• ਪਰਮਜੀਤ ਗਾਗਾ ਦੇ ਨਾਟਕਾਂ ਦੀ ਪੁਸਤਕ ‘ਪੀਲੇ ਪੱਤੇ’ ਲੋਕ-ਅਰਪਣ

01

ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਰੰਗ ਸ਼ਾਲਾ ਥੀਏਟਰ ਸੰਗਰੂਰ ਅਤੇ ਸਾਇੰਟੇਫਿਕ ਅਵੇਰਨੈਂਸ ਐਂਡ ਸੋਸ਼ਲ ਵੈਲਫੇਅਰ ਸੰਸਥਾ ਦੇ ਸਹਿਯੋਗ ਨਾਲ ਕਰਵਾਈ ਗਏ ਸਵਰਗੀ ਪਰਮਜੀਤ ਗਾਗਾ ਨੂੰ ਸਮਰਪਿਤ ਸਮਾਗਮ ਵਿੱਚ ਪਰਮਜੀਤ ਗਾਗਾ ਦਾ ਇਕਾਂਗੀ ਸੰਗ੍ਰਹਿ ‘ਪੀਲੇ ਪੱਤੇ’ ਲੋਕ-ਅਰਪਣ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਨੇ ਕੀਤੀ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਡਾ. ਭਗਵੰਤ ਸਿੰਘ, ਸ. ਹਮੀਰ ਸਿੰਘ ਉਘੇ ਪੱਤਰਕਾਰ, ਡਾ. ਅਮਰਜੀਤ ਸਿੰਘ ਮਾਨ, ਪ੍ਰੋ. ਸੁਖਵੀਰ ਸਿੰਘ, ਵਾਇਸ ਪ੍ਰਿੰਸੀਪਲ ਰਣਬੀਰ ਕਾਲਜ ਸੰਗਰੂਰ, ਪ੍ਰੋ. ਜਗਰੂਪ ਸਿੰਘ, ਗੁਰਨਾਮ ਸਿੰਘ, ਡਾ. ਅਵਤਾਰ ਸਿੰਘ ਢੀਂਡਸਾ, ਡਾ. ਅਰਵਿੰਦਰ ਕਾਕੜਾ, ਅਮਰੀਕ ਗਾਗਾ ਸ਼ਾਮਲ ਹੋਏ।

ਡਾ. ਭਗਵੰਤ ਸਿੰਘ ਪ੍ਰਧਾਨ ਪੰਜਾਬੀ ਸਾਹਿਤ ਸਭਾ ਸੰਗਰੂਰ ਨੇ ਸਾਰੇ ਪਹੁੰਚੇ ਲੇਖਕਾਂ, ਰੰਗਮੰਚੀ ਕਲਾਕਾਰਾਂ ਦਾ ਸੁਆਗਤ ਕਰਦਿਆਂ ਇਸ ਸਮਾਗਮ ਦੇ ਮਹੱਤਵ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਪੰਜਾਬੀ ਸਾਹਿਤ ਸਭਾ ਸੰਗਰੂਰ ਦਾ ਇਹ ਯਤਨ ਹੈ ਕਿ ਸਾਡੀਆਂ ਖੁਰ ਰਹੀਆਂ ਕਦਰਾਂ ਕੀਮਤਾਂ ਦੀ ਬਚਾਓ ਲਈ ਸਾਹਿਤ ਰਚਨਾ ਅਤੇ ਹੋਰ ਕਲਾਤਮਕ ਰੁਚੀਆਂ ਨੂੰ ਪ੍ਰਫੂੱਲਤ ਕਰਨ ਵਿੱਚ ਆਪਣਾ ਯੋਗਦਾਨ ਪਾਈਏ । ਅਮਰੀਕ ਗਾਗਾ ਅਤੇ ਸਵਰਗੀ ਪਰਮਜੀਤ ਗਾਗਾ ਨੇ ਇਸ ਸੰਬੰਧ ਵਿਚ ਜ਼ਿਕਰਯੋਗ ਕੰਮ ਕੀਤਾ ਹੈ।

