NZ PIC 7 Jan-1

ਔਕਲੈਂਡ 7 ਜਨਵਰੀ  -ਨਿਊਜ਼ੀਲੈਂਡ ਵਸਦੇ ਪੰਜਾਬੀ ਭਾਈਚਾਰੇ ਨੂੰ ਇਹ ਜਾਣ ਕੇ ਬਹੁਤ ਦੁੱਖ ਹੋਵੇਗਾ ਕਿ ਅੰਬੇਡਕਰ ਮਿਸ਼ਨ ਸੁਸਾਇਟੀ ਨਿਊਜ਼ੀਲੈਂਡ ਦੇ ਫਾਊਂਡਰ ਮੈਂਬਰ ਤੇ ਮੌਜੂਦਾ ਜਨਰਲ ਸਕੱਤਰ ਸ੍ਰੀ ਰਾਜ ਕੁਮਾਰ ਇੰਡੀਆ ਗਏ ਹੋਏ ਸਨ, ਉਨ੍ਹਾਂ ਨੂੰ ਬੀਤੇ ਦਿਨੀਂ ਦਿਲ ਦਾ ਦੌਰਾ ਪਿਆ ਅਤੇ ਉਹ ਇਸ ਫਾਨੀ ਦੁਨਆਿ ਤੋਂ ਕੂਚ ਕਰ ਗਏ। ਉਹ ਮੈਨੁਕਾਓ ਵਿਖੇ ਰਹਿੰਦੇ ਸਨ ਅਤੇ ਇਸ ਵੇਲੇ  ਆਪਣੇ ਬਿਜ਼ਨਸ ‘ਨਿਊ ਲੁੱਕ ਬਲਾਈਂਡਜ਼’ ਕੰਪਨੀ ਦੇ ਡਾਇਰੈਕਟਰ ਸਨ। ਮਿਸ਼ਨ ਸੁਸਾਇਟੀ ਦੇ ਨਾਲ ਉਹ ਸੰਨ 2004 ਤੋਂ ਜੁੜੇ ਹੋਏ ਸਨ। ਉਹ ਨਵੀਂ ਆਬਾਦੀ ਮੁਹੱਲਾ ਨਕੋਦਰ ਸ਼ਹਿਰ ਤੋਂ ਸਨ। ਉਹ ਆਪਣੇ ਪਿੱਛੇ ਆਪਣੀ ਪਤਨੀ ਸ੍ਰੀਮਤੀ ਜਸਵਿੰਦਰ ਕੌਰ, ਇਕ ਪੁੱਤਰੀ ਅਤੇ ਇਕ ਪੁੱਤਰ ਛੱਡ ਗਏ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ੍ਹ ਨਕੋਦਰ ਵਿਖੇ ਕੀਤੇ ਜਾਣ ਦੀ ਸੰਭਾਵਨਾ ਹੈ ਕਿਉਂਕਿ ਉਨ੍ਹਾਂ ਦਾ ਪੁੱਤਰ ਪਿਛਲੀ ਰਾਤ ਹੀ ਇੰਡੀਆ ਗਿਆ ਹੈ, ਜਿਸ ਨੂੰ ਇਸ ਬਾਰੇ ਅਜੇ ਨਹੀਂ ਦੱਸਿਆ ਗਿਆ ਸੀ। ਸ੍ਰੀ ਰਾਜ ਕੁਮਾਰ ਇਥੇ ਕਾਫੀ ਸਮੇਂ ਤੋਂ ਰਹਿ ਰਹੇ ਸਨ।

ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ ਅਫਸੋਸ ਪ੍ਰਗਟ: ਸੁਸਾਇਟੀ ਤੋਂ ਪ੍ਰਧਾਨ ਸ੍ਰੀ ਮਹਿੰਦਰ ਪਾਲ ਨੇ ਸਮੂਹ ਮੈਂਬਰਾਂ ਦੀ ਤਰਫ ਤੋਂ ਸ਼੍ਰੀ ਰਾਜ ਕੁਮਾਰ ਦੀ ਬੇਵਕਤੀ ਮੌਤ ਉਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਉਹ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਦੇ ਫਾਊਂਡਰ ਮੈਂਬਰ ਅਤੇ ਪਹਿਲੇ ਜਨਰਲ ਸਕੱਤਰ ਵੀ ਸਨ। ਉਹ ਬਹੁਜਨ ਸਮਾਜ ਪਾਰਟੀ ਦੇ ਨਾਲ ਵੀ ਰਾਬਤਾ ਰੱਖਦੇ ਸਨ ਅਤੇ ਅੰਬੇਡਕਰ ਮਿਸ਼ਨ ਵਾਸਤੇ ਤੱਤਪਰ ਰਹਿੰਦੇ ਹਨ।

ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਵੱਲੋਂ ਵੀ ਅਫਸੋਸ ਪ੍ਰਗਟ: ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਤੋਂ ਵੀ ਸ੍ਰੀ ਰਾਜ ਕੁਮਾਰ ਦੀ ਬੇਵਕਤੀ ਮੌਤ ਉਤੇ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ ਹੈ।

ਗੁਰਦੁਆਰਾ ਸਾਹਿਬ ਬੇਗਮਪੁਰਾ ਵਿਖੇ ਸ਼ਰਧਾਂਜਲੀ ਭੇਟ: ਬੀਤੇ ਐਤਵਾਰ ਗੁਰਦੁਆਰਾ ਬੇਗਮਪੁਰਾ ਸਾਹਿਬ ਮੈਨੇਜਮੈਂਟ ਵੱਲੋਂ ਵੀ ਸ੍ਰੀ ਰਾਜ ਕੁਮਾਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਧਾਰਮਿਕ ਅਤੇ ਸਮਾਜਿਕ ਕਾਰਜਾਂ ਦੇ ਵਿਚ ਉਨ੍ਹਾਂ ਦਾ ਕਾਫੀ ਯੋਗਦਾਨ ਰਿਹਾ ਹੈ।

ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਵੱਲੋਂ ਅਫਸੋਸ ਪ੍ਰਗਟ: ਸ੍ਰੀ ਰਾਜ ਕੁਮਾਰ ਦੀ ਬੇਵਕਤੀ ਮੌਤ ਉਤੇ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਨੇ ਗਹਿਰਾ ਅਫਸੋਸ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਰਾਜ ਕੁਮਾਰ ਇਕ ਹੋਣਹਾਰ ਕਮਿਊਨਿਟੀ ਵਰਕਰ ਸੀ, ਉਸਨੇ ਇਥੇ ਰਹਿੰਦਿਆ ਵੀ ਬਹੁਤ ਸਾਰੇ ਸਮਾਜਿਕ ਕਾਰਜਾਂ ਦੇ ਵਿਚ ਆਪਣੀ ਸ਼ਮੂਲੀਅਤ ਰੱਖੀ।
ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਅਫਸੋਸ ਪ੍ਰਗਟ:  ਕਲੱਬ ਦੇ ਸਮੂਹ ਮੈਂਬਰਾਂ ਦੀ ਤਰਫ ਤੋਂ ਵੀ ਪਰਿਵਾਰ ਦੇ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਸ੍ਰੀ ਰਾਜ ਕੁਮਾਰ ਸਲਾਨਾ ਟੂਰਨਾਮੈਂਟ ਦੇ ਵਿਚ ਵੀ ਸਹਿਯੋਗ ਕਰਦੇ ਰਹਿੰਦੇ ਸਨ ਅਤੇ ਗਰੁਦੁਆਰਾ ਸਾਹਿਬ ਦੇ ਕਾਰਜਾਂ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੇ ਸਨ।