10gsc fdk 1
(ਬੱਚੇ ਦੇ ਪਰਿਵਾਰ ਨੂੰ ਆਰਥਿਕ ਮੱਦਦ ਸੌਂਪਣ ਸਮੇਂ ਭਾਈ ਸ਼ਿਵਜੀਤ ਸਿੰਘ ਸੰਘਾ ਅਤੇ ਅੰਗਰੇਜ਼ ਬਰਾੜ ਮੱਲਕੇ)

ਫਰੀਦਕੋਟ 10 ਜਨਵਰੀ — ਸ੍ਰੀ ਗੁਰੂ ਨਾਨਕ ਦੇਵ ਲੋਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਸੜਕ ਹਾਦਸੇ ਵਿੱਚ ਜਖਮੀ ਹੋਏ ਬੱਚੇ ਦੇ ਇਲਾਜ ਲਈ ਆਰਥਿਕ ਮੱਦਦ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵਾ ਵਿੱਚ ਮੋਹਰੀ ਸੰਸਥਾ ਸ੍ਰੀ ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਦੇ ਸੇਵਾਦਾਰਾਂ ਬਿੰਦਰ ਸਿੰਘ ਅਤੇ ਜਤਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪਿਛਲੇ ਦਿਨੀਂ ਮੋਗਾ ਨੇੜਲੇ ਪਿੰਡ ਦੁੱਨੇਕੇ ਵਿਖੇ ਵਾਪਰੇ ਸੜਕ ਹਾਦਸੇ ਵਿੱਚ ਗੰਭੀਰ ਜਖਮੀ ਹੋਏ ਬੱਚੇ ਸੁਰਿੰਦਰ ਬਾਰੇ ਪਤਾ ਲੱਗਣ ‘ਤੇ ਇਸ ਸਬੰਧੀ ਪੜਤਾਲ ਲਈ ਸ਼ਿਵਜੀਤ ਸਿੰਘ ਸੰਘਾ ਦੀ ਜਿੰਮੇਵਾਰੀ ਲਗਾਈ ਗਈ ਸੀ। ਉਹਨਾਂ ਦੱਸਿਆ ਕਿ ਦੁੱਨੇਕੇ ਵਿਖੇ ਕੁਝ ਦਿਨ ਪਹਿਲਾਂ ਸ਼ਾਮ ਸਮੇਂ ਆਂਡਿਆਂ ਦੀ ਰੇਹੜੀ ਉੱਪਰ ਬੇਕਾਬੂ ਹੋ ਕੇ ਟਰਾਲਾ ਚੜ੍ਹ ਗਿਆ ਸੀ, ਜਿਸ ਦੀ ਲਪੇਟ ਵਿੱਚ ਰੇਹੜੀ ਚਾਲਕ ਰਾਜ ਕੁਮਾਰ, ਉਸਦਾ 13 ਸਾਲਾ ਲੜਕਾ ਸੁਰਿੰਦਰ ਅਤੇ 4 ਹੋਰ ਵਿਅਕਤੀ ਆ ਗਏ ਸਨ। ਇਸ ਹਾਦਸੇ ਵਿੱਚ ਬੱਚੇ ਸੁਰਿੰਦਰ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਅਤੇ ਰੀੜ੍ਹ ਦੀ ਹੱਡੀ ‘ਤੇ ਵੀ ਗੰਭੀਰ ਸੱਟ ਲੱਗ ਗਈ ਸੀ। ਬੱਚੇ ਦਾ ਇਲਾਜ ਹੱਡੀਆਂ ਵਾਲੇ ਵਾਰਡ, ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਚੱਲ ਰਿਹਾ ਹੈ, ਜਿਸ ‘ਤੇ ਕਾਫੀ ਖਰਚ ਆ ਰਿਹਾ ਹੈ।

ਪਰਿਵਾਰ ਦੀ ਆਰਥਿਕ ਹਾਲਤ ਨੂੰ ਦੇਖਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ 15 ਹਜਾਰ ਰੁਪਏ ਦੀ ਆਰਥਿਕ ਮੱਦਦ ਕਰਨ ਦਾ ਫੈਸਲਾ ਕੀਤਾ ਗਿਆ। ਭਾਈ ਸ਼ਿਵਜੀਤ ਸਿੰਘ ਸੰਘਾ ਅਤੇ ‘ਸਾਡੇ ਹੱਕ ਪੰਜਾਬ’ ਦੇ ਮੁੱਖ ਸੇਵਾਦਾਰ ਅੰਗਰੇਜ਼ ਬਰਾੜ ਮੱਲਕੇ ਨੇ ਟਰੱਸਟ ਵੱਲੋਂ 15 ਹਜਾਰ ਦੀ ਮੱਦਦ ਹਸਪਤਾਲ ਵਿੱਚ ਜਾ ਕੇ ਪਰਿਵਾਰ ਨੂੰ ਸਪੁਰਦ ਕੀਤੀ ਅਤੇ ਬੱਚੇ ਦਾ ਹਾਲ-ਚਾਲ ਜਾਣਿਆ ਗਿਆ। ਇਸ ਮੌਕੇ ‘ਤੇ ਨਰਪਿੰਦਰ ਸਿੰਘ ਅਤੇ ਵਿਕਾਸ ਕੁਮਾਰ ਕਾਲੀਆ ਵੀ ਹਾਜਰ ਸਨ।