• ਪੇਂਡੂ ਖੇਤਰਾਂ ਵਿੱਚ ਪ੍ਰਵਾਸੀਆਂ ਲਈ ਵਧੇਰੇ ਮੌਕੇ ਉਪਲਬਧ ਕਰਾਉਣ ‘ਤੇ ਜ਼ੋਰ

IMG_1463

(ਬ੍ਰਿਸਬੇਨ 11 ਜਨਵਰੀ) ਇੱਥੇ ਪਿਛਲੇ ਕੁੱਝ ਅਰਸਿਆਂ ਤੋਂ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਕਾਨੂੰਨਾਂ ਵਿੱਚ ਭਾਰੀ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਆਸਟ੍ਰੇਲੀਆ ਵਿੱਚ ਸਲਾਨਾ ਇਮੀਗ੍ਰੇਸ਼ਨ ਦੀ ਹੱਦ ਸਾਲ 2011 ਤੋਂ 190,000 ਹੈ। ਪਰੰਤੂ ਬੀਤੇ ਵਿੱਤੀ ਵਰ੍ਹੇ ਦੌਰਾਨ ਅਸਲ ਇਮੀਗ੍ਰੇਸ਼ਨ 162,000 ਹੀ ਸੀ ਜੋ ਕਿ 2007 ਤੋਂ ਬਾਅਦ ਸਭ ਤੋਂ ਘੱਟ ਸੀ। ਇਮੀਗ੍ਰੇਸ਼ਨ ਸਬੰਧੀ ਰਾਜਨੀਤਿਕ ਬਹਿਸ ਭਖਣ ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਕਿਹਾ ਕਿ ਉਹ ਇਮੀਗ੍ਰੇਸ਼ਨ ਦੀ ਹੱਦ ਨੂੰ 160,000 ਕਰਨਾ ਚਾਹੁੰਦੇ ਹਨ। ਉਹਨਾਂ ਨੇ ਸੂਬਾ ਸਰਕਾਰਾਂ ਨੂੰ ਇਮੀਗ੍ਰੇਸ਼ਨ ਸੰਬਧੀ ਵਧੇਰੇ ਅਖਤਿਆਰ ਦੇਣ ਦੀ ਗੱਲ ਵੀ ਕਹੀ। ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੈਡਿਸ ਬੇਰੇਜਿਕਲੀਨ ਨੇ ਮੰਗ ਕੀਤੀ ਕਿ ਉਹਨਾਂ ਦੇ ਸੂਬੇ ਵਿੱਚ ਇੱਮੀਗ੍ਰੇਸ਼ਨ ਨੂੰ 50 ਫ਼ੀਸਦੀ ਘੱਟ ਕੀਤਾ ਜਾਵੇ ਜਦਕਿ ਏ ਸੀ ਟੀ ਸਰਕਾਰ ਦਾ ਸਲਾਨਾ ਕੋਟਾ 800 ਤੋਂ ਵਧ ਕੇ 1400 ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਲੰਘੇ ਸਾਲ 2018 ਦੌਰਾਨ ਆਸਟ੍ਰੇਲੀਆ ਦੀ ਰਾਜਨੀਤੀ ਵਿੱਚ ਦੇਸ਼ ‘ਚ ਇਮੀਗ੍ਰੇਸ਼ਨ ਨੂੰ ਘੱਟ ਕਰਨ ਬਾਰੇ ਬਹਿਸ ਨੇ ਖਾਸਾ ਜ਼ੋਰ ਫੜੀ ਰੱਖਿਆ ਸੀ। ਜਿਸਦੇ ਚੱਲਦਿਆਂ ਦੇਸ਼ ਦੇ ਦੋ ਮਹਾਨਗਰਾਂ ਸਿਡਨੀ ਅਤੇ ਮੈੱਲਬਾਰਨ ਵਿੱਚ ਵੱਧ ਰਹੀ ਭੀੜ ਦਾ ਭਾਂਡਾ ਵੀ ਇਮੀਗ੍ਰੇਸ਼ਨ ਦੇ ਸਿਰ ਭੰਨਿਆ ਗਿਆ।

