Sng02-01

ਉਪਰੋਕਤ ਸ਼ਬਦ ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਸ਼੍ਰੋਮਣੀ ਸਾਹਿਤਕਾਰ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਦੇ ਜਨਮ ਦਿਨ ਦੇ ਸੰਬੰਧ ਵਿੱਚ ਕੀਤੇ ਗਏ ਸਾਹਿਤਕ ਸਮਾਗਮ ਵਿੱਚ ਡਾ. ਤੇਜਵੰਤ ਮਾਨ ਨੇ ਧੰਨਵਾਦ ਕਰਦਿਆਂ ਕਹੇ। ਡਾ. ਮਾਨ 75 ਵਰ੍ਹੇ ਪੂਰੇ ਕਰਕੇ 76ਵੇਂ ਵਰ੍ਹੇ ਵਿੱਚ ਦਾਖਲ ਹੋ ਗਏ ਹਨ। ਇਸ ਸਮਾਗਮ ਦੀ ਪ੍ਰਧਾਨਗੀ ਸ. ਜਸਵੀਰ ਸਿੰਘ ਸਾਬਕਾ ਮੰਤਰੀ ਪੰਜਾਬ ਨੇ ਕੀਤੀ ਉਨ੍ਹਾਂ ਨਾਲ ਸਰਵਸ਼੍ਰੀ ਡਾ. ਭਗਵੰਤ ਸਿੰਘ, ਡਾ. ਚਰਨਜੀਤ ਸਿੰਘ ਉਡਾਰੀ, ਡਾ. ਨਰਵਿੰਦਰ ਸਿੰਘ ਕੌਸ਼ਲ ਸਾਬਕਾ ਡੀਨ ਕੁਰਕੁਸ਼ੇਤਰ ਯੂਨੀਵਰਸਿਟੀ, ਡਾ. ਜਗਜੀਤ ਸਿੰਘ ਕੋਮਲ, ਬਲਜੀਤ ਬੁੱਟਰ ਸਬ-ਐਡੀਟਰ ਅਜੀਤ ਜਲੰਧਰ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ।

ਉਪਰੰਤ ਡਾ. ਮਾਨ ਨੂੰ ਜਨਮ ਦਿਨ ਦੀ ਮੁਬਾਰਕ ਦਿੰਦਿਆਂ ਬੁਲਾਰਿਆਂ ਨੇ ਡਾ. ਤੇਜਵੰਤ ਮਾਨ ਦੀ ਸ਼ਖਸ਼ੀਅਤ ਅਤੇ ਰਚਨਾ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਉਨ੍ਹਾਂ ਦੀ ਲੰਬੀ ਉਮਰ ਦੀ ਦੁਆ ਕੀਤੀ। ਡਾ. ਰਾਜ ਕੁਮਾਰ ਗਰਗ ਨੇ ਕਿਹਾ ਮਾਨ ਜੋ ਅੰਦਰ ਹੈ ਉਹੀ ਬਾਹਰ ਹੈ। ਬੇਬਾਕ, ਨਿੱਡਰ ਅਤੇ ਤਲਖ ਲਿਖਣ ਵਾਲਾ ਲੇਖਕ ਅੱਜ ਦੇ ਸਮੇਂ ਵਿੱਚ ਘੱਟ ਹੀ ਮਿਲਦਾ ਹੈ। ਡਾ. ਨਰਵਿੰਦਰ ਸਿੰਘ ਨੇ ਕਿਹਾ ਕਿ ਡਾ. ਮਾਨ ਮਾਰਕਸਵਾਦ ਨਾਲ ਪ੍ਰਤੀਬੱਧ ਲੇਖਕ ਹੈ। ਉਸਦੀਆਂ ਆਪਣੀਆਂ ਧਾਰਨਾਵਾਂ ਹਨ ਕਈ ਵਾਰ ਅਸੀਂ ਉਸ ਨਾਲ ਬਹਿਸ ਵਿੱਚ ਪੈਂਦੇ ਹਾਂ ਪਰ ਉਸਦੀ ਦਲੀਲ ਤਰਕ ਸੰਗਤ ਪ੍ਰਭਾਵੀ ਹੁੰਦੀ ਹੈ। ਡਾ. ਭਗਵੰਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਪੰਜਾਬੀ ਭਾਸ਼ਾ ਅਤੇ ਗੁਰਮਤਿ ਵਿਚਾਰਧਾਰਾ ਦੀ ਮਾਰਕਸੀ ਦ੍ਰਿਸ਼ਟੀਕੌਣ ਤੋਂ ਵਿਆਖਿਆ ਕਰਨ ਵਾਲਾ ਇੱਕੋ ਇੱਕ ਆਲੋਚਕ ਹੈ। ਡਾ. ਚਰਨਜੀਤ ਸਿੰਘ ਉਡਾਰੀ ਨੇ ਕਿਹਾ ਕਿ ਮਾਨ ਜਿੰਦਗੀ ਵਿੱਚ ਆਈਆਂ ਔਕੜਾਂ, ਉਤਰਾਵਾਂ-ਚੜਾਵਾਂ ਤੋਂ ਕਦੇ ਨਹੀਂ ਘਬਰਾਇਆ। ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚ ਆਪਣੀ ਵਿਦਵਤਾ ਅਤੇ ਕਮਿਟਮੈਂਟ ਕਾਰਨ ਇਕੋ ਜਿਹਾ ਹਰਮਨ ਪਿਆਰਾ ਰਿਹਾ ਹੈ। ਡਾ. ਜਗਜੀਤ ਸਿੰਘ ਕੋਮਲ ਨੇ ਕਿਹਾ ਕਿ ਡਾ. ਮਾਨ ਇੱਕ ਸੰਵਾਦ ਕਰਨ ਯੋਗ ਸ਼ਖਸ਼ੀਅਤ ਹੈ, ਉਸ ਨਾਲ ਕਿਸੇ ਵੀ ਵਿਸ਼ੇ ਉੱਤੇ ਵਿਚਾਰ ਚਰਚਾ ਕਰਦਿਆਂ ਨਵੇਂ ਦ੍ਰਿਸ਼ਟੀਕੌਣ ਖੁਲ੍ਹਦੇ ਹਨ। ਕ੍ਰਿਸ਼ਨ ਬੇਤਾਬ ਨੇ ਡਾ. ਮਾਨ ਦੀ ਅਦਬੀ ਸ਼ਖਸ਼ੀਅਤ ਦਾ ਸਤਿਕਾਰ ਕਰਦਿਆਂ ਆਪਣੀ ਰਚਨਾ ਪ੍ਰਕਿਰਿਆ ਨੂੰ ਸਹੀ ਸੇਧ ਦੇਣ ਵਿੱਚ ਡਾ. ਮਾਨ ਦੀ ਅਗਵਾਈ ਨੂੰ ਸਵੀਕਾਰਿਆ। ਬਲਜੀਤ ਬੁੱਟਰ ਉਪ-ਸੰਪਾਦਕ ਅਜੀਤ ਨੇ ਡਾ. ਤੇਜਵੰਤ ਮਾਨ ਦਾ ਵਿਦਿਆਰਥੀ ਹੋਣ ਉਤੇ ਮਾਨ ਕਰਦਿਆਂ ਕਿਹਾ ਡਾ. ਮਾਨ ਦੀ ਕਲਾਸ ਛੱਡਣਾ ਬੜਾ ਵੱਡਾ ਘਾਟਾ ਰਹਿੰਦਾ ਸੀ। ਡਾ. ਮਾਨ ਦੇ ਪੜ੍ਹਾਉਣ ਦੀ ਸ਼ੈਲੀ ਹਮੇਸ਼ਾਂ ਸਲੇਬਸ ਦੀ ਟੈਕਸਟ ਨੂੰ ਜਮਾਤੀ ਦ੍ਰਿਸ਼ਟੀਕੌਣ ਤੋਂ ਪਰਖਣ ਵਾਲੀ ਸੀ। ਮਾਰਕਸੀ ਫਲਸਫ਼ੇ ਨੂੰ ਪੰਜਾਬੀਆਂ ਦੀ ਵਿਰਾਸਤੀ ਧਰੋਹਰ ਨਾਲ ਜੋੜਕੇ ਸਮਝਣ ਦੀ ਜਰੂਰਤ ਸਾਨੂੰ ਡਾ. ਤੇਜਵੰਤ ਮਾਨ ਨੇ ਸਿਖਾਈ। ਡਾ. ਤੇਜਵੰਤ ਮਾਨ ਹੀ ਪ੍ਰਿੰ. ਸੰਤ ਸਿੰਘ ਸੇਖੋਂ ਦਾ ਸਾਹਿਤਕ ਵਾਰਿਸ ਹੈ।

