Ninder Ghugianvi 181219 darynama-3

ਦੇਰ ਹੋ ਚੱਲੀ ਹੈ,ਹੁਣ ਕਦੇ ਭਾਰਤ ਵਿਚੋਂ ਕਦੇ ਕਿਸੇ ਦੀ ਚਿੱਠੀ ਨਹੀਂਂ ਆਈ। ਸੁਫ਼ਨੇ ਵਾਂਗ ਹੋ ਗਈ ਹੈ ਹੁਣ ਚਿੱਠੀ! ਜਦ ਕਦੇ ਕੋਈ ਸਰਕਾਰੀ ਚਿੱਠੀ ਆਉਂਦੀ ਹੈ ਖ਼ਾਕੀ ਲਿਫਾਫੇ ਵਿਚ ਤਾੜੀ ਹੋਈ, ਤਾਂ ਰਸਮੀਂ ਜੁਆਬ ਦੀ ਈਮੇਲ ਭੇਜ ਕੇ ਫਿਕਰ ਲਾਹ ਛੱਡੀਦੈ। ਪਹਿਲਾਂ-ਪਹਿਲਾਂ ઠਬੜਾ ਚਾਅ ਹੁੰਦਾ ਸੀ ਆਈ ਹੋਈ ਚਿੱਠੀ ਦਾ ਜੁਆਬ ਲਿਖਣ ਦਾ। ਮੇਰੀ ਭੁਆ ਊਸ਼ਾ ਰਾਣੀ ਹਰ ਹਫਤੇ ਮੈਨੂੰ ਪੀਲਾ ਪੋਸਟ ਕਾਰਡ ਲਿਖਿਆ ਕਰਦੀ ਸੀ। ਮੈਂ ਬਾਗੋ-ਬਾਗ ਹੋ ਜਾਂਦਾ ਸਾਂ ਭੁਆ ਦੀ ਚਿੱਠੀ ਪੜ੍ਹਕੇ! ਭੂਆ ਨਹੀਂ ਰਹੀ, ਚਿੱਠੀ ਬੰਦ ਹੋ ਗਈ। ਮੇਰੇ ਕਈ ਗੁਰਭਾਈ ਚਿੱਠੀ ਲਿਖਦੇ ਸਨ, ਖਾਸ ਕਰ ਉਦੋਂ, ਜਦੋਂ ਉਹਨਾਂ ਦੇ ਗੀਤ ਦੁਪੈਹਿਰੇ ਢਾਈ ਵਜੇ ਅਕਾਸ਼ਵਾਣੀ ਜਲੰਧਰ ਉਤੋਂ ਪ੍ਰਸਾਰਿਤ ਹੋਣੇ ਹੁੰਦੇ ਸਨ, ਤੇ ਗੁਰਭਾਈ (ਉਸਤਾਦ ਯਮਲੇ ਜੱਟ ਦੇ ਚੇਲੇ) ਰੇਡੀਓ ਉਤੋਂ ਉਹਨਾਂ ਦੇ ਗਾਏ ਗੀਤ ਸੁਣਨ ਤੇ ਸੁਣ ਕੇ ਵਾਪਸੀ ਖਤ ਲਿਖਣ ਲਈ ਤਾਕੀਦ ਕਰਿਆ ਕਰਦੇ ਸਨ, ਇਹਨਾਂ ਵਿਚ ਖਾਸ ਕਰ ਜਗੀਰ ਸਿੰਘ ਤਾਲਿਬ, ਚਮਨ ਲਾਲ ਗੁਰਦਾਸਪੁਰੀ, ਕਸ਼ਮੀਰ ਸਿੰਘ ਸ਼ੰਭੂ, ਅਮਰੀਕ ਸਿੰਘ ਗਾਜੀਨੰਗਲ ਦੇ ਨਾਂ ਚੇਤੇ ਵਿਚ ਹਨ। ਤਾਲਿਬ ਤੇ ਚਮਨ ਲਾਲ ਨਹੀਂ ਰਹੇ ਤੇ ਗਾਜੀਨੰਗਲ ਤੇ ਸ਼ੰਭੂ ਨੇ ਵੀ ਮੇਰੇ ਵਾਂਗ ਹੁਣ ਟੱਚ ਫੋਨ ਖਰੀਦ ਲਏ ਹੋਣਗੇ। ਸੈਮ-ਸੰਗ ਨੇ ਸੰਗ ਲਾਹ ਛੱਡੀ ਹੈ। ਵੈਟਸ-ਐਪ ਚੱਲ ਪਈ ਹੈ, ਚਿੱਠੀ ਦੀ ਉੱਕਾ ਲੋੜ ਈ ਨਹੀਂ। ਕਿਹੜਾ ਡਾਕਖਾਨੇ ਜਾਵੇ, ਲਿਫਾਫੇ ਲਿਆਵੇ ਤੇ ਫਿਰ ਲਿਖਣ ਨੂੰ ਬੈਠੇ? ਅਜਿਹੇ ਬੰਦੇ ਨੂੰ ਹੁਣ ਟੱਬਰ ਵਿਚ ‘ਕਮਲਾ ਹੋ ਗਿਆ’ ਜਾਂ ‘ਹਿੱਲ ਗਿਆ’ ਸਮਝਣਗੇ ਘਰ ਦੇ ਜੀਅ! ਡਾਕ ਘਰ ਵੀ ਹੁਣ ਪੀਲੇ ਪੋਸਟ-ਕਾਰਡ ਨਹੀਂ ਰਖਦੇ। ਕਿਸੇ ਵੇਲੇ ਸਾਡੇ ਪਿੰਡ ਦੇ ਡਾਕਖਾਨੇ ਵਿਚ ਢੇਰਾਂ ਦੇ ਢੇਰ ਨੀਲੇ ਲਿਫਾਫੇ ਤੇ ਪੀਲੇ ਪੋਸਟ-ਕਾਰਡ ਵਿਕਦੇ ਸਨ। ਖਾਸ ਕਰ ਕੇ ਬੀੜ ਵਿਚੋਂ ਫੌਜੀ ਆਉਂਦੇ, ਲਿਫਾਫੇ ਲੈਂਦੇ ਤੇ ਆਪਣੇ ਘਰੀਂ ਖ਼ਤ ਲਿਖਦੇ।

