LOVELY S PANNU

ਬੀਤੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰਮਤਿ ਸੰਗੀਤ ਵਿਭਾਗ ਵਿਖੇ ਪ੍ਰਿੰ. ਲਵਲੀ ਸ.ਪੰਨੂ ਵੱਲੋਂ ਪੁਆਧੀ ਲੋਕ ਗੀਤਾਂ ਨਾਲ ਸੰਬੰਧਤ ਸੰਪਾਦਿਤ ਪੁਸਤਕ ‘ਹੋਲਰ ਕੇ ਹੁਏ ਪਾ’ ਦਾ ਲੋਕ ਅਰਪਣ ਕੀਤਾ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਡੀਨ ਅਤੇ ਮੁਖੀ ਗੁਰਮਤਿ ਸੰਗੀਤ ਵਿਭਾਗ ਡਾ. ਗੁਰਨਾਮ ਸਿੰਘ, ਡਾ. ਦਰਸ਼ਨ ਸਿੰਘ ‘ਆਸ਼ਟ’, ਡੀਨ ਭਾਸ਼ਾਵਾਂ ਡਾ. ਅੰਮ੍ਰਿਤਪਾਲ ਕੌਰ, ਲੋਕ ਕਵੀ ਪ੍ਰੋ. ਕੁਲਵੰਤ ਸਿੰਘ ਗਰੇਵਾਲ, ਚੀਫ ਲਾਇਬ੍ਰੇਰੀਅਨ ਡਾ. ਜਗਤਾਰ ਸਿੰਘ, ਸੰਪਾਦਿਕਾ ਲਵਲੀ ਸ.ਪੰਨੂ ਸ਼ਾਮਿਲ ਹੋਏ। ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਗਏ ਇਸ ਯਾਦਗਾਰੀ ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ਨੇ ਸਾਹਿਤ ਪ੍ਰੇਮੀਆਂ ਅਤੇ ਵਿਦਿਆਰਥੀਆਂ ਦਾ ਸੁਆਗਤ ਕਰਦਿਆਂ ਕਿਹਾ ਕਿ ਵਰਤਮਾਨ ਸਮੇਂ ਵਿਚ ਖੋਜਾਰਥੀਆਂ ਦੀਆਂ ਖੋਜਾਂ ਦੁਆਰਾ ਸਾਹਿਤ ਅਤੇ ਲੋਕਧਾਰਾ ਦਾ ਆਪਸੀ ਰਿਸ਼ਤਾ ਹੋਰ ਵੀ ਗੂੜ੍ਹਾ ਹੋਇਆ ਹੈ। ਡਾ. ਗੁਰਨਾਮ ਸਿੰਘ ਨੇ ਕਿਹਾ ਕਿ ਲਵਲੀ ਸ. ਪੰਨੂ ਨੇ ਪੁਆਧ ਦੇ ਲੋਕ ਗੀਤਾਂ ਦੇ ਅਣਮੁੱਲੇ ਖਜ਼ਾਨੇ ਨੂੰ ਸਾਂਭ ਕੇ ਪੰਜਾਬੀ ਲੋਕਧਾਰਾ, ਗੀਤ ਸੰਗੀਤ ਅਤੇ ਸਾਹਿਤ ਦੇ ਪਾਠਕਾਂ ਅਤੇ ਖੋਜੀਆਂ ਲਈ ਵਡਮੁੱਲਾ ਕਾਰਜ ਕੀਤਾ ਹੈ ਕਿਉਂਕਿ ਇਹ ਵੱਖਰੀ ਭਾਂਤ ਦੇ ਲੋਕ ਗੀਤ ਹਨ ਜੋ ਪਹਿਲਾਂ ਦੂਜੀਆਂ ਪੁਸਤਕਾਂ ਵਿਚ ਨਹੀਂ ਮਿਲਦੇ।

