7a32eb68-8494-4e2a-a48a-d7fe7999fc01

ਉਪਰੋਕਤ ਸ਼ਬਦ ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ.) ਵੱਲੋਂ ਭਾਸ਼ਾ ਵਿਭਾਗ ਪੰਜਾਬ ਦੇ ਲੈਕਚਰ ਹਾਲ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ਵ ਚਿੰਤਨ ਦੇ ਅਵਸਰ ਤੇ ਕਰਵਾਏ ਗਏ ‘ਨਾਰੀਵਾਦ ਤੇ ਨਾਰੀ ਮੁਕਤੀ’ ਵਿਸ਼ੇ ਉਤੇ ਸੈਮੀਨਾਰ ਦਾ ਆਰੰਭ ਕਰਦਿਆਂ ਡਾ. ਸਵਰਾਜ ਸਿੰਘ ਵਿਸ਼ਵ ਪ੍ਰਸਿੱਧ ਚਿੰਤਕ ਨੇ ਕਹੇ। ਉਨ੍ਹਾਂ ਕਿਹਾ ਕਿ ਪੱਛਮੀ ਪੂੰਜੀਵਾਦੀ ਫਲਸਫੇ ਦੀ ਆਤਮਕ ਕੰਗਾਲੀ ਨੇ ਨਾਰੀਵਾਦ ਨੂੰ ਜਨਮ ਦਿੱਤਾ। ਨਾਰੀਵਾਦ, ਨਾਰੀ ਦੇ ਸਨਮਾਨ ਦਾ ਯਤਨ ਨਹੀਂ, ਸਗੋਂ ਅਪਮਾਨ ਕਰਨ ਦੀ ਇੱਕ ਸਾਜਸ਼ ਹੈ। ਪੂਰਬੀ ਫਲਸਫ਼ੇ ਦੀ ਜੜ੍ਹ ਵਿੱਚ ਆਤਮਕ ਚੇਤਨਾ ਹੈ ਨਾਰੀਵਾਦ ਦੇ ਵਿਰੋਧ ਵਿਚ ਨਾਰੀਮੁਕਤੀ ਦਾ ਸੰਕਲਪ ਨਿਰੰਤਰ ਗਤੀਸ਼ੀਲ ਰਿਹਾ ਹੈ। ਜਿਸਦਾ ਸਿਖਰ ਗੁਰਮਤਿ ਵਿਚਾਰਧਾਰਾ ਹੈ।

ਇਸ ਸਮਾਗਮ ਦੀ ਪ੍ਰਧਾਨਗੀ ਸ. ਹਰਿੰਦਰ ਸਿੰਘ ਚਹਿਲ ਸੇਵਾ ਮੁਕਤ ਡੀ.ਆਈ.ਜੀ. ਨੇ ਕੀਤੀ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿਚ ਡਾ. ਹਰਕੇਸ਼ ਸਿੰਘ ਸਿੱਧੂ ਸਾਬਕਾ ਆਈ.ਏ.ਐਸ., ਡਾ. ਕੁਲਬੀਰ ਕੌਰ ਚੰਡੀਗੜ੍ਹ, ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ., ਡਾ. ਬੀ.ਐਸ.ਰਤਨ, ਡਾ. ਸਵਰਾਜ ਸਿੰਘ, ਡਾ. ਧਰਮਵੀਰ ਗਾਂਧੀ, ਮੈਂਬਰ ਪਾਰਲੀਮੈਂਟ, ਸ਼੍ਰੀਮਤੀ ਗੁਰਸ਼ਰਨ ਕੌਰ, ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਸੇਠ ਸ਼ਾਮ ਲਾਲ, ਡਾ. ਭਗਵੰਤ ਸਿੰਘ, ਪ੍ਰਭਜੋਤ ਕੌਰ ਚੰਡੀਗੜ੍ਹ ਸ਼ਾਮਲ ਹੋਏ ।

