• ਨੀਲ ਪ੍ਰਕਾਸ਼ ਉਰਫ਼ ਅਬੂ ਖ਼ਾਲਦ ਅਲ ਕੰਬੋਡੀ ਇਸ ਸਮੇਂ ਤੁਰਕੀ ਵਿਚ ਜੇਲ੍ਹ ‘ਚ ਨਜ਼ਰਬੰਦ
(ਦਹਿਸ਼ਤਗਰਦ ਨੀਲ ਪ੍ਰਕਾਸ਼ ਉਰਫ਼ ਅਬੂ ਖ਼ਾਲਦ ਅਲ ਕੰਬੋਡੀ)
(ਦਹਿਸ਼ਤਗਰਦ ਨੀਲ ਪ੍ਰਕਾਸ਼ ਉਰਫ਼ ਅਬੂ ਖ਼ਾਲਦ ਅਲ ਕੰਬੋਡੀ)

(ਬ੍ਰਿਸਬੇਨ 31 ਦਸੰਬਰ) ਇੱਥੇ ਆਸਟ੍ਰੇਲੀਅਨ ਸਰਕਾਰ ਨੇ ਦਹਿਸ਼ਤਗਰਦੀ ਕਾਰਵਾਈਆਂ ਅਤੇ ਇਸਲਾਮੀ ਸਟੇਟ (ਆਈਐੱਸ) ਗਰੁੱਪ ਨਾਲ ਸੰਬੰਧਿਤ ਨੀਲ ਪ੍ਰਕਾਸ਼ ਤੋਂ ਉਸਦੀ ਆਸਟ੍ਰੇਲੀਅਨ ਨਾਗਰਿਕਤਾ(ਸਿਟੀਜ਼ਨਸ਼ਿਪ) ਖੋਹ ਲਈ ਹੈ। ਨੀਲ ਪ੍ਰਕਾਸ਼ ਉਰਫ਼ ਅਬੂ ਖ਼ਾਲਦ ਅਲ ਕੰਬੋਡੀ ਇਸ ਸਮੇਂ ਟਰਕੀ ਵਿਚ ਜੇਲ੍ਹ ਵਿਚ ਹੈ, ਜਿਥੇ ਉਹ ਆਈ ਐੱਸ ਦਾ ਮੈਂਬਰ ਹੋਣ ਕਰਕੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਜਿਕਰਯੋਗ ਹੈ ਕਿ ਨੀਲ ਪ੍ਰਕਾਸ਼ (27), ਫਿਜ਼ੀ-ਇੰਡੀਅਨ ਅਤੇ ਕੰਬੋਡੀਅਨ ਪਿਛੋਕੜ ਦਾ ਹੈ। ਪਿੱਛੇ ਜਿਹੇ ਉਸਨੇ ਮੈਲਬਰਨ ਦੇ ਵਿਵਾਦਪੂਰਨ ਅਲ ਫੁਰਕਾਨ ਇਸਲਾਮੀ ਸੈਂਟਰ ‘ਚ ਵੀ ਸ਼ਮੂਲੀਅਤ ਕੀਤੀ ਸੀ। ਮੰਨਿਆ ਜਾ ਰਿਹਾ ਹੈ ਕਿ ਪ੍ਰਕਾਸ਼ 2013 ਵਿੱਚ ਸੀਰੀਆ ਗਿਆ ਸੀ। ਜਿੱਥੇ, ਉਸਨੇ ਆਪਣਾ ਨਾਂ ਬਦਲ ਕੇ ਅਬੂ ਖ਼ਾਲਦ ਅਲ ਕੰਬੋਡੀ ਰੱਖ ਲਿਆ ਸੀ। ਉਸਤੋਂ ਬਾਅਦ ਹੀ ਉਸਦੀ ਗਿਣਤੀ ਅਮਰੀਕੀ ਕਤਲ ਸੂਚੀ ਵਿੱਚ ਹੋਣ ਲੱਗੀ ਸੀ। ਆਸਟ੍ਰੇਲੀਅਨ ਸਰਕਾਰ ਦਾ ਮੰਨਣਾ ਹੈ ਕਿ ਪ੍ਰਕਾਸ਼ ਦੀ ਕਈ ਆਸਟਰੇਲੀਅਨ ਅਧਾਰਿਤ ਹਮਲਿਆਂ ਦੀਆਂ ਯੋਜਨਾਵਾਂ ‘ਚ ਸ਼ਮੂਲੀਅਤ ਵੀ ਰਹੀ ਹੈ। ਉਹਨਾਂ ਦਾ ਮੰਨਣਾ ਹੈ ਕਿ ਉਹ ਆਈਐਸ ਦੇ ਪ੍ਰੋਪਗੈਂਡੇ ਵਿਚ ਵੀ ਸੁਰਖ਼ੀਆਂ ‘ਚ ਰਿਹਾ ਹੈ।

