sng10-01

ਉਪਰੋਕਤ ਸ਼ਬਦ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਨੇ ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਲੋਕ ਪੱਖੀ ਕਵੀਸ਼ਰੀ ਦਾ ਸਤਿਕਾਰ ਕਰਦਿਆਂ ਪਾਠਕ ਗਾਇਕ ਭਰਾਵਾਂ ਦਾ ਸਨਮਾਨ ਕਰਨ ਲਈ ਕੀਤੇ ਗਏ ਇੱਕ ਭਰਵੇਂ ਸਾਹਿਤਕ ਸਮਾਗਮ ਵਿੱਚ ਆਪਣੇ ਵਿਚਾਰ ਪੇਸ਼ ਕਰਦਿਆਂ ਕਹੇ। ਸੈਂਟਰਲ ਪਟਵਾਰ ਖਾਨਾ ਦੇ ਹਾਲ ਵਿੱਚ ਹੋਏ ਇਸ ਸਮਾਗਮ ਦੀ ਪ੍ਰਧਾਨਗੀ ਡਾ. ਤੇਜਵੰਤ ਮਾਨ, ਡਾ. ਭਗਵੰਤ ਸਿੰਘ, ਪਵਨ ਹਰਚੰਦਪੁਰੀ, ਡਾ. ਰਾਜ ਕੁਮਾਰ ਗਰਗ, ਬਚਨ ਸਿੰਘ ਗੁਰਮ ਦੇ ਪ੍ਰਧਾਨਗੀ ਮੰਡਲ ਨੇ ਕੀਤੀ।

ਸਮਾਗਮ ਦਾ ਆਰੰਭ ਪ੍ਰਸਿੱਧ ਗਾਇਕ ਅੰਮ੍ਰਿਤ ਪਾਲ ਸਿੰਘ ਅਸਟਰੇਲੀਆਂ ਦੀ ਕਵਿਤਾ ਨਾਲ ਹੋਇਆ। ਇਸ ਸਮੇਂ ਹੋਏ ਕਵੀ ਦਰਬਾਰ ਵਿੱਚ ਜੰਗ ਸਿੰਘ ਫੱਟੜ, ਪਵਨ ਹਰਚੰਦਪੁਰੀ, ਬਲਜਿੰਦਰ ਈਲਵਾਲ, ਭੁਪਿੰਦਰ ਸਿੰਘ ਬੋਪਾਰਾਏ, ਕ੍ਰਿਸ਼ਨ ਬੇਤਾਬ, ਮੀਤ ਸਕਰੌਦੀ, ਗੁਲਜ਼ਾਰ ਸਿੰਘ ਸ਼ੌਕੀ, ਮੁਕੇਸ਼ ਕੁਮਾਰ, ਸਤਿੰਦਰ ਕੁਮਾਰ ਫੱਤਾ, ਦੇਸ਼ ਭੂਸ਼ਨ, ਰਾਜ ਕੁਮਾਰ ਗਰਗ, ਚਰਨਜੀਤ ਮੰਗਵਾਲ, ਬਚਨ ਸਿੰਘ ਗੁਰਮ, ਗੁਰਨਾਮ ਸਿੰਘ ਆਦਿ ਕਵੀਆਂ ਨੇ ਆਪਣੀਆਂ ਚੌਣਵੀਆਂ ਕਵਿਤਾਵਾਂ ਸੁਣਾਈਆਂ।

