• ਲਘੂ ਨਾਟਕ ‘ਸਰਹੰਦ ਦੀ ਦਿਵਾਰ’ ਅਤੇ ਕਿਤਾਬਾਂ ਦੀ ਪ੍ਰਦਰਸ਼ਨੀ ਸਮਾਗਮ ਦਾ ਹਿੱਸਾ
news kohli 181231 samagam
(ਸ਼ਹੀਦੀ ਸਮਾਗਮ ‘ਚ ਸ਼ਾਮਲ ਸੰਗਤਾਂ ਤੇ ਗੁਰੂਦੁਆਰਾ ਸਾਹਿਬ ਬ੍ਰਿਸਬੇਨ ਦੇ ਪ੍ਰਬੰਧਕ)

ਬ੍ਰਿਸਬੇਨ ‘ਚ ਗੁਰਮਤਿ ਅਤੇ ਸਿੱਖ ਇਤਿਹਾਸ ਦੇ ਪਸਾਰੇ ਤਹਿਤ ਗੁਰੂਦੁਆਰਾ ਸਾਹਿਬ ਬ੍ਰਿਸਬੇਨ (ਲੋਗਨ ਰੋਡ) ਦੀ ਸਰਪ੍ਰਸਤੀ ਅਧੀਨ ਪੰਜ ਆਬ ਰੀਡਿੰਗ ਗਰੁੱਪ, ਡਾ. ਬੀ ਆਰ ਅੰਬੇਡਕਰ ਸੋਸਾਇਟੀ ਬ੍ਰਿਸਬੇਨ, ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ, ਹੋਪਿੰਗ ਈਰਾ  ਆਸਟ੍ਰੇਲੀਆ ਅਤੇ ਸਮੂਹ ਮਾਈ-ਭਾਈ ਦੇ ਸਹਿਯੋਗ ਨਾਲ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਮਾਗਮ ‘ਸਿੱਖ ਐਜੂਕੇਸ਼ਨ ਐਂਡ ਵੈਲਫੇਅਰ ਸੈਂਟਰ ਬਿਸ੍ਰਬੇਨ’ ਵਿਖੇ ਲੰਘੇ ਐਤਵਾਰ ਕਰਵਾਇਆ ਗਿਆ। ਇਸ ਵਿਲੱਖਣ ਸ਼ਹੀਦੀ ਸਮਾਗਮ ਦੀ ਸ਼ੁਰੂਆਤ ਗੁਰੂਘਰ ਕਮੇਟੀ ਦੇ ਖਜ਼ਾਨਚੀ ਅਤੇ ਮੰਚ ਸੰਚਾਲਕ ਮਨਦੀਪ ਸਿੰਘ ਨੇ ਹਾਜ਼ਰੀਨ ਨੂੰ ਜੀ ਆਇਆਂ ਨਾਲ ਕੀਤੀ। ਇਸ ਉਪਰਾਂਤ ਸਕੱਤਰ ਸੁਖਰਾਜ ਸਿੰਘ ਨੇ ਸਮੁੱਚੇ ਪ੍ਰੋਗਰਾਮ ਦੀ ਰੂਪ-ਰੇਖਾ ਅਤੇ  ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਕੀਤਾ। ਉਹਨਾਂ ਹੋਰ ਕਿਹਾ ਕਿ ਸਿੱਖ ਧਰਮ ਵਿੱਚ ਅਨੇਕਾਂ ਹੀ ਵਿਦਵਾਨ, ਵਿਚਾਰਕ, ਸੂਰਬੀਰ ਯੋਧੇ ਅਤੇ ਸਮਾਜ-ਸੁਧਾਰਕ ਪੈਦਾ ਹੋਏ ਹਨ ਜਿਹਨਾਂ ਦੀਆਂ ਲਾਸਾਨੀ ਸ਼ਹਾਦਤਾਂ ਅਤੇ ਅਜ਼ੇਕੀ ਪੀੜੀ ਨੂੰ ਸ਼ਾਨਾਮੱਤੇ ਸਿੱਖ ਇਤਿਹਾਸ ਨਾਲ ਜੋੜਨਾ ਸਮੇਂ ਦੀ ਮੰਗ ਹੈ। ਬੀਬਾ ਰਿਤਕਾ ਅਹੀਰ ਨੇ ਸਮਾਜਿਕ ਚੇਤਨਾ ਦੇ ਨਾਲ-ਨਾਲ ਮਾਤਾ ਗੁਜਰੀ ਦੇ ਜੀਵਨ ਫ਼ਲਸਫ਼ੇ ‘ਤੇ ਝਾਤ ਪਾਈ।

