• ਕਾਤਿਲ ਸੱਜਣ ਕੁਮਾਰ ਨੂੰ ਗ੍ਰਿਫਤਾਰ ਕਰਕੇ ਤੁਰੰਤ ਜ਼ੇਲ੍ਹ ਅੰਦਰ ਡੱਕਿਆ ਜਾਵੇ-ਭਾਈ ਸਰਵਣ ਸਿੰਘ ਅਗਵਾਨ

NZ PIC 18 Dec-1

ਆਕਲੈਂਡ 18 ਦਸੰਬਰ  – 34 ਸਾਲਾਂ ਤੋਂ ਨਿਰਦੋਸ਼ ਸਿੱਖਾਂ ਦਾ ਆਜ਼ਾਦ ਘੁੰਮ ਰਿਹਾ ਕਾਤਿਲ ਸੱਜਣ ਕੁਮਾਰ ਸਰਕਾਰੀ ਅਮਲੇ ਦੀ ਵਰਤੋਂ ਕਰਦਾ ਕਾਂਗਰਸ ਪਾਰਟੀ ਦੀ ਸਿਆਸੀ ਛਾਂ ਹੇਠ ਆਪਣੀ ਚਮੜੀ ਬਚਾਈ ਫਿਰਦਾ ਸੀ, ਜਿਸ ਨੂੰ ਮਾਣਯੋਗ ਦਿੱਲੀ ਹਾਈਕੋਰਟ ਨੇ 5 ਨਿਰਦੋਸ਼ ਸਿੱਖਾਂÎ ਦਾ ਕਾਤਿਲ ਸਾਬਿਤ ਕਰਦਿਆਂ ਮੌਤ ਤੱਕ ਉਮਰ ਭਰ ਜ਼ੇਲ੍ਹ ਦੀ ਸਜ਼ਾ ਸੁਣਾਈ ਹੈ, ਭਾਰਤੀ ਨਿਆਂ ਵਿਭਾਗ ਦਾ ਲੰਬੀ ਦੇਰ ਬਾਅਦ ਆਇਆ ਇਹ ਫੈਸਲਾ ਤਾਂ ਚੰਗਾ ਹੈ, ਪਰ ਇਸ ਮਹਾਂਦੋਸ਼ੀ ਨੂੰ ਦੋ ਹਫਤਿਆਂ ਦੀ ਦਿੱਤੀ ਮੋਹਲਤ ਮਾੜੀ ਜਾਪਦੀ ਹੈ। ਇਸ ਵਿਅਕਤੀ ਨੇ ਜਿੰਨੇ ਵੱਡੇ ਹਜ਼ੂਮ ਨੂੰ ਭੜਕਾਇਆ ਹੋਵੇਗਾ ਉਸਦੇ ਨਤੀਜਨ ਪੰਜ ਨਹੀਂ ਸੈਂਕੜੇ ਸਿੱਖ ਉਸ ਵੇਲੇ ਮਾਰੇ ਗਏ ਹੋਣਗੇ ਜਿਨ੍ਹਾਂ ਦੀ ਪੜ੍ਹਤਾਲ ਕੀਤੀ ਜਾਣੀ ਵੀ ਬਣਦੀ ਸੀ।

ਇਨ੍ਹਾਂ ਦਰਦ ਭਰੇ ਜ਼ਜਬਿਆਂ ਦਾ ਪ੍ਰਗਟਾਵਾ ਸ਼ਹੀਦ ਭਾਈ ਸਤਵੰਤ ਸਿੰਘ ਦੇ ਛੋਟੇ ਭਰਾਤਾ ਭਾਈ ਸਰਵਣ ਸਿੰਘ ਅਗਵਾਨ ਨੇ ਕੀਤਾ। ਉਨ੍ਹਾਂ ਪੀੜ੍ਹਤ ਪਰਿਵਾਰਾਂ ਦੇ ਨਾਲ ਡੂੰਘੀ ਦਿਲੀ ਹਮਦਰਦੀ ਪ੍ਰਗਟ ਕਰਦਿਆਂ ਉਨ੍ਹਾਂ ਦੇ ਸਬਰ ਸੰਤੋਖ ਨੂੰ ਸਿਜਦਾ ਕੀਤਾ ਹੈ। ਬੀਬੀ ਜਗਦੀਸ਼ ਕੌਰ ਨੂੰ ਉਹ ਨਿੱਜੀ ਤੌਰ ‘ਤੇ ਵੀ ਮਿਲੇ ਹਨ। ਥੋੜ ਚਿਰੇ ਦੁੱਖੜੇ ਤਾਂ ਵੰਡਾਏ ਜਾ ਸਕਦੇ ਹਨ ਪਰ ਦੁੱਖਾਂ ਦੀ ਪੰਡਾਂ ਨੂੰ 34 ਸਾਲਾਂ ਤੱਕ ਸਿਰ ‘ਤੇ ਟਿਕਾਈ ਫਿਰਨਾ ਜਿਸ ਤਨ ਲੱਗੇ ਸੋ ਤਨ ਜਾਣੇ ਵਾਲੀ ਗੱਲ ਹੈ, ਜਿਸ ਦਾ ਅੰਦਾਜ਼ਾਂ ਸਾਧਾਰਨ ਵਿਅਕਤੀ ਨਹੀਂ ਲਾ ਸਕਦਾ। ਬੜੇ ਭਾਵੁਕ ਹੁੰਦਿਆਂ ਉਨੰਾਂ ਦੱਸਿਆ ਕਿ ਜਿਨ੍ਹਾਂ ਵੀ ਪਰਿਵਾਰਾਂ ਨੇ ਇਸ ਸਰਕਾਰੀ ਕਾਤਿਲ ਵਿਰੁੱਧ ਨਿਡਰ ਹੋ ਕੇ ਗਵਾਹੀਆਂ ਦਿੱਤੀਆਂ ਉਨ੍ਹਾਂ ਨੂੰ ਅਗਵਾਨ ਪਰਿਵਾਰ ਦਾ ਝੁਕ ਕੇ ਸਲਾਮ ਹੈ। 34 ਸਾਲਾਂ ਤੋਂ ਅਦਾਲਤੀ ਚੱਕਰਾਂ ਦੇ ਗੇੜ ਵਿਚ ਫਸੇ ਇਨ੍ਹਾਂ ਉਜੜੇ ਜਾਂ ਕਹਿ ਲਈਏ ਉਜਾੜੇ ਗਏ ਪਰਿਵਾਰਾਂ ਨੇ ਦੇਸ਼ ਦੀ ਇਕ ਜ਼ਿਲ੍ਹਾ ਅਦਾਲਤ ਨੂੰ ਵੀ ਝੂਠਾ ਸਾਬਿਤ ਕੀਤਾ ਹੈ ਜੋ ਕਿ ਵੱਡੇ ਸਵਾਲਾਂ ਨੂੰ ਜਨਮ ਦੇਣ ਵਾਲੀ ਗੱਲ ਹੈ। ਭਾਈ ਅਗਵਾਨ ਨੇ ਸੀ.ਬੀ.ਆਈ, ਸਾਰੇ ਵਕੀਲ ਸਾਹਿਬਾਨਾਂ ਅਤੇ ਚਟਾਨ ਵਾਂਗ ਖੜੇ ਰਹੇ ਸਮੁੱਚੇ ਗਵਾਹਾਂ ਦਾ ਵੀ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਨਾਨਾਵਤੀ ਕਮਿਸ਼ਨ ਰਿਪੋਰਟ ਨੂੰ ਦੁਬਾਰਾ ਵਿਚਾਰਨ ਦੇ ਵਿਚ ਆਪਣਾ ਸਹਿਯੋਗ ਦਿੱਤਾ ਅਤੇ ਅੰਤ ਮਹਾਂ ਦੋਸ਼ੀ ਦੀ ਨਿਸ਼ਾਨਦੇਹੀ ਕਰਨ ਵਿਚ ਸਫਲਤਾ ਪਾਈ। ਸੱਜਣ ਕੁਮਾਰ ਦੀ ਮਾਨਸਿਕਤਾ ਬਾਰੇ ਉਨ੍ਹਾਂ ਆਪਣੇ ਵਿਚਾਰ ਪ੍ਰਗਟ ਕਰਦਿਆਂ ਦੱਸਦਿਆਂ ਕਿ 1984 ਵੇਲੇ ਇਹ ਕਾਂਗਰਸੀ ਸੱਜਣ ਕੁਮਾਰ ਉਮਰ ਦੇ ਹਿਸਾਬ ਨਾਲ 39 ਕੁ ਸਾਲਾਂ ਦਾ ਹੋਵੇਗਾ ਅਤੇ ਵੇਖਣ ਵਾਲੀ ਗੱਲ ਹੈ ਕਿ ਉਸ ਵੇਲੇ ਹੀ ਇਸ ਦੇ ਜ਼ਹਿਨ ਵਿਚ ਐਨੀ ਜ਼ਹਿਰ ਭਰੀ ਹੋਈ ਸੀ।