ਉਪਰੰਤ ਦੋ ਘੰਟਿਆਂ ਦੇ ਸਮੇਂ ਲਈ ਮਿੱਠੂ ਭਰਾਵਾਂ ਨਾਲ ਰੂ-ਬ-ਰੂ ਅਤੇ ਕਵੀਸ਼ਰੀ ਗਾਇਨ ਦਾ ਪ੍ਰੋਗਰਾਮ ਕੀਤਾ ਗਿਆ। ਮਿੱਠੂ ਪਾਠਕ, ਪ੍ਰੀਤ ਪਾਠਕ, ਸਤਨਾਮ ਪਾਠਕ ਦੀ ਤਿਕੜੀ ਨੇ ਕੋਈ ਵੀਹ ਦੇ ਕਰੀਬ ਲੋਕ ਜਗਾਵਾ ਦੇਣ ਵਾਲੇ ਕਵੀਸ਼ਰੀ ਪ੍ਰਸੰਗਾਂ ਦਾ ਗਾਇਨ ਕੀਤਾ।

ਕਿੱਥੇ ਗਈਆਂ ਸਾਡੀਆਂ ਸਰਦਾਰੀਆਂ
ਕਿਹੜੇ ਰਾਹੇ ਚਲਿਆ ਪੰਜਾਬ ਮਿਤਰੋ
૴૴૴૴૴૴૴૴૴૴૴૴
ਆਟਾ ਦਾਲ ਆਪੇ ਹੀ ਖਰੀਦ ਲਵਾਂਗੇ
ਸਾਨੂੰ ਬੱਸ ਰੁਜ਼ਗਾਰ ਚਾਹੀਦੈ।
૴૴૴૴૴૴૴૴૴૴૴૴
ਜੱਟਾਂ ਨੂੰ ਬਦਨਾਮ ਕਰਦੇ
ਰੱਫਲਾਂ, ਗੰਡਾਂਸੇ ਹੱਥਾਂ ‘ਚ ਫੜਾਉਂਦੇ ਐ
ਗਾਕੇ ਮੁੱਖ ਤੋਂ ਇਹ ਲਚਰਤਾ ਫਲਾਉਂਦੇ ਐ
૴૴૴૴૴૴૴૴૴૴૴૴
ਇਹ ਦੇਸ਼ ਨੂੰ ਵੇਚਣਗੇ
ਗੱਲ ਤੁਸੀਂ ਲਾਲ ਕਿਲੇ ਦੀ ਕਰਦੇ ਓ
૴૴૴૴૴૴૴૴૴૴૴૴
ਲੁੱਟ ਲੋ ਲੋਕਾਂ ਨੂੰ
ਲੈ ਕੇ ਧਰਮ ਦੀ ਓਟ
૴૴૴૴૴૴૴૴૴૴૴૴
ਥੋਡੇ ਹੱਥ ਡੋਰ ਹੈ ਪੰਜਾਬ ਦੀ
ਪੰਜਾਬ ਨੂੰ ਬਚਾਲੋ ਓਏ ਪੰਜਾਬੀਓ
૴૴૴૴૴૴૴૴૴૴૴૴

