gurbhej singh chaunah 181130 kartarpur corridor

ਪਾਕਿਸਤਾਨ ਨੇ ਸ਼੍ਰੀ ਕਰਤਾਰ ਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਵਿਚ ਪਹਿਲ ਕਦਮੀ ਕਰਕੇ ਇਕ ਬਹੁਤ ਵੱਡੀ ਫਰਾਖ ਦਿਲੀ ਦਾ ਸਬੂਤ ਦਿੱਤਾ ਹੈ। ਸ਼ਾਇਦ ਪਾਕਿਸਤਾਨ ਅਤੇ ਭਾਰਤ ਦੇ ਲੋਕਾਂ ਦੀ ਇਹ ਖੁਸ਼ਕਿਸਮਤੀ ਹੀ ਸਮਝੀ ਜਾਵੇ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਬਣੇ , ਜੋ ਇਕ ਚੋਟੀ ਦੇ ਕ੍ਰਿਕਟ ਖਿਡਾਰੀ ਸਨ ਅਤੇ ਸ: ਨਵਜੋਤ ਸਿੰਘ ਸਿੱਧੂ ਨਾਲ ਉਨ੍ਹਾਂ ਦੀ ਖਿਡਾਰੀ ਹੋਣ ਦੇ ਨਾਤੇ ਚੰਗੀ ਦੋਸਤੀ ਸੀ। ਦੋਸਤੀ ਨੂੰ ਕਾਇਮ ਰੱਖਦਿਆਂ ਹੀ ਉਨ੍ਹਾਂ ਨੇ ਸਿੱਧੂ ਸਾਹਬ ਨੂੰ ਆਪਣੇ ਸਹੁੰ ਚੁੱਕ ਸਮਾਗਮ ਤੇ ਬੁਲਾਇਆ ਅਤੇ ਉੰਥੇ ਹੀ ਇਸ ਲਾਂਘਾ ਖੋਲ੍ਹਣ ਦੀ ਗੱਲ ਤੁਰੀ। ਜਿਸਦੀ ਹਾਮੀ ਸ: ਸਿੱਧੂ ਨੂੰ ਜੱਫੀ ਪਾਕੇ ਮਿਲਦਿਆਂ ਜਨਰਲ ਰੰਧਾਵਾ ਨੇ ਭਰੀ। ਪਰ ਪੰਜਾਬ ਅਤੇ ਕੇਂਦਰ ਦੇ ਲੀਡਰਾਂ ਨੇ ਸਿੱਧੂ ਦੀ ਜੱਫੀ ਦਾ ਮਜ਼ਾਕ ਉਡਾਉਂਦਿਆਂ ਕਈ ਤਰਾਂ ਦੀ ਦੂਸ਼ਣਬਾਜ਼ੀ ਕੀਤੀ ਅਤੇ ਮਖੌਲ ਉਡਾਇਆ। ਪਰ ਜਦੋਂ ਥੋੜ੍ਹੇ ਹੀ ਸਮੇਂ ਬਾਅਦ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਲਾਂਘੇ ਦਾ ਨੀਂਹ ਪੱਥਰ ਰੱਖਣ ਦੀ ਤਾਰੀਖ 28 ਨਵੰਬਰ ਰੱਖ ਦਿੱਤੀ ਤਾਂ ਭਾਰਤ ਦੀ ਕਿੰਤੂ ਪ੍ਰੰਤੂ ਕਰਨ ਵਾਲੀ ਲੀਡਰਸ਼ਿਪ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗੀ ਅਤੇ ਇਸਦਾ ਲਾਹਾ ਲੈਣ ਲਈ ਦੌੜ ਵਿਚ ਸ਼ਾਮਲ ਹੋਣ ਵਾਸਤੇ ਇਧਰਲੇ ਸਿਆਸਤਦਾਨਾ ਨੇ 26 ਨਵੰਬਰ ਨੂੰ ਹੀ ਇਸ ਸਬੰਧੀ ਬਾਬਾ ਬਕਾਲਾ ਨੇੜੇ ਸਮਾਗਮ ਰੱਖ ਦਿੱਤਾ ਅਤੇ ਜਿਹੜੀ ਜ਼ਬਾਨ ਨਾਲ ਕੁੱਝ ਸਮਾਂ ਪਹਿਲਾਂ ਆਲੋਚਨਾ ਕਰਦੇ ਨਹੀਂ ਸਨ ਥੱਕਦੇ ਤਾਰੀਫਾਂ ਦੇ ਪੁਲ ਬੰਨ੍ਹਣ ਲੱਗ ਪਏ।

ਇੱਥੇ ਮੇਰੇ ਜਿਹਨ ਵਿਚ ਦੋ ਸਵਾਲ ਆ ਰਹੇ ਹਨ। ਇਕ ਤਾਂ ਇਹ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਸੱਤਾ ਚ ਆਉਣ ਤੋਂ ਬਾਅਦ ਇਹ ਕਦਮ ਚੁੱਕਿਆ, ਜਿਸਤੋਂ ਸਾਫ ਜਾਹਿਰ ਹੈ ਕਿ ਉਹ ਸੱਚੇ ਦਿਲੋਂ ਇਹ ਨੇੜਤਾ ਚਾਹੁੰਦੇ ਹਨ। ਦੂਜੇ ਪਾਸੇ ਮੇਰੇ ਖਿਆਲ ਅਨੁਸਾਰ ਭਾਰਤ ਵਾਲੇ ਆਗੂ 2019 ਦੀਆਂ ਆ ਰਹੀਆਂ ਚੋਣਾ ਲਈ ਸਿੱਖ ਵੋਟ ਨੂੰ ਪ੍ਰਭਾਵਿਤ ਕਰਨ ਵਾਸਤੇ ਇਸ ਕੰਮ ਲਈ ਰਾਜੀ ਹੋਏ ਹਨ। ਕਿਉਂ ਕਿ ਮੋਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਤਾਂ ਬਿੱਲਕੁਲ ਮਨੋ ਲਹਿ ਚੁੱਕੀ ਹੈ। ਮੋਦੀ ਦੀ ਭਾਈਵਾਲ ਅਕਾਲੀ ਦਲ ਬਾਦਲ ਹੈ, ਜਿਸਦੀ ਵੀ ਬੇਅਦਬੀ ਕਾਂਡ ਨੂੰ ਲੈ ਕੇ ਬਹੁਤ ਕਿਰਕਰੀ ਹੋ ਚੁੱਕੀ ਹੈ ਅਤੇ ਲੋਕ ਇਨ੍ਹਾਂ ਨੂੰ ਬਹੁਤ ਜਿਆਦਾ ਨਫਰਤ ਕਰਨ ਲੱਗ ਪਏ ਹਨ। ਪਰ ਇਨ੍ਹਾਂ ਦੀ ਲਾਹਾ ਲੈਣ ਵਾਲੀ ਸੋਚ ਨੂੰ ਬੂਰ ਪੈਂਦਾ ਨਜ਼ਰ ਨਹੀਂ ਆਉਂਦਾ।

gurbhej singh chaunah 181130 kartarpur corridor 002

