-ਸਿਖਰ ਦੁਪਹਿਰ ਦੇ ਬਾਵਜੂਦ ਸੰਗਤਾਂ ਦਾ ਜੋਸ਼ ਰਿਹਾ ਸਿਖਰ ‘ਤੇ

NZ PIC 5 Jan-01
(ਨਗਰ ਕੀਰਤਨ ਦੀ ਆਰੰਭਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਤੇ ਪੰਜ ਪਿਆਰਿਆਂ ਦੀ ਅਗਵਾਈ)

ਔਕਲੈਂਡ 5 ਜਨਵਰੀ  -ਔਕਲੈਂਡ ਤੋਂ ਲਗਪਗ 200 ਕਿਲੋਮੀਟਰ ਦੂਰ ਬੇਅ ਆਫ ਪਲੈਂਟੀ ਦੇ ਖੇਤਰ ਦੇ ਵਿਚ ਪੈਂਦੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਟੌਰੰਗਾ ਵਿਖੇ ਅੱਜ ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਤੋਂ ਛੇਵਾਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਹਰ ਸਾਲ ਸਮਰਪਿਤ ਕੀਤਾ ਜਾਂਦਾ ਹੈ। ਸਵੇਰੇ ਪਹਿਲਾਂ ਸ੍ਰੀ ਅਖੰਠ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਹਜ਼ੂਰੀ ਰਾਗੀ ਭਾਈ ਮਲਕੀਤ ਸਿੰਘ ਸੁੱਜੋਂ ਵਾਲਿਆਂ ਦੇ ਰਾਗੀ ਜੱਥੇ ਨੇ ਸ਼ਬਦ ਕੀਰਤਨ ਕੀਤਾ। ਨਗਰ ਕੀਰਤਨ ਦੀ ਆਰੰਭਤਾ ਪੰਜ ਪਿਆਰਿਆਂ, ਪੰਜ ਨਿਸ਼ਾਨਚੀਆਂ  ਅਤੇ ਸੰਗਤ ਵੱਲੋਂ ਸ੍ਰੀ ਦਰਬਾਰ ਹਾਲ ਦੇ ਵਿਚ ਅਰਦਾਸ ਕਰਨ ਉਪਰੰਤ ਕੀਤੀ ਗਈ।

NZ PIC 5 Jan-1
(ਸਤਿਗੁਰ ਦੀ ਸਵਾਰੀ ਅਤੇ ਪੰਜ ਪਿਆਰਿਆਂ ਨੇ ਜਦੋਂ ਲੰਘਣਾ ਹੋਵੇ ਰਸਤੇ ਦੀ ਸਫਾਈ ਪ੍ਰਗਟਾਉਂਦੀ ਹੈ ਸਤਿਕਾਰ)

ਗੁਰੂ ਸਾਹਿਬਾਂ ਦੇ ਸਰੂਪ ਨੂੰ ਸੁੰਦਰ ਸਜਾਏ ਗਏ ਖੁੱਲ੍ਹੇ ਟਰੱਕ ਦੇ ਉਤੇ ਫੁੱਲਾਂ ਨਾਲ ਸਜੀ ਹੋਈ ਪਾਲਕੀ ਦੇ ਵਿਚ ਸੁਸ਼ੋਭਿਤ ਕੀਤਾ ਗਿਆ ਤੇ ਸਰਪ੍ਰਸਤੀ ਲਈ ਗਈ। ਅਗਵਾਈ ਵਾਸਤੇ ਪੰਜ ਪਿਆਰੇ ਅਤੇ ਪੰਜ ਨਿਸ਼ਾਨਚੀ ਅੱਗੇ ਚੱਲ ਰਹੇ ਸਨ ਜਦ ਕਿ ਸੰਗਤਾਂ ਨੇ ਨਗਰ ਕੀਰਤਨ ਵਾਲੇ ਰਸਤੇ ਨੂੰ ਝਾੜੂਆਂ ਨਾਲ ਸਾਫ ਕੀਤਾ ਅਤੇ ਜਲ ਛਿੜਕ ਕੇ ਆਦਰ ਸਤਿਕਾਰ ਨੂੰ ਹੋਰ ਵਧਾਇਆ ਗਿਆ। ਰਸਤੇ ਦੇ ਵਿਚ ਸੰਗਤਾਂ ਦੇ ਲਈ ਅਤੇ ਦਰਸ਼ਕਾਂ ਦੇ ਵਾਸਤੇ ਪੇਯਜਲ ਤੇ ਫਲਾਂ ਦਾ ਪ੍ਰਬੰਧ ਕੀਤਾ ਗਿਆ ਸੀ। ਬੁਆਏਜ਼ ਕਾਲਜ ਵਿਖੇ ਥੋੜ੍ਹਾ ਸਮਾਂ ਪੜਾਅ ਕੀਤਾ ਗਿਆ ਜਿੱਥੇ ਬੱਚਿਆਂ ਦੇ ਤਿੰਨ ਜਥਿਆਂ ਨੇ ਕਵੀਸ਼ਰੀ ਨਾਲ ਜੋਸ਼ ਭਰਿਆ।

NZ PIC 5 Jan-01D

ਹੇਸਟਿੰਗਜ਼ ਅਤੇ ਔਕਲੈਂਡ ਤੋਂ ਗਤਕਾ ਪਾਰਟੀ ਨੇ ਗਤਕੇ ਦੇ ਜੌਹਰ ਵਿਖਾਏ। ਇਲਾਕੇ ਦੇ ਸੰਸਦ ਮੈਂਬਰ ਅਤੇ ਵਿਰੋਧੀ ਧਿਰ ਦੇ ਨੇਤਾ ਸ੍ਰੀ ਸਾਇਮਨ ਬ੍ਰਿਜਸ, ਸਾਂਸਦ ਸ੍ਰੀਮਤੀ ਪਰਮਜੀਤ ਕੌਰ ਪਰਮਾਰ, ਡਿਪਟੀ ਮੇਅਰ ਕੈਲਵਿਨ ਕਲਾਊਟ, ਪੁਲਿਸ ਦੇ ਅਧਿਕਾਰੀ, ਸਿਟੀ ਕੌਂਸਿਲ ਤੋਂ ਕਮਿਊਨਿਟੀ ਕੋਆਰਡੀਨੇਟਰ ਪੰਜਾਬੀ ਮੂਲ ਦੀ ਹਾਡੀਕਾਲੀਰਾਏ, ਟਰੱਕ ਸੇਵਾ ਕਰਨ ਵਾਲੇ ਸਾਰੇ ਵੀਰਾਂ ਨੂੰ, ਲੰਗਰ ਦੀ ਸੇਵਾ ਕਰਨ ਵਾਲੇ ਅਤੇ ਹੋਰ ਸੇਵਾਵਾਂ ਲੈਣ ਵਾਲਿਆਂ ਨੂੰ ਯਾਦਗਾਰੀ ਚਿੰਨ੍ਹਾਂ ਦੇ ਕੇ ਸਨਮਾਨਿਤ ਕੀਤਾ ਗਿਆ।

NZ PIC 5 Jan-1 B
(ਕਿਆ ਬਾਤ ਹੈ- ਨਰਸਿੰਘਾ ਵਜਾਉਂਦੇ ਹੋਏ ਸਾਂਸਦ ਤੇ ਸਾਬਕਾ ਮੰਤਰੀ ਸਾਇਮਨ ਬ੍ਰਿਜਸ)

ਸ੍ਰੀ ਸਾਇਮਨ ਬ੍ਰਿਜਸ ਨੇ ਛੇਵੀਂ ਵਾਰ ਇਸ ਨਗਰ ਕੀਰਤਨ ਦੇ ਵਿਚ ਬਹੁਤ ਚਾਅ ਨਾਲ ਹਿੱਸਾ ਲਿਆ ੱਅਤੇ ਇੰਡੀਆ ਤੋਂ ਵਿਸ਼ੇਸ਼ ਤੌਰ ‘ਤੇ ਲਿਆਂਦੇ ਗਏ ਵਿਰਾਸਤੀ ਬਿਗਲ ਉਪਕਰਣ ‘ਨਰਸਿੰਘਾ’ (ਰਣਸਿੰਘਾ) ਵੀ ਵਜਾਇਆ। ਇਕ ਅੰਦਾਜ਼ੇ ਮੁਤਾਬਿਕ 3 ਹਜ਼ਾਰ ਤੋਂ ਵੱਧ ਸੰਗਤ ਇਸ ਮੌਕੇ ਨਗਰ ਕੀਰਤਨ ਦੇ ਵਿਚ ਸ਼ਾਮਿਲ ਹੋਈ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਗੁਰੂ ਕਾ ਲੰਗਰ ਸ਼ਾਮ 6 ਵਜੇ ਤੱਕ ਜਾਰੀ ਰਿਹਾ।