ਸੈਮੀਨਾਰ ਵਿਚ ਡਾ. ਕੁਲਬੀਰ ਕੌਰ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਨਵਦੀਪ ਕੌਰ, ਪ੍ਰੋ. ਨਿਰਮਲਜੀਤ ਕੌਰ ਨੇ ਆਪਣੇ ਖੋਜਪੱਤਰ ਪੇਸ਼ ਕੀਤੇ। ਡਾ. ਕੁਲਬੀਰ ਕੌਰ ਨੇ ਨਾਰੀ ਮੁਕਤੀ ਦਾ ਇੱਕੋ ਇੱਕ ਹੱਲ ਨਾਰੀਸ਼ਕਤੀ ਅਤੇ ਸਵੈ ਦੀ ਪਹਿਚਾਣ ਦੱਸਿਆ। ਉਨ੍ਹਾਂ ਸਮਕਾਲੀ ਨਿੱਘਰ ਰਹੇ ਸਮਾਜਕ ਅਤੇ ਰਾਜਨੀਤਕ ਹਾਲਤਾਂ ਉਤੇ ਟਿੱਪਣੀ ਕਰਦਿਆਂ ਕਿਹਾ ਕਿ ਅੱਜ ਹਰ ਗੱਲ ਵਿਚ ‘ਰੇਪ’ ਸ਼ਬਦ ਦੀ ਖੁੱਲ੍ਹੇਆਮ ਵਰਤੋਂ ਹੋ ਰਹੀ ਹੈ। ਬਾਕੀ ਤਿੰਨਾਂ ਪੇਪਰਾਂ ਵਿੱਚ ਔਰਤ ਨਾਲ ਹੁੰਦੇ ਦੁਰਵਿਵਹਾਰ ਦਾ ਵਿਸਤਰਿਤ ਜਿਕਰ ਕੀਤਾ ਗਿਆ। ਬਹਿਸ ਨੂੰ ਅੱਗੇ ਤੋਰਦਿਆਂ ਪ੍ਰੋ. ਪ੍ਰਭਜੋਤ ਕੌਰ ਨੇ ਨਾਰੀਵਾਦ ਨੂੰ ਇੱਕ ਲਹਿਰ ਦੱਸਿਆ ਅਤੇ ਸਿੱਖ ਲਹਿਰ ਨਾਲ ਤੁਲਨਾਤਮਿਕ ਮੁਲੰਕਣ ਕੀਤਾ। ਉਨ੍ਹਾਂ ਨੇ ਇਤਿਹਾਸਕ ਹਵਾਲੇ ਨਾਲ ਦੱਸਿਆ ਕਿ ਸਿੱਖ ਮਿਸਲਾਂ ਸਮੇਂ ਸਿੱਖ ਔਰਤਾਂ ਨੇ ਰਾਜਭਾਗ ਸੰਭਾਲਿਆ, ਜਦ ਕਿ ਪੱਛਮ ਵਿਚ ਉਸ ਸਮੇਂ ਔਰਤ ਨੂੰ ਆਪਣੀ ਗੁਲਾਮੀ ਬਾਰੇ ਪਤਾ ਹੀ ਨਹੀਂ ਸੀ। ਡਾ. ਹਰਕੇਸ਼ ਸਿੰਘ ਸਿੱਧੂ ਦਾ ਵਿਚਾਰ ਸੀ ਕਿ ਪੱਛਮ ਵਿਚ ਸਭ ਕੁੱਝ ਮਾੜਾ ਨੀਂ ਅਤੇ ਨਾ ਹੀ ਪੂਰਬੀ ਫਲਸਫਾ ਸਾਰਾ ਚੰਗਾ ਹੀ ਚੰਗਾ ਹੈ। ਅੱਜ ਸਾਨੂੰ ਦੋਹਾਂ ਦਾ ਸੁਮੇਲ ਕਰਨ ਦੀ ਲੋੜ ਹੈ। ਡਾ. ਬੀ.ਐਸ. ਰਤਨ ਨੇ ਨਾਰੀ ਸੰਵੇਦਨਾ ਅਤੇ ਮਰਦ ਸੰਵੇਦਨਾ ਵਿਚਕਾਰ ਆਈ ਤਰੇੜ ਨੂੰ ਭਰਨ ਦੀ ਲੋੜ ਉਤੇ ਜੋਰ ਦਿੱਤਾ। ਡਾ. ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਜੀ ਨੇ ਮੈਡੀਕਲ ਨੁਕਤੇ ਤੋਂ ਦੱਸਿਆ ਕਿ ਆਦਮੀ ਅਤੇ ਤੀਵੀਂ ਵਿੱਚ ਕੋੌਈ ਫਰਕ ਨਹੀਂ, ਸਗੋਂ ਔਰਤਾਂ ਵਿਚ ਕੁਦਰਤੀ ਮੁਸੀਬਤਾਂ ਬਰਦਾਸ਼ਤ ਕਰਨ ਦੀ ਵਧੇਰੇ ਸ਼ਕਤੀ ਹੁੰਦੀ ਹੈ।

ਡਾ. ਤੇਜਵੰਤ ਮਾਨ ਨੇ ਕਿਹਾ ਕਿ ਨਾਰੀਵਾਦ ਜਾਂ ਮੀਟੂ ਦੀ ਲਹਿਰ ਕੇਵਲ ਪੱਛਮੀ ਪੂੰਜੀ ਵਿਕਾਸ ਮਾਡਲ ਦੀ ਦੇਣ ਹੈ। ਇਸ ਦਾ ਪੂਰਬੀ ਸਿਰਜਨਾਤਮਿਕ ਕਿਰਤ ਵਿਕਾਸ ਮਾਡਲ ਵਿਚ ਕੋਈ ਥਾਂ ਨਹੀਂ। ਪੂੰਜੀ ਵਿਕਾਸ ਮਾਡਲ ਸਾਡੇ ਸਮਾਜ, ਦਰਸ਼ਨ, ਸਿਰਜਨਾਂ ਅਤੇ ਸ਼ਬਦ ਨੂੰ ਭੰਗ ਕਰਕੇ ਪੇਂਡੂ, ਪਰਿਵਾਰਕ ਰਿਸ਼ਤਿਆਂ ਨੂੰ ਹੀ ਨਹੀਂ ਤੋੜਦਾ ਸਗੋਂ ਇਸਤ੍ਰੀਮਰਦ ਦੇ ਆਪਸੀ ਸੰਬੰਧਾਂ ਨੂੰ ਵੀ ਖੇਰੂੰ ਕਰਦਾ ਹੈ। ਮਨੁੱਖ ਦੀ ਮਾਨਸਿਕਤਾ ਨੂੰ ਮੰਡੀ ਦੀ ਵਸਤ ਬਣਾਕੇ ਉਸਨੇ ਔਰਤ ਨੂੰ ਮੰਡੀ ਵਿੱਚ ਲਿਆ ਖੜ੍ਹਾ ਕੀਤਾ ਹੈ। ਜਿਸ ਕਾਰਨ ਔਰਤ ਦੀ ਅਸਮਤ ਨੂੰ ਇਸ਼ਤਿਹਾਰੀ ਬਣਾਕੇ ਪੂੰਜੀ ਦੀ ਚਕਾਚੌਂਧ ਵਿਚ ਧਕੇਲ ਦਿੱਤਾ ਹੈ ਅਤੇ ਉਹ ਪੱਛਮੀ ਉਤਪਾਦਕੀ ਮਾਡਲ ਦਾ ਸ਼ਿਕਾਰ ਹੈ ਆਪਣੇ ਸਰੀਰਕ ਅੰਗਾਂ ਦੀ ਪ੍ਰਦਰਸ਼ਨੀ ਕਰਨ ਵਿੱਚ ਫਖ਼ਰ ਮਹਿਸੂਸ ਕਰਦੀਆਂ ਔਰਤ ਦੀ ਆਜ਼ਾਦੀ ਦਾ ਨਾਂ ਦਿੰਦੀਆਂ ਹਨ। ਇਸੇ ਨੂੰ ਔਰਤ ਦੀ ਪਹਿਚਾਣ ਵਜੋਂ  ਸਥਾਪਤ ਕਰਨ ਵਿੱਚ ਵੱਡਾ ਹਿੱਸਾ ਪਾਉਂਦੀਆਂ ਹਨ।