ਇਸ ਪੁਸਤਕ ਉਪਰ ਮੁੱਖ ਪੇਪਰ ਪੇਸ਼ ਕਰਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਅਤੇ ਸਟੇਟ ਐਵਾਰਡੀ ਡਾ. ਰਾਜਵੰਤ ਕੌਰ ਪੰਜਾਬੀ ਨੇ ਪੁਸਤਕ ਵਿਚਲੇ ਗੀਤਾਂ ਦਾ ਵਿਸ਼ੈਗਤ ਅਤੇ ਭਾਸ਼ਾ ਵਿਗਿਆਨਕ ਅਧਿਐਨ ਪੇਸ਼ ਕਰਦਿਆਂ ਕਿਹਾ ਕਿ ਲਵਲੀ ਸ. ਪੰਨੂ ਨੂੰ ਪੁਆਧੀ ਲੋਕ ਗੀਤਾਂ ਵਿਚਲੀ ਸ਼ਬਦਾਵਲੀ ਨੂੰ ਇਕੱਠਾ ਕਰਕੇ ਇਕ ਵੱਖਰਾ ਕੋਸ਼ ਜ਼ਰੂਰ ਤਿਆਰ ਕਰਨਾ ਚਾਹੀਦਾ ਹੈ। ਡਾ. ਅੰਮ੍ਰਿਤਪਾਲ ਕੌਰ ਨੇ ਕਿਹਾ ਇਸ ਪੁਸਤਕ ਨਾਲ ਪੁਆਧੀ ਲੋਕਧਾਰਾ ਦਾ ਮਹੱਤਵ ਹੋਰ ਵਧ ਗਿਆ ਹੈ ਕਿਉਂਕਿ ਇਹਨਾਂ ਗੀਤਾਂ ਦੁਆਰਾ ਦੁਆਰਾ ਪੁਆਧੀ ਲੋਕਾਂ ਦੀਆਂ ਸਭਿਆਚਾਰਕ,ਆਰਥਿਕ,ਸਮਾਜਿਕ ਅਤੇ ਪਰਿਵਾਰਕ ਪ੍ਰਸਥਿਤੀਆਂ ਦੇ ਨਾਲ ਨਾਲ ਪੁਆਧ ਇਲਾਕੇ ਦੀਆਂ ਬਹੁਪੱਖੀ ਰੀਤਾਂ ਰਸਮਾਂ ਅਤੇ ਪ੍ਰਕਾਰਜਾਂ ਬਾਰੇ ਮੁੱਲਵਾਨ ਵਾਕਫ਼ੀਅਤ ਮਿਲਦੀ ਹੈ। ਪ੍ਰੋ. ਕੁਲਵੰਤ ਸਿੰਘ ਗਰੇਵਾਲ ਨੇ ਇਸ ਪੁਸਤਕ ਦੀ ਭਵਿੱਖਮੁਖੀ ਅਤੇ ਅਕਾਦਮਿਕ ਮਹੱਤਤਾ ਬਾਰੇ ਚਰਚਾ ਕੀਤੀ ਜਦੋਂ ਕਿ ਡਾ. ਜਗਤਾਰ ਸਿੰਘ ਦਾ ਮਤ ਸੀ ਕਿ ਇਸ ਪੁਸਤਕ ਦਾ ਸਿਰਲੇਖ ਪੜ੍ਹਨ ਵਿਚ ਭਾਵੇਂ ਅਜੀਬ ਮਹਿਸੂਸ ਹੁੰਦਾ ਹੈ ਪਰੰਤੂ ਜਦੋਂ ਇਸ ਨੂੰ ਪਾਠਕ ਪੜ੍ਹੇਗਾ ਤਾਂ ਉਸ ਨੂੰ ਪੁਆਧੀ ਵਿਰਾਸਤ ਅਤੇ ਲੋਕ ਭਾਵਨਾਵਾਂ ਦਾ ਗਿਆਨ ਹੁੰਦਾ ਜਾਵੇਗਾ।ਲਵਲੀ ਸ. ਪੰਨੂ ਨੇ ਗੀਤਾਂ ਦੇ ਸੰਗ੍ਰਹਿ ਕਰਨ ਦੀ ਯਾਤਰਾ ਅਤੇ ਸਮੱਸਿਆਵਾਂ ਦਾ ਜ਼ਿਕਰ ਕਰਨ ਦੇ ਨਾਲ ਨਾਲ ਲੋਕ ਗੀਤਾਂ ਦੇ ਨਮੂਨੇ ਵੀ ਪੇਸ਼ ਕੀਤੇ। ਸੁਖਦੇਵ ਸਿੰਘ ਪੰਨੂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।ਸਮਾਗਮ ਵਿਚ ਨਵਦੀਪ ਸਿੰਘ ਮੁੰਡੀ, ਭਾਸ਼ੋ, ਅਵਤਾਰਜੀਤ, ਕਰਨ ਪਰਵਾਜ਼ ਨੇ ਕਾਵਿ ਰਚਨਾਵਾਂ ਵੀ ਸੁਣਾਈਆਂ।

ਇਸ ਸਮਾਗਮ ਪ੍ਰੋ. ਮੇਹਰ ਸਿੰਘ ਗਿੱਲ, ਜਸਬੀਰ ਸਿੰਘ ਜਵੱਦੀ,ਡਾ. ਮਨਿੰਦਰ ਜੀਤ ਸਿੰਘ, ਚਤਿੰਦਰਬੀਰ ਸਿੰਘ ਛਾਛੀ, ਅੰਮ੍ਰਿਤ ਕੌਰ ਛਾਛੀ, ਅਮਰਨਾਥ, ਹਰਪ੍ਰੀਤ ਸਿੰਘ, ਜੈਸਮੀਨ ਕੌਰ, ਅਰਵਿੰਦਰ ਸਿੰਘ, ਸੁਖਜੀਤ ਸਿੰਘ ਪੰਨੂ, ਅਮਨਜੋਤ ਕੌਰ, ਗੁਰਿੰਦਰ ਕੌਰ, ਕਿਰਨ ਅਗਰਵਾਲ, ਸੰਜੀਵ ਕੁਮਾਰ, ਰਮਿੰਦਰ ਸਿੰਘ ਈਸੜੂ, ਹਰਦੀਪ ਸਿੰਘ ਈਸੜੂ, ਅਮਨਪ੍ਰੀਤ ਸਿੰਘ, ਰਾਜਵੀਰ ਸਿੰਘ, ਰਾਜਵੀਰ ਸਿੰਘ, ਵਰਿੰਦਰ ਸਿੰਘ ਆਦਿ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ। ਮੰਚ ਸੰਚਾਲਨ ਨਵਦੀਪ ਸਿੰਘ ਮੁੰਡੀ ਨੇ ਬਾਖ਼ੂਬੀ ਨਿਭਾਇਆ। ਅੰਤ ਵਿੱਚ ਕਈ ਅਹਿਮ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।