਮੋਬਾਈਲ ਫ਼ੋਨ ਦਾ
ਇੱਕ ਦਿਨ ਵਿਚ 80 ਵਾਰ ਤੋਂ ਵੱਧ ਜਿੰਦਰਾ (ਲਾਕ) ਖੋਲਦਾ ਹੈ ਅਤੇ 2600 ਤੋਂ ਵੱਧ ਵਾਰ
ਕੁਝ ਨਾ ਕੁਝ ਲਿਖਦਾ ਹੈ। ਸਵੇਰੇ ਚਾਰ ਵਜੇ ਤੋਂ ਰਾਤ 11 ਵਜੇ ਤੱਕ ਦਾ ਕੋਈ ਘੰਟਾ
ਅਜਿਹਾ ਨਹੀਂ ਹੁੰਦਾ ਜਦੋਂ ਅਸੀਂ ਆਪਣੇ ਮੋਬਾਈਲ ਫ਼ੋਨ ਨੂੰ ਚੈਕ ਨਹੀਂ ਕਰਦੇ ਜਾਂ ਦੇਖਦੇ
ਨਹੀਂ।’ ਇਸ ਦਾ ਮਤਲਬ ਅਸੀਂ ਹਰ ਘੰਟੇ ਵਿਚ ਆਪਣੇ ਮੋਬਾਈਲ ਨੂੰ ਘੱਟੋ- ਘੱਟ ਇੱਕ ਵਾਰ
ਜ਼ਰੂਰ ਦੇਖਦੇ ਹਾਂ। ਟੀ. ਵੀ. ਦੇਖਦਿਆਂ, ਰੋਟੀ ਖਾਣ ਲੱਗਿਆਂ ਅਤੇ ਸਫ਼ਰ ਕਰਦਿਆਂ ਅਸੀਂ
ਆਪਣੇ ਸਮਾਰਟ ਫ਼ੋਨ ਨੂੰ ਆਪਣੇ ਨਾਲੋਂ ਵੱਖ ਨਹੀਂ ਕਰਦੇ।

ਸਕੂਲ, ਕਾਲਜ, ਦਫ਼ਤਰ ਜਾਣ ਲੱਗਿਆਂ ਅਸੀਂ ਆਪਣੇ ਸਭ ਤੋਂ ਜ਼ਰੂਰੀ ਕਾਗਜ਼ ਭੁੱਲ ਸਕਦੇ ਹਾਂ
ਪਰ ਮੋਬਾਈਲ ਫ਼ੋਨ ਨੂੰ ਨਹੀਂ ਭੁੱਲਦੇ। ਹਾਂ, ਜੇਕਰ ਕਦੇ- ਕਦਾਈਂ ਮੋਬਾਈਲ ਫ਼ੋਨ ਘਰ ਛੁੱਟ
ਗਿਆ ਤਾਂ ਅਜਿਹਾ ਮਹਿਸੂਸ ਹੁੰਦਾ ਹੈ ਕਿ ਸਾਡੇ ਸਰੀਰ ਦਾ ਕੋਈ ਜ਼ਰੂਰੀ ਅੰਗ ਘਰ ਰਹਿ ਗਿਆ
ਹੋਵੇ। ਮੋਬਾਈਲ ਫ਼ੋਨ ਤੋਂ ਬਿਨਾਂ ਜੀਵਨ ‘ਚ ਅਧੂਰਾਪਣ ਲੱਗਦਾ ਹੈ। ਸਮਾਰਟ ਫ਼ੋਨ ਤੋਂ
ਹੁੰਦੇ ਨੁਕਸਾਨ ਕਰਕੇ ਕਈ ਕੰਪਨੀਆਂ, ਸਕੂਲਾਂ, ਕਾਲਜਾਂ ਨੇ ਕੰਮ ਦੇ ਵਕਤ ਮੋਬਾਈਲ ਨੂੰ
ਵਰਤਣ ਤੇ ਪਾਬੰਦੀ ਲਗਾਈ ਹੋਈ ਹੈ ਪਰ ਜਦੋਂ ਤੱਕ ਅਸੀਂ ਸਮਾਜਿਕ ਜੀਵਨ ਦੀ ਮਹੱਤਤਾ ਨੂੰ
ਦਿਲੋਂ ਸਵੀਕਾਰ ਨਹੀਂ ਕਰਦੇ ਉਦੋਂ ਤੱਕ ਇਹ ਪਾਬੰਦੀਆਂ ਕੇਵਲ ਦਿਖਾਵਟੀ ਪਾਬੰਦੀਆਂ
ਹੁੰਦੀਆਂ ਹਨ। ਇਹਨਾਂ ਪਾਬੰਦੀਆਂ ਦਾ ਸਾਡੇ ਜੀਵਨ ਵਿਚ ਕੋਈ ਜਿਆਦਾ ਫ਼ਰਕ ਨਹੀਂ ਪੈਂਦਾ
ਕਿਉਂਕਿ ਜਦੋਂ ਕੋਈ ਕੰਮ ਦਿਲੋਂ ਨਾ ਕਰਨਾ ਹੋਵੇ ਉਦੋਂ ਬੰਦਾ ਉਸ ਕੰਮ ਦਾ ਕੋਈ ਨਾ ਕੋਈ
ਹੋਰ ਰਾਹ ਲੱਭ ਲੈਂਦਾ ਹੈ।

ਸੜਕਾਂ ਤੇ ਹੁੰਦੇ ਹਾਸਦਿਆਂ ਦਾ ਮੁੱਖ ਕਾਰਨ ਵੀ ਮੋਬਾਈਲ ਫ਼ੋਨ ਵਰਤਣਾ ਹੁੰਦਾ ਹੈ। ਕਦੇ
ਗੱਡੀ ਚਲਾਉਂਦਿਆਂ ਅਤੇ ਮੋਬਾਈਲ ਫ਼ੋਨ ‘ਤੇ ਗੱਲਾਂ ਵਿਚ ਮਸਤ ਹੁੰਦਿਆਂ ਸੜਕ ਪਾਰ ਕਰਨਾ
ਹਾਦਸੇ ਦਾ ਕਾਰਨ ਬਣ ਜਾਂਦਾ ਹੈ। ਪਰ ਇੰਟਰਨੈੱਟ ਦੀ ਦੁਨੀਆਂ ਨੇ ਮਨੁੱਖ ਨੂੰ ਅਜਿਹਾ
ਮਸਤ ਕੀਤਾ ਹੋਇਆ ਹੈ ਕਿ ਇਹ ਨੁਕਸਾਨ ਤੋਂ ਰਤਾ ਭਰ ਵੀ ਨਹੀਂ ਡਰਦਾ। ਜ਼ਮਾਨੇ ਦੇ ਨਾਲ
ਤੁਰਨਾ ਵੱਖਰੀ ਗੱਲ ਹੈ ਪਰ ਜ਼ਮਾਨੇ ਤੋਂ ਪਿਛੜ ਜਾਣਾ ਮੂਰਖ਼ਤਾ ਹੁੰਦੀ ਹੈ। ਮਨੁੱਖ ਨੂੰ
ਮਨੁੱਖ ਬਣੇ ਰਹਿਣ ਲਈ ਇੰਟਰਨੈੱਟ ਦੀ ਦੁਨੀਆਂ ਤੋਂ ਬਾਹਰ ਆਉਣਾ ਪਵੇਗਾ ਅਤੇ ਇਹ ਕੰਮ
ਕੋਈ ਜਿਆਦਾ ਮੁਸ਼ਕਿਲ ਵੀ ਨਹੀਂ ਹੈ। ਅਸੀਂ ਨਿੱਤ ਦੇ ਕੰਮਾਂ ਦੀ ਤਰਤੀਬ ਨੂੰ ਅਮਲ ਵਿਚ
ਲਿਆ ਕੇ ਸਮਾਰਟ ਫ਼ੋਨ ਦੀ ਨਕਲੀ ਦੁਨੀਆਂ ਤੋਂ ਬਾਹਰ ਆ ਸਕਦੇ ਹਾਂ।

ਇੱਥੇ ਕੁਝ ਅਹਿਮ ਨੁਕਤੇ ਦਿੱਤੇ ਜਾ ਰਹੇ ਹਨ ਜਿਨਾਂ ਨੂੰ ਅਮਲ ਵਿਚ ਲਿਆ ਕੇ ਅਸੀਂ
ਇੰਟਰਨੈੱਟ ਦੀ ਲਤ ਤੋਂ ਕੁਝ ਹੱਦ ਤਾਂ ਛੁਟਕਾਰਾ ਪਾ ਸਕਦੇ ਹਾਂ।