ਇਸ ਬਹਿਸ ਵਿਚ ਕਿਰਨਜੋਤ ਕੌਰ, ਮੇਘ ਰਾਜ ਬਠਿੰਡਾ, ਡਾ. ਅਖਲੇਸ਼ ਬਾਤਿਸ਼, ਸ਼੍ਰੀਮਤੀ ਗੁਰਸ਼ਰਨ ਕੌਰ, ਡਾ. ਗੁਰਨਾਮ ਸਿੰਘ, ਡਾ. ਲਕਸ਼ਮੀ ਨਰਾਇਣ ਭੀਖੀ, ਕੁਲਵੰਤ ਸਿੰਘ ਨਾਰੀਕੇ, ਐਮ.ਐਸ. ਜੱਗੀ, ਬਲਵਿੰਦਰ ਸਿੰਘ ਭੱਟੀ, ਪ੍ਰੋ. ਸੁਰਿੰਦਰ ਕੌਰ, ਪ੍ਰੋ. ਮੇਵਾ ਸਿੰਘ ਤੁੰਗ, ਡਾ. ਰਾਜਿੰਦਰ ਕੌਰ, ਪ੍ਰੋ. ਜੇ.ਕੇ. ਮਿਗਲਾਨੀ, ਡਾ. ਅਮਰ ਸਿੰਘ ਆਜ਼ਾਦ, ਡਾ. ਸੁਰਜੀਤ ਸਿੰਘ ਖੁਰਮਾ, ਡਾ. ਐਚ.ਐਸ. ਧੀਮਾਨ, ਜਗਦੀਪ ਸਿੰਘ ਐਡਵੋਕੇਟ, ਇੰਜ. ਆਰ.ਐਸ. ਸਿਆਨ, ਪ੍ਰਿੰ: ਦਰਸ਼ਨ ਸਿੰਘ, ਡਾ. ਹਰਜਿੰਦਰ ਸਿੰਘ ਰੋਜ਼, ਡਾ. ਭੋਜ ਰਾਜ, ਵਿਦਿਆਰਥੀ ਨੇਤਾ ਪ੍ਰਗਟ ਸਿੰਘ, ਪ੍ਰੀਤ ਕਾਸ਼ੀ, ਡਾ. ਭਗਵੰਤ ਸਿੰਘ, ਅਮਰਿੰਦਰ ਸਿੰਘ ਸੋਹਲ ਆਦਿ ਵਿਦਵਾਨਾਂ ਨੇ ਹਿੱਸਾ ਲਿਆ।

ਸਮਾਗਮ ਦਾ ਆਰੰਭ ਸਾਈਂ ਸੰਗੀਤ ਅਕਾਡਮੀ ਪਟਿਆਲਾ ਅਤੇ ਫੀਲਖਾਨਾ ਸਕੂਲ ਪਟਿਆਲਾ ਦੇ ਬੱਚਿਆਂ ਵੱਲੋਂ ਸ਼ਬਦ ਗਾਇਣ ਨਾਲ ਹੋਇਆ। ਇਸ ਮੌਕੇ ਧਨੋਲੇ ਦੇ ਪਾਠਕ ਭਰਾਵਾਂ ਨੇ ਕਵੀਸ਼ਰੀ ਦਾ ਰੰਗ ਬੰਨ੍ਹਿਆ। ਕਵੀ ਦਰਬਾਰ ਵਿੱਚ ਸਰਵ ਸ਼੍ਰੀ ਗੁਲਜ਼ਾਰ ਸਿੰਘ ਸ਼ੌਂਕੀ, ਬੰਤ ਸਿੰਘ ਸਾਰੋਂ, ਮੀਤ ਸਕਰੌਦੀ, ਜੰਗ ਸਿੰਘ ਫੱਟੜ, ਚਮਕੌਰ ਸਿੰਘ ਚਾਹਲ, ਜਨਤ, ਸੈਫ ਮੁਹੰਮਦ, ਕੰਵਲ, ਹਰਵਿੰਦਰ ਸਿੰਘ ਨਰੜੂ, ਬਚਨ ਸਿੰਘ ਗੁਰਮ, ਸਮੀਨਾ ਮਿਰਜ਼ਾ, ਸੁਖਵਿੰਦਰ ਕੌਰ ਆਹੀ, ਸੁਖਮਿੰਦਰ ਸੇਖੋਂ, ਕ੍ਰਿਸ਼ਨ ਬੇਤਾਬ, ਏ.ਪੀ. ਸਿੰਘ, ਰਕੇਸ਼ ਠਾਕੁਰ, ਸੁਭਾਸ਼ ਮਲਿਕ, ਰਘਬੀਰ ਸਿੰਘ ਮੰਡੋਲੀ, ਹਰਿੰਦਰ ਸਿੰਘ ਲਾਖਾ, ਭੁਪਿੰਦਰ ਉਪਰਾਮ, ਜਸਪਾਲ ਸਿੰਘ ਜੱਸਲ ਆਦਿ ਕਵੀਆਂ ਨੇ ਆਪਣੀਆਂ ਕਾਵਿਰਚਨਾਵਾਂ ਸੁਣਾਈਆਂ।