ਪੇਂਡੂ ਖੇਤਰਾਂ ਵਿੱਚ ਪ੍ਰਵਾਸੀਆਂ ਲਈ ਵਧੇਰੇ ਮੌਕੇ ਉਪਲਬਧ ਕਰਾਉਣ ‘ਤੇ ਜ਼ੋਰ – ਹੁਣ ਨਵੇਂ ਪ੍ਰਵਾਸੀਆਂ ਨੂੰ ਆਸਟ੍ਰੇਲੀਆ ਦੇ ਪੱਕੇ ਵਸ਼ਿੰਦੇ ਬਣਨ ਤੋਂ ਪਹਿਲਾਂ ਇੱਕ ਮਿੱਥਿਆ ਸਮਾਂ ਪੇਂਡੂ ਇਲਾਕਿਆਂ ਵਿੱਚ ਵਸਣਾ ਲਾਜ਼ਮੀ ਬਣਾਉਣ ਦਾ ਪ੍ਰਸਤਾਵ ਰੱਖਿਆ ਗਿਆ ਹੈ। ਦੇਸ਼ ‘ਚ ਇਮੀਗ੍ਰੇਸ਼ਨ ਦੇ ਰਾਜਨੀਤਿਕ ਮੁੱਦਾ ਬਣਨ ‘ਤੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਇਹ ਬਿਆਨ ਵੀ ਦਿੱਤਾ ਕਿ ਉਹ ਸਾਲਾਨਾ ਇਮੀਗ੍ਰੇਸ਼ਨ ਦੇ ਪੱਧਰ ਨੂੰ ਇੱਕ ਲੱਖ ਨੱਬੇ ਹਾਜ਼ਰ ਤੋਂ ਘਟਾ ਕੇ ਇੱਕ ਲਖ ਸੱਠ ਹਾਜ਼ਰ ਕਰਨ ਦੇ ਹੱਕ ਵਿੱਚ ਹਨ। ਦੱਸਣਯੋਗ ਹੈ ਕਿ ਬੀਤੇ ਵਰ੍ਹੇ ਸਲਾਨਾ ਪੱਕੀ ਇਮੀਗ੍ਰੇਸ਼ਨ ਤਕਰੀਬਨ ਇੱਕ ਦਹਾਕੇ ਵਿੱਚ ਸਭ ਤੋਂ ਘੱਟ ਰਹੀ। ਜਿਸਦੇ ਕਾਰਨ ਵਿਦਿਆਰਥੀਆਂ ਨੂੰ ਪੱਕੇ ਹੋਣ ‘ਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ, ਸਾਲ 2019 ਵਿੱਚ ਆਸਟ੍ਰੇਲੀਆ ‘ਚ ਪੱਕੇ ਪੈਰੀਂ ਹੋਣਾਂ ਭਾਂਵੇ ਅਜੇ ਵੀ ਸੁਖਾਲਾ ਤਾਂ ਨਹੀਂ ਹੈ ਪਰ ਕੁੱਝ ਨਵੇਂ ਕਨੂੰਨਾਂ ਦੀ ਆਮਦ ਨਾਲ ਨਵੀਆਂ ਉਮੀਦਾਂ ਵੀ ਜਾਗੀਆਂ ਹਨ। ਹੁਣ ਸੂਬਾ ਵਿਕਟੋਰੀਆ ਅਤੇ ਨੋਰਦਰਨ ਟੇਰੀਟਰੀ ਵਿੱਚ ਪੱਕੇ ਹੋਣ ਦੇ ਨਵੇਂ ਰਾਹ ਵੀ ਖੁੱਲ ਗਏ ਹਨ। 2018 ਦੇ ਅਖੀਰ ਵਿੱਚ ਫੈਡਰਲ ਸਰਕਾਰ ਨੇ ਵਿਕਟੋਰੀਆ ਦੇ ਗ੍ਰੇਟ ਸਦਰਨ ਕੋਸਟ ਦੇ ਨਾਲ ਇੱਕ ਇਕਰਾਰਨਾਮਾ ਕੀਤਾ ਸੀ ਕਿ ਘੱਟ ਮਹਾਰਤ ਅਤੇ ਅੰਗਰੇਜ਼ੀ ਦੇ ਘੱਟ ਗਿਆਨ ਵਾਲੇ ਕਾਮਿਆਂ ਨੂੰ ਇਸ ਇਲਾਕੇ ਵਿੱਚ ਮਿੱਥੀ ਮਿਆਦ ਲਈ ਕੰਮ ਕਰਨ ਤੇ ਆਸਟ੍ਰੇਲੀਆ ਦਾ ਪਰਮਾਨੈਂਟ ਰੇਸੀਡੇੰਟ (ਪੀ ਆਰ) ਬਣਨ ਦਾ ਮੌਕਾ ਦਿੱਤਾ ਜਾਵੇਗਾ। ਹੁਣ, ਨਵੇਂ ਸਾਲ ਤੋਂ ਡਾਮਾ ਨਾਮ ਦਾ ਇਹ ਇਕਰਾਰਨਾਮਾ ਨੋਰਦਰਨ ਟੇਰੀਟਰੀ ਵਿੱਚ ਵੀ ਲਾਗੂ ਕਰ ਦਿੱਤਾ ਗਿਆ ਹੈ। ਡਾਮਾ ਨਾਮ ਦਾ ਇਹ ਇਕਰਾਰਨਾਮਾ ਪਹਿਲਾਂ ਤੋਂ ਹੀ ਮੌਜ਼ੂਦ ਸੀ ਪਰੰਤੂ ਪੁਰਾਣੇ ਇਕਰਾਰਨਾਮੇ ਵਿੱਚ ਕਾਮਿਆਂ ਨੂੰ ਆਸਟ੍ਰੇਲੀਆ ਵਿੱਚ ਪੱਕੇ ਹੋਣ ਦਾ ਰਾਹ ਨਹੀਂ ਦਿੱਤਾ ਗਿਆ ਸੀ। ਇਹਨਾਂ ਇਕਰਾਰਨਾਮਿਆ ਤਹਿਤ ਪੇਂਡੂ ਇਲਾਕਿਆਂ ਵਿੱਚ ਰਹਿਣ ਅਤੇ ਕੰਮ ਕਰਨ ਤੇ ਰਾਜ਼ੀ ਬਿਨੈਕਾਰਾਂ ਨੂੰ ਕੰਮ ‘ਚ ਮੁਹਾਰਿਤ, ਅੰਗਰੇਜ਼ੀ ਅਤੇ ਘੱਟੋ ਘੱਟ ਤਨਖਾਹ ਆਦਿ ਦੇ ਵਿੱਚ ਰਿਆਇਤਾਂ ਦਿੱਤੀਆਂ ਗਈਆਂ ਹਨ। ਸਰਕਾਰ ਦੀ ਮੰਨੀਏ ਤਾਂ ਆਉਂਦੇ ਸਮੇਂ ਵਿੱਚ ਅਜਿਹੇ ਇਕਰਾਰਨਾਮੇ ਆਸਟ੍ਰੇਲੀਆ ਦੇ ਕਈ ਹੋਰਨਾਂ ਇਲਾਕਿਆਂ ਵਿੱਚ ਵੀ ਲਾਗੂ ਹੋਣ ਦੀ ਪੂਰੀ ਸੰਭਾਵਨਾ ਹੈ।

ਪ੍ਰਵਾਸੀਆਂ ਦੇ ਮਾਪਿਆਂ ਲਈ ਨਵੀਂ ਵੀਜ਼ਾ ਪ੍ਰਣਾਲੀ –  ਪ੍ਰਵਾਸੀਆਂ ਦੇ ਮਾਪਿਆਂ ਦੇ ਲਈ ਇੱਕ ਨਵਾਂ ਵੀਜ਼ਾ ਇਸ ਸਾਲ ਉਪਲਬਧ ਕਰਵਾਇਆ ਜਾਵੇਗਾ ਜਿਸਦੇ ਨਾਲ ਕਿ ਉਹ ਲਗਾਤਾਰ ਪੰਜ ਸਾਲ ਤੱਕ ਆਸਟ੍ਰੇਲੀਆ ਵਿੱਚ ਰਹਿ ਸਕਣਗੇ। ਜਿਕਰਯੋਗ ਹੈ ਕਿ ਇਸ ਵੀਜ਼ੇ ਦੇ ਲਈ ਪ੍ਰਵਾਸੀਆਂ, ਖਾਸ ਕਰਕੇ ਭਾਰਤੀ ਪ੍ਰਵਾਸੀਆਂ ਨੇ ਬੜੀ ਲੰਮੀ ਜੱਦੋ ਜਹਿਦ ਕੀਤੀ ਸੀ। ਪਰੰਤੂ ਸਰਕਾਰ ਵੱਲੋਂ ਸ਼ੁਰੂ ਕੀਤੇ ਜਾਣ ਵਾਲੇ ਇਸ ਵੀਜ਼ੇ ਤੋਂ ਕਈ ਕਾਰਨਾਂ ਕਰਕੇ ਲੋਕਾਈ ਨਾਖੁਸ਼ ਵੀ ਹੈ। ਉਹਨਾਂ ਮੁਤਾਬਕ ਵੀਜ਼ੇ ਦੀ ਵੱਡੀ ਫ਼ੀਸ ਦੇ ਚੱਲਦਿਆਂ ਇਹ ਮੀਂਗਣਾਂ ਵਾਲਾ ਦੁੱਧ ਹੀ ਹੈ।