ਪੰਜਾਬ ਦੇ ਲੋਕ ਇਸਦਾ ਜਰੀਆ ਨਵਜੋਤ ਸਿੰਘ ਸਿੱਧੂ ਨੂੰ ਹੀ ਮੰਨਦੇ ਹਨ, ਕਿਰਪਾ ਭਾਵੇਂ ਬਾਬੇ ਨਾਨਕ ਦੀ ਹੈ। ਜਿਸ ਕਰਕੇ ਹੁਣ ਇਨ੍ਹਾਂ ਨੇ ਸਿੱਧੂ ਖਿਲਾਫ ਨਵਾਂ ਸ਼ਗੂਫਾ ਗੋਪਾਲ ਸਿੰਘ ਚਾਵਲਾ ਜੋ ਪਾਕਿਸਤਾਨੀ ਸਿੱਖ ਆਗੂ ਹਨ ਦੇ ਸੀਟ ਤੇ ਨਾਲ ਬੈਠਣ ਅਤੇ ਤਸਵੀਰਾਂ ਖਿਚਵਾਉਣ ਵਾਲਾ ਛੱਡ ਦਿੱਤਾ ਹੈ। ਜੋ ਬਹੁਤ ਹੀ ਘਟੀਆ ਰਾਜਨੀਤੀ ਦਾ ਹਿੱਸਾ ਹੈ। ਗੋਪਾਲ ਸਿੰਘ ਚਾਵਲਾ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਵੀ ਬੈਠਾ ਦਿਖਾਈ ਦੇ ਰਿਹਾ ਹੈ। ਉਸਨੂੰ ਵੀ ਪ੍ਰਧਾਨਗੀ ਤੋਂ ਹਟਾ ਦੇਣਾ ਚਾਹੀਦਾ ਹੈ।
ਇਨ੍ਹਾਂ ਹਰਕਤਾਂ ਤੋਂ ਜਾਪਦਾ ਹੈ ਕਿ ਇਹ ਲੋਕ ਇਸ ਲਾਂਘੇ ਦੇ ਸ਼ੁਰੂ ਹੋਣ ਤੱਕ ਕੋਈ ਨਾ ਕੋਈ ਦੁੱਧ ਚ ਕਾਂਜੀ ਘੋਲਣ ਦਾ ਯਤਨ ਕਰ ਸਕਦੇ ਹਨ ਅਤੇ ਕਈ ਤਰਾਂ ਦੇ ਹੋਰ ਬਹਾਨੇ ਘੜ ਸਕਦੇ ਹਨ। ਇਸ ਲਈ ਪਾਕਿਸਤਾਨ ਨੂੰ ਇਕ ਹੋਰ ਪਹਿਲ ਕਦਮੀ ਕਰਦਿਆਂ ਸਭ ਤੋਂ ਪਹਿਲਾਂ ਤਾਂ ਭਾਰਤ ਦੇ 1965 ਅਤੇ 1971 ਦੇ ਸਾਰੇ ਜੰਗੀ ਕੈਦੀ ਰਿਹਾ ਕਰਕੇ ਇਕ ਹੋਰ ਸਦਭਾਵਨਾ ਦਾ ਸੁਨੇਹਾਂ ਦੇਣਾ ਚਾਹੀਦਾ ਹੈ। ਉਨ੍ਹਾਂ ਦੇ ਪਰਿਵਾਰ ਬੇਸਬਰੀ ਨਾਲ ਉਨ੍ਹਾਂ ਦੀ ਰਾਹ ਵੇਖ ਰਹੇ ਹਨ। ਦੂਸਰਾ ਜੰਮੂ ਕਸ਼ਮੀਰ ਦੀ ਸਰਹੱਦ ਤੇ ਮੁਕੰਮਲ ਗੋਲੀਬੰਦੀ ਅਤੇ ਦਹਿਸ਼ਤਗਰਦਾਂ ਦੀ ਘੁਸਪੈਠ ਨੂੰ ਰੋਕ ਦੇਣਾ ਚਾਹੀਦਾ ਹੈ ਅਤੇ ਅਗਲਾ ਸ਼ਾਂਤੀ ਦੀ ਗੱਲਬਾਤ ਦਾ ਪੈਗਾਮ ਦੇਣਾ ਚਾਹੀਦਾ ਹੈ। ਤਾਂ ਕਿ ਭਾਰਤੀ ਆਗੂਆਂ ਨੂੰ ਇਹ ਬਹਾਨਾ ਨਾ ਮਿਲੇ ਕਿ ਤਣਾਅ ਵਾਲੇ ਮਹੌਲ ਚ ਕੋਈ ਗੱਲ ਨਹੀਂ ਹੋ ਸਕਦੀ। ਰੱਬ ਕਰੇ ਕਿ ਜਿਹੜੇ ਇਕ ਜੱਫੀ ਦਾ ਰੌਲਾ ਪਾ ਰਹੇ ਸੀ, ਉਹ ਦਿਨ ਛੇਤੀ ਆਵੇ ਕਿ ਉਹ ਵੀ ਜੱਫੀਆਂ ਪਾਉਣ ਲਈ ਮਜ਼ਬੂਰ ਹੋ ਜਾਣ।