ਇਹ ਜ਼ਹਿਰ ਉਸ ਅੰਦਰ  ਅਗਲੇ 34 ਸਾਲ ਤੱਕ ਵੀ ਬਰਕਰਾਰ ਹੈ ਅਤੇ ਇਹ ਹੁਣ ਵੀ ਆਪਣੇ ਅੰਦਰ ਵਿਸ ਘੋਲ ਰਿਹਾ ਹੈ। ਨਿਆਂ ਵਿਭਾਗ ਦੇ ਕੋਲ ਹੁਣ ਮੌਕਾ ਹੈ ਇਸ ਜ਼ਹਿਰੀਲੇ ਸੱਪ ਨੂੰ ਤੁਰੰਤ ਗ੍ਰਿਫਤਾਰ ਕਰਕੇ ਅੰਦਰ ਡੱਕਣਾ ਚਾਹੀਦਾ ਹੈ। ਹੈਰਾਨੀ ਦੀ ਗੱਲ ਹੈ ਕਿ ਦਸਵੀਂ ਪੜ੍ਹੇ ਇਸ ਵਿਅਕਤੀ ਨੂੰ ਕਾਂਗਰਸ ਪਾਰਟੀ ਨੇ ਦੂਜੀ ਵਾਰ 1991 ‘ਚ ਅਤੇ ਤੀਜੀ ਵਾਰ 2004 ਦੇ ਵਿਚ ਮੈਂਬਰ ਪਾਰਲੀਮੈਂਟ ਬਣਾ ਕੇ ਸਿੱਖਾਂ ਦੇ ਅੱਲ੍ਹੇ ਜ਼ਖਮਾ ‘ਤੇ ਹੋਰ ਲੂਣ ਛਿੜਕਿਆ। ਅੰਤ ਦੇ ਵਿਚ ਭਾਈ ਸਰਵਣ ਸਿੰਘ ਅਗਵਾਨ ਨੇ ਭਾਰਤੀ ਨਿਆਂ ਪ੍ਰਣਾਲੀ ਨੂੰ ਅਪੀਲ ਕੀਤੀ ਹੈ ਕਿ ਜੇਕਰ ਸੱਜਣ ਕੁਮਾਰ ਸੁਪਰੀਮ ਕੋਰਟ ਦੇ ਵਿਚ ਕੋਈ ਅਪੀਲ ਦਰਜ ਕਰਦਾ ਹੈ ਤਾਂ ਉਸਨੂੰ ਬਿਨਾਂ ਵਿਚਾਰੇ ਖਾਰਜ ਕੀਤਾ ਜਾਵੇ। ਉਨ੍ਹਾਂ ਦੇਸ਼-ਵਿਦੇਸ਼ ਵਸਦੇ ਸਿੱਖ ਭਾਈਚਾਰੇ ਅਤੇ ਕਾਨੂੰਨੀ ਮਾਹਿਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਏਕਤਾ ਦਾ ਸਬੂਤ ਦਿੰਦੇ ਹੋਏ ਇਸ ਦੋਸ਼ੀ ਨੂੰ ਸਲਾਖਾਂ ਦੇ ਪਿੱਛੇ ਜਲਦੀ ਤੋਂ ਜਲਦੀ ਕਰਨ ਲਈ ਸਰਕਾਰ ਉਤੇ ਦਬਾਅ ਬਣਾਇਆ ਜਾਵੇ ਨਹੀਂ ਤਾਂ ਇਹ ਵਿਅਕਤੀ ਆਪਣੇ  ਬਚਣ ਲਈ ਕੋਈ ਨਾ ਕੋਈ ਹੋਰ ਰਾਹ ਲੱਭ ਲਵੇਗਾ।