(ਮੀਟਿੰਗ ਦੌਰਾਨ ਸ਼ੈਲੀ ਕਾਹਲੋਂ, ਜਰਮਨ ਬੁੱਟਰ, ਗਰੀਨ ਪਾਰਟੀ ਤੋਂ ਨਵਦੀਪ ਸਿੰਘ ਤੇ ਜਗਦੀਪ ਗਿੱਲ)
(ਮੀਟਿੰਗ ਦੌਰਾਨ ਸ਼ੈਲੀ ਕਾਹਲੋਂ, ਜਰਮਨ ਬੁੱਟਰ, ਗਰੀਨ ਪਾਰਟੀ ਤੋਂ ਨਵਦੀਪ ਸਿੰਘ ਤੇ ਜਗਦੀਪ ਗਿੱਲ)

(ਬ੍ਰਿਸਬੇਨ 6 ਦਸੰਬਰ) ਆਸਟਰੇਲੀਆ ਦੇ ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ‘ਚ ਨਵੇਕਲੀ ਸਮਾਜਿਕ ਪਹਿਲਕਦਮੀ ਤਹਿਤ ਸਮੂਹ ਪੰਜਾਬੀ ਭਾਈਚਾਰੇ ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਮਿਲ ਕੇ ਆਉਂਦੇ ਸਾਲ ਪਹਿਲੀ ਵਾਰ ਲੋਹੜੀ ਦਾ ਤਿਉਹਾਰ ਬੱਚੀਆਂ ਨੂੰ ਸਮਰਪਿਤ ਕਰਦੇ ਹੋਏ 13 ਜਨਵਰੀ ਨੂੰ ਮਨਾਇਆ ਜਾਵੇਗਾ। ਤਿਉਹਾਰ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ‘ਮਾਝਾ ਯੂਥ ਕਲੱਬ’ ਦੇ ਜਰਮਨ ਰੰਧਾਵਾ ਨੇ ਦੱਸਿਆ ਕਿ ਇਸ ਉੱਪਰਾਲੇ ਨਾਲ ਭਾਰਤੀ ਸਮਾਜ ਵਿੱਚ ਮੁੰਡੇ ਅਤੇ ਕੁੜੀ ਦੇ ਫ਼ਰਕ ਨੂੰ ਮਿਟਾਉਣ ਦਾ ਸਾਰਥਕ ਸੁਨੇਹਾ ਜਾਵੇਗਾ। ਜੋ ਕਿ ਅੱਜ ਵੀ ਸਮੇਂ ਦੀ ਤੱਤਪਰ ਮੰਗ ਹੈ। ਉਹਨਾਂ ਹੋਰ ਕਿਹਾ ਕਿ ਜਿਥੇ ਇਸ ਲੋਹੜੀ ਮੇਲੇ ਵਿੱਚ ਲੜਕੀਆਂ ਦਾ ਗਿੱਧਾ, ਭੰਗੜਾ, ਕਿੱਕਲੀ, ਬੋਲੀਆੰ ਅਤੇ ਐਕਸ਼ਨ ਗੀਤ ਆਦਿ ਦੀ ਪੇਸ਼ਕਾਰੀ ਹੋਵੇਗੀ, ਉਥੇ ਪੰਜਾਬੀ ਮਾਂ-ਬੋਲੀ ਅਤੇ ਵਿਰਸੇ ਨਾਲ ਵੀ ਬੱਚਿਆਂ ਨੂੰ ਜੋੜਣ ਦਾ ਉਪਰਾਲਾ ਕੀਤਾ ਜਾਵੇਗਾ। ਸੁੰਦਰ ਲਿਖਾਈ ਦੇ ਮੁਕਾਬਲੇ, ਦਸਤਾਰ ਮੁਕਾਬਲੇ, ਪੰਜਾਬੀ ਪਹਿਰਾਵਾ ਆਦਿ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਮੇਲੇ ਵਿੱਚ ਲਜ਼ੀਜ਼ ਖਾਣ-ਪੀਣ ਵੀ ਰਹੇਗਾ।

ਮੇਲੇ ‘ਚ ਸ਼ਿਰਕਤ ਮੁੱਫ਼ਤ ਰਹੇਗੀ। ਇਸ ਸੰਬੰਧੀ ਇਕ ਪ੍ਰਬੰਧਕੀ ਕਮੇਟੀ ਦਾ ਗਠਨ ਅਗਲੀ ਮੀਟਿੰਗ ਵਿੱਚ ਕੀਤਾ ਜਾਵੇਗਾ। ਇਸ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਣਾਮ ਸਿੰਘ ਹੇਅਰ, ਨਵਦੀਪ ਸਿੰਘ ਗਰੀਨ ਪਾਰਟੀ, ਸ਼ਮਸ਼ੇਰ ਸਿੰਘ ਸ਼ੇਰਾ, ਪਾਲ ਰਾਊਕੇ, ਗਾਇਕ ਪ੍ਰੀਤ ਸਿਆਂ, ਸੁਰਜੀਤ ਸੰਧੂ, ਸ਼ੈਲੀ ਕਾਹਲੋਂ, ਕੰਵਲਜੀਤ ਸਿੰਘ ਸੁੱਖ, ਅਮਰ ਸ਼ੇਖੋਂ, ਸਰਬਜੀਤ ਸੋਹੀ, ਰਣਜੀਤ ਸਿੰਘ ਬਾਊ ਮਾਝਾ ਯੂਥ ਕਲੱਬ, ਗੌਰਵ ਸੇਠ, ਜਗਦੀਪ ਸਿੰਘ ਗਿੱਲ ਆਦਿ ਹਸਤੀਆਂ ਨੇ ਸ਼ਮੂਲੀਅਤ ਕੀਤੀ।