ਚਿੱਠੀ ਲਿਖਣ ਵਾਲੀਆਂ ਕਲਮਾਂ ਦੇ ਮੂੰਹਾਂ ਨੂੰ ਜੰਗਾਲ ਪੈ ਗਿਆ ਹੈ। ਹੁਣ ਇਹ ਜੰਗਾਲ ਕਦੇ ਲੱਥਦਾ ਨਹੀਂ ਲਗਦਾ।

ਪਰਦੇਸੀ ਦੀ ਚਿੱਠੀ –

ਇਕ ਪਰਦੇਸੀ ਦੀ ਚਿੱਠੀ ਅਮਰੀਕਾ ਦੇ ઠਮੈਨਟੀਕਾ ਤੋਂ ਆਈ ਹੈ, 18 ਨਵੰਬਰ ਦੀ ਲਿਖਤ ਹੈ। ਦੇਵਿੰਦਰ ਸਿੰਘ ਖਟਕੜ ਲਿਖਦਾ ਹੈ,

*ਸਤਿਕਾਰਯੋਗ ਘੁਗਿਆਣਵੀ ਜੀ, ਪਿਆਰ ਭਰੀ ਸਤਿ ਸਰੀ ਅਕਾਲ। ਆਪ ਜੀ ਦਾ ਆਰਟੀਕਲ ਸਾਂਝੀ ਸੋਚ ਵਿਚੋਂ ਪੜ੍ਹਿਆ। ਪੜ੍ਹ ਕੇ ਮੈਨੂੰ ਆਪਣੀ ਦਾਦੀ ਦੇ ਸਦੀਵੀ ਵਿਛੋੜੇ ਦੀ ਯਾਦ ਆ ਗਈ। ਕਿ ਕਿਵੇਂ ਆਪ ਦੀ ਦਾਦੀ ਵਾਂਗ ਮੇਰੀ ਦਾਦੀ ਮੈਨੂੰ ਪਿਆਰ ਕਰਦੀ ਸੀ। ਮੇਰੀ ਦਾਦੀ ਨੇ ਮੇਰੇ ਬਾਪ ਦੇ 5 ਵਿਆਹ ਕੀਤੇ ਤੇ ਚਾਰ ਮਰ ਗਈਆਂ। ਮੰਗਲੀਕ ਸੀ। ਜਦੋਂ ਮੈਂ ਪੈਦਾ ਹੋਇਆ ਤਾਂ ਦਾਦੀ ਨੇ 3 ਏਕੜ ਜ਼ਮੀਨ ਸਕੂਲ ਨੂੰ ਗਰਾਉਂਡ ਲਈ ਦਾਨ ਕਰ ਦਿੱਤੀ। ਜਦੋਂ ਮੈਂ ਏਧਰ ਆਇਆ, ਮੇਰੇ ਧੋਖੇਬਾਜ਼ ਵਿਚੋਲੇ ਨੇ 5 ਹਜ਼ਾਰ ਡਾਲਰ ਮਾਰ ਲਏ। ਹੁਧਾਰ ਲੈ ਕੇ ਵਾਪਸ ਨਾ ਕੀਤੇ। ਮੈਂ ਕਿਹਾ ਕਿ ਮੈਂ ਵਿਆਜ਼ ਨਹੀਂ ਮੰਗਦਾ, ਮੂਲ ਹੀ ਦੇ ਦੇ, ਤਾਂ ਕਿ ਇੰਡਅਿਾ ਆਪਣੀ ਦਾਦੀ ਦੇ ਦਰਸ਼ਨ ਕਰ ਆਵਾਂ। ਮੇਰੀ ਦਾਦੀ ਰਾਹ ਦੇਖਦੀ ਹੀ ਰਹਿ ਗਈ। ਮੇਰਾ ਵਿਚੋਲੇ ਨੇ ਇੱਕ ਸੈਂਟ ਵੀ ਨਾ ਮੋੜਿਆ। ਉਦੋਂ ਦੀ ਮੇਰੀ ਦਾਦੀ ਦੀ ਆਤਮਾ ਵਿਛੋੜੇ ਵਿਚ ਭਟਕ ਰਹੀ ਹੈ।

ਮੈਂ ਕੋਸਿਸ਼ ਕਰਾਂਗਾ ਕਿ ਐਤਕੀ ਆਪਣੇ ਬੱਚੇ ਨੂੰ ਨਾਲ ਲੈ ਕੇ ਪੰਜਾਬ ਆਵਾਂ ਤੇ ਸਰਦਾਰ ਜਸਵੰਤ ਸਿੰਘ ਕੰਵਲ ਦੇ ਪਿੰਡ ਜਾ ਕੇ ਦਰਸ਼ਨ ਕਰਾਂ ਤੇ ਸੌ ਸਾਲ ਪੂਰੇ ਹੋਣ ‘ਤੇ ਵਧਾਈ ਦੇਣ ਜਾਵਾਂ!

ਖਟਕੜ ਦੀ ਚਿੱਠੀ ਵਿਚੋਂ ਨਿਕਲੀ ਚੀਸ ਕਾਫੀ ਦਿਨ ਮਹਿਸੂਸ ਹੁੰਦੀ ਰਹੀ। ਸੋਚਦਾ ਹਾਂ ਕਿ ਕਿੰਨੇ ਅਜਿਹੇ ਹੋਰ ਭੈਣ-ਭਰਾ ਹੈਨ, ਜਿੰਨ੍ਹਾਂ ਦੀਆਂ ਚਿੱਠੀਆਂ ਦੀਆਂ ਚੀਸਾਂ ਤੇ ਚੀਕਾਂ ਅੰਦਰੇ-ਅੰਦਰ ਦੱਬ ਕੇ ਰਹਿ ਗਈਆਂ ਹੋਣਗੀਆਂ!