ਉਪਰੰਤ ਡਾ. ਅਰਵਿੰਦਰ ਕੌਰ ਕਾਕੜਾ ਨੇ ਪਰਮਜੀਤ ਗਾਗਾ ਦੀ ਨਾਟਕ ਪੁਸਤਕ ‘ਪੀਲੇ ਪੱਤੇ’ ਉਤੇ ਆਪਣਾ ਖੋਜ-ਪੱਤਰ ਪੜ੍ਹਿਆ। ਡਾ. ਕਾਕੜਾ ਨੇ ਕਿਹਾ ਕਿ ਪਰਮਜੀਤ ਰਣਬੀਰ ਕਾਲਜ ਵਿਚ ਪੜ੍ਹਦਿਆਂ ਹੀ ਬੜੀ ਚੇਤਨ ਵਿਦਿਆਰਥਣ ਸੀ। ਉਹ ਹਮੇਸ਼ਾ ਇਸਤਰੀ ਦੀ ਸਥਿੱਤੀ ਬਾਰੇ ਦਲਿਤ ਅਤੇ ਗਰੀਬ ਵਿਦਿਆਰਥੀਆਂ ਬਾਰੇ, ਨਸ਼ਿਆਂ ਅਤੇ ਭਰੂਣ ਹੱਤਿਆਵਾਂ ਬਾਰੇ ਵਿਚਾਰ ਚਰਚਾ ਕਰਦੀ ਰਹਿੰਦੀ ਸੀ। ਪੜ੍ਹਾਈ ਤੋਂ ਬਾਅਦ ਅਧਿਆਪਕ ਲੱਗਕੇ ਉਸਨੇ ਥੀਏਟਰ ਅਤੇ ਸੱਭਿਆਚਾਰਕ ਸਰਗਰਮੀਆਂ ਖੇਤਰ ਚੁਣਿਆ। ‘ਪੀਲੇ ਪੱਤੇ’ ਪਰਮਜੀਤ ਗਾਗਾ ਦੇ ਅਨੁਭਵ ਦਾ ਨਾਟਕੀ ਰੁਪਾਂਤਰਣ ਹੈ। ਉਸਦੇ ਸਮੁੱਚੇ ਨਾਟਕ ਅਜੋਕੀਆਂ ਸਮੱਸਿਅਵਾਂ ਕੈਂਸਰ, ਨਸ਼ਾ, ਉਤਪਾਦਕੀ ਬਾਜ਼ਾਰ, ਡੇਰਾਵਾਦ ਨੂੰ ਆਪਣੇ ਕਲਾਵੇ ਵਿੱਚ ਲੈਂਦੇ ਹਨ।

ਪੇਪਰ ਉਤੇ ਹੋਈ ਬਹਿਸ ਵਿਚ ਪ੍ਰੋ. ਜਗਰੂਪ ਸਿੰਘ, ਡਾ. ਏ.ਐਸ.ਮਾਨ, ਜਗਦੀਸ਼ ਪਾਪੜਾ, ਸ਼ਨੀ ਚਾਵਰੀਆ, ਹਮੀਰ ਸਿੰਘ, ਅਵਤਾਰ ਸਿੰਘ ਢੀਂਡਸਾ, ਡਾ. ਭਗਵੰਤ ਸਿੰਘ, ਕੁਲਵੰਤ ਕਸਕ, ਕਰਮਜੀਤ ਸਿੰਘ, ਡਾ. ਦੇਵਿੰਦਰ ਕੌਰ, ਰਣਧੀਰ ਸਿੰਘ, ਕਿਰਨਪਾਲ ਗਾਗਾ, ਬਲਵਿੰਦਰ ਸਿੰਘ ਕੌਹਰੀਆਂ, ਭੁਪਿੰਦਰ ਸਿੰਘ ਬੋਪਾਰਾਏ, ਡਾ. ਰਾਜ ਕੁਮਾਰ ਗਰਗ, ਅਮਰ ਗਰਗ, ਗੁਰਨਾਮ ਸਿੰਘ, ਦੇਸ਼ਭੂਸ਼ਨ ਨੇ ਹਿੱਸਾ ਲਿਆ।

ਸਮੁੱਚੇ ਪ੍ਰਧਾਨਗੀ ਮੰਡਲ ਨੇ ਪਰਮਜੀਤ ਗਾਗਾ ਦੀ ਪੁਸਤਕ ‘ਪੀਲੇ ਪੱਤੇ’ ਲੋਕ-ਅਰਪਣ ਕਰਦਿਆਂ ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਅਮਰੀਕ ਗਾਗ ਦਾ ਸਨਮਾਨ ਕੀਤਾ। ਅਮਰੀਕ ਗਾਗਾ ਵੱਲੋ ‘ਪੀਲੇ ਪੱਤੇ’ ਪੁਸਤਕ ਦੀਆਂ ਵੀਹ ਕਾਪੀਆਂ ਰਣਬੀਰ ਕਾਲਜ ਦੀ ਲਾਇਬਰੇਰੀ ਲਈ ਪ੍ਰੋ. ਸੁਖਵੀਰ ਸਿੰਘ ਵਾਈਸ ਪ੍ਰਿੰਸੀਪਲ ਨੂੰ ਭੇਂਟ ਕੀਤੀਆਂ।