ਬੀਬਾ ਨਵਨੀਤ ਕੌਰ ਨੇ ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਨੂੰ ਬਿਆਨ ਕੀਤਾ। ਦਲਜੀਤ ਸਿੰਘ ਗੁਣਾਂ ਆਪਣੀ ਤਕਰੀਰ ‘ਚ ਸੁਨੇਹਾ ਦਿੱਤਾ ਕਿ ਸਾਡੀ ਕੌਮ ਇਹਨਾਂ ਬੱਚਿਆਂ ਦੀ ਸ਼ਹਾਦਤ ਤੋਂ ਬਹੁਤ ਪ੍ਰੇਰਨਾ ਲੈ ਸਕਦੀ ਹੈ। ਜਿਸ ‘ਚ ਅਸੀਂ ਉੱਕਦੇ ਜਾ ਰਹੇ ਹਾਂ। ਬ੍ਰਿਸਬੇਨ ਸ਼ਹਿਰ ਤੋਂ ਗ਼ਜਲ਼ਗੋ ਰੁਪਿੰਦਰ ਸੋਜ਼ ਅਤੇ ਜਸਵੰਤ ਵਾਗਲਾ ਦੀ ਸ਼ਾਇਰੀ ਵੀ ਬੈਠਕ ਦਾ ਸਿੱਖਰ ਹੋ ਨਿੱਬੜੀ। ਨਿੱਕੇ ਬੱਚਿਆਂ ਦੁਆਰਾ ਸਿੱਖੀ ਬਾਣੇ ਬਾਬਤ ਕੀਤੀ ਪੇਸ਼ਕਾਰੀ ਵਧੀਆ ਸੁਨੇਹਾ ਦੇ ਗਈ। ਗਿਆਨੀ ਨਰਿੰਦਰਪਾਲ ਸਿੰਘ ਦੀ ਤਕਰੀਰ ‘ਚ ਉਸ ਸਮੇਂ ਦੇ ਸੰਤਾਪ ਦਾ ਵਰਨਣ ਬਾਖੂਬੀ ਮਹਿਸੂਸ ਹੋਇਆ। ਨਿੱਕੀ ਬੱਚੀ ਸਿਫ਼ਤਪ੍ਰੀਤ ਕੌਰ ਦੀ ਬੁਲੰਦ ਆਵਾਜ਼ ਸਾਹਿਬਜ਼ਾਦਿਆਂ ਨੂੰ ਰੂਪਮਾਨ ਕਰਦੀ ਦਿੱਖੀ। ਇਸਤੋਂ ਬਾਅਦ ਗੁਰਮੁੱਖ ਭੰਨਦੋਲ ਦੀ ਅਗਵਾਈ ‘ਚ ਲਘੂ ਨਾਟਕ ‘ਸਰਹੰਦ ਦੀ ਦਿਵਾਰ’ ਖੇਡਿਆ ਗਿਆ। ਖ਼ੂਬਸੂਰਤ ਅਦਾਕਾਰੀ ਅਤੇ ਸਮਾਜਿਕ ਸੁਨੇਹੇ ਜ਼ਰੀਏ ਧਾਰਮਿਕ ਸਮਾਗਮਾਂ ਦੀ ਅਸਲ ਪਰਿਭਾਸ਼ਾ ਦਾ ਚਿੰਤਨ ਕੀਤਾ ਗਿਆ। ਭਟਕੀ ਹੋਈ ਅਜ਼ੋਕੀ ਨੌਜ਼ਵਾਨ ਪੀੜ੍ਹੀ ਨੂੰ ਸਿੱਖੀ ਵਿਚਾਰਧਾਰਾ ਨਾਲ ਜੋੜਨ ਦਾ ਵਿਲੱਖਣ ਉਪਰਾਲਾ ਕੀਤਾ ਗਿਆ। ਰੇਡੀਓ ਹੋਸਟ ਅਕਾਸ਼ਿਕਾ ਮੋਹਲਾ, ਕੁਲਜੀਤ ਖੋਸਾ, ਰਛਪਾਲ ਹੇਅਰ, ਪ੍ਰਗਟ ਸਿੰਘ ਰੰਧਾਵਾ ਅਤੇ ਪ੍ਰਭਸਿਮਰਨ ਕੌਰ ਨੇ ਆਪਣੀਆਂ ਤਕਰੀਰਾਂ ‘ਚ ਦਸਵੇਂ ਪਾਤਸ਼ਾਹ ਦੇ ਪਰਿਵਾਰ ਦੀ ਸ਼ਹਾਦਤ ਨੂੰ ਹਾਜ਼ਰੀਨ ਨਾਲ ਸਾਂਝਾ ਕੀਤਾ। ਪ੍ਰਧਾਨ ਜਸਜੋਤ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਗੁਰੂਘਰ ਕਮੇਟੀ ਇਹੋ ਜਿਹੇ ਉੱਦਮ ਭਵਿੱਖ ‘ਚ ਵੀ ਕਰਦੀ ਰਹੇਗੀ। ਤਾਂ ਕਿ ਵਿਦੇਸ਼ੀ ਧਰਤ ‘ਤੇ ਬੱਚਿਆਂ ਨੂੰ ਸਿੱਖੀ ਦੇ ਹੋਰ ਨੇੜੇ ਲਿਆਂਦਾ ਜਾ ਸਕੇ। ਇਸ ਧਾਰਮਿਕ ਸਮਾਗਮ ‘ਚ ਪੰਜ ਆਬ ਰੀਡਿੰਗ ਗਰੁੱਪ ਵੱਲੋਂ ਸਿੱਖ ਧਰਮ ਅਤੇ ਇਤਿਹਾਸ ਨਾਲ ਸਬੰਧਿਤ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਸਮਾਗਮ ਦੇ ਅੰਤ ‘ਚ ਗੀਤ  ‘ਆਰ ਨਾਨਕ ਪਾਰ ਨਾਨਕ’ ਅਤੇ ਸਮੂਹ ਸੰਗਤ ਦੇ ਜੈਕਾਰਿਆਂ ਦੀ ਗੂੰਜ ਰੂਹਾਨੀ ਵੇਗ ਛੇੜਦੀ ਦਿਸੀ।