(ਮਰੀਜ਼ ਨੂੰ ਆਰਥਿਕ ਸਹਾਇਤਾ ਸੌਂਪਣ ਸਮੇਂ ਹਾਲ-ਚਾਲ ਜਾਣਦੇ ਹੋਏ ਭਾਈ ਸ਼ਿਵਜੀਤ ਸਿੰਘ ਸੰਘਾ, ਹਰਪ੍ਰੀਤ ਸਿੰਘ ਭਿੰਡਰ ਅਤੇ ਰਾਜਪਾਲ ਸਿੰਘ)
(ਮਰੀਜ਼ ਨੂੰ ਆਰਥਿਕ ਸਹਾਇਤਾ ਸੌਂਪਣ ਸਮੇਂ ਹਾਲ-ਚਾਲ ਜਾਣਦੇ ਹੋਏ ਭਾਈ ਸ਼ਿਵਜੀਤ ਸਿੰਘ ਸੰਘਾ, ਹਰਪ੍ਰੀਤ ਸਿੰਘ ਭਿੰਡਰ ਅਤੇ ਰਾਜਪਾਲ ਸਿੰਘ)

ਫਰੀਦਕੋਟ 29 ਦਸੰਬਰ — ਸਮਾਜ ਸੇਵਾ ਵਿੱਚ ਮੋਹਰੀ ਯੋਗਦਾਨ ਪਾਉਣ ਵਾਲੀ ਸੰਸਥਾ ਸ੍ਰੀ ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਲੋੜਵੰਦ ਮਰੀਜ਼ ਦੀ ਇਲਾਜ ਲਈ ਆਰਥਿਕ ਮੱਦਦ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਸ਼ਿਵਜੀਤ ਸਿੰਘ ਸੰਘਾ ਨੇ ਦੱਸਿਆ ਕਿ ਟਰੱਸਟ ਦੇ ਸੇਵਾਦਾਰਾਂ ਬਿੰਦਰ ਸਿੰਘ ਅਤੇ ਜਤਿੰਦਰ ਸਿੰਘ ਬਰਾੜ ਨੂੰ ਮਰੀਜ਼ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਸੀ ਕਿ ਕਿਰਤੀ ਨੌਜਵਾਨ ਚੰਦ ਸਿੰਘ ਵਾਸੀ ਭੰਗਾਲੀ ਜਿਲ੍ਹਾ ਫਿਰੋਜਪੁਰ ਆਪਣੇ ਪਰਿਵਾਰ ਸਮੇਤ ਸੜ੍ਹਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਜਿਸ ਵਿੱਚ ਉਸਦੇ ਗਰਦਨ ਦੇ ਮਣਕਿਆਂ ‘ਤੇ ਗੰਭੀਰ ਸੱਟ ਲੱਗ ਗਈ ਅਤੇ ਉਸਦੀ ਬੱਚੀ ਦੀ ਲੱਤ ਟੁੱਟ ਗਈ ਸੀ।ਗਰਦਨ ਦੇ ਮਣਕਿਆਂ ਦੀ ਸੱਟ ਕਾਰਨ ਉਹ ਚੱਲਣ ਫਿਰਨ ਤੋਂ ਅਸਮਰੱਥ ਹੋ ਗਿਆ ਸੀ ਅਤੇ ਪਿਛਲੇ ਛੇ ਮਹੀਨੇ ਤੋਂ ਇਲਾਜ ਅਧੀਨ ਹੈ।ਸਰੀਰ ਦੇ ਪਿਛਲੇ ਹਿੱਸੇ ਵਿੱਚ ਲਾਗੇ ਲੱਗਣ ਕਾਰਨ ਵੱਡੇ ਜਖਮ ਹੋ ਗਏ ਸਨ ਜਿਸ ਦੇ ਇਲਾਜ ਲਈ ਉਹ ਹੁਣ ਪਲਾਸਟਿਕ ਸਰਜਰੀ ਵਿਭਾਗ, ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਦਾਖਲ ਹੈ।ਸੱਟ ਤੋਂ ਪਹਿਲਾਂ ਚੰਦ ਸਿੰਘ ਖੇਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਨਿਰਬਾਹ ਕਰ ਰਿਹਾ ਸੀ ਅਤੇ ਲੰਮੇ ਚੱਲੇ ਇਲਾਜ ਕਾਰਨ ਆਰਥਿਕ ਸੰਕਟ ਵਿੱਚ ਫਸ ਗਿਆ।ਮਰੀਜ਼ ਬਾਰੇ ਜਾਣਕਾਰੀ ਮਿਲਣ ‘ਤੇ ਇਸ ਸਬੰਧੀ ਸ੍ਰੀ ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਦੇ ਅਹੁਦੇਦਾਰਾਂ ਨੂੰ ਮੱਦਦ ਲਈ ਅਪੀਲ ਕੀਤੀ ਗਈ ਸੀ।ਇਸ ਅਪੀਲ ‘ਤੇ ਟਰੱਸਟ ਵੱਲੋਂ ਮਰੀਜ਼ ਦੇ ਇਲਾਜ ਲਈ 15 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਜੋ ਕਿ ਮਰੀਜ਼ ਨੂੰ ਹਰਪ੍ਰੀਤ ਸਿੰਘ ਭਿੰਡਰ ਅਤੇ ਰਾਜਪਾਲ ਸਿੰਘ ਵਾੜਾ ਦੜਾਕਾ ਵੱਲੋਂ ਸੌਂਪੀ ਗਈ।ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਅਤੇ ਨਿਸ਼ਕਾਮ ਸਿੱਖ ਵੈੱਲਫੇਅਰ ਕੌਂਸਲ ਦੇ ਕੋਆਰਡੀਨੇਟਰ ਹਰਵਿੰਦਰ ਸਿੰਘ ਖਾਲਸਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਦੇ ਸਮੂਹ ਸੇਵਾਦਾਰਾਂ ਦਾ ਧੰਨਵਾਦ ਕੀਤਾ।