‘ਦਾ ਆਸਟ੍ਰੇਲੀਅਨ’ ਅਖ਼ਬਾਰ ਦੇ ਕੌਮੀ ਸੁਰੱਖਿਆ ਸੰਪਾਦਕ ਪਾਲ ਮਲੈ ਦਾ ਕਹਿਣਾ ਹੈ ਕਿ, “ਪ੍ਰਕਾਸ਼, ਜਿਸ ਦਾ ਜਨਮ ਮੈਲਬੋਰਨ ਵਿਚ ਹੋਇਆ ਸੀ। ਇੱਕ ਗੈਂਗ ਦਾ ਮੈਂਬਰ ਸੀ ਅਤੇ ਨਸ਼ਿਆਂ ਦੀ ਸਮੱਸਿਆ ਤੋਂ ਵੀ ਪੀੜਤ ਸੀ। ਉੱਧਰ ਸਦਨ ਦੇ ਡਿਪਟੀ ਲੀਡਰ ਡੈਰੇਨ ਚੈਸਟਰ ਨੇ ਕਿਹਾ ਕਿ ਆਸਟਰੇਲੀਆਈ ਲੋਕਾਈ ਆਪਣੀ ਸਰਕਾਰ ਤੋਂ ਉਮੀਦ ਕਰਦੀ ਹੈ ਕਿ ਉਹ ਅਜਿਹੇ ਲੋਕਾਂ ਦੇ ਆਸਟਰੇਲਿਆਈ ਨਾਗਰਿਕ ਅਧਿਕਾਰਾਂ ਨੂੰ ਰੱਦ ਕਰੇ ਜੋ ਦੇਸ਼ ਵਿਰੋਧੀ ਹਨ। ਨਾਲ ਹੀ ਸ਼੍ਰੀ ਚੈਸਟਰ ਨੇ ਕਿਹਾ, “ਆਸਟ੍ਰੇਲੀਆ ਦੀ ਨਾਗਰਿਕਤਾ ਤੁਹਾਨੂੰ ਅਧਿਕਾਰ ਪ੍ਰਦਾਨ ਕਰਦੀ ਹੈ ਪਰ ਨਾਲ ਹੀ ਤੁਹਾਨੂੰ ਅਸਟਰੇਲੀਆ ਦੇ ਪ੍ਰਤੀ ਵਫ਼ਾਦਾਰ ਰਹਿਣ ਦੀਆਂ ਜ਼ਿੰਮੇਵਾਰੀਆਂ ਵੀ ਦਿੰਦੀ ਹੈ। ਇੱਥੇ ਅੱਤਵਾਦੀ ਕਾਰਵਾਈਆਂ ਅਤੇ ਉਹਨਾਂ ਦੇ ਸੰਗਠਨਾਂ ਨੂੰ ਕੋਈ  ਜਗ੍ਹਾ ਨਹੀਂ ਹੈ।” ਸਖ਼ਤ ਕਾਰਵਾਈ ਦੇ ਚੱਲਦਿਆਂ ਸੂਬਾ ਵਿਕਟੋਰੀਅਨ ਪੁਲਸ ਮੰਤਰੀ ਲੀਜ਼ਾ ਨੇਵਿਲ ਨੇ ਫੈਡਰਲ ਸਰਕਾਰ ਦੇ ਇਸ ਕਰੜੇ ਵਤੀਰੇ ਦਾ ਸਵਾਗਤ ਕੀਤਾ ਹੈ।ਦੱਸਣਯੋਗ ਹੈ ਕਿ ਤੁਰਕੀ ਸਰਕਾਰ ਨੇ ਕਿਹਾ ਹੈ ਕਿ ਪ੍ਰਕਾਸ਼ ਨੂੰ ਦੋਸ਼ੀ ਪ੍ਰਕਾਸ਼ ਨੂੰ ਦੱਖਣੀ ਤੁਰਕੀ ਵਿਚ ਗਜ਼ਯਾਨਟੇਪ ਵਿਚ ਵੱਧ ਤੋਂ ਵੱਧ ਸੁਰੱਖਿਆ ਵਾਲੀ ਜੇਲ੍ਹ ਵਿਚ ਰੱਖਿਆ ਗਿਆ ਹੈ ਕਿਉਂਕਿ ਅਕਤੂਬਰ 2016 ਵਿਚ ਉਹ ਸੀਰੀਆ ਤੋਂ ਸਰਹੱਦ ਪਾਰ ਜਾ ਕੇ ਜਾਅਲੀ ਪਛਾਣ ਪੱਤਰਾਂ ਦੀ ਵਰਤੋਂ ‘ਚ ਫੜਿਆ ਗਿਆ ਸੀ।

ਦਹਿਸ਼ਤਗਰਦੀ ਵਿਰੋਧੀ ਸੀਨੀਅਰ ਅਧਿਕਾਰੀਆਂ ਦੇ ਅਨੁਸਾਰ, ਪ੍ਰਕਾਸ਼ ਉਹ ਇਨਸਾਨ ਸੀ ਜਿਸਨੇ ਆਸਟ੍ਰੇਲੀਆ ਵਿਚ ਆਤੰਕਵਾਦ ਨੂੰ ਉਤਸ਼ਾਹਿਤ ਕੀਤਾ ਸੀ। ਉਹ ਆਈਐਸ ਪ੍ਰੋਪਗੰਡੇ ਅਨੁਸਾਰ ਆਸਟ੍ਰੇਲੀਆ ਵਿਚ ਹਮਲੇ ਦੀ ਅਪੀਲ ਕਰਦਾ ਰਿਹਾ ਹੈ ਅਤੇ ਐਫਬੀਆਈ ਨਾਲ ਨਿਊਯਾਰਕ ਵਿਚ ਸਟੈਚੂ ਆਫਰ ਲਿਬਰਟੀ ਉੱਤੇ ਨਾਕਾਮ ਹਮਲੇ ਦੀ ਵੀ ਕੋਸ਼ਿਸ਼ ਕਰ ਚੁੱਕਾ ਹੈ।

(ਹਰਜੀਤ ਲਸਾੜਾ)

harjit_las@yahoo.com