ਇਸ ਸਮਾਗਮ ਵਿਚ ਦੋ ਪੁਸਤਕਾਂ ਮੱਲ ਸਿੰਘ ਰਾਮਪੁਰੀ ਰਚਨਾ ਤੇ ਮੁਲੰਕਣ (ਡਾ. ਭਗਵੰਤ ਸਿੰਘ, ਡਾ. ਰਮਿੰਦਰ ਕੌਰ ) “ਸਮਾਜੀ ਸੰਘਰਸ਼ ਅਤੇ ਸੰਸਾਰੀਕਰਨ (ਡਾ. ਲਕਸ਼ਮੀ ਨਰਾਇਣ ਭੀਖੀ) ਲੋਕ ਅਰਪਨ ਕੀਤੀਆਂ ਗਈਆਂ। ਕੁਲਵੰਤ ਸਿੰਘ ਨਾਰੀਕੇ ਦੁਆਰਾ ਸੰਪਾਦਤ ਮੈਗਜ਼ੀਨ ਗੁਸਈਆਂ ਵੀ ਰਿਲੀਜ਼ ਕੀਤਾ ਗਿਆ। ਹਾਜ਼ਰ ਪ੍ਰਸਿੱਧ ਸਾਹਿਤਕਾਰਾਂ ਅਤੇ ਸਮੁੱਚੇ ਪ੍ਰਧਾਨਗੀ ਮੰਡਲ ਦਾ ਫੁੱਲਾਂ ਦੇ ਗੁਸਦਸਤੇ ਦੇ ਕੇ ਸਨਮਾਨ ਕੀਤਾ ਗਿਆ। ਪ੍ਰਧਾਨਗੀ ਸ਼ਬਦ ਕਹਿੰਦਿਆਂ ਸ. ਹਰਿੰਦਰ ਸਿੰਘ ਚਹਿਲ ਆਈ.ਪੀ.ਐਸ ਨੇ ਅੱਜ ਦੇ ਮਹੱਤਵਪੂਰਨ ਵਿਸ਼ੇ ਉਤੇ ਹੋਈ ਚਰਚਾ ਨੂੰ ਅਹਿਮ ਅਤੇ ਗੰਭੀਰ ਸੰਵਾਦ ਦੱਸਿਆ। ਉਨ੍ਹਾਂ ਆਪਣੇ ਜੀਵਨ ਦੇ ਨਿੱਜੀ ਅਨੁਭਵਾਂ ਵਿੱਚੋਂ ਇਸਤ੍ਰੀ ਸ਼ਕਤੀ ਨੂੰ ਬੇਪਹਿਚਾਨ ਕਰਨ ਦੀਆਂ ਕਈ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸਤਰੀ ਮੁਕਤੀ ਦਾ ਇੱਕੋ ਇੱਕ ਹੱਲ ਉੱਚਵਿਦਿਆ ਪ੍ਰਾਪਤ ਕਰਨਾ ਹੈ। ਅੰਤ ਵਿਚ ਡਾ. ਸਵਰਾਜ ਸਿੰਘ ਜੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਕੇਕ ਕੱਟ ਕੇ ਦਿੱਤੀਆਂ । ਇਸ ਮੌਕੇ ਜਸਵੰਤ ਸਿੰਘ ਵੱਲੋਂ ਲਗਾਈ ਗਈ ਪਸਤਕ ਪ੍ਰਦਰਸ਼ਨੀ ਤੇ ਨਵੀਆਂ ਪੁਸਤਕਾਂ ਨੇ ਪਾਠਕਾਂ ਤੇ ਲੇਖਕਾਂ ਨੂੰ ਕਾਫੀ ਆਕਰਸ਼ਿਤ ਕੀਤਾ। ਡਾ. ਭਗਵੰਤ ਸਿੰਘ ਨੇ ਮੰਚ ਸੰਚਾਲਨਾ ਕਰਦੇ ਹੋਏ ਮਾਲਵਾ ਰਿਸਰਚ ਸੈਂਟਰ ਪਟਿਆਲਾ ਦੇ ਖੋਜ ਕਾਰਜਾਂ ਬਾਰੇ ਦੱਸਦੇ ਹੋਏ ਭਵਿੱਖ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਦੀ ਜਾਣਕਾਰੀ ਦਿੱਤੀ।