– 18,000 ਤੋਂ ਵੱਧ ਵਾਹਨਾਂ ਨੂੰ ਲੱਗਿਆ ਵੌਫ ਸਟਿੱਕਰ ਸ਼ੱਕੀ-ਟ੍ਰਾਂਸਪੋਰਟ ਅਥਾਰਟੀ ਨੇ 4000 ਹੋਰ ਵਾਹਨ ਪਛਾਣੇ

– ਈਸਟ ਟਮਾਕੀ ਦੇ ਇਕ ਮਕੈਨਿਕ ਦੀ ਏਜੰਸੀ ਬਰਖਾਸਤ

– ਸਾਰੇ ਵਾਹਨ ਕੀਤੇ ਜਾਣਗੇ ਫ੍ਰੀ ਚੈਕ

webpagepic

ਔਕਲੈਂਡ 4 ਦਸੰਬਰ – ‘ਨੀਮ ਹਕੀਮ ਖਤਰਾ ਏ ਜਾਨ’ ਵਾਲੀ ਕਹਾਵਤ ਨਿਊਜ਼ੀਲੈਂਡ ਦੇ ਕੁਝ ਜਾਅਲੀ ਮਕੈਨਿਕਾ ਜਾਂ ਗੱਡੀਆਂ ਦੀ ਪਾਸਿੰਗ ਵੇਲੇ ਵਾਰੰਟ ਆਫ ਫਿਟਨੈਸ (ਵੌਫ) ਲਗਾਉਣ ਵਾਲੇ ਵਹੀਕਲ ਇੰਸਰੈਕਟਰਾਂ ‘ਤੇ ਵੀ ਲਗਾਈ ਜਾ ਸਕਦੀ ਹੈ ਕਿਉਂਕਿ ਇਨ੍ਹਾਂ ਦੀ ਝੂਠੀ ਪਾਸ ਕੀਤੀ ਗੱਡੀ ਵੀ ਕਿਸੇ ਦੀ ਜਾਨ ਲੈ ਸਕਦੀ ਹੈ।
ਪਿਛਲੇ ਕੁਝ ਦਿਨਾਂ ਤੋਂ ਟਰਾਂਸਪੋਰਟ ਅਥਾਰਟੀ ਨਿਊਜ਼ੀਲੈਂਡ ਦੀਆਂ ਅੱਖਾਂ ਦੀ ਨੀਂਦ ਇਸ ਕਰਕੇ ਉਡੀ ਹੋਈ ਹੈ ਕਿ ਇਥੇ ਕੁਝ ਮਕੈਨਿਕਾਂ ਨੇ ਬਿਨਾਂ ਚੰਗੀ ਤਰ੍ਹਾਂ ਵਾਹਨਾਂ ਦੀ ਚੈਕਿੰਗ ਕੀਤੇ ਉਨ੍ਹਾਂ ਨੂੰ ਪਾਸ ਕਰਨ ਦਾ ਸਟਿੱਕਰ ਲਗਾਉਣ ਦਾ ਕਥਿੱਤ ਧੰਦਾ ਸ਼ੁਰੂ ਕੀਤੀ ਹੋਇਆ ਸੀ। ਇਹ ਗਿਣਤੀ 18,000 ਵਾਹਨਾਂ ਤੱਕ ਅਪੜ ਗਈ ਹੈ। ਸਾਰੀਆਂ ਗੱਡੀਆਂ ਦੇ ਮਾਲਕਾਂ ਨਾਲ ਸੰਪਰਕ ਕਰਕੇ ਉਹ ਗੱਡੀਆਂ ਦੁਬਾਰਾ ਵੀ.ਟੀ.ਐਨ. ਜ਼ੈਡ. ਸੈਂਟਰਾਂ ਤੋਂ ਚੈਕ ਕਰਵਾਈਆਂ ਜਾ ਰਹੀਆਂ ਹਨ। ਹੁਣ ਈਸਟ ਟਮਾਕੀ ਦੀ ਇਕ ਹੋਰ ਏਜੰਸੀ ਨੂੰ ਇਸੇ ਦੋਸ਼ ਅਧੀਨ ਬਰਖਾਸਤ ਕਰ ਦਿੱਤਾ ਗਿਆ ਹੈ। ਇਸਦਾ ਨਾਂਅ ਸੀ ਐਲ’ਜ਼ ਆਟੋ ਸਰਵਿਸਜ਼। ਇਸ ਦੀਆਂ 4000 ਦੇ ਕਰੀਬ ਪਾਸ ਗੱਡੀਆਂ ਦੀ ਮੁੜ ਚੈਕਿੰਗ ਕੀਤੀ ਜਾ ਰਹੀ ਹੈ। ਮਕੈਨਿਕ (ਇੰਸਪੈਕਟਰ) ਸ੍ਰੀ ਏਲੀਆ ਸੀਪਾਇਆ ਦੀ ਸ਼ਿਕਾਇਤ ਕਾਫੀ ਚਿਰ ਤੋਂ ਸੀ। ਟ੍ਰਾਂਸਪੋਰਟ ਅਥਾਰਟੀ ਹੁਣ 3783 ਗੱਡੀਆਂ ਦੇ ਮਾਲਕਾਂ ਨਾਲ ਗੱਲ ਕਰੇਗੀ ਅਤੇ ਦੁਬਾਰਾ ਚੈਕਿੰਗ ਕਰਵਾਏਗੀ। ਇਸ ਤੋਂ ਪਹਿਲਾਂ ਵੈਸਟਲੈਂਡ ਆਟੋਮੋਟਿਵ ਦੇ ਡਾਇਰੈਕਟਰ ਅਕਰਮ ਜੈਕਰੀ ਨੂੰ ਵੀ ਵਾਹਨ ਚੈਕਿੰਗ ਤੋਂ ਹਟਾ ਦਿੱਤਾ ਗਿਆ ਹੈ। ਕਈ ਮਕੈਨਿਕ ਵੌਫ ਲਗਾਉਣ ਦੇ 20 ਡਾਲਰ ਲੈਂਦੇ ਹਨ ਅਤੇ ਕਈ 45 ਡਾਲਰ ਵੀ ਲੈਂਦੇ ਹਨ। ਕਦੇ ਵੀ ਸੌਦਾ ਕਰਨ ਤੋਂ ਪਹਿਲਾਂ ਇਹ ਗੱਲ ਜਰੂਰ ਚੇਤੇ ਰੱਖਣੀ ਚਾਹੀਦੀ ਹੈ ਕਿ ਮਹਿੰਗਾ ਰੋਵੇ ਇਕ ਵਾਰ ਸਸਤਾ ਰੋਵੇ ਵਾਰ-ਵਾਰ। ਪਰ ਸਸਦਾ ਵੌਫ ਲਗਾਉਣ ਵਾਲਿਆਂ ਨੂੰ ਔਖ ਜਰੂਰ ਹੋਵੇਗੀ। ਅੰਕੜੇ ਦਸਦੇ ਹਨ ਹਰ ਸਾਲ 6 ਮਿਲੀਅਨ ਤੋਂ ਜਿਆਦਾ ਗੱਡੀਆਂ ਨੂੰ ਪਾਸਿੰਗ ਵੌਫ ਲਗਦਾ ਹੈ।