IMG_2816

ਫਰਿਜ਼ਨੋ, 2 ਜਨਵਰੀ — ਪੰਜਾਬੀ ਕਲਚਰਲ ਐਸੋਸੀਏਸ਼ਨ (ਪੀਸੀਏ) ਦੇ ਸਮੂਹ ਮੈਂਬਰ ਜਿਹੜੇ ਕਿ ਸਮੇ ਸਮੇ ਸਿਰ ਉਸਾਰੂ ਧਾਰਮਿਕ, ਸੱਭਿਆਚਾਰਕ ਅਤੇ ਸਮਾਜਿਕ ਪ੍ਰੋਗਰਾਮ ਕਰਵਾਉਣ ਕਰਕੇ ਸਦਾ ਚਰਚਾ ਵਿੱਚ ਰਹਿੰਦੇ ਹਨ, ਵੱਲੋਂ ਨਵੇਂ ਸਾਲ ਦੇ ਮੌਕੇ ਨੂੰ ਮੁਖ ਰੱਖਕੇ ਸਥਾਨਿਕ ਗੁਰਦੁਆਰਾ ਸਿੰਘ ਸਭਾ ਫਰਿਜ਼ਨੋ ਵਿਖੇ 28 ਦਸੰਬਰ ਤੋਂ 1 ਜਨਵਰੀ ਤੱਕ ਗੁਰਮਤਿ ਦੀਵਾਨ ਸਜਾਏ ਗਏ।  ਇਹਨਾਂ ਦੀਵਾਨਾ ਵਿੱਚ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ  ਸਰਬਜੀਤ  ਸਿੰਘ ਧੂੰਦਾ ਉਚੇਚੇ  ਤੌਰ  ਤੇ ਹਾਜ਼ਰੀ ਭਰਨ ਲਈ ਪਹੁੰਚੇ  ਹੋਏ ਸਨ ਅਤੇ ਇਹਨਾਂ ਦੀਵਾਨਾ ਦਾ ਮੁੱਖ ਉਦੇਸ਼ ਸਾਡੀ ਨਵੀਂ ਪੀੜ੍ਹੀ ਨੂੰ ਗੁਰੂ ਸਿਧਾਂਤ ਤੋਂ ਜਾਣੂ ਕਰਵਾਉਣਾ ਅਤੇ ਸੰਗਤਾ ਨੂੰ ਸਿੱਖੀ ਨਾਲ ਜੋੜਨਾ ਹੈ। ਇਹਨਾਂ ਦੀਵਾਨਾਂ ਵਿੱਚ ਸੰਗਤਾ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰਕੇ ਸ਼ਬਦ ਗੁਰੂ ਦੀ ਵਿਚਾਰ ਭਾਈ  ਸਰਬਜੀਤ  ਸਿੰਘ ਧੂੰਦਾ ਕੋਲੋ ਸਰਵਣ ਕੀਤੀ। ਇਸ ਮੌਕੇ ਭਾਈ ਸਰਬਜੀਤ ਸਿੰਘ ਧੂੰਦਾ ਨੇ ਦੀਵਾਨਾ ਵਿੱਚ ਹਾਜ਼ਰੀ ਭਰਕੇ ਸੰਗਤ ਨੂੰ ਵਹਿਮਾਂ ਭਰਮਾ ਦਾ ਪੱਲ੍ਹਾ ਛੱਡਕੇ ਗੁਰੂ ਸ਼ਬਦ ਤੇ ਪਹਿਰਾ ਦੇਣ ਦੀ ਪੁਰਜ਼ੋਰ ਅਪੀਲ ਕੀਤੀ। ਨਵੇਂ ਸਾਲ ਦੀ ਆਮਦ ਨੂੰ ਮੁੱਖ ਰੱਖਕੇ 31 ਦਸੰਬਰ ਨੂੰ ਗੁਰੂ ਘਰ ਵਿੱਖੇ ਵਿਸ਼ੇਸ਼ ਦੀਵਾਨ ਸਜਾਏ ਗਏ। ਇਸ ਮੌਕੇ ਭਾਈ ਸਰਬਜੀਤ ਸਿੰਘ ਧੂੰਦਾ ਨੇ ਕਿਹਾ ਕਿ ਆਓ ਨਵੇਂ ਸਾਲ ਵਿੱਚ ਸਕੰਲਪ ਲਇਏ ਕਿ ਸਿਰਫ ਗੁਰੂ ਗ੍ਰੰਥ ਸਹਿਬ ਦੇ ਸਿਧਾਂਤ ਮੁਤਾਬਕ ਜੀਵਨ ਜਿਉਣਾ ਹੈ ‘ਤੇ ਗੁਰੂ ਸਿਧਾਂਤ ਤੇ ਪਹਿਰਾ ਦੇਕੇ ਗੁਰੂ ਗ੍ਰੰਥ ਸਹਿਬ ਤੋ ਜੀਵਨ ਜਾਂਚ ਸਿੱਖੀਏ।

IMG_2805

ਉਹਨਾਂ ਕਿਹਾ ਕਿ ਉਪਰਲੇ ਸਵਰਗ ਦਾ ਤਾਂ ਪਤਾ ਨਹੀਂ ਲੇਕਿਨ ਅਗਰ ਅਸੀਂ ਧਰਤੀ ਤੋਂ ਪ੍ਰਦੂਸ਼ਣ ਖਤਮ ਕਰਕੇ ਜਲਵਾਯੂ ਨੂੰ ਬਚਾ ਲਈਏ, ਇਸ ਸਵਰਗ ਦੀ ਸਾਭ ਸੰਭਾਲ ਵੱਲ ਧਿਆਨ ਲਾਈਏ ਤਾਂ ਇਹੀ ਸਾਡੀ ਗੁਰੂ ਪ੍ਰਤੀ ਸੱਚੀ ਸਰਧਾ ਹੋਵੇਗੀ। ਉਹਨਾਂ ਸੰਗਤ ਨੂੰ ਨਵੇ ਸਾਲ ਦੀ ਵਧਾਈ ਵੀ ਦਿੱਤੀ। ਉਹਨਾਂ ਤੋਂ ਇਲਾਵਾ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਮਲਕੀਤ ਸਿੰਘ ਅਤੇ ਪੀਸੀਏ ਮੈਂਬਰ ਗੁਰਨੇਕ ਸਿੰਘ ਬਾਗੜੀ ਨੇ ਵੀ ਸੰਗਤ ਨੂੰ ਨਵੇ ਸਾਲ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਗੁਰੂ ਘਰ ਦੇ ਕੀਰਤਨੀਏ ਡਾ. ਮਲਕੀਤ ਸਿੰਘ ਨੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਸਟੇਜ ਸੰਚਾਲਨ ਗੁਰੂ ਘਰ ਦੇ ਸੈਕਟਰੀ ਗੁਰਪ੍ਰੀਤ ਸਿੰਘ ਮਾਨ ਨੇ ਕੀਤਾ।