ਵਿਚਾਰ ਚਰਚਾ ਵਿੱਚ ਜਗਦੀਪ ਸਿੰਘ ਐਡਵੋਕੇਟ, ਸੁਖਵਿੰਦਰ ਸਿੰਘ ਫੁੱਲ, ਕਰਤਾਰ ਸਿੰਘ ਠੁਲੀਵਾਲ, ਭੂਸ਼ਨ, ਚਰਨਜੀਤ ਸਿੰਘ ਮੰਗਵਾਲ, ਧਰਮੀ ਤੁੰਗਾਂ, ਸਤਿੰਦਰ ਫੱਤਾ, ਕੌਰ ਸੈਨ, ਨਰਿੰਦਰ ਕੁਮਾਰ, ਰਾਜਿੰਦਰ ਸਿੰਗਲਾ, ਦੇਸ਼ ਭੂਸ਼ਨ, ਗੁਰਨਾਮ ਸਿੰਘ ਆਦਿ ਨੇ ਭਾਗ ਲੈਂਦਿਆ ਡਾ. ਤੇਜਵੰਤ ਮਾਨ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਉਪਰੰਤ ਡਾ. ਤੇਜਵੰਤ ਮਾਨ ਦੀ ਸ਼ਖਸ਼ੀਅਤ ਬਾਰੇ ਕਵੀ ਦਰਬਾਰ ਹੋਇਆ। ਜਿਸ ਵਿੱਚ ਚਰਨਜੀਤ ਉਡਾਰੀ, ਗਗਨਦੀਪ ਸਿੰਘ ਦੀਪ, ਧਰਮੀ ਤੁੰਗਾਂ, ਕ੍ਰਿਸ਼ਨ ਬੇਤਾਬ, ਭੁਪਿੰਦਰ ਬੋਪਾਰਾਏ, ਦੇਸ਼ ਭੂਸ਼ਨ ਮਾਨਵਵਾਦੀ, ਕਰਤਾਰ ਠੁੱਲੀਵਾਲ, ਸਤਿੰਦਰ ਫੱਤਾ ਨੇ ਆਪਣੀਆਂ ਕਾਵਿ ਰਚਨਾਵਾਂ ਸੁਣਾਈਆਂ।

ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਡਾ. ਤੇਜਵੰਤ ਮਾਨ ਦਾ ਸਨਮਾਨ ਕੀਤਾ ਗਿਆ। ਕੇਕ ਕੱਟਣ ਦੀ ਰਸਮ ਸਮੁੱਚੇ ਪ੍ਰਧਾਨਗੀ ਮੰਡਲ ਨੇ ਕੀਤੀ। ਡਾ. ਤੇਜਵੰਤ ਮਾਨ ਨੇ ਆਏ ਲੇਖਕਾਂ ਦਾ ਧੰਨਵਾਦ ਕਰਦਿਆਂ ਆਪਣੇ ਜੀਵਨ ਅਤੇ ਰਚਨਾ ਬਾਰੇ ਵਿਸਤਰਿਤ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਜੀਵਨ ਕੋਈ ਮੀਠੀ ਖੀਰ ਨਹੀਂ ਰਿਹਾ ਸਗੋਂ ਬੱਕਬੱਕਾ ਕੁੜਤਨ ਭਰਿਆ ਔਲਾ ਰਿਹਾ ਹੈ। ਇਸ ਕੁੜਤਨ ਭਰੇ ਔਲੇ ਨੇ ਮੇਰੀ ਰਚਨ ਪ੍ਰਕ੍ਰਿਆਂ ਨੂੰ ਵਿਕਾਰ ਰਹਿਤ, ਆਰੋਗ, ਮਾਨਵੀ ਸਾਰੋਕਾਰਾਂ ਅਤੇ ਮਾਨਵ ਕੀ ਜਾਤਿ ਸਭੇ ਏਕ ਪਹਿਚਾਨਵੋ ਦੇ ਵਿਚਾਰਾਂ ਨਾਲ ਲੈਸ ਕੀਤਾ। ਮੇਰੀ ਰਚਨਾ ਸਮਾਜਕ ਅਤੇ ਪਰਿਵਾਰਿਕ ਵਿਸੰਗਤੀਆਂ ਦਾ ਕੌੜਾ ਯਥਾਰਥ ਹੈ।ਇਸਨੂੰ ਜਿੱਦ ਕਹੋ ਜਾਂ ਢੀਠਤਾ ਮੈਂ ਆਪਣੇ ਅਕੀਦੇ ਤੋਂ ਕਦੇ ਨਹੀਂ ਭਜਿਆ। ਪੰਜਾਬੀ ਸਾਹਿਤ ਵਿੱਚ ਕਹਾਣੀ, ਕਵਿਤਾ, ਸਵੈ-ਜੀਵਨੀ, ਨਿਬੰਧਕਾਰੀ, ਆਲੋਚਨਾ, ਖੋਜ ਦੇ ਖੇਤਰ ਵਿੱਚ ਹੁਣ ਤੱਕ 61 ਪੁਸਤਕਾਂ ਦੀ ਰਚਨਾ ਕੀਤੀ ਹੈ। ਇਹ ਸਾਰੀ ਰਚਨਾ ਪਦਾਰਥਵਾਦੀ ਮਾਰਕਸੀ ਚਿੰਤਨ ਅਤੇ ਵਿਚਾਰਵਾਦੀ ਪੂਰਬੀ ਚਿੰਤਨ ਦਾ ਸਿਖਰ ਗੁਰਮਤਿ ਦੀ ਨੈਤਿਕਤਾ ਦੇ ਸੁਮੇਲ ਨੂੰ ਮੁੱਖ ਰੱਖ ਕੇ ਕੀਤੀ ਗਈ ਹੈ। ਮੈਂ ਕੋਈ 27 ਵਰ੍ਹੇ ਕਾਲਜ ਵਿਦਿਆਰਥੀਆਂ ਨੂੰ ਪੜ੍ਹਾਇਆ ਹੈ ਮੈਨੂੰ ਮਾਨ ਹੈ ਕਿ ਮੇਰੇ ਪੜ੍ਹਾਏ ਵਿਦਿਆਰਥੀ ਉੱਚ ਵਿੱਦਿਆ ਹਾਸਲ ਕਰਨ ਉਪਰੰਤ ਵੀ ਸਮਾਜਕ, ਆਰਥਿਕ, ਰਾਜਨੀਤਿਕ ਵਿਸੰਗਤੀਆਂ ਨੂੰ ਮੁਖਾਤਬ ਹੋ ਕੇ ਆਪਣਾ ਕਾਰਜ ਨਿਭਾ ਰਹੇ ਹਨ।

ਜਸਵੀਰ ਸਿੰਘ ਮੰਤਰੀ ਜੀ ਨੇ ਤੇਜਵੰਤ ਮਾਨ ਨਾਲ ਬਿਤਾਏ ਪਲਾਂ ਦੀਆਂ ਕੁੱਝ ਦਿਲਚਸਪ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਵਿਸ਼ੇਸ਼ ਰੂਪ ਵਿੱਚ ਆਰਸੀ ਵਿੱਚ ਛਪੀ ਡਾ. ਤੇਜਵੰਤ ਮਾਨ ਦੀ ਕਹਾਣੀ ‘ਲਾਸ਼’ ਦਾ ਜ਼ਿਕਰ ਕੀਤਾ। ਅੰਤ ਵਿੱਚ ਸਟੇਜ ਦੀ ਕਾਰਵਾਈ ਬਾਖੂਬੀ ਨਿਭਾਉਂਦਿਆਂ ਪੰਜਾਬੀ ਸਾਹਿਤ ਸਭਾ ਸੰਗਰੂਰ ਦੇ ਜਨਰਲ ਸਕੱਤਰ ਸ. ਗੁਰਨਾਮ ਸਿੰਘ ਨੇ ਜੁੜੇ ਲੇਖਕਾਂ ਦਾ ਧੰਨਵਾਦ ਕੀਤਾ।