ਉਪਰੰਤ ਡਾ. ਤੇਜਵੰਤ ਮਾਨ ਨੇ ਆਪਣੇ ਪ੍ਰਧਾਨਗੀ ਸ਼ਬਦ ਰਹੇ। ਡਾ. ਮਾਨ ਨੇ ਪੰਜਾਬ ਦੇ ਜੁਆਨਾਂ ਦੀ ਸਰੀਰਕ ਤੌਰ ਰੋਗ ਗ੍ਰਸਤ ਹੋਣ, ਮਾਨਸਿਕ ਤੌਰ ਤੇ ਬੀਮਾਰ ਹੋਣ, ਨੈਤਿਕ ਕਦਰਾਂ ਕੀਤਾਂ ਵਿਚ ਆਈ ਗਿਰਾਵਟ ਲਈ ਕਾਰਪੋਰੇਟ ਘਰਾਣਿਆਂ ਵੱਲੋਂ ਪਰਚਾਰੇ ਅਤੇ ਪਰਸਾਰੇ ਜਾਂਦੇ ਉਤਪਾਦਕੀ ਵਿਕਾਸ ਮਾਡਲ ਨੂੰ ਜਿੰਮੇਵਾਰ ਠਹਿਰਾਇਆ ਜਿਸਨੇ ਇਤਿਹਾਸ, ਸਮਜ, ਫਲਸਫੇ ਅਤੇ ਸ਼ਬਦ ਨੂੰ ਮਾਰਨ ਵਿੱਚ ਕੋਈ ਕਸਰ ਨਹੀਂ ਛੱਡੀ। ਕਿਰਤ ਅਧਾਰਤ ਸਾਹਿਜ ਵਿਕਾਸ ਮਾਡਲ ਨੂੰ ਤਹਿਸ ਨਹਿਸ ਕਰ ਦਿੱਤਾ। ਇਸ ਸਥਿਤੀ ਨੂੰ ਕੇਂਦਰ ਵਿਚ ਰੱਖਕੇ ਅੱਜ ਲੇਖਕ ਲੋਕ-ਪੱਖੀ ਸਾਹਿਤ ਰਚਨਾ ਕਰ ਰਹੇ ਹਨ। ਬਹੁਤ ਸਾਰੇ ਨਾਵਲ, ਕਾਵਿ-ਸੰਗ੍ਰਹਿ, ਕਹਾਣੀ ਸੰਗ੍ਰਹਿ ਪ੍ਰਕਾਸ਼ਤ ਹੋ ਰਹੇ ਹਨ। ਨਾਟਕ ਵਿਧਾ ਵਿਚ ਗੁਰਸ਼ਰਨ ਸਿੰਘ, ਅਜਮੇਰ ਔਲਖ, ਮੱਖਣ ਕ੍ਰਾਂਤੀ, ਸੈਮੂਅਲ ਜੌਹਨ, ਤਰਸਪਾਲ ਕੌਰ, ਮਲ ਸਿੰਘ ਰਾਮਪੁਰੀਨੇ ਜ਼ਿਕਰਯੋਗ ਕੰਮ ਕੀਤਾ ਹੈ। ਪਰਮਜੀਤ ਗਾਗ ਜੋ ਅੱਜ ਸਾਡੇ ਵਿਚਕਾਰ ਨਹੀਂ ਨੇ ਆਪਣੀ ਰੰਗਮੰਚੀ ਅਤੇ ਅਦਾਕਾਰੀ ਦੀ ਸੂਝ ਨਾਲ ਬੜੇ ਮੰਤਵੀ ਨਾਟਕਾਂ ਦੀ ਰਚਨਾ ਕੀਤੀ ਹੈ। ਸੂਤਰਧਾਰ ਅਤੇ ਨੁੱਕੜ ਸ਼ੈਲੀ ਵਿਚ ਲਿਖੇ ਇਹ ਨਾਟਕ ਲੋਕ-ਸਮੱਸਿਆਵਾਂ ਨੂੰ ਲੋਕ-ਬੋਲੀ ਵਿਚ ਪੇਸ਼ ਕਰਨ ਵਿਚ ਸਫ਼ਲ ਹੋਏ ਹਨ। ਡਾ. ਮਾਨ ਨੇ ਜੋਰ ਦੇ ਕੇ ਕਿਹਾ ਕਿ ਮੰਤਵੀ ਸੰਦੇਸ਼ ਵਾਹਕ ਨਾਟਕ ਰੰਗਮੰਚੀ ਲੋੜਾਂ ਵਿੱਚ ਨਹੀਂ ਰਹਿੰਦੇ। ਪਰਮਜੀਤ ਦੇ ਨਾਟਕਾਂ ਦੀ ਇਹੀ ਵਿਸ਼ੇਸ਼ਤਾ ਹੈ ਕਿ ਸਕੂਲਾਂ ਦੀਆਂ ਸਟੇਜਾਂ, ਪਿੰਡਾਂ ਦੀਆਂ ਸੱਥਾਂ ਵਿੱਚ ਆਮ ਬਿਨਾਂ ਕਿਸੇ ਰੰਗਮੰਚੀ ਉਚੇਚ ਦੇ ਖੇਡੇ ਜਾ ਸਕਦੇ ਹਨ। ਉੱਘੇ ਪੱਤਰਕਾਰ ਹਮੀਰ ਸਿੰਘ ਨੇ ਪੰਜਾਬ ਦੀ ਬੌਧਿਕ ਕੰਗਾਲੀ ਬਾਰੇ ਗੱਲ ਕੀਤੀ ਅਤੇ ਉਨ੍ਹਾਂ ਨੇ ਸਾਹਿਤ ਸਭਾ ਦੇ ਉੱਦਮ ਨੂੰ ਸਲਾਹਿਆ।

