GUJRATI BAL SAHIT BALWANI AASHT

ਪੰਜਾਬੀ ਭਾਸ਼ਾ ਅਤੇ ਸਾਹਿਤ ਲਈ ਇਹ ਫਖ਼ਰ ਵਾਲੀ ਗੱਲ ਹੈ ਕਿ ਭਵਿੱਖ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਾਰਜਸ਼ੀਲ ਸਾਹਿਤ ਅਕਾਦਮੀ ਅਵਾਰਡੀ ਅਤੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ‘ਆਸ਼ਟ’ ਦਾ ਬਾਲ ਸਾਹਿਤ ਗੁਜਰਾਤੀ ਵਿਚ ਛਾਪਿਆ ਜਾ ਰਿਹਾ ਹੈ। ਗੁਜਰਾਤ ਰਾਜ ਸ਼ਾਲਾ ਪਾਠ-ਪੁਸਤਕ ਮੰਡਲ ਦੇ ਸਾਬਕਾ ਅਕਾਦਮਿਕ ਸਕੱਤਰ ਡਾ. ਹੂੰਦਰਾਜ ਬਲਵਾਣੀ ਅਨੁਸਾਰ ਡਾ. ਦਰਸ਼ਨ ਸਿੰਘ ‘ਆਸ਼ਟ’ ਦੇ ਪੰਜਾਬੀ ਵਿਚ ਲਿਖੇ ਗਏ ਬਾਲ ਸਾਹਿਤ ਨੂੰ ਗੁਜਰਾਤੀ ਭਾਸ਼ਾ ਵਿਚ ਅਨੁਵਾਦ ਕਰਵਾ ਕੇ ਗੁਜਰਾਤੀ ਸਕੂਲਾਂ ਦੇ ਵਿਦਿਆਰਥੀਆਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਜਾਵੇਗਾ ਤਾਂ ਜੋ ਭਾਰਤ ਦੀਆਂ ਖੇਤਰੀ ਭਾਸ਼ਾਵਾਂ ਦੇ ਬਾਲ ਸਾਹਿਤ ਦਾ ਆਦਾਨ ਪ੍ਰਦਾਨ ਹੋ ਸਕੇ ਅਤੇ ਬੱਚਿਆਂ ਨੂੰ ਉਸਾਰੂ ਜੀਵਨ-ਮੁੱਲਾਂ ਨਾਲ ਜੋੜਿਆ ਜਾ ਸਕੇ।ਬੀਤੇ ਦਿਨੀਂ ਅਹਿਮਦਾਬਾਦ (ਗੁਜਰਾਤ) ਦੇ ਸਰਦਾਰਨਗਰ ਖੇਤਰ ਵਿਚ ਇਕ ਸਾਹਿਤਕ ਮਿਲਣੀ ਦੌਰਾਨ ਇਸ ਗੱਲ ਦਾ ਪ੍ਰਗਟਾਵਾ ਕਰਦੇ ਹੋਏ ਡਾ. ਬਲਵਾਣੀ ਨੇ ਦੱਸਿਆ ਕਿ ਜਿਵੇਂ ਗੁਜਰਾਤੀ ਸਾਹਿਤ ਨੂੰ ਪੰਜਾਬੀ ਭਾਸ਼ਾ ਵਿਚ ਅਨੁਵਾਦ ਕਰਕੇ ਪੜ੍ਹਨ ਰੁਚੀਆਂ ਨੂੰ ਉਤਸਾਹਿਤ ਕੀਤਾ ਗਿਆ ਹੈ, ਉਸੇ ਪ੍ਰਕਾਰ ਉਹਨਾਂ ਦੀ ਸੰਸਥਾ ਵੀ ਪੰਜਾਬੀ ਦੇ ਪ੍ਰਤਿਬੱਧ ਬਾਲ ਸਾਹਿਤ ਲੇਖਕਾਂ ਦੁਆਰਾ ਰਚੇ ਗਏ ਸਾਹਿਤ ਨੂੰ ਅਨੁਵਾਦ ਕਰਨ ਲਈ ਯਤਨਸ਼ੀਲ ਹੈ।

ਜ਼ਿਕਰਯੋਗ ਹੈ ਕਿ ਡਾ. ਦਰਸ਼ਨ ਸਿੰਘ ਆਸ਼ਟ ਦੀਆਂ ਪੰਜਾਬੀ ਵਿਚ ਬੱਚਿਆਂ ਲਈ ਲਗਭਗ ਇਕ ਸੌ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਪਾਕਿਸਤਾਨ ਅਤੇ ਨੇਪਾਲ ਤੋਂ ਇਲਾਵਾ ਉਹਨਾਂ ਦਾ ਪੰਜਾਬੀ ਬਾਲ ਸਾਹਿਤ ਮਹਾਰਾਸ਼ਟਰ,ਹਰਿਆਣਾ,ਦਿੱਲੀ ਦੇ ਸਕੂਲਾਂ ਵਿਚ ਵੱਖ ਵੱਖ ਸ਼੍ਰੇਣੀਆਂ ਨੂੰ ਅਨੁਵਾਦਿਤ ਰੂਪ ਵਿਚ ਪੜ੍ਹਾਇਆ ਜਾ ਰਿਹਾ ਹੈ।ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ ਡਾ. ‘ਆਸ਼ਟ’ ਦਾ ਬਾਲ ਸਾਹਿਤ ਬਿਹਾਰ ਦੀ ਮੈਥਿਲੀ,ਹਰਿਆਣਵੀ,ਰਾਜਸਥਾਨੀ ਸਿੰਧੀ ਆਦਿ ਜ਼ੁਬਾਨਾਂ ਵਿਚ ਵੀ ਅਨੁਵਾਦ ਹੋ ਚੁੱਕਾ ਹੈ। ਇਸ ਸਮਾਗਮ ਦੌਰਾਨ ਡਾ. ਹੂੰਦਰਾਜ ਬਲਵਾਣੀ ਨੇ ਗੁਜਰਾਤੀ ਬਾਲ ਸਾਹਿਤ ਦੀਆਂ ਪੁਸਤਕਾਂ ਦਾ ਇਕ ਸੈਟ ਵੀ ਡਾ. ਆਸ਼ਟ ਨੂੰ ਭੇਂਟ ਕੀਤਾ ਗਿਆ।