ਸਮਾਰਟ ਫ਼ੋਨ ਨੂੰ ਚਲਾਉਣ ਦਾ ਵਕਤ ਨਿਰਧਾਰਤ ਕਰੋ। ਸਵੇਰੇ, ਦੁਪਹਿਰ ਅਤੇ ਸ਼ਾਮ ਨੂੰ
ਕਿੰਨਾ ਵਕਤ ਮੋਬਾਈਲ ਫ਼ੋਨ ਨੂੰ ਦੇਣਾ ਹੈ, ਇਹ ਨਿਸ਼ਚਿਤ ਕਰੋ। ਬਾਜ਼ਾਰ, ਪਾਰਕ, ਦਫ਼ਤਰ ਅਤੇ
ਰਿਸ਼ਤੇਦਾਰੀ ਵਿਚ ਕਦੇ- ਕਦੇ ਬਿਨਾਂ ਮੋਬਾਈਲ ਫ਼ੋਨ ਤੋਂ ਜਾਓ। ਕੁਝ ਦਿਨ ਅਜ਼ੀਬ ਲੱਗੇਗਾ
ਪਰ ਫੇਰ ਇਸਦੀ ਆਦਤ ਬਣ ਜਾਵੇਗੀ। ਹਰ ਘੰਟੇ ਆਪਣੇ ਮੋਬਾਈਲ ਫ਼ੋਨ ਨੂੰ ਚੈਕ ਕਰਨ ਦੀ ਆਦਤ
ਨੂੰ ਬਦਲੋ। ਹਾਂ, ਕੋਈ ਜ਼ਰੂਰੀ ਕਾਲ/ ਫ਼ੋਨ ਹੋਵੇਗਾ ਤਾਂ ਉਹ ਬੰਦਾ ਤੁਹਾਨੂੰ ਮੁੜ ਕੇ
ਸੰਪਰਕ ਕਰੇਗਾ।

ਮੋਬਾਈਲ ਫ਼ੋਨ ਨੂੰ ਬੰਦ ਕਰਕੇ ਕੁਝ ਸਮਾਂ ਆਪਣੇ ਪਰਿਵਾਰਿਕ ਮੈਂਬਰਾਂ ਵਿਚ ਬੈਠ ਕੇ
ਗੱਲਬਾਤ ਕਰੋ। ਸਫ਼ਰ ਦੌਰਾਨ ਮੋਬਾਈਲ ਫ਼ੋਨ ਨੂੰ ਬਿਨਾਂ ਕਾਰਨ ਨਾ ਚਲਾਓ। ਸਫ਼ਰ ਦਾ ਆਨੰਦ
ਲਓ ਕਿਉਂਕਿ ਮੋਬਾਈਲ ਤਾਂ ਤੁਸੀਂ ਆਪਣੇ ਕਮਰੇ ਵਿਚ ਬੈਠ ਕੇ ਵੀ ਚਲਾ ਸਕਦੇ ਹੋ ਪਰ ਰਸਤੇ
ਦੀ ਖੂਬਸੂਰਤੀ ਤੁਹਾਨੂੰ ਮੁੜ ਨਸੀਬ ਨਹੀਂ ਹੋਵੇਗੀ ਅਤੇ ਕੀ ਪਤਾ ਤੁਹਾਡੇ ਨਾਲ ਦੀ ਸੀਟ
ਤੇ ਬੈਠਾ ਵਿਅਕਤੀ ਤੁਹਾਡਾ ਚੰਗਾ ਮਿੱਤਰ ਬਣ ਜਾਵੇ ਜਾਂ ਤੁਹਾਨੂੰ ਉਸ ਕੋਲੋਂ ਕੋਈ ਚੰਗੀ
ਗੱਲ ਸਿੱਖਣ ਨੂੰ ਮਿਲ ਜਾਵੇ, ਜਿਹੜੀ ਤੁਹਾਡੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਿਚ ਸਾਰਥਕ
ਰੋਲ ਅਦਾ ਕਰੇ।

ਸੋ ਦੋਸਤੋ, ਇੰਟਰਨੈੱਟ ਦੀ ਦੁਨੀਆਂ ਤੋਂ ਬਾਹਰ ਨਿਕਲੋ ਅਤੇ ਆਪਣੇ ਆਲੇ- ਦੁਆਲੇ ਦੀ
ਖੂਬਸੂਰਤੀ ਦਾ ਜੀ ਭਰ ਕੇ ਆਨੰਦ ਲਓ। ਜ਼ਿੰਦਗੀ ਦਾ ਸਮਾਂ ਬਹੁਤ ਥੋੜਾ ਹੈ ਇਸ ਨੂੰ ਸਮਾਰਟ
ਫ਼ੋਨ ਦੀ ਦੁਨੀਆਂ ਵਿਚ ਬਰਬਾਦ ਨਾ ਕਰੋ। ਸਮਾਜਿਕ ਪ੍ਰਾਣੀ ਬਣ ਕੇ ਸਮਾਜਿਕਤਾ ਦਾ ਆਨੰਦ
ਲਉ। ਜੀਉਂਦੇ- ਵੱਸਦੇ ਰਹੋ ਸਾਰੇ।

(ਡਾ. ਨਿਸ਼ਾਨ ਸਿੰਘ ਰਾਠੌਰ)
+91 75892- 33437