ਆਦਿ ਧਾਰਨਾਵਾਂ ਤੇ ਪਾਠਕ ਭਰਾਵਾਂ ਨੇ ਲੋਕ-ਪੱਖੀ ਸਿਰਜਨਾਤਮਿਕ ਗਾਇਕੀ ਨਾਲ ਸਮਾਗਮ ਦੀ ਸਾਰਥਕਤਾ ਵਿੱਚ ਪ੍ਰਸੰਸਾਯੋਗ ਵਾਧਾ ਕੀਤਾ।ਉਪਰੰਤ ਅਜੋਕੀ ਲੱਚਰ ਗਾਇਕੀ ਬਾਰੇ ਡਾ. ਤੇਜਵੰਤ ਮਾਨ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਗਾਇਕੀ ਦੇ ਵੱਧਣ ਫੁੱਲਣ ਵਿੱਚ ਜਿੱਥੇ ਉਤਪਾਦਕੀ ਵਿਕਾਸ ਦਾ ਸਰਮਾਏਦਾਰ ਸਿਧਾਂਤ ਜੁੰਮੇਵਾਰ ਹੈ ਉੱਥੇ ਏਸ ਲਈ ਸਾਡੇ ਲੋਕਾਂ ਦੀ ਮਾਨਸਿਕਤਾ ਵਿੱਚ ਆਈ ਨਿਘਾਰ ਅਤੇ ਵਿਕਾਊ ਪ੍ਰਵਿਰਤੀ ਵੀ ਜਿੰਮੇਵਾਰ ਹੈ। ਲੱਚਰ ਪਸ਼ੂ ਮਾਨਸਿਕਤਾ ਜਦੋਂ ਮੰਡੀ ਵਿੱਚ ਨੰਗੀ ਹੋ ਕੇ ਵਿਕਦੀ ਹੈ ਤਾਂ ਬਜ਼ਾਰ ਅਨੁਸਾਰ ਸਾਡੀਆਂ ਕਲਾਤਮਕ ਰੂਚੀਆਂ ਵੀ ਚਾਸਕੂ ਨਸ਼ੇ ਦਾ ਸ਼ਿਕਾਰ ਹੋ ਜਾਂਦੀਆਂ ਹਨ। ਇਸ ਪ੍ਰਵਿਰਤੀ ਨੂੰ ਰੋਕਣ ਲਈ ਪੰਜਾਬ ਦੀਆਂ ਸਾਹਿਤ ਸਭਾਵਾਂ ਇੱਕ ਅਸਰਦਾਇਕ ਹੰਭਲਾ ਮਾਰਨ। ਬਹਿਸ ਵਿੱਚ ਹਿੱਸਾ ਲੈਦਿਆਂ ਡਾ. ਭਗਵੰਤ ਸਿੰਘ ਨੇ ਕਿਹਾ ਕਿ ਲੱਚਰ ਗਾਇਕੀ ਦੇ ਕਾਰਨ ਹੀ ਪੰਜਾਬ ਉਜੜਣ ਦੇ ਕਗਾਰ ਤੇ ਪਹੁੰਚ ਗਿਆ ਹੈ।ਪਾਠਕ ਭਰਾਵਾਂ ਦੀ ਗਾਇਕੀ ਦੇ ਸਦਕਾ ਰੋਸਨੀ ਦੀ ਕਿਰਨ ਦਿਸ ਰਹੀ ਹੈ। ਚਰਚਾ ਵਿੱਚ ਪਵਨ ਹਰਚੰਦਪੁਰੀ, ਰਾਜ ਕੁਮਾਰ ਗਰਗ, ਮਿੱਠੂ ਪਾਠਕ, ਮੀਤ ਸਕਰੌਦੀ, ਬਚਨ ਸਿੰਘ ਗੁਰਮ, ਏ.ਪੀ. ਸਿੰਘ, ਗੁਰਨਾਮ ਸਿੰਘ ਆਦਿ ਨੇ ਡਾ. ਮਾਨ ਦੀ ਹਾਮੀ ਭਰਦਿਆਂ ਕਿਹਾ ਕਿ ਜਿੱਥੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦੀ ਲੋੜ ਹੈ ਉੱਥੇ ਕਾਮ ਭੜਕਾਊ ਲੱਚਰ ਗੀਤਾਂ ਦੇ ਮਾਰੂ ਨਸ਼ੇ ਤੋਂ ਵੀ ਬਚਾਉਣ ਦੀ ਲੋੜ ਹੈ।

ਉਪਰੰਤ ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਹਾਜ਼ਰ ਲੇਖਕਾਂ ਦੁਆਰਾ ਪਾਠਕ ਭਰਾਵਾਂ ਦਾ ਸਨਮਾਨ ਕੀਤਾ ਗਿਆ। ਗੁਰਨਾਮ ਸਿੰਘ ਜਨਰਲ ਸਕੱਤਰ ਨੇ ਸਟੇਜ ਦੀ ਕਾਰਵਾਈ ਬਾਖੂਬੀ ਨਿਭਾਉਂਦਿਆਂ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।