ਹੁਣ, ਤਿੰਨ ਸਾਲਾਂ ਲਈ ਇਸ ਵੀਜ਼ੇ ਦੀ ਫੀਸ $5000 ਅਤੇ ਦੱਸ ਸਾਲਾਂ ਲਈ ਇਸ ਵੀਜ਼ੇ ਦੀ ਫੀਸ $10,000 ਰੱਖੀ ਗਈ ਹੈ।

ਪਾਰਟਨਰ ਵੀਜ਼ਾ ਸਪੌਂਸਰਸ਼ਿੱਪ ਵਿੱਚ ਬਦਲਾਅ – ਲੰਘੇ ਵਰ੍ਹੇ ਦੀ 28 ਨਵੰਬਰ ਨੂੰ ਆਸਟ੍ਰੇਲੀਆ ਦੀ ਸੰਸਦ ਵੱਲੋਂ ਪਾਸ ਕੀਤੇ ਗਏ ਇੱਕ ਕਾਨੂੰਨ ਨਾਲ ਸਪੌਂਸਰ ਕੀਤੇ ਜਾਂਦੇ ਪਰਿਵਾਰਿਕ ਵੀਜ਼ਿਆਂ ਵਿੱਚ ਇੱਕ ਅਹਿਮ ਬਦਲਾਅ ਆ ਰਿਹਾ ਹੈ। ਪਾਰਟਨਰ ਵਿਜ਼ਿਆ ਦੀ ਅਰਜ਼ੀ ਹੁਣ ਇੱਕ ਟੂ-ਸਟੈਪ ਪ੍ਰੋਸੱਸ ਹੋਵੇਗਾ ਜਿਸਦੇ ਤਹਿਤ ਪਹਿਲੀ ਅਰਜ਼ੀ ਸਪੌਂਸਰ ਕਰਨ ਵਾਲੇ ਨੂੰ ਸਪੌਂਸਰ ਵੱਜੋਂ ਪ੍ਰਵਾਨਗੀ ਲਈ ਹੋਵੇਗੀ। ਵੀਜ਼ਾ ਅਰਜ਼ੀ ਸਪੌਂਸਰ ਨੂੰ ਪ੍ਰਵਾਨਗੀ ਮਿਲਣ ਉਪਰੰਤ ਹੀ ਦਾਖਿਲ ਕੀਤੀ ਜਾ ਸਕੇਗੀ।

ਇਸ ਕਾਨੂੰਨ ਦੇ ਲਾਗੂ ਹੋਣ ਤੇ ਪਾਰਟਨਰ ਵੀਜ਼ਾ ਅਰਜ਼ੀਆਂ ਦੇ ਨਿਪਟਾਰੇ ਲਈ ਲੱਗਦੇ ਸਮੇ ਵਿੱਚ ਵਾਧਾ ਹੋਣ ਦਾ ਖ਼ਦਸ਼ਾ ਹੈ।

ਸਾਊਥ ਆਸਟ੍ਰੇਲੀਆ ਲਈ ਨਵਾਂ ਬਿਜ਼ਨਸ ਵੀਜ਼ਾ – ਇਸ ਵੀਜ਼ੇ ਦਾ ਐਲਾਨ ਪਿਛਲੇ ਸਾਲ ਮਾਰਚ ਵਿੱਚ ਸੂਬੇ ਵਿੱਚ ਚੋਣਾਂ ਤੋਂ ਪਹਿਲਾਂ ਕੀਤਾ ਗਿਆ ਸੀ। ਇਸਦਾ ਮੰਤਵ ਸੂਬੇ ਵਿੱਚ ਕਾਰੋਬਾਰਾਂ ਨੂੰ ਵਧਾਉਣ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ। ਇਸ ਸਕੀਮ ਤਹਿਤ ਸੂਬੇ ਵਿੱਚ ਆਪਣਾ ਕਾਰੋਬਾਰ ਸਥਾਪਿਤ ਕਰਨ ਵਿੱਚ ਕਾਮਯਾਬ ਹੋਣ ਵਾਲੇ ਵੀਜ਼ਾ ਧਾਰਕ ਅੱਗੇ ਚੱਲ ਕੇ ਆਸਟ੍ਰੇਲੀਆ ਵਿੱਚ ਪਰਮਾਨੈਂਟ ਰੇਸੀਡੈਂਸੀ ਲਈ ਵੀ ਯੋਗ ਹੋ ਸਕਦੇ ਹਨ। ਇਹ ਵੀਜ਼ਾ ਨਵੰਬਰ 2021 ਤੱਕ ਉਪਲਬਧ ਰਹੇਗਾ।

(ਹਰਜੀਤ ਲਸਾੜਾ)

harjit_las@yahoo.com