ਉਪਰੰਤ ਸਨੀ ਚਾਵਰੀਆ ਦੀ ਨਿਰਦੇਸ਼ਨਾ ਹੇਠ ਤਿਆਰ ਕੀਤਾ ਗਿਆ ਪਰਮਜੀਤ ਗਾਗਾ ਦਾ ਮਸ਼ਹੂਰ ਨਾਟਕ ‘ਪੀਲੇ ਪੱਤੇ’ ਬੜੇ ਹੀ ਪ੍ਰਭਾਵਸ਼ਾਲੀ ਨਾਟ ਕਲਾਕਾਰਾਂ ਅਮਿੱਤ ਕੁਮਾਰ, ਵਿਸ਼ਾਲ ਰਾਣਾ, ਜਸਵੀਰ ਕੌਰ ਜੱਸੀ, ਗਗਨਦੀਪ ਕੌਰ, ਹਰੀਸ਼ ਕਾਲੜਾ, ਅਮਰੀਕ ਗਾਗਾ, ਲਵਲੀ ਬਡਰੁੱਖਾਂ, ਸਨੀ ਚਾਵਰੀਆ, ਕਿਰਨਪਾਲ ਗਾਗਾ ਦੁਆਰਾ ਮੰਚਣ ਕੀਤਾ ਗਿਆ। ਨਾਟਕ ਪੰਜਾਬ ਖਾਸਕਰ ਮਾਲਵੇ ਦੇ ਖਿੱਤੇ ਵਿੱਚ ਵੱਧ ਉਤਪਾਦਨ ਲਈ ਵਰਤੀਆਂ ਜਾ ਰਹੀਆਂ ਜ਼ਹਿਰੀਲੀਆਂ ਦਵਾਈਆਂ, ਖਾਦਾਂ ਨਾਲ ਫੈਲ ਰਹੀ ਕੈਂਸਰ ਦੀ ਬਿਮਾਰੀ ਨਾਲ ਨਿੱਤ ਹੁੰਦੀਆਂ ਮੌਤਾਂ, ਖੁਦਕੁਸ਼ੀਆਂ ਨਾਲ ਤਬਾਹ ਹੋ ਰਹੇ ਕਿਰਤੀਆਂ ਕਿਸਾਨਾਂ ਬਾਰੇ ਹੈ। ਸਾਰਾ ਪੰਡਾਲ ਨਾਟਕ ਨੂੰ ਦੇਖਕੇ ਹੋਣਹੱਕਾ ਅਵਾਕ ਹੋ ਗਿਆ। ਅੰਤ ਵਿੱਚ ਅਮਰੀਕ ਗਾਗਾ ਨੇ ਸਭ ਦਾ ਧੰਨਵਾਦ ਕੀਤਾ। ਸਾਰੀ ਸਟੇਜ਼ ਦੀ ਕਾਰਵਾਈ ਪੰਜਾਬੀ ਸਾਹਿਤ ਸਭਾ ਸੰਗਰੂਰ ਦੇ ਜਨਰਲ ਸਕੱਤਰ ਸ. ਗੁਰਨਾਮ ਸਿੰਘ ਨੇ ਨਿਭਾਈ ।