– ਪੰਜਾਬੀ ਕੈਪਟਨ ਮੁੰਡੇ ਦੀ ਅਗਵਾਈ ਵਿਚ ਫੀਜ਼ੀ ਗਈ ਮੈਨੁਕਾਓ ਸਿਟੀ ਕਲੱਬ ਟੀਮ ਨੇ ਫੁੱਟਬਾਲ ਕੱਪ ਜਿੱਤਿਆ

– ਕੈਪਟਨ ਅਰਸ਼ਦੀਪ ਪਰਮਾਰ ਅਤੇ ਹਰਸ਼ਿੱਲ ਪਰਮਾਰ ਛਾਏ

NZ PIC 8 Dec-2

ਆਕਲੈਂਡ 8 ਦਸੰਬਰ  -‘ਮੈਨੁਕਾਓ ਸਿਟੀ ਕਲੱਬ’ ਦੀ ਫੀਜ਼ੀ ਵਿਖੇ ਫੁੱਟਬਾਲ ਕੱਪ ਦੇ ਲਈ ਨਿਊਜ਼ੀਲੈਂਡ ਤੋਂ ਗਈ ਟੀਮ ਦੇ ਵਿਚ ਦੋ ਪੰਜਾਬੀ ਮੁੰਡੇ ਕੈਪਟਨ ਅਰਸ਼ਦੀਪ ਪਰਮਾਰ ਅਤੇ ਹਰਸ਼ਿੱਲ ਪਰਮਾਰ ਸ਼ਾਮਿਲ ਸਨ। ਅੰਡਰ-16  ਅੰਤਰਰਾਸ਼ਟਰੀ ਮੈਚ ਖੇਡਣ ਵਾਸਤੇ 8 ਵੱਖ-ਵੱਖ ਫੁੱਟਬਾਲ ਕਲੱਬਾਂ ਦੇ ਸਿਰਕੱਢ ਖਿਡਾਰੀਆਂ ਦੀ ਚੋਣ ਕੀਤੀ ਗਈ ਸੀ। ਇਸ ਟੂਰਨਾਮੈਂਟ ਦੇ ਵਿਚ ਇਸ ਟੀਮ ਨੇ 6 ਮੈਚ ਖੇਡੇ ਅਤੇ 4 ਜਿੱਤਾਂ ਤੇ ਇਕ ਡ੍ਰਾਅ ਵਜੋਂ ਦਰਜ ਕਰਦੇ ਹੋਏ ਫਾਈਨਲ ਮੁਕਾਬਲੇ ਵਿਚ ਪਹੁੰਚ ਬਣਾਈ। ਇਸ ਅਲਟੀਮੇਟ ਫੀਜ਼ੀ ਕੱਪ ਦਾ ਅੰਤਿਮ ਮੁਕਾਬਲਾ ਫੀਜ਼ੀ ਵੈਸਟ ਨਾਲ ਹੋਇਆ ਅਤੇ ਕੈਪਟਨ ਅਰਸ਼ਦੀਪ ਪਰਮਾਰ ਦੀ ਟੀਮ ਨੇ ਇਹ ਕੱਪ ਜਿੱਤ ਕੇ ਆਪਣੇ ਨਾਂਅ ਕਰ ਲਿਆ। ਪਿਤਾ ਸ. ਬਲਜੀਤ ਸਿੰਘ ਪਰਮਾਰ ਅਤੇ ਮਾਤਾ ਮਮਤਾ ਪਰਮਾਰ (ਪਿੰਡ ਅਜਨੋਹਾ)  ਦੇ ਦੋਵੇਂ ਬੇਟੇ ਫੁੱਟਬਾਲ ਦੇ ਵਿਚ ਹੁਣ ਤੱਕ ਕਾਫੀ ਪ੍ਰਾਪਤੀਆਂ ਕਰ ਚੁੱਕੇ ਹਨ। ਅਰਸ਼ਦੀਪ ਓਰਮਿਸਟਨ ਸੀਨੀਅਰ ਕਾਲਜ ‘ਚ 11 ਵੇਂ ਸਾਲ ਦਾ ਵਿਦਿਆਰਥੀ ਹੈ ਜਦ ਕਿ ਹਰਸ਼ਿੱਲ ਮਿਸ਼ਨ ਹਾਈਟ ਸਕੂਲ ਵਿਖੇ 10ਵੇਂ ਸਾਲ ਦਾ ਵਿਦਿਆਰਥੀ ਹੈ। ਅਰਸ਼ਦੀਪ ਪਰਮਾਰ ਫੈਂਸੀਬਲ ਯੁਨਾਈਟਡ ਹਾਵਕ ਲਈ 8 ਸਾਲਾਂ ਤੋਂ ਖੇਡ ਰਿਹਾ ਹੈ ਅਤੇ ਬਹੁਤ ਵਾਰ ‘ਪਲੇਅਰ ਆਫ ਦਾ ਯੀਅਰ’ ਟ੍ਰਾਫੀ ਜਿੱਤ ਚੁੱਕਾ ਹੈ। ਇਸੀ ਤਰ੍ਹਾਂ ਹਰਸ਼ਿਲ ਪਰਮਾਰ ਵੀ ਇਸੇ ਕੱਲਬ ਲਈ 7 ਸਾਲ ਤੋਂ ਖੇਡ ਰਿਹਾ ਹੈ ਅਤੇ ਉਸਨੇ ਵੀ ਕਈ ਵਾਰ ‘ਪਲੇਅਰ ਆਫ ਦਾ ਯੀਅਰ’ ਟ੍ਰਾਫੀ ਜਿੱਤੀ ਹੈ। ਸ਼ਾਲਾ! ਇਹ ਪੰਜਾਬੀ ਮੁੰਡੇ ਭਾਈਚਾਰੇ ਦਾ ਨਾਂਅ ਹੋਰ ਚਮਕਾਉਣ।